ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 532 ਦੇਵਗੰਧਾਰੀ ਮਹਲਾ ੫ ॥ ਮਾਈ ਪ੍ਰਭ ਕੇ ਚਰਨ ਨਿਹਾਰਉ ॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥ ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ ॥ ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ ॥੧॥ ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ ॥ ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ ॥੨॥੧੯॥ {ਪੰਨਾ 532} ਪਦਅਰਥ: ਮਾਈ = ਹੇ ਮਾਂ! ਨਿਹਾਰਉ = ਨਿਹਾਰਉਂ, ਮੈਂ ਤੱਕਦਾ ਹਾਂ। ਅਨੁਗ੍ਰਹੁ = ਦਇਆ। ਸੁਆਮੀ = ਹੇ ਸੁਆਮੀ! ਤੇ = ਤੋਂ। ਕਬਹੁ = ਕਦੇ ਭੀ। ਡਾਰਉ = ਡਾਰਉਂ, ਦੂਰ ਕਰਾਂ।੧।ਰਹਾਉ। ਸਾਧੂ = ਗੁਰੂ। ਲਾਈ = ਲਾਈਂ, ਮੈਂ ਲਾਵਾਂ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਬਿਖੁ = ਜ਼ਹਿਰ। ਜਾਰਉ = ਜਾਰਉਂ, ਮੈਂ ਸਾੜ ਦਿਆਂ। ਤੇ = ਤੋਂ। ਆਤਮ = ਆਪਣੇ ਆਪ ਨੂੰ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ।੧। ਗਾਵਹ = ਆਓ, ਅਸੀ ਗਾਵੀਏ। ਕਲਮਲ = ਪਾਪ। ਝਾਰਉ = ਝਾਰਉਂ, ਮੈਂ ਝਾੜਦਾ ਹਾਂ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਕੰਠਿ = ਗਲ ਨਾਲ। ਉਰਿ = ਹਿਰਦੇ ਵਿਚ।੨। ਅਰਥ: ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ (ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ।੧।ਰਹਾਉ। (ਹੇ ਮਾਂ! ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਰਹਿੰਦਾ ਹਾਂ ਕਿ) ਮੈਂ ਗੁਰੂ ਦੇ ਪੈਰਾਂ ਦੀ ਖ਼ਾਕ ਆਪਣੇ ਮੂੰਹ ਉੱਤੇ ਆਪਣੇ ਮੱਥੇ ਉੱਤੇ ਲਾਂਦਾ ਰਹਾਂ, (ਤੇ, ਆਪਣੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਦੇਣ ਵਾਲੀ) ਕਾਮ ਕ੍ਰੋਧ ਦੀ ਜ਼ਹਿਰ ਸਾੜਦਾ ਰਹਾਂ; ਮੈਂ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਸਮਝਦਾ ਰਹਾਂ, ਤੇ ਆਪਣੇ ਮਨ ਵਿਚ (ਗਰੀਬੀ ਸੁਭਾਵ ਦਾ) ਇਹ ਸੁਖ (ਸਦਾ) ਟਿਕਾਈ ਰੱਖਾਂ।੧। ਹੇ ਭਾਈ! ਆਓ ਰਲ ਕੇ ਠਾਕੁਰ-ਪ੍ਰਭੂ ਦੇ ਗੁਣ ਗਾਵੀਏ, (ਗੁਣ ਗਾਣ ਦੀ ਬਰਕਤਿ ਨਾਲ) ਮੈਂ ਆਪਣੇ ਸਾਰੇ (ਪਿਛਲੇ) ਪਾਪ (ਮਨ ਤੋਂ) ਝਾੜ ਰਿਹਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਤੇਰੇ ਪਾਸੋਂ ਇਹ) ਦਾਨ (ਮੰਗਦਾ ਹਾਂ ਕਿ) ਮੈਂ ਤੇਰਾ ਨਾਮ-ਖ਼ਜ਼ਾਨਾ ਹਾਸਲ ਕਰ ਲਵਾਂ, ਤੇ, ਇਸ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ।੨।੧੯। ਦੇਵਗੰਧਾਰੀ ਮਹਲਾ ੫ ॥ ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥ ਸੁੰਦਰ ਧਿਆਨੁ ਧਾਰੁ ਦਿਨੁ ਰੈਨੀ ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥ ਸਾਸਤ੍ਰ ਬੇਦ ਪੁਰਾਨ ਅਵਿਲੋਕੇ ਸਿਮ੍ਰਿਤਿ ਤਤੁ ਬੀਚਾਰਾ ॥ ਦੀਨਾ ਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ ॥੧॥ ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥ ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ ਪਰਮੇਸਰੁ ਦੇਵਨਹਾਰਾ ॥੨॥੨੦॥ {ਪੰਨਾ 532} ਪਦਅਰਥ: ਪ੍ਰਭ = ਹੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਰਹਾਂ। ਧਾਰੁ = ਧਾਰਉਂ, ਮੈਂ ਧਰਾਂ। ਰੈਨੀ = ਰਾਤ। ਜੀਅ ਤੇ = ਜਿੰਦ ਨਾਲੋਂ।੧।ਰਹਾਉ। ਅਵਿਲੋਕੇ = ਮੈਂ ਵੇਖ ਲਏ ਹਨ। ਦੀਨਾਨਾਥ = ਹੇ ਦੀਨਾਂ ਦੇ ਨਾਥ! ਪ੍ਰਾਨਪਤਿ = ਹੇ ਜਿੰਦ ਦੇ ਮਾਲਕ! ਭਵਜਲ = ਸੰਸਾਰ = ਸਮੁੰਦਰ। ਉਧਰਨਹਾਰਾ = ਬਚਾਣ ਦੀ ਸਮਰਥਾ ਵਾਲਾ।੧। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਤਾਕੀ = ਤੱਕੀ ਹੈ। ਬਿਖੈ = ਵਿਸ਼ਿਆਂ ਵਿਚ। ਅਧਾਰਾ = ਓਟ। ਬਾਛੈ = ਮੰਗਦਾ ਹੈ। ਦੇਵਨਹਾਰਾ = ਦੇਣ = ਜੋਗਾ।੨। ਅਰਥ: ਹੇ ਪ੍ਰਭੂ ਜੀ! ਮੇਹਰ ਕਰ) ਮੈਂ (ਸਦਾ) ਤੇਰਾ ਦਰਸਨ ਕਰਦਾ ਰਹਾਂ। ਦਿਨ ਰਾਤ ਮੈਂ ਤੇਰੇ ਸੋਹਣੇ ਸਰੂਪ ਦਾ ਧਿਆਨ ਧਰਦਾ ਰਹਾਂ। ਤੇਰਾ ਦਰਸਨ ਮੈਨੂੰ ਆਪਣੀ ਜਿੰਦ ਨਾਲੋਂ ਪ੍ਰਾਣਾਂ ਨਾਲੋਂ ਪਿਆਰਾ ਲੱਗੇ।੧।ਰਹਾਉ। ਹੇ ਦੀਨਾਂ ਦੇ ਨਾਥ! ਹੇ ਮੇਰੀ ਜਿੰਦ ਦੇ ਮਾਲਕ! ਹੇ ਸਰਬ-ਵਿਆਪਕ! ਮੈਂ ਸ਼ਾਸਤ੍ਰ ਵੇਦ ਪੁਰਾਣ ਵੇਖ ਚੁਕਾ ਹਾਂ, ਮੈਂ ਸਿਮ੍ਰਿਤੀਆਂ ਦਾ ਤੱਤ ਭੀ ਵਿਚਾਰ ਚੁਕਾ ਹਾਂ। ਸਿਰਫ਼ ਤੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈਂ।੧। ਹੇ ਪ੍ਰਭੂ ਜੀ! ਤੇਰੇ ਭਗਤ ਜਨ ਤੇਰੇ ਸੇਵਕ ਆਦਿ ਤੋਂ ਜੁਗਾਂ ਦੇ ਆਦਿ ਤੋਂ ਵਿਸ਼ੇ-ਵਿਕਾਰਾਂ ਤੋਂ ਬਚਣ ਲਈ ਤੇਰਾ ਹੀ ਆਸਰਾ ਤੱਕਦੇ ਆ ਰਹੇ ਹਨ। ਨਾਨਕ ਉਹਨਾਂ ਭਗਤ ਜਨਾਂ ਦੇ ਪੈਰਾਂ ਦੀ ਖ਼ਾਕ (ਤੈਥੋਂ) ਮੰਗਦਾ ਹੈ, ਤੂੰ ਪਰਮੇਸਰ (ਸਭ ਤੋਂ ਵੱਡਾ ਮਾਲਕ) ਹੀ ਇਹ ਦਾਤਿ ਦੇਣ ਦੀ ਸਮਰਥਾ ਰੱਖਣ ਵਾਲਾ ਹੈਂ।੨।੨੦। ਦੇਵਗੰਧਾਰੀ ਮਹਲਾ ੫ ॥ ਤੇਰਾ ਜਨੁ ਰਾਮ ਰਸਾਇਣਿ ਮਾਤਾ ॥ ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥ ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥ ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥੧॥ ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥੨॥੨੧॥ {ਪੰਨਾ 532} ਪਦਅਰਥ: ਜਨੁ = ਸੇਵਕ, ਭਗਤ। ਰਸਾਇਣਿ = ਰਸਾਇਣ ਵਿਚ। ਰਸਾਇਣ = {रस = अयन = ਰਸਾਂ ਦਾ ਘਰ} ਉਹ ਦਵਾਈ ਜੋ ਉਮਰ ਲੰਮੀ ਕਰੇ ਤੇ ਬੁਢੇਪਾ ਨਾਹ ਆਉਣ ਦੇਵੇ। ਮਾਤਾ = ਮਸਤ। ਨਿਧਿ = ਖ਼ਜ਼ਾਨਾ। ਜਾ ਕਉ = ਜਿਸ ਮਨੁੱਖ ਨੂੰ। ਕਤ ਹੂੰ = ਕਿਤੇ ਭੀ।੧।ਰਹਾਉ। ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਸਾਧੂ ਧੂਰੀ = ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ। ਨਾਤਾ = ਨ੍ਹਾਤਾ, ਇਸ਼ਨਾਨ ਕਰ ਲਿਆ।੧। ਸਫਲੁ = ਕਾਮਯਾਬ। ਉਪਜਿਆ = ਹੋ ਪਿਆ। ਜਿਨਿ = ਜਿਸ (ਹਰਿ = ਜਨ) ਨੇ। ਸਉਤੁ = {स = पुत्र} ਸਉਤ੍ਰਾ, ਪੁੱਤਰ ਵਾਲਾ {ਇਸ ਦੇ ਟਾਕਰੇ ਤੇ ਹੈ ਅਉਤ੍ਰਾ, अ = पुत्र, ਪੁਤ੍ਰ ਹੀਨ}। ਸਗਲ ਸਮੂਹ = ਸਾਰੇ ਸਾਥਾਂ ਨੂੰ। ਲੈ = ਨਾਲ ਲੈ ਕੇ। ਉਧਰੇ = ਸੰਸਾਰ = ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਬਿਧਾਤਾ = ਕਰਤਾਰ।੨। ਅਰਥ: ਹੇ ਪ੍ਰਭੂ! ਤੇਰਾ ਭਗਤ ਤੇਰੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦਾ ਹੈ। ਜਿਸ ਮਨੁੱਖ ਨੂੰ ਤੇਰੇ ਪ੍ਰੇਮ-ਰਸ ਦਾ ਖ਼ਜ਼ਾਨਾ ਮਿਲ ਜਾਏ, ਉਹ ਉਸ ਖ਼ਜ਼ਾਨੇ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦਾ (ਭਟਕਦਾ) ।੧।ਰਹਾਉ। (ਹੇ ਭਾਈ! ਪ੍ਰਭੂ ਦੇ ਨਾਮ-ਰਸਾਇਣ ਵਿਚ ਮਸਤ ਮਨੁੱਖ) ਬੈਠਿਆਂ ਹਰਿ-ਨਾਮ ਉਚਾਰਦਾ ਹੈ, ਸੁੱਤਿਆਂ ਭੀ ਹਰਿ-ਨਾਮ ਵਿਚ ਸੁਰਤਿ ਰੱਖਦਾ ਹੈ, ਉਹ ਮਨੁੱਖ ਹਰਿ-ਨਾਮ-ਰਸ (ਨੂੰ ਆਤਮਕ ਜੀਵਨ ਦੀ) ਖ਼ੁਰਾਕ (ਬਣਾ ਕੇ) ਖਾਂਦਾ ਰਹਿੰਦਾ ਹੈ। ਉਹ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ (ਮਾਨੋ,) ਉਹ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ।੧। ਹੇ ਭਾਈ! ਪਰਮਾਤਮਾ ਦੇ ਭਗਤ ਦਾ ਜੀਵਨ ਕਾਮਯਾਬ ਹੋ ਪੈਂਦਾ ਹੈ, ਉਸ ਭਗਤ-ਜਨ ਨੇ (ਮਾਨੋ) ਪਰਮਾਤਮਾ ਨੂੰ ਸਪੁੱਤ੍ਰਾ ਬਣਾ ਦਿੱਤਾ। ਹੇ ਨਾਨਕ! ਉਹ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ, ਉਹ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।