ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 531

ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥ {ਪੰਨਾ 531}

ਪਦਅਰਥ: ਮਾਈ = ਹੇ ਮਾਂ! ਤਾ ਕੋ ਆਇਆ ਸਫਲ = ਜਗਤ ਵਿਚ ਉਸ ਦਾ ਆਉਣਾ ਕਾਮਯਾਬ ਹੋ ਜਾਂਦਾ ਹੈ। ਲਿਵ = ਲਗਨ।੧।ਰਹਾਉ।

ਸੁਘੜੁ = ਸੁਚੱਜਾ। ਸੂਰੁ = ਸੂਰਮਾ। ਬੇਤਾ = ਗਿਆਨਵਾਨ। ਸਾਧੂ = ਗੁਰੂ। ਸੰਗੁ = ਸਾਥ। ਉਚਾਰੁ ਕਰੇ = ਉਚਾਰਨ ਕਰਦਾ ਹੈ। ਰਸਨਾ = ਜੀਭ (ਨਾਲ। ਬਹੁੜਿ = ਮੁੜ। ਧਾਵੈ = ਭਟਕਦਾ।੧।

ਰਵਿਆ = ਹਰ ਵੇਲੇ ਮੌਜੂਦ। ਆਨ = ਕੋਈ ਹੋਰ। ਜਨ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਜਿਸੁ ਲੜਿ = ਜਿਸ ਮਨੁੱਖ ਨੂੰ ਸੰਤ ਜਨਾਂ ਦੇ ਲੜ ਨਾਲ।੨।

ਅਰਥ: ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ।੧।ਰਹਾਉ।

ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ।੧।

ਹੇ ਨਾਨਕ! ਆਖ-) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।੨।੧੪।

ਦੇਵਗੰਧਾਰੀ ੫ ॥ ਚੰਚਲੁ ਸੁਪਨੈ ਹੀ ਉਰਝਾਇਓ ॥ ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥ ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥ ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥ ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥ {ਪੰਨਾ 531}

ਪਦਅਰਥ: ਚੰਚਲੁ = ਕਦੇ ਭੀ ਇਕ ਥਾਂ ਨਾਹ ਟਿਕਣ ਵਾਲਾ। ਸੁਪਨੈ = ਸੁਪਨੇ ਵਿਚ। ਉਰਝਾਇਓ = ਫਸ ਰਿਹਾ ਹੈ। ਕਬਹੂ = ਕਦੇ। ਬਿਕਲ = ਵਿਆਕੁਲ, ਬੁੱਧੂ। ਸੰਗਿ ਮਾਇਓ = ਮਾਇਆ ਨਾਲ।੧।ਰਹਾਉ।

ਕੁਸਮ = ਫੁੱਲ। ਰਸਿ = ਰਸ ਵਿਚ; ਸੁਆਦ ਵਿਚ। ਰਚਿਆ = ਮਸਤ। ਬਿਖਿਆ = ਮਾਇਆ। ਉਪਾਇਓ = ਉਪਾਉ, ਦੌੜ = ਭੱਜ। ਸੁਨੈ = ਸੁਣਦਾ ਹੈ। ਮਨਿ = ਮਨ ਵਿਚ। ਬੇਗਿ = ਛੇਤੀ। ਤਹਾ = ਉਸ ਪਾਸੇ।੧।

ਸ੍ਰਮੁ = ਥਕਾਵਟ। ਦੁਆਰੈ = ਦਰ ਤੇ। ਪਾਰਬ੍ਰਹਮਿ = ਪਰਮਾਤਮਾ ਨੇ।੨।

ਅਰਥ: ਹੇ ਭਾਈ! ਕਿਤੇ ਭੀ ਕਦੇ ਨਾਹ ਟਿਕਣ ਵਾਲਾ ਮਨੁੱਖੀ ਮਨ ਸੁਪਨੇ (ਵਿਚ ਦਿੱਸਣ ਵਰਗੇ ਪਦਾਰਥਾਂ) ਵਿਚ ਫਸਿਆ ਰਹਿੰਦਾ ਹੈ। ਕਦੇ ਇਤਨੀ ਗੱਲ ਭੀ ਨਹੀਂ ਸਮਝਦਾ ਕਿ ਇਥੋਂ ਆਖ਼ਰ ਤੁਰ ਜਾਣਾ ਹੈ। ਮਾਇਆ ਦੇ ਮੋਹ ਵਿਚ ਬੁੱਧੂ ਬਣਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਮਨੁੱਖ ਫੁੱਲਾਂ (ਵਰਗੇ ਛਿਨ-ਭੰਗਰ ਪਦਾਰਥਾਂ) ਦੇ ਰੰਗ ਤੇ ਸਾਥ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਸਦਾ ਇਕ ਮਾਇਆ (ਇਕੱਠੀ ਕਰਨ) ਦਾ ਹੀ ਉਪਾਉ ਕਰਦਾ ਫਿਰਦਾ ਹੈ। ਜਦੋਂ ਇਹ ਲੋਭ (ਦੀ ਗੱਲ) ਸੁਣਦਾ ਹੈ ਤਾਂ ਮਨ ਵਿਚ ਖ਼ੁਸ਼ੀ ਮਨਾਂਦਾ ਹੈ (ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ) ਉਧਰ ਛੇਤੀ ਉੱਠ ਦੌੜਦਾ ਹੈ।੧।

