ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 537

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥

ਦੂਤਨ ਸੰਗਰੀਆ ॥ ਭੁਇਅੰਗਨਿ ਬਸਰੀਆ ॥ ਅਨਿਕ ਉਪਰੀਆ ॥੧॥ ਤਉ ਮੈ ਹਰਿ ਹਰਿ ਕਰੀਆ ॥ ਤਉ ਸੁਖ ਸਹਜਰੀਆ ॥੧॥ ਰਹਾਉ ॥ ਮਿਥਨ ਮੋਹਰੀਆ ॥ ਅਨ ਕਉ ਮੇਰੀਆ ॥ ਵਿਚਿ ਘੂਮਨ ਘਿਰੀਆ ॥੨॥ ਸਗਲ ਬਟਰੀਆ ॥ ਬਿਰਖ ਇਕ ਤਰੀਆ ॥ ਬਹੁ ਬੰਧਹਿ ਪਰੀਆ ॥੩॥ ਥਿਰੁ ਸਾਧ ਸਫਰੀਆ ॥ ਜਹ ਕੀਰਤਨੁ ਹਰੀਆ ॥ ਨਾਨਕ ਸਰਨਰੀਆ ॥੪॥੧॥ {ਪੰਨਾ 537}

ਪਦਅਰਥ: ਦੂਤਨ ਸੰਗਰੀਆ = ਕਾਮਾਦਿਕ ਵੈਰੀਆਂ ਦੀ ਸੰਗਤਿ। ਭੁਇਅੰਗ = ਸੱਪ। ਬਸਰੀਆ = ਵਾਸ। ਅਨਿਕ = ਅਨੇਕਾਂ ਨੂੰ। ਉਪਰੀਆ = ਉਪਾੜਿਆ, ਤਬਾਹ ਕੀਤਾ ਹੈ।੧।

ਤਉ = ਤਦੋਂ। ਸੁਖ ਸਹਜਰੀਆ = ਆਤਮਕ ਅਡੋਲਤਾ ਦੇ ਸੁਖ।੧।ਰਹਾਉ।

ਮਿਥਨ ਮੋਹਰੀਆ = ਮਿਥਨ ਮੋਹ, ਝੂਠਾ ਮੋਹ। ਅਨ ਕਉ = ਹੋਰਨਾਂ (ਪਦਾਰਥਾਂ) ਨੂੰ।੨।

ਬਟਰੀਆ = (ਵਾਟ = ਰਸਤਾ) ਰਾਹੀ, ਮੁਸਾਫ਼ਿਰ। ਇਕਤਰੀਆ = ਇਕੱਤਰ ਹੋਏ ਹੋਏ। ਬੰਧਹਿ = ਬੰਧਨਾਂ ਵਿਚ। ਪਰੀਆ = ਪਏ ਹੋਏ।੩।

ਸਫਰੀਆ = ਸਫ਼, ਸਭਾ, ਸੰਗਤਿ। ਜਹ = ਜਿੱਥੇ।੪।

ਨੋਟ: ਸਿਰਲੇਖ ਵਿਚ ਲਫ਼ਜ਼ 'ਚਉਪਦੇ' (ਬਹੁ-ਵਚਨ) ਲਿਖਿਆ ਹੈ, ਪਰ ਹੈ ਇਕੋ ਹੀ ਚਉਪਦਾ।

ਅਰਥ: ਹੇ ਭਾਈ! ਕਾਮਾਦਿਕ ਵੈਰੀਆਂ ਦੀ ਸੰਗਤਿ ਸੱਪਾਂ ਨਾਲ ਵਾਸ (ਦੇ ਬਰਾਬਰ) ਹੈ, (ਇਹਨਾਂ ਦੂਤਾਂ ਨੇ) ਅਨੇਕਾਂ (ਦੇ ਜੀਵਨ) ਨੂੰ ਤਬਾਹ ਕੀਤਾ ਹੈ।੧।

(ਹੇ ਭਾਈ!) ਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ (ਜਦੋਂ ਤੋਂ ਨਾਮ ਜਪ ਰਿਹਾ ਹਾਂ) ਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ।੧।ਰਹਾਉ।

ਹੇ ਭਾਈ! ਜੀਵ ਨੂੰ ਝੂਠਾ ਮੋਹ ਚੰਬੜਿਆ ਹੋਇਆ ਹੈ (ਪਰਮਾਤਮਾ ਤੋਂ ਬਿਨਾ) ਹੋਰ ਹੋਰ ਪਦਾਰਥਾਂ ਨੂੰ 'ਮੇਰੇ, ਮੇਰੇ' ਸਮਝਦਾ ਰਹਿੰਦਾ ਹੈ, (ਸਾਰੀ ਉਮਰ) ਮੋਹ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ।੨।

ਹੇ ਭਾਈ! ਸਾਰੇ ਜੀਵ (ਇਥੇ) ਰਾਹੀ ਹੀ ਹਨ, (ਸੰਸਾਰ-) ਰੁੱਖ ਦੇ ਹੇਠ ਇਕੱਠੇ ਹੋਏ ਹੋਏ ਹਨ, ਪਰ (ਮਾਇਆ ਦੇ) ਬਹੁਤ ਬੰਧਨਾਂ ਵਿਚ ਫਸੇ ਹੋਏ ਹਨ।੩।

