ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 512 ਮਃ ੩ ॥ ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥ ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥ ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥ {ਪੰਨਾ 512} ਅਰਥ: ਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ; ਸੁਖਾਂ ਦਾ ਦਾਤਾ ਪਰਮਾਤਮਾ ਮਨ ਵਿਚ ਆ ਵੱਸੇਗਾ, ਹਉਮੈ ਅਹੰਕਾਰ ਨਾਸ ਹੋ ਜਾਇਗਾ। ਹੇ ਨਾਨਕ! ਜਦੋਂ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਹਰ ਵੇਲੇ ਸੁਰਤਿ ਉਸ ਵਿਚ ਜੁੜੀ ਰਹਿੰਦੀ ਹੈ।੨। ਪਉੜੀ ॥ ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥ ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥ ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥ ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥ ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥ {ਪੰਨਾ 512} ਪਦਅਰਥ: ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਸਹਿਜੇ = ਸੌਖਾ ਹੀ। ਤਹ = ਓਥੇ, ਉਸ ਅਵਸਥਾ ਵਿਚ। ਅਨੰਦ ਰਸੁ = ਆਤਮਕ ਅਨੰਦ ਦੀ ਚਾਟ। ਅਰਥ: ਜੋ ਮਨੁੱਖ ਗੁਰੂ ਦਾ ਹੋ ਕੇ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਸ ਨੂੰ ਸਤ ਸੰਤੋਖ ਪ੍ਰਾਪਤ ਹੁੰਦਾ ਹੈ, ਹਰ ਥਾਂ ਪ੍ਰਭੂ ਦਿੱਸਦਾ ਹੈ; ਉਸ ਦੇ ਮਨ ਵਿਚੋਂ ਖੋਟ ਤੇ ਵਿਕਾਰ ਦੂਰ ਹੋ ਜਾਂਦਾ ਹੈ, ਉਹ ਸੌਖੇ ਹੀ ਮਨ ਨੂੰ ਵੱਸ ਕਰ ਲੈਂਦਾ ਹੈ; ਇਸ ਅਵਸਥਾ ਵਿਚ (ਅੱਪੜ ਕੇ ਉਸ ਦੇ ਅੰਦਰ ਪਰਮਾਤਮਾ ਦੀ) ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ, ਆਤਮਕ ਆਨੰਦ ਦੀ ਉਸ ਨੂੰ ਚਾਟ ਲੱਗ ਜਾਂਦੀ ਹੈ ਤੇ ਅਗਿਆਨ ਦੂਰ ਹੋ ਜਾਂਦਾ ਹੈ, (ਫਿਰ) ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਉਸ ਦੇ ਅੰਦਰ ਪਰਗਟ ਹੋ ਜਾਂਦੇ ਹਨ; (ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਇਕ ਪ੍ਰਭੂ ਸਾਰੇ ਜੀਵਾਂ ਦਾ ਦਾਤਾ ਹੈ ਤੇ ਮਿੱਤਰ ਹੈ।੬। ਸਲੋਕੁ ਮਃ ੩ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥ {ਪੰਨਾ 512} ਪਦਅਰਥ: ਬ੍ਰਹਮੁ = ਪਰਮਾਤਮਾ। ਬਿੰਦੇ = ਜਾਣੇ। ਜਿ = ਜੋ। ਸਤਿਗੁਰ ਪੁਛੈ = ਸਤਿਗੁਰੂ ਨੂੰ ਪੁੱਛੇ। ਸੰਜਮੁ = ਬੰਦਸ਼, ਪਾਬੰਦੀ, ਮਰਯਾਦਾ। ਸੰਗ੍ਰਹੈ– ਇਕੱਠੇ ਕਰੇ। ਜੁਗ = ਭਾਵ, ਮਨੁੱਖਾ ਜਨਮ {ਨੋਟ:ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}। ਅਰਥ: ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ, (ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ 'ਸੱਚ' ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ। ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ। ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ।੧। ਮਃ ੩ ॥ ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥ {ਪੰਨਾ 512} ਪਦਅਰਥ: ਰਸਨਾ = ਜੀਭ ਨਾਲ। ਕਪਟਿ ਕੀਤੈ = ਕਪਟ ਕੀਤਿਆਂ {ਨੋਟ:ਲਫ਼ਜ਼ 'ਕਪਟਿ' ਵਿਆਕਰਣ ਅਨੁਸਾਰ 'ਅਧਿਕਰਣ ਕਾਰਕ' ਹੈ, ਲਫ਼ਜ਼ 'ਕੀਤੈ' ਭੀ ਏਸੇ 'ਕਾਰਕ' ਵਿਚ ਹੈ। ਅੰਗਰੇਜ਼ੀ ਵਿਚ ਇਸ ਬਨਾਵਟ ਨੂੰ Locative Absolute ਕਹੀਦਾ ਹੈ; ਸੰਸਕ੍ਰਿਤ ਵਿਚ ਇਹ ਵਿਆਕਰਣਿਕ ਬਣਤਰ ਬਹੁਤ ਮਿਲਦੀ ਹੈ, ਓਥੋਂ ਹੀ ਇਹ ਪੁਰਾਣੀ ਪੰਜਾਬੀ ਵਿਚ ਆਈ। ਸੋ ਏਥੇ 'ਕਪਟਿ' ਦਾ ਅਰਥ 'ਕਪਟ ਨਾਲ' ਕਰਨਾ ਗ਼ਲਤ ਹੈ}। ਸੁਭਾਇ = ਸੁਤੇ ਹੀ। ਪਰਬੋਧੈ = ਜਗਾਂਦਾ ਹੈ, ਉਪਦੇਸ਼ ਕਰਦਾ ਹੈ। ਸੁਆਇ = ਸੁਆਰਥ ਨਾਲ। ਇਤੁ ਕਮਾਣੈ = ਇਹ ਕਮਾਇਆਂ {ਨੋਟ:'ਇਤੁ' ਪੜਨਾਂਵ 'ਇਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ, ਜਿਵੇਂ ਉਪਰ ਲਫ਼ਜ਼ 'ਕਪਟਿ' ਹੈ। 'ਕਮਾਣੈ' ਭੀ ਏਸੇ ਕਾਰਕ ਵਿਚ ਹੈ}। ਸਹਸਾ = ਤੌਖਲਾ। ਨਾਮੋ = ਨਾਮ ਹੀ। ਅਰਥ: ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ) ; (ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ। ਮਨਮੁਖ (ਆਪ) ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ, ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ, ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ। ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ; ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ।੨। ਪਉੜੀ ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥ ਸਾਹਿਬੁ ਸੇਵਨ੍ਹ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥ ਹਰਿ ਕਾ ਮਹਲੁ ਤਿਨ੍ਹ੍ਹੀ ਪਾਇਆ ਜਿਨ੍ਹ੍ਹ ਹਉਮੈ ਵਿਚਹੁ ਮਾਰਿ ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥ {ਪੰਨਾ 512} ਪਦਅਰਥ: ਮਨਾਇਓਨੁ = ਮਨਾਇਆ ਉਸ ਨੇ। ਪੂਰੇ = ਸਰਬ ਗੁਣ = ਸੰਪੂਰਣ। ਸਬਦਿ = ਸਬਦ ਵਿਚ। ਵੀਚਾਰਿ = ਵਿਚਾਰ ਕਰਨ ਨਾਲ। ਚਾਕਰ = ਸੇਵਾ। ਮਹਲੁ = ਘਰ, ਹਜ਼ੂਰੀ। ਉਰ = ਹਿਰਦਾ। ਅਰਥ: ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ, ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ, ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ। ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ।੧੦। ਸਲੋਕੁ ਮਃ ੩ ॥ ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥ ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥ ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥ ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥ ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥ {ਪੰਨਾ 512} ਪਦਅਰਥ: ਧੁਨਿ = ਸੁਰ, ਰੌ। ਧਿਆਨੁ = ਜੁੜੀ ਹੋਈ ਸੁਰਤਿ। ਸਹਜ ਧੁਨਿ = ਸਹਜ ਦੀ ਧੁਨਿ, ਅਡੋਲਤਾ ਦੀ ਰੌ। ਧਿਆਨ ਧੁਨਿ = ਜੁੜੀ ਸੁਰਤਿ ਦੀ ਰੌ। ਸਹਜਿ = ਸਹਜ ਵਿਚ, ਅਡੋਲਤਾ ਵਿਚ। ਰੰਗੁ = ਪਿਆਰ। ਤਿਮਰੁ = ਹਨੇਰਾ। ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ, ਰੱਬ ਵਲੋਂ। ਤਿਨਿ = ਉਸ ਨੇ। ਤਿਨਿ ਗੁਰਮੁਖਿ = ਉਸ ਗੁਰਮੁਖ ਨੇ। ਅਰਥ: ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਅੰਦਰ ਜੁੜੀ-ਸੁਰਤਿ ਤੇ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਹ ਸੱਚੇ ਨਾਮ ਵਿਚ ਚਿੱਤ ਜੋੜੀ ਰੱਖਦਾ ਹੈ, ਹਰ ਵੇਲੇ ਪ੍ਰਭੂ ਦਾ ਨਾਮ ਉਸ ਨੂੰ ਮਨ ਵਿਚ ਮਿੱਠਾ ਲੱਗਦਾ ਹੈ। ਗੁਰਮੁਖ ਬੰਦੇ ਰੱਬ ਨੂੰ ਹੀ (ਹਰ ਥਾਂ) ਵੇਖਦੇ ਹਨ, ਰੱਬ ਦੀ ਸਿਫ਼ਤਿ ਹੀ (ਹਰ ਵੇਲੇ) ਉਚਾਰਦੇ ਹਨ, ਤੇ ਰੱਬੀ ਮੇਲ ਵਾਲੀ ਅਡੋਲਤਾ ਵਿਚ ਪਿਆਰ ਪਾਂਦੇ ਹਨ। ਹੇ ਨਾਨਕ! ਗੁਰਮੁਖ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਦਾ ਅਗਿਆਨ-ਰੂਪ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ; ਉਸੇ ਗੁਰਮੁਖ ਨੇ ਨਾਮ ਜਪਿਆ ਹੈ ਜਿਸ ਉਤੇ ਧੁਰੋਂ (ਕਰਤਾਰ ਵਲੋਂ) ਪੂਰੀ ਮਿਹਰ ਹੋਈ ਹੈ।੧। ਮਃ ੩ ॥ ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥ ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥ ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥ ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥ ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥ {ਪੰਨਾ 512} ਪਦਅਰਥ: ਕਿਤੁ = ਕਿਸ ਲਈ (ਨੋਟ:'ਕਿਤੁ' ਵਿਆਕਰਣ ਅਨੁਸਾਰ ਲਫ਼ਜ਼ 'ਕਿਸੁ' ਤੋਂ 'ਕਰਣ ਕਾਰਕ' ਹੈ, 'ਅਧਿਕਰਣ' ਵਿਚ ਭੀ ਇਹੀ ਰੂਪ ਹੁੰਦਾ ਹੈ, ਜਿਵੇਂ, 'ਇਸੁ' ਤੋਂ 'ਇਤੁ')। ਉਰਵਾਰੁ = ਉਰਲਾ ਬੰਨਾ। ਪਾਰੁ = ਪਾਰਲਾ ਪਾਸਾ। ਜਿ = ਜੋ। ਕਰਤਾਰਿ = ਕਰਤਾਰ ਨੇ। ਅਰਥ: ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਜਿਨ੍ਹਾਂ ਦਾ ਗੁਰ-ਸ਼ਬਦ ਵਿਚ ਪਿਆਰ ਨਹੀਂ ਬਣਿਆ, ਜਿਨ੍ਹਾਂ ਸ਼ਾਂਤ-ਚਿੱਤ ਹੋ ਕੇ ਨਾਮ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਆਏ? ਅਜੇਹਾ ਬੰਦਾ ਮੁੜ ਮੁੜ ਜੂਨ ਵਿਚ ਪੈਂਦਾ ਹੈ, ਉਹ ਮਾਨੋ, ਮੈਲੇ ਵਿਚ ਪੈ ਕੇ ਦੁਖੀ ਹੋ ਰਿਹਾ ਹੈ। (ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ (ਫਸੇ ਹੀ ਰਹੀਦਾ ਹੈ, ਕਿਉਂਕਿ ਇਸ ਲਾਲਚ ਦਾ) ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਰਲਾ ਬੰਨਾ। ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੂੰ ਕਰਤਾਰ ਨੇ ਆਪ (ਆਪਣੇ ਨਾਲ) ਜੋੜਿਆ ਹੈ ਉਹੀ ਇਸ (ਲਾਲਚ-ਰੂਪ ਸਮੁੰਦਰ) ਵਿਚੋਂ ਬਚ ਕੇ ਨਿਕਲਦੇ ਹਨ।੨। |
Sri Guru Granth Darpan, by Professor Sahib Singh |