ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 529 ਦੇਵਗੰਧਾਰੀ ॥ ਮਾਈ ਸੁਨਤ ਸੋਚ ਭੈ ਡਰਤ ॥ ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥ ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥ ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥ ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥ ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥ {ਪੰਨਾ 529} ਪਦਅਰਥ: ਮਾਈ = ਹੇ ਮਾਂ! ਸੋਚ = ਚਿੰਤਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਅਨੇਕਾਂ ਡਰ = ਸਹਮ। ਤਜਉ = ਤਜਉਂ, ਮੈਂ ਛੱਡ ਦਿਆਂ। ਪਰਤ = ਪਈ ਰਹਿ ਕੇ।੧।ਰਹਾਉ। ਭਲ = ਭਲਾ। ਮਾਨਉ = ਮਾਨਉਂ, ਮੰਨਦੀ ਹਾਂ। ਨਾਹਿਨ = ਨਾਹੀਂ। ਕਾਬੋਲ = ਕਬੋਲ, ਉਲਟਾ ਬੋਲ, ਖਰ੍ਹ੍ਹਵਾ ਬੋਲ। ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਕਿਤੇ ਵਿਸਰ ਜਾਏ। ਹੀਏ ਮੋਰੇ ਤੇ = ਮੇਰੇ ਹਿਰਦੇ ਤੋਂ। ਹੀਆ = ਹਿਰਦਾ। ਜਾਈ = ਜਾਈਂ। ਹਉ = ਮੈਂ।੧। ਸੁਖਦਾਈ = ਸੁਖ ਦੇਣ ਵਾਲਾ। ਇਆਨਪ = ਅੰਞਾਣਪੁਣਾ। ਜਰਤ = ਜਰਦਾ, ਸਹਾਰਦਾ। ਨਿਰਗੁਨਿ = {ਇਸਤ੍ਰੀ ਲਿੰਗ} ਗੁਣ-ਹੀਨ। ਕਰੂਪਿ = ਭੈੜੇ ਰੂਪ ਵਾਲੀ। ਹਉ = ਮੈਂ। ਭਰਤ = ਭਰਤਾ, ਖਸਮ।੨। ਅਰਥ: ਹੇ ਮਾਂ! ਖਸਮ-ਪ੍ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ। ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ) ਮਾਲਕ-ਪ੍ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ, ਅਹੰਕਾਰ ਤਿਆਗ ਦਿਆਂ।੧।ਰਹਾਉ। ਹੇ ਮਾਂ! ਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ, ਮੈਂ (ਉਸ ਦੀ ਰਜ਼ਾ ਬਾਰੇ) ਕੋਈ ਉਲਟਾ ਬੋਲ ਨਹੀਂ ਬੋਲਦੀ। (ਹੇ ਮਾਂ! ਮੇਰੀ ਸਦਾ ਇਹ ਅਰਦਾਸਿ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੈਨੂੰ ਆਤਮਕ ਮੌਤ ਆ ਜਾਂਦੀ ਹੈ।੧। ਹੇ ਮਾਂ! ਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ। ਹੇ ਨਾਨਕ! ਆਖ-ਹੇ ਮਾਂ!) ਮੈਂ ਗੁਣ-ਹੀਨ ਹਾਂ, ਮੈਂ ਕੋਝੀ ਸ਼ਕਲ ਵਾਲੀ ਹਾਂ, ਮੇਰੀ ਉੱਚੀ ਕੁਲ ਭੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ।੨।੩। ਦੇਵਗੰਧਾਰੀ ॥ ਮਨ ਹਰਿ ਕੀਰਤਿ ਕਰਿ ਸਦਹੂੰ ॥ ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥ ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥ ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥ ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥ ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥ {ਪੰਨਾ 529} ਪਦਅਰਥ: ਮਨ = ਹੇ ਮਨ! ਕੀਰਤਿ = ਸਿਫ਼ਤਿ-ਸਾਲਾਹ। ਸਦ ਹੂੰ = ਸਦਾ ਹੀ। ਉਧਾਰੈ = (ਸੰਸਾਰ = ਸਮੁੰਦਰ ਤੋਂ) ਬਚਾ ਲੈਂਦਾ ਹੈ। ਬਚਨ = ਉੱਚੀ ਜਾਤਿ ਵਾਲਿਆਂ ਨੂੰ। ਅਬਰਨਾ = ਨੀਵੀਂ ਜਾਤਿ ਵਾਲਿਆਂ ਨੂੰ। ਸਭ ਹੂੰ = ਸਭਨਾਂ ਨੂੰ।੧।ਰਹਾਉ। ਜਹ ਤੇ = ਜਿਥੋਂ, ਜਿਸ ਥਾਂ ਤੋਂ। ਤਹੀ = ਉਸ ਥਾਂ ਵਿਚ ਹੀ। ਬਿਧਿ = ਤਰੀਕਾ। ਤਬ ਹੂੰ = ਤਦੋਂ ਹੀ। ਜਹਾ ਜਹਾ = ਜਿੱਥੇ ਜਿੱਥੇ। ਦੇਹੀ = ਸਰੀਰ। ਕਬ ਹੂੰ = ਕਦੇ ਭੀ।੧। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸੰਗਿ = ਸੰਗਤਿ ਵਿਚ। ਤਜਿ = ਤਿਆਗ ਕੇ। ਲਬ = ਲਾਲਚ।੨। ਅਰਥ: ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ। (ਸਿਫ਼ਤਿ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ (ਚਾਹੇ ਉਹ) ਉੱਚੀ ਜਾਤਿ ਵਾਲੇ (ਹੋਣ, ਚਾਹੇ) ਨੀਵੀਂ ਜਾਤਿ ਵਾਲੇ-ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ।੧।ਰਹਾਉ। (ਹੇ ਮੇਰੇ ਮਨ! ਜਦੋਂ ਸਿਫ਼ਤਿ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਉਸੇ ਵਿਚ ਲੀਨ ਹੋ ਜਾਂਦਾ ਹੈ। (ਹੇ ਮਨ!) ਜਿੱਥੇ ਜਿੱਥੇ ਭੀ ਪਰਮਾਤਮਾ ਨੇ ਸਰੀਰ-ਰਚਨਾ ਕੀਤੀ ਹੈ, ਕਦੇ ਭੀ ਕੋਈ ਸਦਾ ਇਥੇ ਟਿਕਿਆ ਨਹੀਂ ਰਹਿ ਸਕਦਾ।੧। (ਹੇ ਮੇਰੇ ਮਨ! ਸਦਾ ਸਿਫ਼ਤਿ-ਸਾਲਾਹ ਕਰਦਾ ਰਹੁ) ਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ (ਉਸ ਦੀ ਮੇਹਰ ਨਾਲ) ਆਨੰਦ (ਹਿਰਦੇ ਵਿਚ) ਆ ਵੱਸਦਾ ਹੈ, ਤੇ, ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-ਸਾਧ ਸੰਗਤਿ ਵਿਚ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ।੨।੪। ਦੇਵਗੰਧਾਰੀ ॥ ਮਨ ਜਿਉ ਅਪੁਨੇ ਪ੍ਰਭ ਭਾਵਉ ॥ ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥ ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥ ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥ ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥ ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥ {ਪੰਨਾ 529} ਪਦਅਰਥ: ਮਨ = ਹੇ ਮਨ! ਜਿਉ = ਜਿਵੇਂ ਹੋ ਸਕੇ। ਪ੍ਰਭ ਭਾਵਉ = ਪ੍ਰਭੂ ਨੂੰ ਚੰਗਾ ਲੱਗ ਪਵਾਂ। ਨਾਨ੍ਹ੍ਹਾ = ਨੰਨ੍ਹ੍ਹਾ, ਨਿੱਕਾ ਜਿਹਾ, ਨਿਮਾਣਾ। ਹੋਇ = ਹੋ ਕੇ। ਬੁਲਾਵਉ = ਬੁਲਾਵਉਂ, ਮੈਂ ਬੁਲਾਂਦਾ ਹਾਂ।