ਹੇ ਨਾਨਕ! ਆਖ-) ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ, ਤਦੋਂ ਮਾਲਕ ਪਰਮਾਤਮਾ ਨੇ ਇਸ ਉਤੇ ਮੇਹਰ ਕੀਤੀ, ਤੇ, ਆਪਣੇ ਚਰਨਾਂ ਵਿਚ ਮਿਲਾ ਲਿਆ।੨।੧੫।

ਦੇਵਗੰਧਾਰੀ ੫ ॥ ਸਰਬ ਸੁਖਾ ਗੁਰ ਚਰਨਾ ॥ ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥ ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥ ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥੧॥ ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥ ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥ {ਪੰਨਾ 531}

ਪਦਅਰਥ: ਸਰਬ = ਸਾਰੇ। ਕਲਿਮਲ = ਪਾਪ। ਡਾਰਨ = ਦੂਰ ਕਰਨ = ਜੋਗ। ਮਨਹਿ = ਮਨ ਨੂੰ। ਸਧਾਰਨ = ਆਸਰਾ ਦੇਣ ਵਾਲੇ। ਮੋਹਿ = ਮੈਂ।੧।ਰਹਾਉ।

ਅਰਚਾ = ਦੇਵ = ਪੂਜਾ ਸਮੇ ਚੰਦਨ ਆਦਿਕ ਦੀ ਭੇਟਾ। ਬੰਦਨ = (ਦੇਵਤਿਆਂ ਨੂੰ) ਨਮਸਕਾਰ। ਮੋਹਿ = ਮੈਂ। ਬਿਗਸੈ = ਖਿੜ ਪੈਂਦਾ ਹੈ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਗਰਭੈ = ਗਰਭ ਵਿਚ, ਕੁੱਖ ਵਿਚ, ਜੂਨਾਂ ਵਿਚ।੧।

ਸਫਲ = ਫਲ ਦੇਣ ਵਾਲੀ। ਪਰਸਉ = ਮੈਂ ਪਰਸਦਾ ਹਾਂ। ਕਉ = ਨੂੰ। ਸਾਧ = ਗੁਰੂ।੨।

ਅਰਥ: ਹੇ ਭਾਈ! ਗੁਰੂ ਚਰਨਾਂ ਵਿਚ ਪਿਆਂ ਸਾਰੇ ਸੁਖ ਮਿਲ ਜਾਂਦੇ ਹਨ। (ਗੁਰੂ ਦੇ ਚਰਨ ਸਾਰੇ) ਪਾਪ ਦੂਰ ਕਰ ਦੇਂਦੇ ਹਨ, ਮਨ ਨੂੰ ਸਹਾਰਾ ਦੇਂਦੇ ਹਨ। ਮੈਂ ਗੁਰੂ ਦੇ ਚਰਨਾਂ ਦਾ ਸਹਾਰਾ ਲੈ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਿਹਾ ਹਾਂ।੧।ਰਹਾਉ।

ਹੇ ਭਾਈ! ਮੈਂ ਗੁਰੂ ਦੇ ਚਰਨਾਂ ਦੀ ਹੀ ਟਹਿਲ-ਸੇਵਾ ਕਰਦਾ ਹਾਂ-ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਦੇਵ-ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟ ਹੈ, ਇਹੀ ਦੇਵਤੇ ਦੀ ਸੇਵਾ ਹੈ, ਇਹੀ ਦੇਵ-ਮੂਰਤੀ ਅੱਗੇ ਨਮਸਕਾਰ ਹੈ। (ਹੇ ਭਾਈ! ਗੁਰੂ ਦੀ ਚਰਨੀਂ ਪਿਆਂ) ਮਨ ਖਿੜ ਪੈਂਦਾ ਹੈ, ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ, ਤੇ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ।੧।

ਹੇ ਭਾਈ! ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ, ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ, ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ। ਹੇ ਭਾਈ! ਜਦੋਂ ਦਾ ਮਾਲਕ-ਪ੍ਰਭੂ ਮੈਂ ਨਾਨਕ ਉੱਤੇ ਦਇਆਵਾਨ ਹੋਇਆ ਹੈ, ਮੈਂ ਗੁਰੂ ਦੀ ਸਰਨ ਪਿਆ ਹੋਇਆ ਹਾਂ।੨।੧੬।

ਦੇਵਗੰਧਾਰੀ ਮਹਲਾ ੫ ॥ ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥ ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥ ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥ {ਪੰਨਾ 531}

ਪਦਅਰਥ: ਪਹਿ = ਪਾਸ, ਕੋਲ। ਕਹੀਐ = ਕਹਣੀ ਚਾਹੀਦੀ ਹੈ। ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਨਿਧਿ = ਖ਼ਜ਼ਾਨੇ। ਸਹਜ = ਆਤਮਕ ਅਡੋਲਤਾ। ਸਿਧਿ = ਕਰਾਮਾਤੀ ਤਾਕਤ।੧।ਰਹਾਉ।

ਮਾਨੁ = ਅਹੰਕਾਰ। ਤਿਆਗਿ = ਛੱਡ ਕੇ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਅੰਚਲੁ = ਪੱਲਾ। ਗਹੀਐ = ਫੜਨਾ ਚਾਹੀਦਾ ਹੈ। ਆਂਚ = ਸੇਕ। ਸਾਗਰ = ਸਮੁੰਦਰ। ਤੇ = ਤੋਂ। ਅਹੀਐ = ਤਾਂਘ ਕਰਨੀ ਚਾਹੀਦੀ ਹੈ।੧।

ਕੋਟਿ = ਕ੍ਰੋੜਾਂ। ਅਕ੍ਰਿਤਘਨ = ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲੇ, ਨਾਸ਼ੁਕਰੇ {कृतध्न}ਬਹੁਰਿ = ਮੁੜ, ਫਿਰ। ਸਹੀਐ = ਸਹਾਰਦਾ ਹੈ, ਜਰਦਾ ਹੈ। ਕਰੁਣਾਮੈ = ਤਰਸ = ਸਰੂਪ। ਕਰੁਣਾ = ਤਰਸ।੨।

ਅਰਥ: ਹੇ ਭਾਈ! ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ। (ਧਰਮ, ਅਰਥ, ਕਾਮ, ਮੋਖ) ਇਹ ਚਾਰੇ ਪਦਾਰਥ, ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ-ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ।੧।ਰਹਾਉ।

ਹੇ ਭਾਈ! ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਭਾਈ! ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ। (ਇਸ ਤਰ੍ਹਾਂ ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ। ਮਾਲਕ-ਪ੍ਰਭੂ ਦੀ ਸਰਨ ਹੀ ਮੰਗਣੀ ਚਾਹੀਦੀ ਹੈ।੧।

ਹੇ ਭਾਈ! ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ। ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ।੨।੧੭।

ਦੇਵਗੰਧਾਰੀ ੫ ॥ ਗੁਰ ਕੇ ਚਰਨ ਰਿਦੈ ਪਰਵੇਸਾ ॥ ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥੧॥ ਰਹਾਉ ॥ ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥ ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥੧॥ ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥ ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥ {ਪੰਨਾ 531}

ਪਦਅਰਥ: ਰਿਦੈ = ਹਿਰਦੇ ਵਿਚ। ਸੋਗ = ਚਿੰਤਾ = ਫ਼ਿਕਰ, ਗ਼ਮ। ਸਭਿ = ਸਾਰੇ। ਕਲੇਸਾ = ਦੁੱਖ।੧।ਰਹਾਉ।

ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ। ਕੋਟਿ = ਕ੍ਰੋੜਾਂ। ਮਜਨ = ਚੁੱਭੀ। ਨਿਧਾਨੁ = ਖ਼ਜ਼ਾਨਾ। ਸਹਜਿ = ਆਤਮਕ ਅਡੋਲਤਾ ਵਿਚ।੧।

ਕੀਨੋ = ਬਣਾ ਲਿਆ। ਤੋਰਿ = ਤੋੜ ਕੇ। ਨਿਰਾਰੇ = (ਮਾਇਆ ਦੇ ਮੋਹ ਤੋਂ) ਵੱਖਰਾ (ਕਰ ਲਿਆ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਬਲਿਹਾਰੇ = ਕੁਰਬਾਨ।੨। ਛਕੇ ੩ = ਛੇ ਛੇ ਸ਼ਬਦਾਂ ਦੇ ਤਿੰਨ ਸੰਗ੍ਰਹਿ।

ਅਰਥ: (ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੇ ਚਰਨ ਟਿਕ ਜਾਂਦੇ ਹਨ, ਉਸ ਮਨੁੱਖ ਦੇ ਸਾਰੇ ਰੋਗ ਸਾਰੇ ਗ਼ਮ ਸਾਰੇ ਦੁੱਖ ਨਾਸ ਹੋ ਜਾਂਦੇ ਹਨ।੧।ਰਹਾਉ।

(ਹੇ ਭਾਈ! ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ, (ਗੁਰੂ ਦੇ ਚਰਨ ਹਿਰਦੇ ਵਿਚ ਵਸਾਣਾ ਹੀ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਹੈ, ਕ੍ਰੋੜਾਂ ਤੀਰਥਾਂ ਦੇ ਜਲ ਵਿਚ ਚੁੱਭੀ ਹੈ। (ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਗੋਬਿੰਦ ਦੇ ਗੁਣ ਗਾਂਦਿਆਂ ਗਾਂਦਿਆਂ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ।੧।

ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਤੋੜ ਕੇ ਉਸ ਨੂੰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਲੈਂਦਾ ਹੈ। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰ ਕੇ ਤੇਰਾ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ।੨।੧੮।ਛਕੇ ੩।

TOP OF PAGE

Sri Guru Granth Darpan, by Professor Sahib Singh