ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 501 ਗੂਜਰੀ ਮਹਲਾ ੫ ॥ ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥ {ਪੰਨਾ 501} ਨੋਟ: ਲਫ਼ਜ਼ 'ਲਾਇਓ, ਗਾਇਓ' ਆਦਿਕ ਭੂਤਕਾਲ ਨੂੰ ਵਰਤਮਾਨ ਕਾਲ ਵਿਚ ਸਮਝਣਾ ਹੈ। ਪਦਅਰਥ: ਕਬ ਹੂ = ਕਦੇ ਭੀ। ਸਿਉ = ਨਾਲ। ਨ ਲਾਇਓ = ਨਹੀਂ ਜੋੜਿਆ। ਬਿਹਾਨੀ = ਬੀਤ ਗਈ। ਅਉਧਹਿ = ਉਮਰ। ਗੁਣਿ ਨਿਧਿ ਨਾਮੁ = ਸਾਰੇ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਨਾਮ।੧।ਰਹਾਉ। ਜੋਰਤ = ਜੋੜਦਿਆਂ, ਇਕੱਠੀ ਕਰਦਿਆਂ। ਕਪਟੇ = ਧੋਖੇ ਨਾਲ। ਜੁਗਤਿ = ਢੰਗ। ਧਾਇਓ = ਭਟਕਦਾ ਫਿਰਿਆ। ਕੇਤੇ = ਕਿਤਨੇ ਕੁ? ਗਨੀਅਹਿ = ਗਿਣੇ ਜਾ ਸਕਦੇ ਹਨ। ਮਹਾ ਮੋਹਨੀ = ਮਨ ਨੂੰ ਠੱਗਣ ਵਾਲੀ ਸਭ ਤੋਂ ਵੱਡੀ (ਮਾਇਆ। ਖਾਇਓ = ਆਤਮਕ ਜੀਵਨ ਨੂੰ ਖਾ ਗਈ।੧। ਅਨੁਗ੍ਰਹੁ = ਕਿਰਪਾ। ਸੁਆਮੀ = ਹੇ ਸੁਆਮੀ! ਗਨਹੁ ਨ = ਨਾਹ ਵਿਚਾਰੋ, ਨਾਹ ਗਿਣੋ। ਮੋਹਿ ਕਮਾਇਓ = ਮੇਰੇ ਕੀਤੇ ਕਰਮਾਂ ਨੂੰ।੨। ਅਰਥ: (ਹੇ ਭਾਈ! ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ। (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ।੧।ਰਹਾਉ। ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ। ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ।੧। ਹੇ ਨਾਨਕ! ਆਖ-) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ। ਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ।੨।੧੬।੨੫। ਗੂਜਰੀ ਮਹਲਾ ੫ ॥ ਰਸਨਾ ਰਾਮ ਰਾਮ ਰਵੰਤ ॥ ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥ ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥ ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥ ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥ ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥ {ਪੰਨਾ 501} ਪਦਅਰਥ: ਰਸਨਾ = ਜੀਭ (ਨਾਲ। ਰਵੰਤ = ਜਪਦਾ ਰਹੁ। ਛੋਡਿ = ਛੱਡ ਕੇ। ਮਿਥਿਆ = ਝੂਠੇ, ਨਾਸਵੰਤ। ਆਨ = ਹੋਰ। ਭਗਵੰਤ = ਭਗਵਾਨ।੧।ਰਹਾਉ। ਆਧਾਰੁ = ਆਸਰਾ। ਈਤ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਟੇਕ = ਸਹਾਰਾ। ਗੋਬਿੰਦ = ਹੇ ਗੋਬਿੰਦ! ਗਿਆਨੁ = ਆਤਮਕ ਜੀਵਨ ਦੀ ਸੂਝ। ਬਿਬੇਕ ਬੁਧਿ = ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ।੧। ਕਰਣ = ਜਗਤ। ਕਾਰਣੁ = ਮੂਲ। ਸਮ੍ਰਥ = ਸਾਰੀਆਂ ਤਾਕਤਾਂ ਵਾਲਾ। ਸ੍ਰੀਧਰ = ਲੱਛਮੀ = ਪਤੀ। ਤਾ ਕੀ = ਉਸ (ਹਰੀ) ਦੀ। ਗਹੀ = ਫੜੀ। ਮੁਕਤਿ ਜੁਗਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਵਸੀਲਾ। ਰਵਾਲ ਸਾਧੂ = ਗੁਰੂ ਦੀ ਚਰਨ = ਧੂੜ। ਨਿਧਿ = ਖ਼ਜ਼ਾਨਾ। ਲਹੀ = ਲੱਭਾ।੨। ਅਰਥ: ਹੇ ਭਾਈ! ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ।੧।ਰਹਾਉ। ਹੇ ਗੋਬਿੰਦ! ਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ, ਤੇਰਾ ਨਾਮ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ।੧। ਹੇ ਨਾਨਕ! ਆਖ-) ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ, ਤੇ, ਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ ਦਾ ਪਤੀ ਹੈ।੨।੧੭।੨੬। ਗੂਜਰੀ ਮਹਲਾ ੫ ਘਰੁ ੪ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥ ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥ ਰੇ ਚਿਤ ਚਰਣ ਕਮਲ ਅਰਾਧਿ ॥ ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥ ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥ ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥ ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥ ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥ ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥ ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥ {ਪੰਨਾ 501} ਪਦਅਰਥ: ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ। ਸਗਲ = ਸਾਰੀਆਂ। ਸਾਧ = ਗੁਰੂ।