ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 533 ੴ ਸਤਿਗੁਰ ਪ੍ਰਸਾਦਿ ॥ ਦੇਵਗੰਧਾਰੀ ਮਹਲਾ ੫ ॥ ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥ ਕਰੁ ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥੧॥ ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ ॥ ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ ॥੨॥੨੪॥ {ਪੰਨਾ 533} ਪਦਅਰਥ: ਪਹਿ = ਪਾਸ। ਬਿਨਉ = {विनय} ਬੇਨਤੀ। ਦੁਖ ਭੰਜਨ = ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਜੀ।ਰਹਾਉ। ਸਭੁ = ਸਾਰਾ। ਸਹਿਆ = ਸਹਾਰਿਆ। ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉੱਤੇ। ਧਾਰਿ = ਰੱਖ ਕੇ। ਸਾਜਿ ਨਿਵਾਜੇ = ਪੈਦਾ ਕਰ ਕੇ ਸਵਾਰਦਾ ਹੈ। ਜੋ = ਜੇਹੜੇ। ਖਇਆ = ਨਾਸ ਕਰਨ ਵਾਲੇ।੧। ਸਰਬ ਸਧਾਰੀ = ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ। ਸਹਜਇਆ = ਆਤਮਕ ਅਡੋਲਤਾ ਦੇਣ ਵਾਲਾ। ਉਰ = ਹਿਰਦਾ।੨। ਅਰਥ: ਹੇ ਭਾਈ! ਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ, ਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ।ਰਹਾਉ। ਹੇ ਭਾਈ! ਅਸੀ ਜੀਵ ਪਾਪੀ ਹਾਂ, ਪਖੰਡੀ ਹਾਂ, ਲੋਭੀ ਹਾਂ (ਪਰਮਾਤਮਾ ਇਤਨਾ ਦਇਆਵਾਨ ਹੈ ਕਿ ਉਹ) ਸਾਡਾ ਹਰੇਕ ਗੁਣ ਔਗੁਣ ਸਹਾਰਦਾ ਹੈ। ਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਮੱਥੇ ਉਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਹੈ (ਜਿਸ ਦੀ ਬਰਕਤਿ ਨਾਲ ਕਾਮਾਦਿਕ) ਵੈਰੀ, ਜੋ ਆਤਮਕ ਜੀਵਨ ਦਾ ਨਾਸ ਕਰਨ ਵਾਲੇ ਹਨ, ਮੁੱਕ ਜਾਂਦੇ ਹਨ।੧। ਹੇ ਭਾਈ! ਪ੍ਰਭੂ ਜੀ ਪਰ-ਉਪਕਾਰੀ ਹਨ, ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ, ਪ੍ਰਭੂ ਦਾ ਦੀਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ, ਆਤਮਕ ਅਡੋਲਤਾ ਦੀ ਦਾਤਿ ਕਰਨ ਵਾਲਾ ਹੈ। ਹੇ ਨਾਨਕ: ਆਖ-ਪ੍ਰਭੂ ਗੁਣ-ਹੀਨ ਜੀਵਾਂ ਨੂੰ ਭੀ ਦਾਤਾਂ ਦੇਣ ਵਾਲਾ ਹੈ। ਮੈਂ ਉਸ ਦੇ ਸੋਹਣੇ ਕੋਮਲ ਚਰਨ (ਗੁਰੂ ਦੀ ਕਿਰਪਾ ਨਾਲ ਆਪਣੇ) ਹਿਰਦੇ ਵਿਚ ਟਿਕਾ ਲਏ ਹਨ।੨।੨੪। ਦੇਵਗੰਧਾਰੀ ਮਹਲਾ ੫ ॥ ਅਨਾਥ ਨਾਥ ਪ੍ਰਭ ਹਮਾਰੇ ॥ ਸਰਨਿ ਆਇਓ ਰਾਖਨਹਾਰੇ ॥ ਰਹਾਉ ॥ ਸਰਬ ਪਾਖ ਰਾਖੁ ਮੁਰਾਰੇ ॥ ਆਗੈ ਪਾਛੈ ਅੰਤੀ ਵਾਰੇ ॥੧॥ ਜਬ ਚਿਤਵਉ ਤਬ ਤੁਹਾਰੇ ॥ ਉਨ ਸਮ੍ਹ੍ਹਾਰਿ ਮੇਰਾ ਮਨੁ ਸਧਾਰੇ ॥੨॥ ਸੁਨਿ ਗਾਵਉ ਗੁਰ ਬਚਨਾਰੇ ॥ ਬਲਿ ਬਲਿ ਜਾਉ ਸਾਧ ਦਰਸਾਰੇ ॥੩॥ ਮਨ ਮਹਿ ਰਾਖਉ ਏਕ ਅਸਾਰੇ ॥ ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥ {ਪੰਨਾ 533} ਪਦਅਰਥ: ਅਨਾਥ ਨਾਥ = ਹੇ ਨਿਖਸਮਿਆਂ ਦੇ ਖਸਮ! ਰਾਖਨਹਾਰੇ = ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ!।ਰਹਾਉ। ਸਰਬ ਪਾਖ = ਸਾਰੇ ਪੱਖ। ਮੁਰਾਰੇ = ਹੇ ਮੁਰਾਰੀ! ਆਗੈ = ਪਰਲੋਕ ਵਿਚ। ਪਾਛੈ ਇਸ ਲੋਕ ਵਿਚ।੧। ਚਿਤਵਉ = ਚਿਤਵਉਂ, ਮੈਂ ਚੇਤੇ ਕਰਦਾ ਹਾਂ। ਉਨ ਸਮ੍ਹ੍ਹਾਰਿ = (ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ। ਸਧਾਰੇ = ਸਹਾਰਾ ਫੜਦਾ ਹੈ।੨। ਸੁਨਿ = ਸੁਣ ਕੇ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਸਾਧ = ਗੁਰੂ।੩। ਰਾਖਉ = ਰਾਖਉਂ, ਮੈਂ ਰੱਖਦਾ ਹਾਂ। ਅਸਾਰੇ = ਆਸ। ਕਰਨੈਹਾਰੇ = ਹੇ ਕਰਤਾਰ!।੪। ਅਰਥ: ਹੇ ਅਨਾਥਾਂ ਦੇ ਨਾਥ! ਹੇ ਮੇਰੇ ਰੱਖਣ ਹਾਰ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।ਰਹਾਉ। ਹੇ ਮੁਰਾਰੀ! ਪਰਲੋਕ ਵਿਚ, ਇਸ ਲੋਕ ਵਿਚ, ਅਖ਼ੀਰਲੇ ਵੇਲੇ-ਹਰ ਥਾਂ ਮੇਰੀ ਸਹਾਇਤਾ ਕਰ।੧। ਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ। (ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ।੨। ਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਹਾਂ।੩। ਹੇ ਨਾਨਕ! ਆਖ-) ਹੇ ਪ੍ਰਭੂ! ਹੇ ਮੇਰੇ ਕਰਤਾਰ! ਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ।੪।੨੫। ਦੇਵਗੰਧਾਰੀ ਮਹਲਾ ੫ ॥ ਪ੍ਰਭ ਇਹੈ ਮਨੋਰਥੁ ਮੇਰਾ ॥ ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥ ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥ ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥ ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥ ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥ {ਪੰਨਾ 533} ਪਦਅਰਥ: ਮਨੋਰਥੁ = ਮਨ ਦੀ ਤਾਂਘ। ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਮੋਹਿ = ਮੈਨੂੰ। ਦੀਜੈ = ਦੇਹ। ਚੇਰਾ = ਦਾਸ।ਰਹਾਉ। ਪ੍ਰਾਤਹਕਾਲ = ਸਵੇਰ = ਸਾਰ, ਸਵੇਰੇ ਹੀ। ਲਾਗਉ = ਲਾਗਉਂ, ਮੈਂ ਲੱਗਾਂ। ਨਿਸ = ਰਾਤ। ਬਾਸੁਰ = ਦਿਨ। ਪਾਵਉ = ਪਾਵਉਂ। ਅਰਪਿ = ਭੇਟਾ ਕਰ ਕੇ। ਕਰਉ = ਕਰਉਂ। ਰਸਨਾ = ਜੀਭ (ਨਾਲ। ਗਾਵਉ = ਗਾਵਉਂ।੧। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਿਮਰਉ = ਸਿਮਰਉਂ। ਸੰਗਿ = ਸੰਗਤਿ ਵਿਚ। ਰਹੀਐ = ਰਹਿਣਾ ਚਾਹੀਦਾ ਹੈ। ਅਧਾਰੁ = ਆਸਰਾ। ਮੋਰਾ = ਮੇਰਾ। ਲਹੀਐ = ਲੈਣਾ ਚਾਹੀਦਾ ਹੈ।