੧।ਰਹਾਉ। ਅਡੰਬਰ = ਪਸਾਰੇ। ਬਿਰਥੇ = ਵਿਅਰਥ। ਤਾ ਸਿਉ = ਉਹਨਾਂ ਨਾਲ। ਘਟਾਵਉ = ਮੈਂ ਘਟਾਂਦਾ ਹਾਂ। ਮਾਨੈ = ਮੰਨਦਾ ਹੈ। ਪਾਵਉ = ਪਾਵਉਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ।੧। ਰੇਣੁ = ਚਰਨ = ਧੂੜ। ਕਮਾਵਉ = ਕਮਾਵਉਂ, ਮੈਂ ਕਮਾਂਦਾ ਹਾਂ। ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮੁਖਹੁ = ਮੂੰਹ ਨਾਲ। ਬੁਲਾਵਉ = ਮੈਂ ਬੁਲਾਂਦਾ ਹਾਂ।੨। ਅਰਥ: ਹੇ ਮੇਰੇ ਮਨ! ਮੈਂ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਆਪਣੇ ਪ੍ਰਭੂ ਅੱਗੇ ਅਰਜ਼ੋਈ ਕਰਦਾ ਰਹਿੰਦਾ ਹਾਂ, (ਤਾ ਕਿ) ਜਿਵੇਂ ਭੀ ਹੋ ਸਕੇ ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ।੧।ਰਹਾਉ। ਹੇ ਮੇਰੇ ਮਨ! ਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ (ਕਿਉਂਕਿ ਇਹਨਾਂ ਨਾਲੋਂ ਸਾਥ ਟੁੱਟ ਜਾਣਾ ਹੈ) , ਮੈਂ ਇਹਨਾਂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ, (ਮੈਂ ਇਹੀ ਸਮਝਦਾ ਹਾਂ ਕਿ) ਜਿਵੇਂ ਮੇਰਾ ਆਪਣਾ-ਮਾਲਕ ਪ੍ਰਭੂ ਸੁਖ ਮੰਨਦਾ ਹੈ, ਮੈਂ ਭੀ ਉਸੇ ਵਿਚ (ਸੁਖ ਮੰਨ ਕੇ) ਇੱਜ਼ਤ ਪ੍ਰਾਪਤ ਕਰਦਾ ਹਾਂ।੧। ਹੇ ਨਾਨਕ! ਆਖ-) ਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ, ਸਾਰੇ ਸੁਖ ਸਾਰੀਆਂ ਵਡਿਆਈਆਂ ਮੈਂ ਇਸੇ ਵਿਚ ਹੀ ਸਮਝਦਾ ਹਾਂ। ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ।੨।੫। ਦੇਵਗੰਧਾਰੀ ॥ ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥ ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥ ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥ ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥ ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥ ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥ {ਪੰਨਾ 529} ਪਦਅਰਥ: ਤਉ ਪ੍ਰਸਾਦਿ = ਤਵ ਪ੍ਰਸਾਦਿ, ਤੇਰੀ ਕਿਰਪਾ ਨਾਲ। ਭ੍ਰਮੁ = ਭਟਕਣਾ। ਡਾਰਿਓ = ਦੂਰ ਕਰ ਦਿੱਤੀ ਹੈ। ਤੇ = ਤੋਂ, ਨਾਲ। ਸਭੁ ਕੋ = ਹਰੇਕ ਜੀਵ। ਇਹੈ– ਇਹ ਹੀ।