੧। ਚਰਣ ਕਮਲ = ਸੋਹਣੇ ਕੋਮਲ ਚਰਨ (ਕੌਲ ਫੁੱਲ ਵਰਗੇ। ਉਪਾਧਿ = ਰੋਗ।੧।ਰਹਾਉ। ਸੁਤ = ਪੁੱਤਰ। ਈਤ ਊਤ = ਇਸ ਲੋਕ ਤੇ ਪਰਲੋਕ ਵਿਚ। ਜੀਅ ਨਾਲਿ ਜਿੰਦ ਦੇ ਨਾਲ। ਰਵਿਆ = ਵਿਆਪਕ।੨। ਕੋਟਿ = ਕ੍ਰੋੜਾਂ। ਮਿਥਿਆ = ਵਿਅਰਥ। ਕਾਮਿ = ਕੰਮ ਵਿਚ। ਨਿਰਮਲਾ = ਪਵਿਤ੍ਰ। ਗਤਿ = ਉੱਚੀ ਆਤਮਕ ਅਵਸਥਾ। ਨਾਮਿ = ਨਾਮ ਵਿਚ ਜੁੜਿਆਂ।੩। ਅਗਮ = ਅਪਹੁੰਚ। ਸਰਣਿ ਸਾਧੂ ਜੋਗੁ = ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ ਦੀ ਸਮਰਥਾ ਵਾਲਾ। ਜਿਸੁ ਲਿਖਿਆ = ਜਿਸ ਦੇ ਮੱਥੇ ਉਤੇ ਲਿਖਿਆ। ਧੁਰਿ = ਧੁਰ ਦਰਗਾਹ ਤੋਂ। ਸੰਜੋਗੁ = ਮਿਲਾਪ।੪। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ, ਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ।੧।ਰਹਾਉ। (ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ (ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ।੧। ਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ। ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ।੨। (ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕ੍ਰੋੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਪਵਿਤ੍ਰਤਾ ਵਾਸਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ। ਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ।੩। ਹੇ ਨਾਨਕ! ਆਖ-) ਅਪਹੁੰਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ। ਪਰ ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ।੪।੧।੨੭। ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥ ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਹ੍ਹੇ ਆਪਿ ॥ ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥ {ਪੰਨਾ 501} ਪਦਅਰਥ: ਗੁਰੁ ਸੇਵਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਰਮਹੁ = ਚੇਤੇ ਕਰਦਾ ਰਹੁ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿੰਦ = ਚਿੰਤਾ।੧। ਸਹਜ = ਆਤਮਕ ਅਡੋਲਤਾ। ਮਿਲੀ = ਮਿਲਿਆ ਰਹੇਗਾ। ਨਿਰਮਲ = ਪਵਿਤ੍ਰ ਰੱਖਣ ਵਾਲਾ।੧।ਰਹਾਉ। ਸੰਗਿ = ਸੰਗਤਿ ਵਿਚ। ਉਧਾਰਿ = (ਵਿਕਾਰਾਂ ਤੋਂ) ਬਚਾ ਲੈ। ਉਪਾਧਿ = ਰੋਗ।੨। ਅਛੇਦ = ਅਵਿਨਾਸੀ। ਅਭੇਦ = ਡੂੰਘਾ, ਜਿਸ ਦਾ ਭੇਤ ਨਾ ਪਾਇਆ ਜਾ ਸਕੇ। ਲਿਵ = ਲਗਨ।੩। ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਨਾਨਕ = ਹੇ ਨਾਨਕ!।੪। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ (ਸਿਮਰਨ ਦੀ ਬਰਕਤਿ ਨਾਲ) ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ।੧।ਰਹਾਉ। ਹੇ ਭਾਈ! ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ, ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ।੧। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ, (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ।੨। ਹੇ ਭਾਈ! ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਹੇ ਭਾਈ! ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ।੩। ਹੇ ਭਾਈ! ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ) ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਆਖ-ਹੇ ਭਾਈ!) ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ।੪।੨।੨੮। |
Sri Guru Granth Darpan, by Professor Sahib Singh |