੨।੨੧। ਦੇਵਗੰਧਾਰੀ ਮਹਲਾ ੫ ॥ ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥ ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥੧॥ ਰਹਾਉ ॥ ਮੋਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥ ਟਿਕਨੁ ਨ ਪਾਵੈ ਬਿਨੁ ਸਤਸੰਗਤਿ ਕਿਸੁ ਆਗੈ ਜਾਇ ਰੂਆਈਐ ॥੧॥ ਕਰੈ ਅਨੁਗ੍ਰਹੁ ਸੁਆਮੀ ਮੇਰਾ ਸਾਧ ਚਰਨ ਚਿਤੁ ਲਾਈਐ ॥ ਸੰਕਟ ਘੋਰ ਕਟੇ ਖਿਨ ਭੀਤਰਿ ਨਾਨਕ ਹਰਿ ਦਰਸਿ ਸਮਾਈਐ ॥੨॥੨੨॥ {ਪੰਨਾ 532} ਪਦਅਰਥ: ਮਾਈ = ਹੇ ਮਾਂ! ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਡੂੰਘੀ ਸਾਂਝ। ਅਨਿਕ ਪ੍ਰਕਾਰ = ਕਈ ਤਰ੍ਹਾਂ। ਬਿਲਲਾਤੇ = ਵਿਲਕਦੇ। ਗੋਸਾਈਐ = {ਗੋ = ਧਰਤੀ} ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ।੧।ਰਹਾਉ। ਬਾਧਿਓ = ਬੱਝਾ ਰਹਿੰਦਾ ਹੈ, ਜਕੜਿਆ ਰਹਿੰਦਾ ਹੈ। ਭਰਮਾਈਐ = ਭਟਕਦੇ ਫਿਰੀਦਾ ਹੈ। ਜਾਇ = ਜਾ ਕੇ। ਰੂਆਈਐ = ਪੁਕਾਰ ਕੀਤੀ ਜਾਏ।੧। ਅਨੁਗ੍ਰਹੁ = ਕਿਰਪਾ। ਸਾਧ = ਗੁਰੂ। ਸੰਕਟ = ਦੁੱਖ। ਘੋਰ = ਭਿਆਨਕ। ਖਿਨ ਭੀਤਰਿ = ਖਿਨ ਵਿਚ। ਦਰਸਿ = ਦਰਸਨ ਵਿਚ। ਸਮਾਈਐ = ਲੀਨ ਹੋ ਜਾਈਦਾ ਹੈ।੨। ਅਰਥ: ਹੇ (ਮੇਰੀ) ਮਾਂ! ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ। ਹੋਰ ਹੋਰ ਅਨੇਕਾਂ ਕਿਸਮਾਂ ਦੇ ਉੱਦਮ ਕਰਦੇ ਲੋਕ ਭਟਕਦੇ ਫਿਰਦੇ ਹਨ, ਪਰ (ਉਹਨਾਂ ਉੱਦਮਾਂ ਨਾਲ) ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ।੧।ਰਹਾਉ। (ਹੇ ਮਾਂ! ਗੁਰੂ ਦੀ ਸਰਨ ਤੋਂ ਬਿਨਾ ਮਨੁੱਖ ਦਾ) ਸਰੀਰ (ਮਾਇਆ ਦੇ) ਮੋਹ (ਸਰੀਰਕ) ਰੋਗਾਂ ਅਤੇ ਗ਼ਮਾਂ ਨਾਲ ਜਕੜਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦੇ ਫਿਰੀਦਾ ਹੈ। ਸਾਧ ਸੰਗਤਿ (ਦੀ ਸਰਨ) ਤੋਂ ਬਿਨਾ (ਜੂਨਾਂ ਦੇ ਗੇੜ ਤੋਂ) ਟਿਕਾਣਾ ਨਹੀਂ ਹਾਸਲ ਕਰ ਸਕਦਾ। (ਗੁਰੂ ਤੋਂ ਬਿਨਾ) ਕਿਸੇ ਹੋਰ ਪਾਸ (ਇਸ ਦੁੱਖ ਦੀ ਨਵਿਰਤੀ ਵਾਸਤੇ) ਫਰਿਆਦ ਭੀ ਨਹੀਂ ਕੀਤੀ ਜਾ ਸਕਦੀ।੧। ਹੇ ਮਾਂ! ਜਦੋਂ ਮੇਰਾ ਮਾਲਕ-ਪ੍ਰਭੂ ਮੇਹਰ ਕਰਦਾ ਹੈ, ਤਦੋਂ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਸਕੀਦਾ ਹੈ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ) ਭਿਆਨਕ ਦੁੱਖ ਇਕ ਖਿਨ ਵਿਚ ਕੱਟੇ ਜਾਂਦੇ ਹਨ, ਤੇ, ਪਰਮਾਤਮਾ ਦੇ ਦੀਦਾਰ ਵਿਚ ਲੀਨ ਹੋ ਜਾਈਦਾ ਹੈ।੨।੨੨। ਦੇਵਗੰਧਾਰੀ ਮਹਲਾ ੫ ॥ ਠਾਕੁਰ ਹੋਏ ਆਪਿ ਦਇਆਲ ॥ ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥ ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥ ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥੧॥ ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ ਕਹੁ ਨਾਨਕ ਜਨ ਕਉ ਬਲਿ ਜਾਈਐ ਜੋ ਸਭਨਾ ਕਰੇ ਉਧਾਰੁ ॥੨॥੨੩॥ {ਪੰਨਾ 532} ਪਦਅਰਥ: ਠਾਕੁਰ = ਮਾਲਕ = ਪ੍ਰਭੂ ਜੀ। ਦਇਆਲ = ਦਇਆਵਾਨ। ਕਲਿਆਣ = ਸੁਖ, ਸ਼ਾਂਤੀ। ਅਨੰਦ = ਰੂਪ = ਆਨੰਦ = ਭਰਪੂਰ। ਹੋਈ ਹੈ– ਹੋ ਜਾਈਦਾ ਹੈ। ਉਬਰੇ = (ਸੰਸਾਰ = ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਬਾਲ ਗੁਪਾਲ = ਸ੍ਰਿਸ਼ਟੀ ਦੇ ਪਾਲਣਹਾਰ = ਪਿਤਾ ਦਾ ਪੱਲਾ ਫੜਨ ਵਾਲੇ ਬੱਚੇ।ਰਹਾਉ। ਕਰ = {ਬਹੁ-ਵਚਨ} ਹੱਥ। ਜੋੜਿ = ਜੋੜ ਕੇ। ਮਨਿ = ਮਨ ਵਿਚ। ਪਰਮੇਸੁਰਿ = ਪਰਮੇਸਰ ਨੇ। ਦੁਰਤਿ = {दुरित} ਪਾਪ।੧। ਵਰ ਨਾਰੀ ਮਿਲਿ = ਨਾਰੀਆਂ ਵਰ ਨੂੰ ਮਿਲ ਕੇ, ਗਿਆਨ = ਇੰਦ੍ਰੇ ਪ੍ਰਭੂ = ਪਤੀ ਨੂੰ ਮਿਲ ਕੇ। ਮੰਗਲੁ = ਖ਼ੁਸ਼ੀ ਦਾ ਗੀਤ, ਸਿਫ਼ਤਿ-ਸਾਲਾਹ ਦਾ ਗੀਤ। ਜੈਕਾਰੁ = ਜੈ ਜੈ ਦਾ ਸੋਹਿਲਾ। ਜਨ ਕਉ = ਪ੍ਰਭੂ ਦੇ ਸੇਵਕ ਤੋਂ। ਉਧਾਰ = ਪਾਰ = ਉਤਾਰਾ।੨। ਅਰਥ: ਹੇ ਭਾਈ! ਆਪਣੇ ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ। ਪ੍ਰਭੂ ਦੀ ਕਿਰਪਾ ਨਾਲ ਆਨੰਦ-ਭਰਪੂਰ ਹੋ ਜਾਈਦਾ ਹੈ। ਸ੍ਰਿਸ਼ਟੀ ਦੇ ਪਾਲਣਹਾਰ-ਪਿਤਾ ਦਾ ਪੱਲਾ ਫੜਨ ਵਾਲੇ ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ।ਰਹਾਉ। ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਪਰਮਾਤਮਾ ਨੂੰ ਆਪਣੇ ਮਨ ਵਿਚ ਆਰਾਧਿਆ, ਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲਿਆ, (ਉਹਨਾਂ ਦਾ ਪਿਛਲਾ ਕੀਤਾ) ਸਾਰਾ ਪਾਪ ਦੂਰ ਕਰ ਦਿੱਤਾ।੩। (ਹੇ ਭਾਈ ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋਏ, ਉਸ ਦੇ) ਗਿਆਨ-ਇੰਦ੍ਰਿਆਂ ਨੇ ਪ੍ਰਭੂ-ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ। ਹੇ ਨਾਨਕ! ਆਖ-ਪ੍ਰਭੂ ਦੇ ਉਸ ਭਗਤ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜੇਹੜਾ ਹੋਰ ਸਭ ਜੀਵਾਂ ਦਾ ਭੀ ਪਾਰ-ਉਤਾਰਾ ਕਰ ਲੈਂਦਾ ਹੈ।੨।੨੩। |
Sri Guru Granth Darpan, by Professor Sahib Singh |