੧।ਰਹਾਉ। ਕੋਟਿ = ਕ੍ਰੋੜਾਂ। ਪਰਾਧ = ਅਪਰਾਧ, ਪਾਪ। ਦਰਸਨਿ = ਦਰਸਨ ਨਾਲ। ਉਤਾਰਿਓ = ਲਾਹ ਲਿਆ ਹੈ। ਬਿਦਾਰਿਓ = ਨਾਸ ਕਰ ਲਿਆ ਹੈ।੧। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਬਿਸਾਰਿਓ = ਭੁਲਾ ਲਿਆ ਹੈ। ਬੰਧ = ਬੰਧਨ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਉਧਾਰਿਓ = ਬਚਾ ਲਿਆ ਹੈ।੨। ਅਰਥ: ਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੈਂ ਆਪਣੇ ਮਨ ਦੀ ਭਟਕਣਾ ਦੂਰ ਕਰ ਲਈ ਹੈ, ਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿਚ ਇਹ ਨਿਸ਼ਚਾ ਬਣਾ ਲਿਆ ਹੈ ਕਿ (ਤੇਰਾ ਪੈਦਾ ਕੀਤਾ ਹੋਇਆ) ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ।੧।ਰਹਾਉ। ਹੇ ਪ੍ਰਭੂ! ਤੇਰੀ ਸੇਵਾ-ਭਗਤੀ ਕਰਨ ਨਾਲ ਮੇਰੇ (ਪਹਿਲੇ ਕੀਤੇ ਹੋਏ) ਕ੍ਰੋੜਾਂ ਹੀ ਪਾਪ ਮਿੱਟ ਗਏ ਹਨ, ਤੇਰੇ ਦਰਸਨ ਨਾਲ ਮੈਂ (ਆਪਣੇ ਅੰਦਰੋਂ ਹਰੇਕ) ਦੁੱਖ ਲਾਹ ਲਿਆ ਹੈ। ਤੇਰਾ ਨਾਮ ਜਪਦਿਆਂ ਮੈਂ ਬੜਾ ਆਨੰਦ ਮਾਣਿਆ ਹੈ, ਤੇ, ਚਿੰਤਾ ਰੋਗ (ਆਪਣੇ ਮਨ ਵਿਚੋਂ) ਦੂਰ ਕਰ ਲਿਆ ਹੈ।੧। ਹੇ ਪ੍ਰਭੂ! ਗੁਰੂ ਦੀ ਸੰਗਤਿ ਵਿਚ ਟਿਕ ਕੇ ਮੈਂ ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ ਵਿਕਾਰਾਂ ਨੂੰ ਆਪਣੇ ਮਨ ਵਿਚੋਂ) ਭੁਲਾ ਹੀ ਲਿਆ ਹੈ। ਹੇ ਨਾਨਕ! ਆਖ-) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ, ਤੂੰ ਆਪ ਹੀ ਮੈਨੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ ਹੈ।੨।੬। ਦੇਵਗੰਧਾਰੀ ॥ ਮਨ ਸਗਲ ਸਿਆਨਪ ਰਹੀ ॥ ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥ ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥ ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥ ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥ ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥ {ਪੰਨਾ 529} ਪਦਅਰਥ: ਮਨ = ਹੇ ਮਨ! ਸਿਆਨਪ = ਚਤੁਰਾਈ। ਰਹੀ = ਮੁੱਕ ਜਾਂਦੀ ਹੈ। ਕਰਨ ਕਰਾਵਨਹਾਰ = ਕਰਨਹਾਰ, ਕਰਾਵਨਹਾਰ, ਆਪ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ। ਓਟ = ਆਸਰਾ। ਗਹੀ = ਫੜੀ।੧।ਰਹਾਉ। ਆਪੁ = ਆਪਾ = ਭਾਵ। ਮੇਟਿ = ਮਿਟਾ ਕੇ। ਸਾਧੂ ਕਹੀ = ਸਾਧੂ ਦੀ ਦੱਸੀ ਹੋਈ। ਮਾਨਿ = ਮੰਨ ਕੇ। ਲਹੀ = ਦੂਰ ਹੋ ਜਾਂਦਾ ਹੈ।