੨। ਅਰਥ: ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਮੇਰੇ ਮਨ ਦੀ ਇਹੀ ਤਾਂਘ ਹੈ ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖੋ।ਰਹਾਉ। ਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ। ਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ।੧। (ਹੇ ਭਾਈ! ਮੇਰੀ ਤਾਂਘ ਹੈ ਕਿ) ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ। ਹੇ ਭਾਈ! ਸਦਾ ਸੰਤਾਂ ਦੀ ਸੰਗਤਿ ਵਿਚ ਟਿਕੇ ਰਹਿਣਾ ਚਾਹੀਦਾ ਹੈ। ਹੇ ਨਾਨਕ! ਆਖ-ਮੇਰੀ ਤਾਂਘ ਹੈ ਕਿ) ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ। (ਹੇ ਭਾਈ! ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਾਣਦੇ ਰਹਿਣਾ ਚਾਹੀਦਾ ਹੈ।੨।੨੬। ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਮੀਤਾ ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥ ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥ ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ ॥੧॥ ਮੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ ॥ ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥ {ਪੰਨਾ 533} ਪਦਅਰਥ: ਐਸੇ ਮੀਤਾ = ਅਜੇਹੇ ਮਿੱਤਰ। ਪਾਏ = ਲੱਭ ਲਏ ਹਨ। ਛੋਡਿ = ਛੱਡ ਕੇ। ਸਦ = ਸਦਾ। ਸੰਗੇ = ਨਾਲ। ਅਨਦਿਨੁ = ਹਰ ਰੋਜ਼। ਗੁਰ ਮਿਲਿ = ਗੁਰੂ ਨੂੰ ਮਿਲ ਕੇ।੧।ਰਹਾਉ। ਮਨੋਹਰੁ = ਮਨ ਨੂੰ ਮੋਹ ਲੈਣ ਵਾਲਾ ਹਰੀ। ਸੁਖੈਨਾ = {ਸੁਖ = ਅਯਨ। ਅਯਨ = ਘਰ} ਸੁਖਾਂ ਦਾ ਘਰ, ਸੁਖਦਾਤਾ। ਕਤਹੂ = ਕਿਤੇ ਭੀ। ਪੇਖੇ = ਮੈਂ ਵੇਖੇ ਹਨ। ਪ੍ਰਿਅ ਰੋਮ ਸਮਸਰਿ = ਪਿਆਰੇ ਦੇ ਇਕ ਵਾਲ ਦੇ ਬਰਾਬਰ।੧। ਮੰਦਰਿ = ਹਿਰਦੇ = ਮੰਦਰ ਵਿਚ। ਸੋਭ = ਸੋਭਾ। ਦੁਆਰੈ = (ਪ੍ਰਭੂ ਦੇ) ਦਰ ਤੇ। ਅਨਹਤ = ਇਕ-ਰਸ, ਲਗਾਤਾਰ। ਰੁਣੁਝੁਣੁ = ਮੱਧਮ ਮੱਧਮ ਹੋ ਰਿਹਾ ਖ਼ੁਸ਼ੀ ਦਾ ਗੀਤ। ਗ੍ਰਿਹ ਥਾਏ = ਗ੍ਰਿਹ ਥਾਇ, ਜਿਸ ਦੇ ਹਿਰਦੇ = ਘਰ ਵਿਚ। ਸਦ = ਸਦਾ। ਪ੍ਰਿਅ ਥੀਤੇ = ਪ੍ਰਭੂ ਜੀ ਟਿਕ ਗਏ।੨।੧।੨੭। ਅਰਥ: ਹੇ ਭਾਈ! ਮੈਂ ਅਜੇਹੇ ਮਿੱਤਰ ਪ੍ਰਭੂ ਜੀ ਲੱਭ ਲਏ ਹਨ, ਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।੧।ਰਹਾਉ। ਹੇ ਭਾਈ! ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ, (ਸੁਖਾਂ ਦੇ ਇਕਰਾਰ ਕਰਨ ਵਾਲੇ) ਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ।੧। ਹੇ ਨਾਨਕ! ਆਖ-ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ।੨।੧।੨੭। ਨੋਟ: 'ਘਰੁ ੩' ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅੰਕ ਨੰ: ੧। ਕੁੱਲ ਜੋੜ ੨੭ ਹੈ। ਦੇਵਗੰਧਾਰੀ ੫ ॥ ਦਰਸਨ ਨਾਮ ਕਉ ਮਨੁ ਆਛੈ ॥ ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥ ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥ ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥ ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥ ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥ {ਪੰਨਾ 533-534} ਪਦਅਰਥ: ਕਉ = ਵਾਸਤੇ। ਆਛੈ = ਤਾਂਘਦਾ ਹੈ। ਭ੍ਰਮਿ = ਭਟਕ ਭਟਕ ਕੇ। ਸਗਲ ਥਾਨ = ਸਭਨੀਂ ਥਾਈਂ। ਰੇ = ਹੇ ਭਾਈ! ਆਹਿ = ਤਾਂਘ ਕਰ ਕੇ। ਸੰਤ ਪਾਛੈ = ਸੰਤਾਂ ਦੇ ਪਿੱਛੇ, ਸੰਤਾਂ ਦੀ ਸਰਨ।੧।ਰਹਾਉ। ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਆਰਾਧੀ = ਆਰਾਧੀਂ। ਦਿਸਟੈ = ਦਿਸਦਾ ਹੈ। ਗਾਛੈ = ਨਾਸਵੰਤ ਹੈ। ਪਰੀਐ = ਪੈਣਾ ਚਾਹੀਦਾ ਹੈ। ਰੇਨੁ = ਧੂੜ। ਬਾਛੈ = ਮੰਗਦਾ ਹੈ।੧। ਜਾਨਾ = ਜਾਨਾਂ, ਮੈਂ ਜਾਣਦਾ। ਦੁਤਰੁ = {दुस्तर} ਜਿਸ ਨੂੰ ਤਰਨਾ ਔਖਾ ਹੈ। ਮਾਇ = ਮਾਇਆ। ਆਛੈ = {अस्ति} ਹੈ। ਤਉ = ਤਦੋਂ। ਦੁਰਾਛੈ = ਦੁਰ ਆਛੈ, ਮੰਦੀ ਵਾਸਨਾ।੨। ਅਰਥ: ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ, ਪਰਮਾਤਮਾ ਦਾ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ। ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ।੧।ਰਹਾਉ। (ਹੇ ਭਾਈ! ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ? ਮੈਂ ਕਿਸ ਦਾ ਆਰਾਧਨ ਕਰਾਂ? ਹੇ ਭਾਈ! ਸਾਧ ਸੰਗਤਿ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ।੧। ਹੇ ਭਾਈ! ਇਹ ਮਾਇਆ (ਇਕ ਐਸਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਹੀ ਔਖਾ ਹੈ, ਮੈਨੂੰ (ਇਸ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ (ਜਿਸ ਦੀ ਸਹਾਇਤਾ ਨਾਲ ਮੈਂ ਇਸ ਮਾਇਆ-ਸਮੁੰਦਰ ਤੋਂ ਪਾਰ ਲੰਘ ਸਕਾਂ) । ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ (ਤੇ, ਇਹ ਹਰੀ-ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ) ।੨।੨।੨੮। TOP OF PAGE |
Sri Guru Granth Darpan, by Professor Sahib Singh |