ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 548 ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥ ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥ ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥ ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ {ਪੰਨਾ 548} ਪਦਅਰਥ: ਰਾਜਨ = ਹੇ ਧਰਤੀ ਦੇ ਸਰਦਾਰ! ਭਰੇ = ਭਰਿ, ਭਰ ਕੇ। ਨੀਦ ਭਰੇ = ਗੂੜ੍ਹੀ ਨੀਂਦ ਵਿਚ। ਕਤ = ਕਿਉਂ? ਰੁਦਨੁ = ਰੋਣ = ਕੁਰਲਾਣ, ਤਰਲਾ। ਕੇਤੇ = ਕਿਤਨੇ ਹੀ, ਬੇਅੰਤ ਜੀਵ। ਬਿਲਲਾਹੀ = ਬਿਲਲਾਹਿ, ਵਿਲਕਦੇ ਹਨ। ਮਹਾ ਮੋਹਨ– ਡਾਢੀ ਮਨ = ਮੋਹਣੀ ਮਾਇਆ ਦੀ ਖ਼ਾਤਰ। ਸਹਸ = ਹਜ਼ਾਰਾਂ। ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ) । ਭਾਵਤ = (ਪ੍ਰਭੂ ਨੂੰ) ਚੰਗਾ ਲੱਗਦਾ ਹੈ। ਜਾਹੀ = ਜਾਹਿ, ਜਾਂਦੇ ਹਨ। ਆਦਿ ਅੰਤੇ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰਲੇ ਸਮੇ ਵਿਚ, ਸਦਾ ਹੀ। ਪੂਰਨ = ਵਿਆਪਕ। ਸਰਬਤ੍ਰ = ਹਰ ਥਾਂ। ਘਟਿ ਘਟਿ = ਹਰੇਕ ਸਰੀਰ ਵਿਚ। ਆਹੀ = ਹੈ। ਸੰਗਮੁ = ਮਿਲਾਪ। ਸਾਧ ਸੰਗਮੁ = ਗੁਰੂ ਦਾ ਮਿਲਾਪ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ = ਚਰਨਾਂ ਵਿਚ।੨। ਅਰਥ: ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ? ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ। ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ (ਕਿ ਮਾਇਆ ਮਿਲੇ ਤੇ ਮਾਇਆ ਤੋਂ ਸੁਖ ਮਿਲੇ, ਪਰ) ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ। ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ (ਮਾਇਆ ਦੇ ਮੋਹ ਵਿਚੋਂ ਖ਼ਲਾਸੀ ਭੀ ਨਹੀਂ ਹੁੰਦੀ। ਹੋਵੇ ਭੀ ਕਿਵੇਂ?) ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ। ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ। ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ।੨। ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥ ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥ ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥ ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥ {ਪੰਨਾ 548} ਪਦਅਰਥ: ਨਰਪਤਿ = ਰਾਜਾ। ਜਾਣਿ = ਜਾਣ ਕੇ, ਸਮਝ ਕੇ। ਗ੍ਰਹਿਓ = (ਮੋਹ ਵਿਚ) ਫਸ ਜਾਂਦਾ ਹੈ। ਸਰਪਰ = ਜ਼ਰੂਰ। ਮੋਹੇ = (ਜਿਹੜੇ) ਮੋਹ ਵਿਚ ਫਸਦੇ ਹਨ। ਹਰਿਚੰਦਉਰੀ = ਹਰਿਚੰਦ = ਨਗਰੀ, ਗੰਧਰਬ = ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ। ਦੇਖਿ = ਵੇਖ ਕੇ। ਅਸਥਿਤਿ = ਪੱਕਾ ਟਿਕਾਣਾ। ਕਹਾ = ਕਿੱਥੇ? ਕਿਤੇ ਭੀ ਨਹੀਂ। ਆਨ = ਹੋਰ। ਅਹਿਲਾ = ਆਹਲਾ, ਉੱਤਮ। ਗਵਾਈਐ = ਗਵਾ ਲਈਦਾ ਹੈ। ਹਉ ਹਉ = ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡਾ ਬਣ ਜਾਵਾਂ) । ਕਾਂਮ = ਮਨੁੱਖਾ ਜਨਮ ਦਾ ਮਨੋਰਥ। ਗਿਆਨ = ਆਤਮਕ ਜੀਵਨ ਦੀ ਸਮਝ। ਕੇਤਿਆ = ਅਨੇਕਾਂ ਹੀ।