ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 536

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ ॥ ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥੧॥ ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ ॥ ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥ {ਪੰਨਾ 536}

ਪਦਅਰਥ: ਸਭ ਦਿਨ ਕੇ = ਸਦਾ ਹੀ। ਸਮਰਥ ਪੰਥ = ਜੀਵਨ = ਰਾਹ ਦੱਸਣ ਦੀ ਸਮਰਥਾ ਵਾਲੇ। ਬਿਠੁਲੇ = ਹੇ ਬੀਠੁਲ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਬਿਠੁਲ = वि-सथल, विष्ठल। ਮਾਇਆ ਦੇ ਪ੍ਰਭਾਵ ਤੋਂ ਪਰੇ ਖਲੋਤਾ ਹੋਇਆ}ਹਉ ਜਾਉ = ਮੈਂ ਜਾਂਦਾ ਹਾਂ, ਜਾਉਂ। ਬਲਿ ਬਲਿ = ਕੁਰਬਾਨ। ਉਵਾ ਕੇ ਚਰਨ ਪਾਉ = ਉਹਨਾਂ ਦੇ ਚਰਨਾਂ ਤੇ ਪਿਆ ਰਹਾਂ। ਪਾਉ = ਪਾਉਂ, ਮੈਂ ਪਿਆ ਰਿਹਾਂ।੧।ਰਹਾਉ।

ਜਾਸ = ਜਿਨ੍ਹਾਂ ਨੂੰ। ਬਾਸਨ = ਵਾਸਨਾ। ਸਹਜ ਕੇਲ = ਆਤਮਕ ਅਡੋਲਤਾ ਦੇ ਆਨੰਦ। ਕਰੁਣਾ ਮੈ = ਹੇ ਤਰਸ = ਸਰੂਪ! ਕਰੁਣਾ = ਤਰਸ। ਮੈ = ਮਯ, ਭਰਪੂਰ। ਅਨੂਪੈ = ਅਨੂਪ ਵਿਚ। ਠਾਉ = ਥਾਂ।੧।

ਰਿਧਿ ਸਿਧਿ = ਕਰਾਮਾਤੀ ਤਾਕਤਾਂ। ਨਿਧਿ = ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ। ਜਗ ਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਸ੍ਰਬ ਨਾਥ = ਹੇ ਸਭਨਾਂ ਦੇ ਖਸਮ! ਮਇਆ = ਕਿਰਪਾ। ਸੁਨਿ = ਸੁਣ ਕੇ। ਜੀਵਾਉ = ਜੀਵਉਂ।੨।

ਅਰਥ: ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ, ਤੇ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਰਹਾਂ, ਜੋ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ, ਤੇ, ਜੋ ਸਦਾ ਹੀ ਜੀਵਨ-ਰਾਹ ਦੱਸਣ ਦੇ ਸਮਰੱਥ ਹਨ।੧।ਰਹਾਉ।

ਹੇ ਤਰਸ-ਸਰੂਪ ਪ੍ਰਭੂ! (ਮੇਹਰ ਕਰ, ਮੈਂ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ) ਜਿਨ੍ਹਾਂ ਨੂੰ ਹੋਰ ਕੋਈ ਵਾਸਨਾ ਨਹੀਂ, ਜੋ ਸਦਾ ਆਤਮਕ ਅਡੋਲਤਾ ਦੇ ਰੰਗ ਮਾਣਦੇ ਹਨ, ਜੋ ਸਦਾ ਤੇਰੇ ਬੇਅੰਤ ਤੇ ਸੋਹਣੇ ਸਰੂਪ ਵਿਚ ਟਿਕੇ ਰਹਿੰਦੇ ਹਨ।੧।

ਹੇ ਜਗਤ ਦੇ ਜੀਵਨ ਪ੍ਰਭੂ! ਹੇ ਸਭਨਾਂ ਦੇ ਖਸਮ ਪ੍ਰਭੂ! ਹੇ ਅਨੇਕਾਂ ਨਾਮਾਂ ਵਾਲੇ ਪ੍ਰਭੂ! ਰਿਧੀਆਂ ਸਿਧੀਆਂ ਤੇ ਨਿਧੀਆਂ ਤੇਰੇ ਹੱਥਾਂ ਦੀਆਂ ਤਲੀਆਂ ਉਤੇ (ਸਦਾ ਟਿਕੀਆਂ ਰਹਿੰਦੀਆਂ ਹਨ। ਹੇ ਪ੍ਰਭੂ! ਆਪਣੇ) ਦਾਸ ਨਾਨਕ ਉੱਤੇ ਦਇਆ ਕਰ, ਮੇਹਰ ਕਰ, ਕਿਰਪਾ ਕਰ ਕਿ (ਤੇਰੇ ਸੰਤ ਜਨਾਂ ਤੋਂ ਤੇਰੀ) ਸਿਫ਼ਤਿ-ਸਾਲਾਹ ਸੁਣ ਸੁਣ ਕੇ ਮੈਂ ਨਾਨਕ ਆਤਮਕ ਜੀਵਨ ਹਾਸਲ ਕਰਦਾ ਰਹਾਂ।੨।੧।੩੮।੬।੪੪।

