ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 530 ਦੇਵਗੰਧਾਰੀ ੫ ॥ ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥ ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥ ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥ ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥ ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥ {ਪੰਨਾ 530} ਪਦਅਰਥ: ਜਤ ਕਤ = ਜਿਥੇ ਕਿਥੇ, ਹਰ ਥਾਂ। ਦੇਖਿਓ = ਮੈਂ ਵੇਖ ਲਿਆ ਹੈ। ਨੈਣ = ਆਪਣੀਆਂ ਅੱਖਾਂ ਨਾਲ। ਕੋ = ਦਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਜਾ ਕੀ ਬੈਣੀ = ਜਿਸ ਦੀ ਸਿਫ਼ਤਿ-ਸਾਲਾਹ ਵਾਲੇ ਗੁਰ = ਬਚਨਾਂ ਵਿਚ।੧।ਰਹਾਉ। ਅਧੇਰਾ = ਹਨੇਰਾ। ਸੰਤੀ = ਸੰਤ ਜਨਾਂ ਨੇ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਗੁਰ ਦੈਣੀ = ਦੇਣਹਾਰ ਗੁਰੂ ਨੇ। ਜਲਤੇ = ਸੜਦੇ। ਸੀਤਲ = ਠੰਢਾ = ਠਾਰ, ਸ਼ਾਂਤ = ਚਿੱਤ।੧। ਕਰਮੁ ਧਰਮੁ = (ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ) ਧਾਰਮਿਕ ਕੰਮ। ਉਪਜਿ ਨ ਆਇਓ = ਮੈਥੋਂ ਹੋ ਨਹੀਂ ਸਕਿਆ। ਨਿਰਮਲ ਕਰਣੀ = (ਤੀਰਥ = ਇਸ਼ਨਾਨ ਆਦਿਕ ਦੀ ਰਾਹੀਂ) ਸੁੱਚਤਾ ਵਾਲਾ ਕੰਮ। ਛਾਡਿ = ਛੱਡ ਕੇ। ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ।੨। ਅਰਥ: ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਸਿਫ਼ਤਿ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਉਸ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ।੧।ਰਹਾਉ। ਹੇ ਭਾਈ! ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤਿ ਬਖਸ਼ੀ ਹੈ। ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ।੧। ਹੇ ਨਾਨਕ! ਆਖ-ਹੇ ਭਾਈ! ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ ਕੋਈ) ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸਰੀਰਕ ਸੁੱਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ, ਆਪਣੀ ਚਤੁਰਾਈ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ।੨।੯। ਦੇਵਗੰਧਾਰੀ ੫ ॥ ਹਰਿ ਰਾਮ ਨਾਮੁ ਜਪਿ ਲਾਹਾ ॥ ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥ ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥ ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥ ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥ ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥ {ਪੰਨਾ 530} ਪਦਅਰਥ: ਜਪਿ = ਜਪ ਕੇ। ਲਾਹਾ = ਲਾਭ। ਗਤਿ = ਉੱਚੀ ਆਤਮਕ ਅਵਸਥਾ। ਸਹਜ = ਆਤਮਕ ਅਡੋਲਤਾ।੧।ਰਹਾਉ। ਖੋਜਤ ਖੋਜਤ = ਭਾਲ ਕਰਦਿਆਂ ਕਰਦਿਆਂ। ਪਹਿ = ਪਾਸ। ਆਹਾ = ਹੈ। ਨਿਧਾਨਾ = ਖ਼ਜ਼ਾਨਾ। ਕਰਮਿ = (ਪਰਮਾਤਮਾ ਦੀ) ਬਖ਼ਸ਼ਸ਼ ਨਾਲ।੧। ਸੇ ਪਤਿਵੰਤੇ = ਉਹ ਹਨ ਇੱਜ਼ਤ ਵਾਲੇ। ਸਾਹਾ = ਸਾਹੂਕਾਰ। ਸੁਘੜ = ਸੁਚੱਜੇ ਜੀਵਨ ਵਾਲੇ। ਵਿਸਾਹ = ਖ਼ਰੀਦਿਆ।੨। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖੱਟ। (ਜੇ ਤੂੰ ਨਾਮ ਜਪੇਂਗਾ ਤਾਂ) ਉੱਚੀ ਆਤਮਕ ਅਵਸਥਾ ਹਾਸਲ ਕਰ ਲਏਂਗਾ, ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਂਗਾ, ਤੇਰੀਆਂ (ਆਤਮਕ) ਮੌਤ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ।੧।ਰਹਾਉ। ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ (ਇਹ ਲਾਭ) ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ, ਤੇ, ਇਹ ਨਾਮ-ਖ਼ਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ (ਇਸ ਦਾ ਪ੍ਰਾਪਤ ਹੋਣਾ) ਲਿਖਿਆ ਹੋਇਆ ਹੈ।੧। ਹੇ ਨਾਨਕ! ਆਖ-ਹੇ ਭਾਈ!) ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ ਹਨ, ਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਵੱਖਰ ਖ਼ਰੀਦਿਆ ਹੈ।੨।੧੦। ਦੇਵਗੰਧਾਰੀ ੫ ॥ ਮਨ ਕਹ ਅਹੰਕਾਰਿ ਅਫਾਰਾ ॥ ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥ ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥ ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥ ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥ ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥ {ਪੰਨਾ 530} ਪਦਅਰਥ: ਮਨ = ਹੇ ਮਨ! ਕਹ = ਕਾਹੇ? ਕਿਉਂ? ਅਹੰਕਾਰਿ = ਅਹੰਕਾਰ ਨਾਲ। ਅਫਾਰਾ = ਆਫਰਿਆ ਹੋਇਆ। ਦੁਰਗੰਧ = ਬਦ = ਬੋ। ਅਪਾਵਨ = ਗੰਦਾ। ਭੀਤਰਿ = (ਤੇਰੇ ਸਰੀਰ ਦੇ) ਅੰਦਰ। ਛਾਰਾ = ਨਾਸਵੰਤ।੧।ਰਹਾਉ। ਜਿਨ = ਜਿਸ (ਕਰਤਾਰ) ਨੇ। ਕੀਆ = ਪੈਦਾ ਕੀਤਾ ਹੈ। ਪਰਾਨੀ = ਹੇ ਪ੍ਰਾਣੀ! ਜੀਉ = ਜਿੰਦ। ਧਾਰਾ = ਸਹਾਰਾ ਦਿੱਤਾ ਹੈ। ਤਿਸਹਿ = ਉਸ (ਕਰਤਾਰ) ਨੂੰ। ਤਿਆਗਿ = ਛੱਡ ਕੇ। ਮਰਿ = ਮਰ ਕੇ। ਮੁਗਧ = ਹੇ ਮੂਰਖ! ਗਵਾਰਾ = ਹੇ ਗੰਵਾਰ!।੧। ਅੰਧ = ਅੰਨ੍ਹਾ। ਪਿੰਗੁਲ = ਲੂਲ੍ਹ੍ਹਾ। ਮਤਿ ਹੀਨਾ = ਮੂਰਖ। ਪ੍ਰਭ = ਹੇ ਪ੍ਰਭੂ!।੨। ਅਰਥ: ਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ? (ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ।੧।ਰਹਾਉ। ਹੇ ਪ੍ਰਾਣੀ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ (ਸਰੀਰ ਦਾ) ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ। ਹੇ ਮੂਰਖ! ਹੇ ਗੰਵਾਰ! ਤੂੰ ਉਸ ਪਰਮਾਤਮਾ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ।੧। ਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ (ਇਸ ਮੋਹ ਵਿਚੋਂ) ਬਚਾ ਲੈ। ਹੇ ਨਾਨਕ! ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ) ।੨।੧੧। ਦੇਵਗੰਧਾਰੀ ੫ ॥ ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥ ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥ ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥ ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥ ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥ ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥ {ਪੰਨਾ 530} ਪਦਅਰਥ: ਨੇਰੈ ਹੂ ਤੇ ਨੇਰੈ = ਨੇੜੇ ਤੋਂ ਨੇੜੇ, ਨਾਲ ਹੀ। ਰੈਨਿ = ਰਾਤ। ਸਾਝ = ਸ਼ਾਮ।੧।