ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 547 ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥ ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥ ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥ ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥ ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥ ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥ {ਪੰਨਾ 547} ਪਦਅਰਥ: ਸਫਲੁ = ਕਾਮਯਾਬ, ਭਾਗਾਂ ਵਾਲਾ। ਗਣਿਆ = ਸਮਝਣਾ ਚਾਹੀਦਾ ਹੈ। ਸਭਿ = ਸਾਰੇ। ਦੂਰਿ ਪਰਾਇਆ = ਦੂਰ ਜਾ ਪੈਂਦੇ ਹਨ। ਸਹਜ = ਆਤਮਕ ਅਡੋਲਤਾ। ਬਿਨੋਦ = ਖ਼ੁਸ਼ੀਆਂ। ਗਾਈਐ = ਰਲ, ਰਲ ਕੇ ਗਾਵੀਏ। ਭਜੁ = ਭਜਨ ਕਰ, ਯਾਦ ਕਰ। ਸਾਧ ਸੰਗੇ = ਸਾਧ ਸੰਗਤਿ ਵਿਚ। ਮਿਲੇ = ਮਿਲਿ, ਮਿਲ ਕੇ। ਰੰਗੇ = ਰੰਗਿ, ਪ੍ਰੇਮ ਨਾਲ। ਬਹੁੜਿ = ਮੁੜ, ਫਿਰ। ਗਹਿ = ਫੜ ਕੇ। ਕੰਠਿ = ਗਲ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਆਦਿ = ਮੁੱਢਲਾ। ਅੰਕੁਰੁ = ਅੰਗੂਰ। ਕਤਹੂ = ਕਿਤੇ ਭੀ।੫। ਅਰਥ: ਹੇ ਭਾਈ! ਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰਿ-ਪ੍ਰਭੂ (ਗੁਰੂ ਦਾ) ਮਿਲਾਇਆ (ਮਿਲ ਪੈਂਦਾ ਹੈ) । (ਹਿਰਦੇ ਵਿਚ) ਸਾਰੇ ਸੁਖ ਪਰਗਟ ਹੋ ਜਾਂਦੇ ਹਨ, ਤੇ, ਸਾਰੇ ਦੁੱਖ ਦੂਰ ਜਾ ਪੈਂਦੇ ਹਨ। ਹੇ ਭਾਈ! ਆਓ, ਜਗਤ-ਪਾਲ ਪ੍ਰਭੂ ਦੇ ਗੁਣ ਨਿੱਤ ਗਾਂਦੇ ਰਹੀਏ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹਿਰਦੇ ਵਿਚ) ਸਦਾ ਹੀ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਪ੍ਰੇਮ ਨਾਲ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ) ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ, ਪਰਮਾਤਮਾ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਲੀਨ ਕਰ ਦੇਂਦਾ ਹੈ। ਹਿਰਦੇ ਵਿਚ ਭਗਤੀ ਦਾ) ਮੁੱਢਲਾ ਅੰਗੂਰ ਪੁੰਗਰ ਪੈਂਦਾ ਹੈ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਸਾਧ ਸੰਗਤਿ ਵਿਚ ਮਿਲਿਆਂ) ਪ੍ਰਭੂ ਆਪ ਆ ਮਿਲਦਾ ਹੈ, ਫਿਰ (ਉਸ ਦਾ ਦਰ ਛੱਡ ਕੇ) ਹੋਰ ਕਿਤੇ ਭੀ ਨਹੀਂ ਭਟਕੀਦਾ।੫।੪।੭। ਬਿਹਾਗੜਾ ਮਹਲਾ ੫ ਛੰਤ ॥ ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥ ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥ ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥ ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥ ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥ ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥ {ਪੰਨਾ 547} ਪਦਅਰਥ: ਕੋਟਿ = ਕ੍ਰੋੜਾਂ। ਚੇਰੇ = ਸੇਵਕ। ਮੋਹਨ– ਹੇ ਮਨ ਨੂੰ ਖਿੱਚ ਪਾਣ ਵਾਲੇ! ਕਲਿ = ਝਗੜੇ। ਭੰਜਨਾ = ਨਾਸ ਕਰਨ ਵਾਲੇ। ਸਰਬ ਮੈ = ਸਰਬ = ਵਿਆਪਕ! ਨਿਰੰਜਨਾ = ਹੇ ਨਿਰਲੇਪ! ਪ੍ਰਭ = ਹੇ ਪ੍ਰਭੂ!।੧। ਅਰਥ: ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ। (ਅਸੀ ਜੀਵ) ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ। ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ। ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ, ਤੂੰ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈਂ। ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ। ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ।੧। ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥ ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥ ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥ ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥ ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥ ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥ {ਪੰਨਾ 547} ਪਦਅਰਥ: ਸਮਰਥੁ = ਸਭ ਤਾਕਤਾਂ ਦਾ ਮਾਲਕ। ਦੀਨ = ਕੰਗਾਲ। ਭੇਖਾਰੀ = ਮੰਗਤੇ। ਮੋਹਿ = ਮੋਹ ਵਿਚ। ਮਗਨੁ = ਡੁੱਬਾ ਹੋਇਆ, ਮਸਤ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ! ਲੋਭਿ = ਲੋਭ ਵਿਚ। ਬਾਧਿਓ = ਬੱਝਾ ਹੋਇਆ। ਦੋਖ = ਪਾਪ। ਅਲਿਪਤ = ਨਿਰਲੇਪ। ਕਰਤਾ = ਕਰਤਾਰ। ਅਨੁਗ੍ਰਹੁ = ਦਇਆ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਭ੍ਰਮਤੇ = ਭਟਕਦੇ। ਹਾਰੀ = ਥੱਕ ਗਈ। ਜੀਅ ਅਧਾਰੀ = ਜਿੰਦ ਦਾ ਆਸਰਾ।੨। ਅਰਥ: ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ। ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ। ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ। ਹੇ ਪ੍ਰਭੂ! ਅਸੀ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ। (ਹੇ ਭਾਈ!) ਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ। ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ। (ਹੇ ਭਾਈ!) ਨਾਨਕ ਬੇਨਤੀ ਕਰਦਾ ਹੈ-ਨਾਨਕ ਉਸ ਹਰੀ ਦਾ ਉਸ ਪ੍ਰਭੂ ਦਾ ਦਾਸ ਹੈ ਜੋ (ਸਭ ਜੀਵਾਂ ਦੀ) ਜਿੰਦ ਦਾ ਪ੍ਰਾਣਾਂ ਦਾ ਆਸਰਾ ਹੈ।੨। ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥ ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥ ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥ ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥ {ਪੰਨਾ 547} ਪਦਅਰਥ: ਪਾਲਹਿ = ਤੂੰ ਪਾਲਦਾ ਹੈਂ। ਅਕਿਰਤਘਨ = ਕੀਤੀ ਭਲਾਈ ਨੂੰ ਭੁਲਾ ਦੇਣ ਵਾਲੇ, ਨਾ = ਸ਼ੁਕਰੇ। ਪੂਰਨ = ਸਦਾ ਇਕ = ਸਾਰ। ਦ੍ਰਿਸਟਿ = ਨਿਗਾਹ, ਨਜ਼ਰ। ਅਗਾਧਿ ਬੋਧਿ = ਮਨੁੱਖੀ ਸਮਝ ਤੋਂ ਪਰੇ ਅਥਾਹ। ਕਰਤੇ = ਹੇ ਕਰਤਾਰ! ਮੋਹਿ = ਮੈਂ। ਤਿਆਗਿ = ਤਿਆਗ ਕੇ। ਸੰਗ੍ਰਹਨ– ਇਕੱਠੀਆਂ ਕਰਨਾ। ਚੰਚਲਿ = ਚੁਲਬੁਲੇ ਮਨ ਵਾਲੀ। ਦੋਖ = ਪਾਪ। ਜੋਰੀ = ਜੋੜੀ, ਇਕੱਠੀ ਕੀਤੀ। ਪੈਜ = ਲਾਜ, ਇੱਜ਼ਤ। ਮੋਰੀ = ਮੇਰੀ। ਸਮਰਥ = ਹੇ ਸਮਰੱਥ! ਅਰਥ: ਹੇ ਰਾਮ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ) । ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ। ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ। ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ। ਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ। ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ।੩। ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥ ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥ ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥ ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥ ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥ ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥ {ਪੰਨਾ 547} ਪਦਅਰਥ: ਜਾ ਤੇ = ਜਿਸ (ਪਰਮਾਤਮਾ) ਨਾਲੋਂ। ਤਿਨਿ = ਉਸ (ਪਰਮਾਤਮਾ) ਨੇ। ਸੰਗਮੇ = ਸੰਗਮਿ, ਮਿਲਾਪ ਵਿਚ, ਸੰਗਤਿ ਵਿਚ। ਨੀਕੇ = ਸੋਹਣੇ। ਕਲਿਆਣਮੈ = ਆਨੰਦ ਸਰੂਪ ਪਰਮਾਤਮਾ। ਸੇਜਾ = ਹਿਰਦਾ = ਸੇਜ। ਸੁਹਾਵੀ = ਸੋਹਣੀ। ਕੈ ਸੰਗਿ = ਦੇ ਨਾਲ। ਅਚਿੰਤ = ਬੇ = ਫ਼ਿਕਰ। ਪੇਖਿ = ਵੇਖ ਕੇ। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ।੪। ਅਰਥ: ਗੁਰੂ ਦੀ ਸੰਗਤਿ ਵਿਚ ਆ ਕੇ (ਜਿਸ ਮਨੁੱਖ ਨੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ (ਉਸ ਮਨੁੱਖ ਨੂੰ) ਉਸ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਪਰਗਟ ਹੁੰਦਾ ਹੈ) ਪ੍ਰਭੂ ਦੀ ਸੰਗਤਿ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ, ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ। ਹੇ ਨਾਨਕ! ਆਖ-) ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਤਿਆਗ ਕੇ ਸ਼ਾਂਤ-ਚਿਤ ਹੋ ਜਾਂਦੇ ਹਨ, ਉਹਨਾਂ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ।੪।੫।੮। ਬਿਹਾਗੜਾ ਮਹਲਾ ੫ ਛੰਤ ॥ ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ {ਪੰਨਾ 547} ਪਦਅਰਥ: ਸੁਧਰਮੀੜਿਆ = ਹੇ ਸੁਧਰਮੀ! ਹੇ ਸ੍ਰੇਸ਼ਟ ਧਰਮ ਵਾਲੇ! ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ। ਕਤ = ਕਿਉਂ? ਨੇਤ੍ਰੀ ਦੇਖਿ = ਅੱਖਾਂ ਨਾਲ ਵੇਖ। ਬਿਉਹਾਰੀ = ਵਿਹਾਰ ਕਰਨ ਵਾਲਾ। ਸੰਗਿ = ਨਾਲ। ਵੇਸ = ਕੱਪੜੇ। ਸੁਵਰਨ = ਸੋਨਾ। ਰੂਪਾ = ਚਾਂਦੀ। ਊਣੇ = ਖ਼ਾਲੀ, ਵਿਅਰਥ। ਕਲਤ੍ਰ = ਇਸਤ੍ਰੀ। ਹਸਤ ਘੋਰਿ = ਹਾਥੀ ਘੋੜੇ। ਵਿਕਾਰੀ = ਵਿਕਾਰਾਂ ਵਲ ਲੈ ਜਾਣ ਵਾਲੇ। ਮਿਥਿਆ = ਨਾਸਵੰਤ। ਸੰਸਾਰੀ = ਸੰਸਾਰ ਦੇ ਉੱਦਮ।੧। ਅਰਥ: ਹੇ (ਸਾਰੀਆਂ) ਜੂਨਾਂ ਵਿਚੋਂ (ਉੱਤਮ ਫ਼ਰਜ਼ ਵਾਲੇ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲਿਆ ਕਰ। (ਸਿਫ਼ਤਿ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ? ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ। ਦੇਸਾਂ (ਦੇ ਰਾਜ) , ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ। ਹੇ ਭਾਈ! ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਸਾਧ ਸੰਗਤਿ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ। |
Sri Guru Granth Darpan, by Professor Sahib Singh |