੩। ਅਰਥ: (ਜੇ ਕੋਈ ਮਨੁੱਖ) ਰਾਜਾ (ਬਣ ਜਾਂਦਾ ਹੈ, ਤਾਂ ਉਹ) ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ। (ਪਰ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, (ਜੇਹੜੇ ਮਨੁੱਖ ਦੁਨੀਆ ਦੇ ਮੋਹ ਵਿਚ) ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ। ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।੩। "ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡ ਬਣ ਜਾਵਾਂ) "-ਇਹ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਮਨੁੱਖਾ ਜਨਮ ਦਾ ਮਨੋਰਥ ਹਾਸਲ ਨਹੀਂ ਹੋ ਸਕਦਾ, ਆਤਮਕ ਜੀਵਨ ਦੀ ਸਮਝ ਭੀ ਨਹੀਂ ਪੈਂਦੀ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ।੩। ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥ ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥ ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥ ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥ ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥ ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥ {ਪੰਨਾ 548} ਪਦਅਰਥ: ਅਨੁਗ੍ਰਹੋ = ਅਨੁਗ੍ਰਹੁ, ਦਇਆ। ਭੁਜਾ = ਬਾਂਹ। ਗਹਿ = ਫੜ ਕੇ। ਸਾਧੂ ਸੰਗੁ = ਗੁਰੂ ਦਾ ਮਿਲਾਪ। ਸੰਗਮਿ = ਸੰਗਤਿ ਵਿਚ। ਕਲਮਲ = ਪਾਪ। ਮਹਾ ਧਰਮ = ਨਾਮ = ਧਰਮ। ਦਾਨ ਕਿਰਿਆ = ਨਾਮ = ਦਾਨ ਦੀ ਕਿਰਿਆ। ਸੇ = ਇਹੀ {ਬਹੁ-ਵਚਨ}। ਰਸਨਾ = ਜੀਭ (ਨਾਲ) । ਭੀਨਾ = ਭਿੱਜ ਜਾਂਦਾ ਹੈ। ਨਾਮਿ = ਨਾਮ ਨਾਲ। ਪਰਬੀਨਾ = ਸਿਆਣਾ।੪। ਅਰਥ: (ਹੇ ਭਾਈ! ਜਿਸ ਮਨੁੱਖ ਨੂੰ) ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ, ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ। ਹੇ ਭਾਈ! ਸਭ ਤੋਂ ਵੱਡਾ ਧਰਮ ਨਾਮ-ਜਪਣ ਦਾ ਧਰਮ-ਅਤੇ ਸਭ ਤੋਂ ਵੱਡਾ ਦਾਨ-ਨਾਮ-ਦਾਨ-ਇਹੀ ਕੰਮ (ਜਗਤ ਤੋਂ) ਤੇਰੇ ਨਾਲ ਜਾ ਸਕਦੇ ਹਨ। ਹੇ ਨਾਨਕ! ਆਖ-) ਜੇਹੜਾ ਮਨੁੱਖ ਆਪਣੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ ਦੇ ਨਾਮ-ਜਲ ਵਿਚ ਤਰੋ-ਤਰ ਹੋਇਆ ਰਹਿੰਦਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ।੪।੬।੯। ਘਰੁ ੨ ਦੇ ਛੰਦ