ਰਹਾਉ। ਉਧਰੁ ਦੇਹ = ਸਰੀਰ ਦਾ (ਸੰਸਾਰ = ਸਮੁੰਦਰ ਤੋਂ) ਪਾਰ = ਉਤਾਰਾ ਕਰ ਲੈ। ਦੁਲਭ ਦੇਹ = ਜੋ ਮਨੁੱਖਾ ਸਰੀਰ ਮੁਸ਼ਕਿਲ ਨਾਲ ਮਿਲਿਆ ਹੈ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਜਪੇਰੈ = ਜਪਦਾ ਰਹੁ। ਮੁਹਤੁ = ਅੱਧੀ ਘੜੀ। ਚਸਾ = ਨਿਮਖ = ਮਾਤ੍ਰ। ਨ ਬਿਲੰਬਹੁ = ਦੇਰ ਨਾਹ ਕਰ। ਕਾਲੁ = ਮੌਤ। ਹੇਰੈ = ਤੱਕ ਰਹੀ ਹੈ।੧। ਬਿਲਾ = ਬਿਲ, ਖੁੱਡ। ਅੰਧ = ਅੰਨ੍ਹੀ। ਤੇ = ਤੋਂ, ਵਿਚੋਂ। ਕਰਤੇ = ਹੇ ਕਰਤਾਰ! ਘਰਿ ਤੇਰੈ = ਤੇਰੇ ਘਰ ਵਿਚ। ਅਧਾਰੁ = ਆਸਰਾ। ਕਉ = ਨੂੰ। ਘਨੇਰੈ = ਬਹੁਤ।੨। ਅਰਥ: ਹੇ ਭਾਈ! ਦਿਨ ਰਾਤ ਸ਼ਾਮ ਸਵੇਰੇ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹੁ, ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਧਿਆਨ ਧਰਦਾ ਰਹੁ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਤੇ, ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ। ਹੇ ਭਾਈ! ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ।੧। ਹੇ ਕਰਤਾਰ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ (ਮੇਹਰ ਕਰ, ਤੂੰ ਆਪ ਜੀਵਾਂ ਨੂੰ ਮਾਇਆ ਦੇ ਮੋਹ ਦੀ) ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ। ਹੇ ਕਰਤਾਰ! ਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ।੨।੧੨।ਛਕੇ ੨। ਦੇਵਗੰਧਾਰੀ ੫ ॥ ਮਨ ਗੁਰ ਮਿਲਿ ਨਾਮੁ ਅਰਾਧਿਓ ॥ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥ ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥ ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥ ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥ {ਪੰਨਾ 530} ਪਦਅਰਥ: ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਹਜ = ਆਤਮਕ ਅਡੋਲਤਾ। ਮੰਗਲ = ਖ਼ੁਸ਼ੀ। ਮੂਲੁ = ਮੁੱਢ। ਬਾਧਿਓ = ਬੰਨ੍ਹ ਲਿਆ।੧।ਰਹਾਉ। ਕਰਿ = ਕਰ ਕੇ। ਕੀਨੋ = ਬਣਾ ਲਿਆ। ਫਾਧਿਓ = ਫਾਹੀਆਂ। ਭਾਉ = ਪਿਆਰ। ਗਾਇ = ਗਾ ਕੇ। ਮਾਰਗੁ = ਰਸਤਾ। ਸਾਧਿਓ = ਸਾਧ ਲਿਆ, ਵੱਸ ਵਿਚ ਕਰ ਲਿਆ।੧। ਅਨੁਗ੍ਰਹੁ = ਕਿਰਪਾ। ਮੋਰਚਾ = ਜੰਗਾਲ। ਅਮੋਲ = ਕੀਮਤੀ। ਨਾਨਕ = ਹੇ ਨਾਨਕ! ਬੇਰਾ = ਵਾਰੀ। ਅਗਮ = ਅਪਹੁੰਚ। ਅਗਾਧਿਓ = ਅਥਾਹ।੨। ਅਰਥ: ਹੇ (ਮੇਰੇ) ਮਨ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ।੧। ਹੇ ਮਨ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਉਸ ਨੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ। ਉਸ ਮਨੁੱਖ ਨੇ (ਪ੍ਰਭੂ-ਚਰਨਾਂ ਵਿਚ) ਪ੍ਰੇਮ (ਕਰ ਕੇ, ਪ੍ਰਭੂ ਦੀ) ਭਗਤੀ (ਕਰ ਕੇ) ਗੋਬਿੰਦ ਦੇ ਗੁਣ ਗਾ ਕੇ (ਆਤਮਕ) ਮੌਤ ਦੇ ਰਸਤੇ ਨੂੰ ਆਪਣੇ ਵੱਸ ਵਿਚ ਕਰ ਲਿਆ।੧। ਹੇ ਮਨ! ਜਿਸ ਮਨੁੱਖ ਉਤੇ ਪਰਮਾਤਮਾ ਦੀ ਮੇਹਰ ਹੋਈ, ਉਸ (ਦੇ ਮਨ ਤੋਂ ਮਾਇਆ ਦੇ ਮੋਹ) ਦਾ ਜੰਗਾਲ ਲਹਿ ਗਿਆ, ਉਸ ਨੇ ਪਰਮਾਤਮਾ ਦਾ ਕੀਮਤੀ ਨਾਮ-ਪਦਾਰਥ ਲੱਭ ਲਿਆ। ਹੇ ਨਾਨਕ! ਆਖ-) ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ (ਜੀਵਾਂ ਦੀ ਅਕਲ ਦੀ) ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ (ਗੁਣਾਂ ਵਾਲਾ) ਹੈ।੨।੧੩। |
Sri Guru Granth Darpan, by Professor Sahib Singh |