ਨੋਟ: ਅੰਕ ੧-'ਘਰੁ ੭' ਦਾ ਇਹ ਇਕ ਸ਼ਬਦ ਹੈ।

ਸ਼ਬਦ ਮ: - ---
ਸ਼ਬਦ ਮ: ੫ --- ੩੮
 . . . . . . . . . .----
 . .ਜੋੜ . . . . . . ੪੪

ੴ ਸਤਿਗੁਰ ਪ੍ਰਸਾਦਿ ॥ ਰਾਗੁ ਦੇਵਗੰਧਾਰੀ ਮਹਲਾ ੯ ॥ ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥ {ਪੰਨਾ 536}

ਪਦਅਰਥ: ਯਹ ਮਨੁ = ਇਹ ਮਨ। ਨੈਕ = ਰਤਾ ਭਰ ਭੀ। ਕਹਿਓ = ਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ। ਸੀਖ = ਸਿੱਖਿਆ। ਰਹਿਓ = ਮੈਂ ਥੱਕ ਗਿਆ ਹਾਂ। ਅਪਨੀ ਸੀ = ਆਪਣੇ ਵਲੋਂ। ਤੇ = ਤੋਂ। ਟਰੈ = ਟਲਦਾ, ਟਲੈ।੧।ਰਹਾਉ।

ਮਦਿ = ਨਸ਼ੇ ਵਿਚ। ਬਾਵਰੇ = ਝੱਲਾ। ਜਸੁ = ਸਿਫ਼ਤਿ-ਸਾਲਾਹ। ਉਚਰੈ = ਉਚਾਰਦਾ। ਪਰਪੰਚੁ = ਵਿਖਾਵਾ, ਠੱਗੀ। ਕਉ = ਨੂੰ। ਡਹਕੈ = ਠੱਗਦਾ ਹੈ, ਛਲ ਰਿਹਾ ਹੈ। ਉਦਰੁ = ਪੇਟ।੧।

ਸੁਆਨ = ਕੁੱਤਾ। ਜਿਉ = ਵਾਂਗ। ਸੂਧੋ = ਸਿੱਧਾ, ਸੁੱਚੇ ਜੀਵਨ ਵਾਲਾ। ਨ ਕਾਨ ਧਰੈ = ਕੰਨਾਂ ਵਿਚ ਨਹੀਂ ਧਰਦਾ, ਧਿਆਨ ਨਾਲ ਨਹੀਂ ਸੁਣਦਾ। ਭਜੁ = ਭਜਨ ਕਰ। ਜਾ ਤੇ = ਜਿਸ ਨਾਲ। ਕਾਜੁ = (ਮਨੁੱਖਾ ਜੀਵਨ ਦਾ ਜ਼ਰੂਰੀ) ਕੰਮ। ਸਰੈ = ਸਿਰੇ ਚੜ੍ਹ ਜਾਏ।੨।

ਅਰਥ: ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ। ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ।੧।ਰਹਾਉ।

ਹੇ ਭਾਈ! ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ।੧।

ਹੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ। ਹੇ ਨਾਨਕ! ਮੁੜ ਇਸ ਨੂੰ) ਆਖ-(ਹੇ ਮਨ!) ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ।੨।੧।

ਦੇਵਗੰਧਾਰੀ ਮਹਲਾ ੯ ॥ ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥ {ਪੰਨਾ 536}

ਪਦਅਰਥ: ਬਿਵਹਾਰ = ਵਰਤਣ = ਵਿਹਾਰ। ਸਭ ਕਿਛੁ = ਸਾਰਾ। ਕੋ = ਦਾ। ਜੀਵਤ ਕੋ = ਜਿਊਂਦਿਆਂ ਦਾ। ਮਾਤ = ਮਾਂ। ਭਾਈ = ਭਰਾ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਅਰੁ = ਅਤੇ। ਫੁਨਿ = ਮੁੜ। ਗ੍ਰਿਹ ਕੀ ਨਾਰਿ = ਘਰ ਦੀ ਇਸਤ੍ਰੀ।੧।ਰਹਾਉ।

ਤੇ = ਤੋਂ, ਨਾਲੋਂ। ਪ੍ਰਾਨ = ਜਿੰਦ। ਨਿਆਰੇ = ਵੱਖਰੇ। ਟੇਰਤ = ਆਖਦੇ ਹਨ। ਪ੍ਰੇਤ = ਗੁਜ਼ਰ ਚੁੱਕਾ, ਕਰ ਚੁੱਕਾ। ਪੁਕਾਰਿ = ਪੁਕਾਰ ਕੇ। ਕੋਊ = ਕੋਈ ਭੀ ਸਨਬੰਧੀ। ਘਰ ਤੇ = ਘਰ ਤੋਂ। ਨਿਕਾਰਿ = ਨਿਕਾਲ।੧।