੧। ਜਾਨ = ਹੇ ਸੁਜਾਨ! ਪ੍ਰਬੀਨ = ਹੇ ਸਿਆਣੇ! ਅਹੀ = ਮੰਗੀ ਹੈ, ਆਇਆ ਹਾਂ। ਉਥਾਪਨਹਾਰੇ = ਹੇ ਨਾਸ ਕਰਨ ਦੀ ਤਾਕਤ ਵਾਲੇ! ਕੁਦਰਤਿ = ਤਾਕਤ। ਕੀਮ = ਕੀਮਤ। ਪਹੀ = ਪੈਂਦੀ।੨। ਅਰਥ: ਹੇ ਨਾਨਕ! ਆਖ-) ਹੇ ਮੇਰੇ ਮਨ! ਜੇਹੜਾ ਮਨੁੱਖ ਸਭ ਕੁਝ ਕਰ ਸਕਣ ਤੇ ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ।੧।ਰਹਾਉ। ਹੇ ਮੇਰੇ ਮਨ! ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਜਿਨ੍ਹਾਂ ਮਨੁੱਖਾਂ ਨੇ ਗ੍ਰਹਣ ਕੀਤੀ, ਤੇ, ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ, ਉਹਨਾਂ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ, ਉਹਨਾਂ ਦੇ ਅੰਦਰੋਂ ਭਰਮ (-ਰੂਪ) ਹਨੇਰਾ ਦੂਰ ਹੋ ਗਿਆ।੧। ਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ।੧।੭। ਦੇਵਗੰਧਾਰੀ ਮਹਲਾ ੫ ॥ ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥ ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥ ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥ ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥ {ਪੰਨਾ 529-530} ਪਦਅਰਥ: ਪ੍ਰਾਨ ਦਾਤੇ = ਹੇ ਜਿੰਦ ਦੇਣ ਵਾਲੇ! ਸੁਖਦਾਤੇ = ਹੇ ਸੁਖ ਦੇਣ ਵਾਲੇ! ਪ੍ਰਸਾਦਿ = ਕਿਰਪਾ ਨਾਲ। ਕਾਹੂ = ਕਿਸੇ ਵਿਰਲੇ ਨੇ। ਜਾਤੇ = ਤੇਰੇ ਨਾਲ ਡੂੰਘੀ ਸਾਂਝ ਪਾਈ।੧।ਰਹਾਉ। ਪ੍ਰੀਤਮ = ਹੇ ਪ੍ਰੀਤਮ! ਕਾਲ = ਆਤਮਕ ਮੌਤ। ਨਾ ਖਾਤੇ = ਨਹੀਂ ਖਾ ਜਾਂਦੀ। ਰੰਗਿ = ਪ੍ਰੇਮ = ਰੰਗ ਵਿਚ। ਲਾਲ = ਚਾ = ਭਰੇ। ਰਸਿ = ਰਸ ਵਿਚ। ਮਾਤੇ = ਮਸਤ।੧। ਕਿਲਬਿਖ = ਪਾਪ। ਕੋਟਿ = ਕ੍ਰੋੜਾਂ। ਦੋਖ = ਐਬ। ਪ੍ਰਭ = ਹੇ ਪ੍ਰਭੂ! ਦ੍ਰਿਸਟਿ = ਨਿਗਾਹ। ਹਾਤੇ = ਨਾਸ ਹੋ ਜਾਂਦੇ ਹਨ, ਹਤੇ ਜਾਂਦੇ ਹਨ। ਪਰਾਤੇ = ਪੈਂਦੇ ਹਨ।੨। ਅਰਥ: ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ! ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੧।ਰਹਾਉ। ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ। ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।੧। ਹੇ ਪ੍ਰਭੂ! ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-) ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।੨।੮। |
Sri Guru Granth Darpan, by Professor Sahib Singh |