ਹੇ ਭਾਈ! ਸਿਰਫ਼ ਗੁਰੂ ਦੀ ਸੰਗਤਿ ਹੀ ਸਦਾ-ਥਿਰ ਰਹਿਣ ਵਾਲਾ ਟਿਕਾਣਾ ਹੈ ਕਿਉਂਕਿ ਉਥੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ। ਹੇ ਨਾਨਕ! ਆਖ-ਮੈਂ ਸਾਧ ਸੰਗਤਿ ਦੀ) ਸਰਨ ਆਇਆ ਹਾਂ।੪।੧।

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਹਾਗੜਾ ਮਹਲਾ ੯ ॥ ਹਰਿ ਕੀ ਗਤਿ ਨਹਿ ਕੋਊ ਜਾਨੈ ॥ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥ ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥ ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥ ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥ ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥ {ਪੰਨਾ 537}

ਪਦਅਰਥ: ਗਤਿ = ਉੱਚੀ ਆਤਮਕ ਅਵਸਥਾ। ਕੋਊ = ਕੋਈ ਭੀ। ਪਚਿ = ਖਪ ਖਪ ਕੇ। ਹਾਰੇ = ਥੱਕ ਗਏ ਹਨ। ਅਰੁ = ਅਤੇ।੧।ਰਹਾਉ।

ਰਾਉ = ਰਾਜਾ। ਰੰਕ ਕਉ = ਕੰਗਾਲ ਨੂੰ। ਕਰਈ = ਕਰਏ, ਕਰੈ, ਬਣਾ ਦੇਂਦਾ ਹੈ। ਯਹ = ਇਹ। ਬਿਵਹਾਰੇ = ਨਿੱਤ ਦਾ ਕੰਮ।੧।

ਪਸਾਰੀ = ਖਿਲਾਰੀ ਹੋਈ। ਆਪਹਿ = ਆਪ ਹੀ। ਦੇਖਨਹਾਰਾ = ਸੰਭਾਲ ਕਰਨ ਵਾਲਾ। ਨਾਨਾ = ਕਈ ਤਰ੍ਹਾਂ ਦੇ। ਧਰੇ = ਬਣਾ ਲੈਂਦਾ ਹੈ, ਧਾਰ ਲੈਂਦਾ ਹੈ। ਬਹੁ ਰੰਗੀ = ਅਨੇਕਾਂ ਰੰਗਾਂ ਦਾ ਮਾਲਕ। ਤੇ = ਤੋਂ। ਨਿਆਰਾ = ਵੱਖਰਾ ਹੈ।੨।

ਅਗਨਤ = ਜਿਸ ਦੇ ਗੁਣ ਗਿਣੇ ਨਾਹ ਜਾ ਸਕਣ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਅਲਖ = ਜਿਸ ਦਾ ਸਰੂਪ ਸਮਝ ਵਿਚ ਨਾਹ ਆ ਸਕੇ। ਨਿਰੰਜਨ = ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਹ = ਜਿਸ (ਹਰੀ) ਨੇ। ਭਰਮਾਇਓ = ਭਟਕਣਾ ਵਿਚ ਪਾ ਰੱਖਿਆ ਹੈ। ਤਾਹਿ ਚਰਨਿ = ਉਸ ਦੇ ਚਰਨਾਂ ਵਿਚ। ਲਾਇਓ = ਲਾਇਆ ਹੈ।੩।

ਅਰਥ: ਹੇ ਭਾਈ! ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ, ਪਰ ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ।੧।ਰਹਾਉ।

ਹੇ ਭਾਈ! ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ, ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) -ਇਹ ਉਸ ਦਾ ਨਿੱਤ ਦਾ ਕੰਮ ਹੈ।੧।

(ਹੇ ਭਾਈ! ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ। ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ।੨।

ਹੇ ਭਾਈ! ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ। ਹੇ ਨਾਨਕ! ਆਖ-) ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ।੩।੧।੨।

ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥ ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥ ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥ {ਪੰਨਾ 537-538}

ਪਦਅਰਥ: ਧਿਆਈਐ = ਧਿਆਉਣਾ ਚਾਹੀਦਾ ਹੈ। ਜਿੰਦੁੜੀਏ = ਹੇ ਸੋਹਣੀ ਜਿੰਦੇ! ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਮੋਲੇ = ਜੇਹੜਾ ਕਿਸੇ ਮੁੱਲ ਤੋਂ ਨਾਹ ਮਿਲ ਸਕੇ। ਰਸਿ = ਰਸ ਵਿਚ, ਆਨੰਦ ਵਿਚ। ਬੀਧਾ = ਵਿੱਝਾ ਹੋਇਆ। ਨਾਮਿ = ਨਾਮ ਵਿਚ। ਝਕੋਲੇ = ਚੁੱਭੀ ਲਾਂਦਾ ਹੈ। ਠਹਰਾਈਐ = ਟਿਕਾਣਾ ਚਾਹੀਦਾ ਹੈ। ਅਨਤ = {अन्यत्र} ਹੋਰ ਪਾਸੇ। ਕਾਹੂ ਅਨਤ = ਕਿਸੇ ਹੋਰ ਪਾਸੇ। ਚਿੰਦਿਅੜਾ = ਚਿਤਵਿਆ।੧।

ਅਰਥ: ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ।

ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ। ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ।੧।

TOP OF PAGE

Sri Guru Granth Darpan, by Professor Sahib Singh