ਮ੍ਰਿਗਤ੍ਰਿਸਨਾ = ਠਗ = ਨੀਰਾ (ਚਮਕਦੀ ਰੇਤ ਤ੍ਰਿਹਾਏ ਹਰਨ ਨੂੰ ਪਾਣੀ ਜਾਪਦਾ ਹੈ, ਉਹ ਪਾਣੀ ਪੀਣ ਲਈ ਦੌੜਦਾ ਹੈ, ਚਮਕਦੀ ਰੇਤ ਅਗਾਂਹ ਅਗਾਂਹ ਜਾਂਦਾ ਪਾਣੀ ਹੀ ਜਾਪਦਾ ਹੈ। ਦੌੜ ਦੌੜ ਕੇ ਹਰਨ ਜਿੰਦ ਗਵਾ ਲੈਂਦਾ ਹੈ) ਰਚਨਾ = ਖੇਡ, ਬਣਤਰ। ਯਹ = ਇਹ। ਰਿਦੈ = ਹਿਰਦੇ ਵਿਚ। ਬਿਚਾਰਿ = ਵਿਚਾਰ ਕੇ। ਜਾ ਤੇ = ਜਿਸ ਨਾਲ। ਉਧਾਰੁ = ਪਾਰ = ਉਤਾਰਾ।੨।

ਅਰਥ: ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ-ਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ।੧।ਰਹਾਉ।

ਹੇ ਭਾਈ! ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ। ਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ।੧।

ਹੇ ਭਾਈ! ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਤ੍ਰਿਹਾਏ ਹਰਨ ਦੇ ਪਾਣੀ ਪਿੱਛੇ ਦੌੜਨ ਵਾਂਗ ਮਨੁੱਖ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ।੨।੨।

ਦੇਵਗੰਧਾਰੀ ਮਹਲਾ ੯ ॥ ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ {ਪੰਨਾ 536}

ਪਦਅਰਥ: ਮਹਿ = ਵਿਚ। ਪ੍ਰੀਤਿ = ਪਿਆਰ। ਸਿਉ = ਨਾਲ, ਦੀ ਖ਼ਾਤਰ। ਸਭਿ = ਸਾਰੇ (ਸਨਬੰਧੀ। ਕਿਆ = ਕੀਹ, ਚਾਹੇ, ਭਾਵੇਂ। ਦਾਰਾ = ਇਸਤ੍ਰੀ।੧।ਰਹਾਉ।

ਮੇਰਉ = ਮੇਰਾ। ਹਿਤ = ਮੋਹ। ਸਿਉ = ਨਾਲ। ਬਾਧਿਓ = ਬੱਝਾ ਹੋਇਆ। ਅੰਤਿ ਕਾਲਿ = ਅਖ਼ੀਰਲੇ ਸਮੇ। ਸੰਗੀ = ਸਾਥੀ। ਕੋਊ = ਕੋਈ ਭੀ। ਰੀਤਿ = ਮਰਯਾਦਾ, ਜਗਤ = ਚਾਲ।੧।

ਮਨ = ਹੇ ਮਨ! ਅਜਹੂ = ਅਜੇ ਭੀ। ਸਿਖ = ਸਿੱਖਿਆ। ਦੈ = ਦੇ ਕੇ। ਨੀਤ = ਨਿੱਤ, ਸਦਾ। ਭਉਜਲੁ = ਸੰਸਾਰ = ਸਮੁੰਦਰ। ਜਉ = ਜਦੋਂ।੨।

ਅਰਥ: ਹੇ ਭਾਈ! ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ। ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ।੧।ਰਹਾਉ।

ਹੇ ਭਾਈ! ਸਭਨਾਂ ਦਾ) ਚਿੱਤ ਮੋਹ ਨਾਲ ਬੱਝਾ ਹੁੰਦਾ ਹੈ (ਉਸ ਮੋਹ ਦੇ ਕਾਰਨ) ਹਰ ਕੋਈ ਇਹੀ ਆਖਦਾ ਹੈ 'ਇਹ ਮੇਰਾ ਹੈ, ਇਹ ਮੇਰਾ ਹੈ'ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।੧।

ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ। ਹੇ ਨਾਨਕ! ਆਖ-ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੨।੩।੬।੩੮।੪੭।

ਸ਼ਬਦ ਮ: ----
ਸ਼ਬਦ ਮ: ੪ ----
ਸ਼ਬਦ ਮ: ੫ -- ੩੮
 . . . . . . . . ----
 . . . . ਜੋੜ . . . ੪੭

TOP OF PAGE

Sri Guru Granth Darpan, by Professor Sahib Singh