ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 511 ਮਃ ੩ ॥ ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥ ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥ ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥ ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥ ਧਨੁ ਵਾਪਾਰੀ ਨਾਨਕਾ ਜਿਨ੍ਹ੍ਹਾ ਨਾਮ ਧਨੁ ਖਟਿਆ ਆਇ ॥੨॥ {ਪੰਨਾ 511} ਪਦਅਰਥ: ਤਸਕਰੁ = ਚੋਰ। ਜੋਹਿ ਨ ਸਕਈ = ਤੱਕ ਨਹੀਂ ਸਕਦਾ। ਓਚਕਾ = ਗੰਢ = ਕੱਪ। ਜੀਐ ਸੇਤੀ = ਜਿੰਦ ਦੇ ਨਾਲ ਹੀ। ਪਲੇ ਨ ਪਾਇ = ਨਹੀਂ ਮਿਲਦਾ। ਧਨੁ = ਮੁਬਾਰਕ, ਭਾਗਾਂ ਵਾਲੇ। ਆਇ = ਏਥੇ ਆ ਕੇ, ਜਗਤ ਵਿਚ ਆ ਕੇ। ਅਰਥ: ਪਰਮਾਤਮਾ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ, ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਗਿਆ; ਇਸ ਧਨ ਵਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ, ਕੋਈ ਗੰਢ-ਕੱਪ ਇਸ ਨੂੰ ਖੋਹ ਨਹੀਂ ਸਕਦਾ। ਪਰਮਾਤਮਾ ਦਾ ਨਾਮ-ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ, ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ। ਹੇ ਨਾਨਕ! ਭਾਗਾਂ ਵਾਲੇ ਹਨ ਉਹ ਵਣਜਾਰੇ, ਜਿਨ੍ਹਾਂ ਜਗਤ ਵਿਚ ਆ ਕੇ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਹੈ।੨। ਪਉੜੀ ॥ ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥ ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥ ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥ ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥ ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥ {ਪੰਨਾ 511} ਪਦਅਰਥ: ਗਹਿਰ = ਡੂੰਘਾ। ਗੰਭੀਰ = ਧੀਰਜ ਵਾਲਾ। ਚੀਰਾ = ਪੱਲਾ, ਆਸਰਾ। ਧਨੁ ਧੀਰਾ = ਸਦਾ-ਥਿਰ ਰਹਿਣ ਵਾਲਾ ਧਨ। ਭੇਟੈ = ਮਿਲਦਾ ਹੈ। (ਭੇਟੈ ਗੁਰੂ = ਗੁਰੂ ਮਿਲਦਾ ਹੈ। ਭੇਟੈ ਗੁਰੁ = ਗੁਰੂ ਨੂੰ ਮਿਲਦਾ ਹੈ। ਵਿਆਕਰਣ ਅਨੁਸਾਰ ਇਸ ਲਫ਼ਜ਼ 'ਭੇਟੈ' ਦੀ ਵਰਤੋਂ ਗਹੁ ਨਾਲ ਸਮਝਣ = ਜੋਗ ਹੈ। ਸੋ, ਏਥੇ 'ਜੋ ਸੂਰਮੇ ਗੁਰੂ ਨੂੰ ਮਿਲਦਾ ਹੈ' ਅਰਥ ਕਰਨਾ ਗ਼ਲਤ ਹੈ)। ਅਰਥ: ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ, ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ। ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ, ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ।੭। ਸਲੋਕੁ ਮਃ ੩ ॥ ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥ ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ੍ਹ ਬੂਝ ਨ ਕਾਈ ਪਾਇ ॥ ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥ ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥ ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥ {ਪੰਨਾ 511} ਪਦਅਰਥ: ਪਰਹਰਿ = ਛੱਡ ਕੇ। ਵਿਆਪੇ = ਫਸੇ ਹੋਏ। ਬੂਝ = ਸਮਝ, ਮੱਤ। ਹਲਤਿ = ਇਸ ਲੋਕ ਵਿਚ। ਪਲਤਿ = ਪਰ = ਲੋਕ ਵਿਚ। ਪੂਰਬਿ = ਸ਼ੁਰੂ ਤੋਂ। ਅਰਥ: ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ, ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ। ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ। ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ।੧। ਮਃ ੩ ॥ ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥ ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥ ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥ ਓਇ ਧਰਮਿ ਰਲਾਏ ਨਾ ਰਲਨ੍ਹ੍ਹਿ ਓਨਾ ਅੰਦਰਿ ਕੂੜੁ ਸੁਆਉ ॥ ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥ {ਪੰਨਾ 511} ਪਦਅਰਥ: ਊਧਾ = ਉਲਟਾ। ਸਕਤੀ = ਮਾਇਆ। ਉਪਾਉ = ਉੱਦਮ। ਮੁਖਿ = ਮੂੰਹੋਂ। ਆਲਾਉ = ਆਲਾਪ, ਬੋਲ। ਧਰਮਿ = ਧਰਮ ਵਿਚ। ਰਲਾਏ = ਜੋੜੇ ਹੋਏ। ਸੁਆਉ = ਸੁਆਰਥ, ਖ਼ੁਦ = ਗ਼ਰਜ਼ੀ। (ਨੋਟ: ਲਫ਼ਜ਼ 'ਅੰਦਰੁ' ਤੇ 'ਅੰਦਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਅਰਥ: ਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾਹ ਭਗਤੀ ਹੈ ਨਾਹ ਸਿਮਰਨ, ਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ, ਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ। ਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ। ਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ।੨। ਪਉੜੀ ॥ ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥ ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥ ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥ ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥ ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥ {ਪੰਨਾ 511} ਪਦਅਰਥ: ਬਿਨੁ ਬੂਝੇ = (ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ' = ਵੇਖੋ ਪਉੜੀ ਨੰ: ੭। ਫੇਰੁ = ਗੇੜ, ਜਨਮ ਮਰਨ ਦਾ ਲੰਮਾ ਚੱਕਰ। ਅਰਥ: (ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ', ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ, ਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ। ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ, ਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ, ਤੇ ਸੁਰਤਿ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ।੮। ਸਲੋਕੁ ਮਃ ੩ ॥ ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥ ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥ ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥ ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥ {ਪੰਨਾ 511} ਪਦਅਰਥ: ਜਿ = ਜੋ ਮਨੁੱਖ। ਸਭੁ ਕੋਇ = ਹਰੇਕ ਪ੍ਰਾਣੀ। ਸੀਤਲ = ਸੀਤਲਤਾ, ਠੰਢ। ਸਾਤਿ = ਸ਼ਾਂਤੀ। ਅੰਮ੍ਰਿਤੁ = 'ਨਾਮ'। ਅਰਥ: ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ, ਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ, 'ਨਾਮ' ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ। (ਗੁਰੂ ਦੀ ਆਗਿਆ ਵਿਚ ਤੁਰ ਕੇ 'ਨਾਮ' ਜਪਣ ਵਾਲੇ ਬੰਦੇ ਦੀ) ਖ਼ੁਰਾਕ ਤੇ ਪੁਸ਼ਾਕ ਅੰਮ੍ਰਿਤ (-ਨਾਮ) ਹੀ ਹੋ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਉਸਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ।੧। {ਨੋਟ: ਅਗਲੇ ਸਲੋਕ ਤੇ ਪਉੜੀ ਵਿਚ 'ਅਨਦਿਨੁ ਲਾਗੈ ਧਿਆਨੁ' 'ਅਨਦਿਨੁ ਹਰਿ ਕੇ ਗੁਣ ਰਵੈ' ਤੁਕਾਂ ਦੇ ਨਾਲ ਇਹੀ ਭਾਵ ਰਲਦਾ ਹੈ ਕਿ 'ਨਾਮ' ਉਸ ਮਨੁੱਖ ਦਾ ਜੀਵਨ-ਆਧਾਰ ਬਣ ਜਾਂਦਾ ਹੈ। ਸੋ ਏਥੇ ਲਫ਼ਜ਼ 'ਅੰਮ੍ਰਿਤ' ਦਾ ਅਰਥ 'ਪਵਿਤ੍ਰ' ਢੁਕਦਾ ਨਹੀਂ ਹੈ।} TOP OF PAGE |
Sri Guru Granth Darpan, by Professor Sahib Singh |