--- ੬ ਨੋਟ: ਇਸ ਜੋੜ ਵਿਚ ਮ: ੪ ਦੇ ਛੰਤ ਸ਼ਾਮਲ ਨਹੀਂ ਹਨ। ਉਹ ਹਨ ੬। ਕੁੱਲ ਜੋੜ ੧੫। ਬਿਹਾਗੜੇ ਕੀ ਵਾਰ ਮਹਲਾ ੪ ਵਾਰ ਦਾ ਭਾਵ: ਪਉੜੀ-ਵਾਰ (੧) ਜਿਸ ਮਨੁੱਖ ਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ ਤੇ ਵਿਕਾਰਾਂ ਵਿਚ ਖ਼ੁਆਰ ਹੋਣ ਤੋਂ ਬਚਾਂਦਾ ਹੈ। (੨) ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਸ ਨੂੰ ਦੁਨੀਆ ਵਾਲੀ ਕੋਈ ਭੁੱਖ ਨਹੀਂ ਰਹਿ ਜਾਂਦੀ, ਇਸ ਵਾਸਤੇ ਹਰ ਥਾਂ ਉਸ ਨੂੰ ਸੋਭਾ ਮਿਲਦੀ ਹੈ। (੩) ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਵਿਚ ਸਦਾ ਖਿੜਾਉ ਤੇ ਆਨੰਦ ਬਣਿਆ ਰਹਿੰਦਾ ਹੈ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਜਿਸ ਪ੍ਰਭੂ ਦੀ ਉਹ ਬੰਦਗੀ ਕਰਦਾ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੈ ਤੇ ਬੰਦਗੀ ਕਰਨ ਵਾਲਾ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। (੪) ਸਿਮਰਨ ਕਰਨ ਵਾਲੇ ਮਨੁੱਖ ਨੂੰ ਕੋਈ ਤੌਖਲਾ ਨਹੀਂ ਪੋਹ ਸਕਦਾ ਕਿਉਂਕਿ ਸਤਸੰਗੀਆਂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਮਨ ਖਿੜਿਆ ਰਹਿੰਦਾ ਹੈ, ਦੁਨੀਆ ਵਾਲੀਆਂ ਸਭ ਭੁੱਖਾਂ ਲਹਿ ਜਾਂਦੀਆਂ ਹਨ ਤੇ ਬੰਧਨ ਟੁੱਟ ਜਾਂਦੇ ਹਨ। (੫) ਜਗਤ ਦੇ ਸਾਰੇ ਚੋਜ ਤਮਾਸ਼ੇ ਪਰਮਾਤਮਾ ਆਪ ਹੀ ਕਰ ਰਿਹਾ ਹੈ, ਜਿਸ ਪਾਸੇ ਚਾਂਹਦਾ ਹੈ ਜੀਵਾਂ ਨੂੰ ਲਾਉਂਦਾ ਹੈ; ਇਹ ਭੀ ਉਸ ਦਾ ਇਕ ਚੋਜ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਉਹੀ ਮਨੁੱਖ ਕਰਦਾ ਹੈ ਜਿਸ ਉਤੇ ਸਤਿਗੁਰੂ ਦੀ ਕਿਰਪਾ ਹੋਵੇ। (੬) ਇਹ ਭੀ ਪਰਮਾਤਮਾ ਦੀ ਹੀ ਖੇਡ ਹੈ ਕਿ ਕਈ ਜੀਵ ਸਾਰਾ ਹੀ ਸਮਾਂ ਰੋਜ਼ੀ ਦੀ ਦੌੜ-ਭੱਜ ਵਿਚ ਹੀ ਖ਼ਰਚ ਕਰ ਦੇਂਦੇ ਹਨ; ਪਰ ਜਿਸ ਮਨੁੱਖ ਉੱਤੇ ਮੇਹਰ ਕਰਦਾ ਹੈ ਉਸ ਨੂੰ ਉਸ ਪ੍ਰਭੂ ਦੀ 'ਰਜ਼ਾ' ਪਿਆਰੀ ਲੱਗਦੀ ਹੈ। (੭) ਜਿਸ ਸਰਬ-ਕਲਾ ਸਮਰੱਥ ਪ੍ਰਭੂ ਨੇ ਇਹ ਜਗਤ ਰਚਿਆ ਹੈ ਤੇ ਰਚਣ ਵੇਲੇ ਉਸ ਨੂੰ ਕਿਸੇ ਦੀ ਸਲਾਹ ਦੀ ਭੀ ਲੋੜ ਨਾਹ ਪਈ, ਉਸੇ ਨੇ ਹੀ ਜੀਵਾਂ ਵਾਸਤੇ ਇਹ ਜੁਗਤੀ ਬਣਾਈ ਹੈ ਕਿ ਜੀਵ ਗੁਰੂ ਦੀ ਸਰਨ ਪੈ ਕੇ ਉਸ ਦੀ ਬੰਦਗੀ ਵਿਚ ਲੱਗਣ। (੮) ਕਈ ਮਨੁੱਖ ਧਰਮ-ਪੁਸਤਕਾਂ ਦੀ ਰਾਹੀਂ ਚਰਚਾ ਤੇ ਪਾਪ ਪੁੰਨ ਦੀ ਵਿਚਾਰ ਵਿਚ ਹੀ ਰੁਝੇ ਰਹਿੰਦੇ ਹਨ ਪਰ ਜਿਨ੍ਹਾਂ ਉੱਤੇ ਪ੍ਰਭੂ ਖ਼ਾਸ ਬਖ਼ਸ਼ਸ਼ ਕਰਦਾ ਹੈ ਉਹ ਅਜੇਹੀ ਚਰਚਾ ਤੋਂ ਨਿਰਾਲੇ ਰਹਿ ਕੇ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੱਗਦੇ ਹਨ। (੯) ਇਹ ਜਗਤ, ਮਾਨੋ, ਇਕ ਸਮੁੰਦਰ ਹੈ (ਜਿਸ ਵਿਚ ਮਾਇਆ-ਜਲ ਦੀਆਂ ਠਾਠਾਂ ਪੈ ਰਹੀਆਂ ਹਨ) , ਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਕਰਦਾ ਹੈ, ਉਸ ਨੂੰ ਸਤਿਗੁਰੂ ਮਿਲਾਂਦਾ ਹੈ, ਜਿਸ ਦੇ ਦੱਸੇ ਰਾਹ ਤੇ ਤੁਰ ਕੇ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਰਤਨ ਲੱਭ ਕੇ, ਇਸ ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਦਾ ਹੈ। (੧੦) ਜਿਵੇਂ ਪਾਰਸ ਨਾਲ ਛੁਹਿਆਂ ਹਰੇਕ ਧਾਤ ਸੋਨਾ ਬਣ ਜਾਂਦੀ ਹੈ, ਤਿਵੇਂ ਹੀ ਜੋ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਦੇ ਸਾਰੇ ਪਾਪ ਨਾਸ ਹੋ ਕੇ ਉਹ ਸੁੱਧ-ਸਰੂਪ ਹੋ ਜਾਂਦਾ ਹੈ। (੧੧) ਗੁਰੂ, ਮਾਨੋ, ਪਾਂਧਾ ਹੈ ਤੇ ਉਸ ਦੀ ਸੰਗਤਿ ਪਾਠਸ਼ਾਲਾ ਹੈ, ਜਿਵੇਂ ਪਾਠਸ਼ਾਲਾ ਵਿਚ ਪੜ੍ਹਨੇ ਪਏ ਇੰਞਾਣੇ ਬਾਲਾਂ ਨੂੰ ਪਾਂਧਾ ਪਿਆਰ ਨਾਲ ਪੜ੍ਹਾ ਕੇ ਸਿਆਣੇ ਕਰ ਦੇਂਦਾ ਹੈ, ਤਿਵੇਂ ਸਤਿਗੁਰੂ ਭੀ ਮਾਪਿਆਂ ਵਾਂਗ ਪਿਆਰ ਕਰ ਕੇ ਸਰਨ ਆਏ ਸਿੱਖਾਂ ਨੂੰ ਇਤਨੇ ਸਿਆਣੇ ਬਣਾ ਦੇਂਦਾ ਹੈ ਕਿ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮਾਇਆ ਦੀ ਮਾਰ ਤੋਂ ਬਚ ਜਾਂਦੇ ਹਨ। (੧੨) ਕਈ ਮਨੁੱਖ ਪ੍ਰਭੂ ਦੇ ਬਣਾਏ ਹੋਏ ਸ਼ਿਵ ਆਦਿਕ ਦੇਵਤਿਆਂ ਨੂੰ ਪੂਜ ਰਹੇ ਹਨ, ਕੋਈ ਸ਼ਾਸ਼ਤ੍ਰਾਂ ਨੂੰ ਪੜ੍ਹ ਕੇ ਚਰਚਾ ਸ਼ਾਸਤ੍ਰਾਰਥ ਵਿਚ ਸਮਾਂ ਗੰਵਾ ਰਹੇ ਹਨ, ਕੋਈ ਜੋਗੀ ਸੰਨਿਆਸੀ ਬਣ ਕੇ ਬਾਹਰ ਜੰਗਲਾਂ ਵਿਚ ਪਰਮਾਤਮਾ ਨੂੰ ਢੂੰਡ ਰਹੇ ਹਨ, ਪਰ ਸਿਆਣੇ ਸੁਘੜ ਉਹ ਹਨ ਜੋ ਸਤਿਗੁਰੂ ਦੀ ਸ਼ਰਨ ਪੈ ਕੇ ਅੰਦਰ ਵੱਸਦੇ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ। (੧੩) ਪ੍ਰਭੂ ਦੀ ਦਰਗਾਹ ਦਾ ਨਿਆਂ ਅਭੁੱਲ ਹੈ, ਉਸ ਦੇ ਦਰ ਤੇ ਵਿਤਕਰਾ ਨਹੀਂ ਹੈ, ਓਥੇ 'ਵਰਨਾਂ' ਦੀ ਵੰਡ ਨਹੀਂ ਹੈ, ਕਿਸੇ ਭੀ ਕੁਲ ਵਿਚ ਜੰਮਿਆ ਹੋਇਆ ਹੋਵੇ, ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕਰਦਾ ਹੈ, ਉਸ ਦੇ ਅੰਦਰੋਂ ਉੱਚੀ ਨੀਵੀਂ ਜਾਤਿ ਤੇ ਮੇਰ-ਤੇਰ ਵਾਲੇ ਵਿਤਕਰੇ ਦੂਰ ਹੋ ਜਾਂਦੇ ਹਨ। (੧੪) ਕਈ ਲੋਕ ਅਠਾਹਠ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ, ਕਈ ਕਈ ਜੁਗਤੀਆਂ ਵਰਤਦੇ ਹਨ ਤੇ ਦਾਨ ਪੁੰਨ ਕਰਦੇ ਹਨ, ਪਰ, ਪ੍ਰਭੂ ਦੀ ਹਜ਼ੂਰੀ ਵਿਚ ਆਦਰ ਉਸ ਮਨੁੱਖ ਨੂੰ ਮਿਲਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ, ਨਾਮ ਦੀ ਬਰਕਤਿ ਨਾਲ ਵਿਕਾਰਾਂ ਤੋਂ ਬਚ ਕੇ ਉਸ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ। (੧੫) ਜਗਤ, ਮਾਨੋ, ਇਕ ਬਾਗ਼ ਹੈ ਜਿਸ ਵਿਚ ਸਾਰੇ ਜੀਵ ਇਸ ਬਾਗ਼ ਦੇ ਬੂਟੇ ਹਨ, ਪਰਮਾਤਮਾ ਆਪ ਇਹਨਾਂ ਬੂਟਿਆਂ ਨੂੰ ਲਾਣ ਵਾਲਾ ਹੈ, ਉਹ ਆਪ ਹੀ ਇਹਨਾਂ ਦੀ ਰਾਖੀ ਕਰਨ ਵਾਲਾ ਹੈ, ਪਰ ਉਸ ਮਾਲੀ ਦੀ ਵਡਿਆਈ ਇਹ ਹੈ ਕਿ ਉਸ ਨੂੰ ਰਤਾ ਭਰ ਵੀ ਕੋਈ ਤਮ੍ਹਾ ਨਹੀਂ ਹੈ। (੧੬) ਪਰਮਾਤਮਾ ਨੂੰ ਕੋਈ ਤਮ੍ਹਾ ਜਾਂ ਕਿਸੇ ਜੀਵ ਦੀ ਮੁਥਾਜੀ ਹੋਵੇ ਭੀ ਕਿਵੇਂ? ਇਹ ਸਾਰੇ ਜੀਵ ਉਸੇ ਦੇ ਆਪਣੇ ਬਣਾਏ ਹੋਏ ਹਨ ਤੇ ਉਸੇ ਦਾ ਦਿੱਤਾ ਖਾਂਦੇ ਹਨ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਤੋਂ ਜੀਵ ਨੂੰ ਹੀ ਲਾਭ ਮਿਲਦਾ ਹੈ ਕਿ ਇਕ ਤਾਂ ਇਹ ਧਿਰ ਧਿਰ ਦੀ ਮੁਥਾਜੀ ਕਰਨੋਂ ਹਟ ਜਾਂਦਾ ਹੈ, ਦੂਜੇ, ਇਸ ਦੇ ਮਨ ਵਿਚੋਂ 'ਮੇਰ-ਤੇਰ' ਮਿਟ ਜਾਂਦੀ ਹੈ। (੧੭) ਤ੍ਰੱੁਠ ਕੇ ਪ੍ਰਭੂ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਸ ਨੂੰ ਸਿਮਰਨ ਵਿਚ ਜੋੜਦਾ ਹੈ, ਜਿਸ ਦੀ ਬਰਕਤਿ ਨਾਲ ਉਹ ਵਿਕਾਰਾਂ ਤੋਂ ਬਚ ਕੇ ਇੱਜ਼ਤ ਵਾਲਾ ਜੀਊਣ ਜੀਊਂਦਾ ਹੈ ਤੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ। (੧੮) ਪ੍ਰਭੂ, ਮਾਨੋ, ਇਕ ਡੂੰਘਾ ਸਮੁੰਦਰ ਹੈ, ਉਹ ਕਿਤਨਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ, ਮਾਇਆ ਦੀ ਰਚਨਾ ਰਚ ਕੇ ਪ੍ਰਭੂ ਇਸ ਮਾਇਆ ਤੋਂ ਵੱਖਰਾ ਨਿਰਲੇਪ ਭੀ ਹੈ। ਇਸ ਰਚਨਾ ਤੋਂ ਪਹਿਲਾਂ ਉਹ ਕਿਸ ਸਰੂਪ ਵਿਚ ਸੀ-ਇਹ ਗੱਲ ਭੀ ਉਹ ਆਪ ਹੀ ਜਾਣਦਾ ਹੈ। (੧੯) ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਨੇ ਰੰਗਾ ਰੰਗ ਦੀ ਇਹ ਐਸੀ ਰਚਨਾ ਰਚੀ ਹੈ ਕਿ ਹਉਮੈ ਦੇ ਆਸਰੇ ਹਰੇਕ ਜੀਵ ਏਥੇ ਆਪਣੇ ਆਪ ਨੂੰ ਸਿਆਣਾ ਤੇ ਚਤੁਰ ਸਮਝਦਾ ਹੈ। ਆਪੋ ਆਪਣੀ ਧੁਨਿ ਵਿਚ ਮਸਤ ਕੋਈ ਤਾਂ ਮੋਹਧਾਰੀ ਬਣਿਆ ਬੈਠਾ ਹੈ ਤੇ ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ, ਹਰੇਕ ਨੂੰ ਆਪੋ ਆਪਣੀ ਸਮਝ ਪਿਆਰੀ ਲੱਗਦੀ ਹੈ। (੨੦) ਪਰ, ਜਗਤ ਵਿਚ ਅਸਲ ਖੱਟੀ ਉਹਨਾਂ ਮਨੁੱਖਾਂ ਨੇ ਖੱਟੀ ਹੈ ਜੋ 'ਨਾਮ' ਸਿਮਰਦੇ ਹਨ, 'ਨਾਮ' ਉਹਨਾਂ ਨੂੰ ਐਸੀ ਆਤਮਕ ਖ਼ੁਰਾਕ ਮਿਲ ਗਈ ਹੈ ਕਿ ਦੁਨੀਆ ਦੇ ਹੋਰ ਸਾਰੇ ਪਦਾਰਥਾਂ ਵਲੋਂ ਉਹ ਰੱਜੇ ਰਹਿੰਦੇ ਹਨ, ਉਹੀ ਸੰਤ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ। (੨੧) ਇਹ ਦਿੱਸਦਾ ਜਗਤ ਪ੍ਰਭੂ ਨੇ ਆਪਣੇ ਹੀ ਨਿਰਗੁਣ ਸਰੂਪ ਤੋਂ ਰਚਿਆ ਹੈ, ਰੰਗਾ ਰੰਗ ਦੇ ਜੀਵ ਰਚੇ ਹਨ, ਏਥੇ ਕੋਈ ਤਿਆਗੀ ਅਖਵਾਉਂਦਾ ਹੈ, ਕੋਈ ਗ੍ਰਿਹਸਤੀ, ਸਭਨਾਂ ਦਾ ਆਸਰਾ ਪਰਨਾ ਪ੍ਰਭੂ ਆਪ ਹੈ, ਉਸ ਦੇ ਦਰ ਤੋਂ ਗਰੀਬੀ ਤੇ ਸੰਤਾਂ ਦੀ ਸੰਗਤਿ ਦਾ ਖ਼ੈਰ ਹੀ ਮੰਗਣਾ ਚਾਹੀਦਾ ਹੈ। ਸਮੁੱਚਾ ਭਾਵ: (੧) ਜਿਸ ਮਨੁੱਖ ਉਤੇ ਪ੍ਰਭੂ ਦੀ ਸੁਵੱਲੀ ਨਜ਼ਰ ਹੁੰਦੀ ਹੈ, ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਜਿਸ ਦੀ ਬਰਕਤਿ ਨਾਲ ਉਹ ਵਿਕਾਰਾਂ ਤੋਂ ਬਚਦਾ ਹੈ ਤੇ ਜੱਗ ਵਿਚ ਸੋਭਾ ਖੱਟਦਾ ਹੈ, ਦੁਨੀਆ ਵਾਲੀ ਉਸ ਨੂੰ ਕੋਈ ਭੁੱਖ ਰਹਿ ਨਹੀਂ ਜਾਂਦੀ, ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ ਤੇ ਕੋਈ ਤੌਖਲਾ ਉਸ ਨੂੰ ਪੋਹ ਨਹੀਂ ਸਕਦਾ, ਕਿਉਂਕਿ ਉਸ ਦੇ ਮਾਇਆ ਵਾਲੇ ਸਾਰੇ ਬੰਧਨ ਟੁੱਟ ਜਾਂਦੇ ਹਨ (ਪਉੜੀ ਨੰ: ੧ ਤੋਂ ੪) । (੨) ਪਰ, ਸਿਫ਼ਤਿ-ਸਾਲਾਹ ਦੀ ਇਹ ਦਾਤਿ ਸਤਿਗੁਰੂ ਦੀ ਰਾਹੀਂ ਮਿਲਦੀ ਹੈ, ਇਹ ਜੁਗਤੀ ਪਰਮਾਤਮਾ ਨੇ ਆਪ ਹੀ ਜੀਵਾਂ ਦੇ ਭਲੇ ਲਈ ਬਣਾਈ ਹੈ, ਤੇ ਜੋ ਮਨੁੱਖ ਇਸ ਜੁਗਤਿ ਨੂੰ ਵਰਤਦਾ ਹੈ, ਉਸ ਨੂੰ ਦੁਨੀਆ ਵਾਲੀ ਦੌੜ-ਭੱਜ ਦੇ ਥਾਂ ਪ੍ਰਭੂ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ। ਜਗਤ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਮਾਇਕ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਹਨ, ਧਾਰਮਿਕ ਚਰਚਾ ਜਾਂ ਪਾਪ ਪੁੰਨ ਦੀਆਂ ਨਿਰੀਆਂ ਵਿਚਾਰਾਂ ਇਹਨਾਂ ਲਹਰਾਂ ਵਿਚ ਰੁੜ੍ਹਨ ਤੋਂ ਬਚਾ ਨਹੀਂ ਸਕਦੀਆਂ, ਏਥੇ ਤਾਂ ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੇ ਰਤਨ ਲੱਭਣੇ ਹਨ। ਜਿਵੇਂ ਪਾਰਸ ਹਰੇਕ ਧਾਤ ਨੂੰ ਸੋਨਾ ਬਣਾ ਦੇਂਦਾ ਹੈ; ਜਿਵੇਂ ਪਾਂਧਾ ਇੰਞਾਣੇ ਬਾਲਾਂ ਨੂੰ ਵਿੱਦਿਆ ਪੜ੍ਹ ਕੇ ਸਿਆਣੇ ਕਰ ਦੇਂਦਾ ਹੈ, ਤਿਵੇਂ ਸਤਿਗੁਰੂ ਭੀ ਸਿੱਖ ਦੇ ਮਨ ਨੂੰ, ਮਾਨੋ, ਸੁੱਧ ਸੋਨਾ ਕਰ ਦੇਂਦਾ ਹੈ, ਇਤਨੀ ਉੱਚੀ ਸਮਝ ਬਖ਼ਸ਼ਦਾ ਹੈ ਕਿ ਸਿੱਖ ਮਾਇਆ ਦੀ ਮਾਰ ਤੋਂ ਬਚ ਜਾਂਦਾ ਹੈ। ਫਿਰ ਭੀ, ਲੋਕ ਟਪਲੇ ਖਾਈ ਜਾ ਰਹੇ ਹਨ, ਕੋਈ ਦੇਵੀ ਦੇਵਤਿਆਂ ਦੀ ਪੂਜਾ ਵਿਚ ਲੱਗਾ ਪਿਆ ਹੈ, ਕੋਈ ਸ਼ਾਸਤ੍ਰਾਰਥ ਵਿਚ ਮਸਤ ਹੈ, ਕੋਈ ਜੰਗਲਾਂ ਵਿਚ ਰੱਬ ਨੂੰ ਲੱਭ ਰਿਹਾ ਹੈ, ਕੋਈ ਜਾਤਾਂ ਤੇ ਵਰਨ ਬਣਾ ਬਣਾ ਕੇ ਵਿਤਕਰੇ ਵਧਾ ਰਿਹਾ ਹੈ, ਕੋਈ ਤੀਰਥਾਂ ਤੇ ਇਸ਼ਨਾਨ ਦਾਨ ਪੁੰਨ ਕਰਦਾ ਫਿਰਦਾ ਹੈ। ਪਰ, ਸੁਘੜ ਸਿਆਣੇ ਉਹ ਹਨ ਜੋ ਕਿਰਤ-ਕਾਰ ਕਰਦੇ ਹੋਏ ਹੀ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਇਹ ਸਿਫ਼ਤਿ-ਸਾਲਾਹ ਹੀ ਵਿਕਾਰਾਂ ਤੋਂ ਬਚਾ ਸਕਦੀ ਹੈ (ਪਉੜੀ ਨੰ: ੫ ਤੋਂ ੧੪) । (੩) (ਇਥੇ ਇਹ ਭੀ ਚੇਤੇ ਰੱਖਣਾ ਜ਼ਰੂਰੀ ਹੈ ਕਿ) ਇਸ ਬੰਦਗੀ ਤੇ ਸਿਫ਼ਤਿ-ਸਾਲਾਹ ਦੀ ਪਰਮਾਤਮਾ ਨੂੰ ਕੋਈ ਲੋੜ ਨਹੀਂ, ਉਸ ਨੂੰ ਨਾਹ ਕੋਈ ਤਮ੍ਹਾ ਹੈ ਨਾਹ ਕਿਸੇ ਦੀ ਕੋਈ ਮੁਥਾਜੀ ਹੈ। ਇਹ ਜੁਗਤਿ ਮਨੁੱਖ ਦੇ ਆਪਣੇ ਭਲੇ ਵਾਸਤੇ ਹੈ, ਬੰਦਗੀ ਦੀ ਬਰਕਤਿ ਨਾਲ ਇਹ ਧਿਰ ਧਿਰ ਦੀ ਮੁਥਾਜੀ ਤੋਂ ਹਟ ਜਾਂਦਾ ਹੈ, 'ਮੇਰ-ਤੇਰ' ਮਿਟ ਜਾਂਦੀ ਹੈ, ਤੇ ਵਿਕਾਰਾਂ ਤੋਂ ਬਚ ਕੇ ਇੱਜ਼ਤ ਵਾਲਾ ਜੀਵਨ ਗੁਜ਼ਾਰਦਾ ਹੈ (ਪਉੜੀ ਨੰ: ੧੫ ਤੋਂ ੧੭) । (੪) ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਅਜੇਹੀਆਂ ਸਿਆਣਪ ਤੇ ਚਤੁਰਾਈ ਦੀਆਂ ਵਿਚਾਰਾਂ ਭੀ ਵਿਅਰਥ ਹਨ, ਮਨੁੱਖ ਦੀ ਸਮਝ ਤੋਂ ਇਹ ਗੱਲਾਂ ਪਰੇ ਦੀਆਂ ਹਨ। ਅਸਲ ਖੱਟੀ ਕਮਾਈ 'ਸਿਮਰਨ' ਹੀ ਹੈ, ਜੋ ਗਰੀਬੀ ਸੁਭਾਉ ਵਿਚ ਸਤਸੰਗ ਦੀ ਬਰਕਤਿ ਨਾਲ ਮਿਲਦਾ ਹੈ (ਪਉੜੀ ਨੰ: ੧੮ ਤੋਂ ੨੧) । ਮੁੱਖ ਭਾਵ: ਜਗਤ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਮਨੁੱਖ ਨੂੰ ਕੇਵਲ ਸਿਫ਼ਤਿ-ਸਾਲਾਹ ਹੀ ਬਚਾ ਸਕਦੀ ਹੈ, ਅੱਨ ਦੇਵ-ਪੂਜਾ, ਸ਼ਾਸਤ੍ਰਾਰਥ, ਜੰਗਲ-ਵਾਸ, ਤੀਰਥ-ਇਸ਼ਨਾਨ ਆਦਿਕ ਕੋਈ ਕਰਮ-ਧਰਮ ਇਸ ਦਾ ਸਹਾਈ ਨਹੀਂ ਹੋ ਸਕਦਾ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਮੁਥਾਜੀ ਤੇ ਮੇਰ-ਤੇਰ ਮਿਟ ਜਾਂਦੀ ਹੈ, ਇਸ ਦੀ ਅਸਲ ਖੱਟੀ-ਕਮਾਈ ਹੈ ਹੀ ਸਿਮਰਨ ਤੇ ਸਿਫ਼ਤਿ-ਸਾਲਾਹ। 'ਵਾਰ' ਦੀ ਬਣਤਰ ਇਹ 'ਵਾਰ' ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ, ਇਸ ਵਿਚ ੨੧ ਪਉੜੀਆਂ ਹਨ। ਬਾਰ੍ਹਵੀਂ ਪਉੜੀ ਤੋਂ ਬਿਨਾ ਬਾਕੀ ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ ਹਨ, ਉਸ ਨਾਲ ੩ ਸਲੋਕ ਹਨ। ਸਲੋਕਾਂ ਦਾ ਕੁੱਲ ਜੋੜ ੪੩ ਹੈ; ਵੇਰਵਾ ਇਉਂ ਹੈ: ਸਲੋਕ ਮ:
੩ --- ੩੩ 'ਵਾਰ' ਦਾ ਸਿਰ-ਲੇਖ ਹੈ "ਬਿਹਾਗੜੇ ਕੀ ਵਾਰ ਮਹਲਾ ੪" 'ਵਾਰ ਦੀਆਂ' ਪਉੜੀਆਂ ਨਾਲ ਵਰਤੇ ਹੋਏ ੪੩ ਸਲੋਕਾਂ ਵਿਚੋਂ ਸਿਰਫ਼ ੨ ਸਲੋਕ ਗੁਰੂ ਰਾਮਦਾਸ ਜੀ ਦੇ ਆਪਣੇ ਹਨ। ਸਾਰੇ ਦੇ ਸਾਰੇ ਹੀ ਸਲੋਕ ਹੋਰ ਹੋਰ ਗੁਰ-ਵਿਅਕਤੀਆਂ ਦੇ ਹਨ, 'ਵਾਰ' ਸਿਰਫ਼ 'ਪਉੜੀਆਂ' ਦੇ ਸਮੂਹ ਨੂੰ ਕਿਹਾ ਜਾ ਰਿਹਾ ਹੈ। ਜੇ ਇਹ ਗੱਲ ਸਾਬਤ ਹੋ ਸਕਦੀ ਕਿ ਗੁਰੂ ਰਾਮਦਾਸ ਜੀ ਨੇ ਇਹ 'ਵਾਰ' ਉਚਾਰਨ ਤੇ ਲਿਖਣ ਵੇਲੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਉਚਾਰੇ ਹੋਏ ਸਲੋਕ ਇਹਨਾਂ ਪਉੜੀਆਂ ਨਾਲ ਆਪ ਹੀ ਲਿਖੇ ਸਨ ਤਾਂ ਇਸ ਵਿਚੋਂ ਇਕ ਅਜੀਬ ਸੁਆਦਲਾ ਸਿੱਟਾ ਨਿਕਲ ਆਉਂਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਪਾਸ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ 'ਬਾਣੀ' ਮੌਜੂਦ ਸੀ। ਪਰ, ਗੁਰੂ ਰਾਮਦਾਸ ਜੀ ਨੇ ਆਪ ਹੀ ਇਹ ਸਲੋਕ ਦਰਜ ਨਹੀਂ ਕੀਤੇ; ਨਹੀਂ ਤਾਂ ਉਹ ਪਉੜੀ ਨੰ: ੧੪ ਨੂੰ ਖ਼ਾਲੀ ਨਾਹ ਰਹਿਣ ਦੇਂਦੇ, ਇਸ ਪਉੜੀ ਨਾਲ ਦੋਵੇਂ ਸਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ ਜੋ ਗੁਰੂ ਅਰਜਨ ਸਾਹਿਬ ਹੀ ਦਰਜ ਕਰ ਸਕਦੇ ਸਨ। ਸੋ, ਪਹਿਲੇ ਸਰੂਪ ਵਿਚ ਅਸਲ 'ਵਾਰ' ਸਿਰਫ਼ 'ਪਉੜੀਆਂ' ਹੀ ਸੀ। ਬਿਹਾਗੜੇ ਕੀ ਵਾਰ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੩ ॥ ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥ ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥ ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥ {ਪੰਨਾ 548} ਪਦਅਰਥ: ਭੈਦੀਐ = ਵਿੰਨ੍ਹੀਏ, ਪ੍ਰੋ ਦੇਈਏ। ਅਰਥ: (ਹੇ ਜੀਵ!) ਸੁਖ ਸਤਿਗੁਰੂ ਦੀ ਸੇਵਾ ਤੋਂ (ਹੀ) ਮਿਲਦਾ ਹੈ ਕਿਸੇ ਹੋਰ ਥਾਂ ਸੁਖ ਨਾਹ ਢੂੰਢ, (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ (ਜਦੋਂ) ਮਨ ਨੂੰ ਪ੍ਰੋ ਦੇਈਏ (ਤਦੋਂ ਇਹ ਸਮਝ ਪੈ ਜਾਂਦੀ ਹੈ, ਸੁਖ-ਦਾਤਾ) ਹਰੀ ਸਦਾ ਅੰਗ ਸੰਗ ਵੱਸਦਾ ਹੈ। ਹੇ ਨਾਨਕ! ਹਰੀ ਦਾ ਸੁਖ-ਦਾਈ) ਨਾਮ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ।੧। ਮਃ ੩ ॥ ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥ ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥ ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥ {ਪੰਨਾ 548} ਅਰਥ: ਹਰੀ ਦੀ ਸਿਫ਼ਤਿ-ਸਾਲਾਹ (ਰੂਪ) ਖ਼ਜ਼ਾਨਾ (ਹਰੀ ਦੀ) ਬਖ਼ਸ਼ਸ਼ ਹੈ (ਭਾਵ, ਬਖ਼ਸ਼ਸ਼ ਤੋਂ ਹੀ ਮਿਲਦਾ ਹੈ) , ਜਿਸ ਨੂੰ ਬਖ਼ਸ਼ਦਾ ਹੈ ਉਹ ਆਪ ਖਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਦਾ ਆਨੰਦ ਲੈਂਦਾ ਹੈ) ਤੇ ਖ਼ਰਚਦਾ ਹੈ (ਭਾਵ, ਹੋਰਨਾਂ ਨੂੰ ਸਿਫ਼ਤਿ ਕਰਨੀ ਸਿਖਾਉਂਦਾ ਹੈ) , (ਪਰ ਇਹ ਬਖ਼ਸ਼ਸ਼) ਸਤਿਗੁਰੂ ਤੋਂ ਬਿਨਾਂ ਮਿਲਦੀ ਨਹੀਂ, (ਸਤਿਗੁਰੂ ਦੀ ਓਟ ਛੱਡ ਕੇ ਹੋਰ) ਕਰਮ ਬਥੇਰੇ ਲੋਕ ਕਰ ਕੇ ਥੱਕ ਗਏ ਹਨ (ਪਰ ਇਹ ਦਾਤਿ ਨਹੀਂ ਮਿਲੀ) । ਹੇ ਨਾਨਕ! ਮਨ ਦੇ ਅਧੀਨ (ਤੇ ਸਤਿਗੁਰੂ ਤੋਂ ਭੁੱਲਾ) ਹੋਇਆ ਸੰਸਾਰ (ਇਥੇ ਇਸ ਸਿਫ਼ਤਿ-ਰੂਪ) ਧਨ ਤੋਂ ਸੱਖਣਾ ਹੈ, ਭੁੱਖਾ ਅਗੇ ਕੀਹ ਖਾਵੇਗਾ? (ਭਾਵ, ਜੋ ਮਨੁੱਖ ਹੁਣ ਮਨੁੱਖਾ ਜਨਮ ਵਿਚ ਨਾਮ ਨਹੀਂ ਜਪਦੇ, ਉਹ ਇਹ ਜਨਮ ਗਵਾ ਕੇ ਕਿਵੇਂ ਜਪਣਗੇ?) ।੨। ਪਉੜੀ ॥ ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥ ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥ ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥ ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥ ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥ {ਪੰਨਾ 548} ਪਦਅਰਥ: ਤੂ (ਸਭਨੀ ਧਿਆਇਆ) = ਤੈਨੂੰ। ਅਰਥ: ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨਾਂ ਦਾ ਮਾਲਕ ਹੈਂ, ਸਭਨਾਂ ਨੂੰ ਤੂੰ ਹੀ ਪੈਦਾ ਕੀਤਾ ਹੈ, ਸਾਰਿਆਂ (ਜੀਵਾਂ) ਵਿਚ ਤੂੰ ਵਿਆਪਕ ਹੈਂ, ਤੇ ਸਭ ਤੇਰਾ ਸਿਮਰਨ ਕਰਦੇ ਹਨ, ਜੋ ਮਨੁੱਖ ਤੈਨੂੰ ਮਨ ਵਿਚ ਪਿਆਰਾ ਲੱਗਦਾ ਹੈ, ਉਸ ਦੀ ਭਗਤੀ ਤੂੰ ਕਬੂਲ ਕਰਦਾ ਹੈਂ। ਹੇ ਹਰੀ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ ਸੋ (ਸੰਸਾਰ ਵਿਚ) ਹੁੰਦਾ ਹੈ, ਸਾਰੇ ਜੀਵ ਤੇਰਾ ਕਰਾਇਆ ਕਰਦੇ ਹਨ। (ਹੇ ਭਾਈ!) ਜੋ ਹਰੀ (ਮੁੱਢ ਤੋਂ) ਭਗਤਾਂ ਦੀ ਲਾਜ ਰੱਖਦਾ ਆਇਆ ਹੈ ਤੇ ਸਭ ਤੋਂ ਵੱਡਾ ਹੈ, ਉਸ ਦੀ ਸਿਫ਼ਤਿ-ਸਾਲਾਹ ਕਰੋ।੧। ਸਲੋਕ ਮਃ ੩ ॥ ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥ ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥ ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥ {ਪੰਨਾ 548} ਪਦਅਰਥ: ਜਗਿ = ਜਗਤ ਨੇ। ਸਭੁ ਕੋਇ = ਹਰੇਕ ਜੀਵ ਨੂੰ। ਸਿਧਿ = ਸਫਲਤਾ, ਕਾਮਯਾਬੀ। ਕਾਰਜ ਸਿਧਿ = ਕਾਰਜ ਦੀ ਸਿੱਧੀ। ਅੰਗੀਕਾਰੁ = ਪੱਖ, ਸਹੈਤਾ। ਅਰਥ: ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ) ਅਸਲੀ ਕਰਨ ਵਾਲੇ ਕੰਮ (ਭਾਵ, ਮਨੁੱਖਾ ਜਨਮ ਨੂੰ ਸਵਾਰਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਉਸ ਨੂੰ ਇਉਂ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ। ਸਤਿਗੁਰੂ ਦੀ ਮੱਤ ਤੇ ਤੁਰਿਆਂ (ਗਿਆਨੀ ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ। |
Sri Guru Granth Darpan, by Professor Sahib Singh |