ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 549 ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥ ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥ ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥ {ਪੰਨਾ 549} ਨੋਟ: ਗਉੜੀ ਕੀ ਵਾਰ ਮ: ੪ ਦੀ ਪਉੜੀ ਨੰ: ੩੧ ਦਾ ਪਹਿਲਾ ਸਲੋਕ ਭੀ ਇਹੀ ਹੈ। ਪਰ ਓਥੇ ਇਹ ਸਲੋਕ ਮਹਲੇ ਚੌਥੇ ਦਾ ਕਰ ਕੇ ਲਿਖਿਆ ਹੈ, ਲਗਾਂ ਮਾਤ੍ਰਾਂ ਦਾ ਥੋੜਾ ਜਿਹਾ ਇਸ ਨਾਲੋਂ ਫ਼ਰਕ ਹੈ। ਅਰਥ: ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ। ਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ। ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ, ਉਹ ਕਿਸੇ ਭੀ ਦਾਤਿ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ। ਹੇ ਨਾਨਕ! ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ।੧। ਮਃ ੩ ॥ ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ {ਪੰਨਾ 549} ਅਰਥ: ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ) , ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ? ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ। ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ {ਪੰਨਾ 549} ਅਰਥ: ਹੇ ਨਾਨਕ! ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ, ਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਸੁਖ ਪਾਉਂਦੇ ਹਨ।੨। ਪਉੜੀ ॥ ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥ ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥ ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥ ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥ {ਪੰਨਾ 549} ਅਰਥ: ਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ, ਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤਿ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ ਜਾਂਦੀ ਹੈ (ਕਿਉਂਕਿ ਰੋਕਣ ਵਾਲਾ) ਹੋਰ ਕੋਈ ਤੇਰਾ ਸ਼ਰੀਕ ਤੇਰੇ ਕੋਲ ਨਹੀਂ ਹੈ, ਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ; ਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ। ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ।੨। ਸਲੋਕ ਮਃ ੩ ॥ ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥ ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥ ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥ {ਪੰਨਾ 549} ਪਦਅਰਥ: ਕਰਤਾਰਿ = ਕਰਤਾਰ ਨੇ। ਅਰਥ: ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਾਪਾਰੀ (ਸਮਝੇ ਜਾਂਦੇ ਹਨ) ; ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਨਾਂ ਦੇ ਮਨ ਵਿਚ (ਸਦਾ) ਖਿੜਾਉ ਹੁੰਦਾ ਹੈ; ਸਤਿਗੁਰੂ ਦਾ ਸ਼ਬਦ ਉਹਨਾਂ ਨੇ ਹਿਰਦੇ ਵਿਚ ਵਸਾਇਆ ਹੈ (ਇਸ ਲਈ) ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕੱਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ, ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ।੧। ਮਃ ੩ ॥ ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥ ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥ ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥ {ਪੰਨਾ 549} ਪਦਅਰਥ: ਭੈ = ਡਰ ਵਿਚ। ਚਾਕਰੀ = ਨੌਕਰੀ। ਕਮਾਇ = ਕਰੇ। ਤਿਸੈ = ਉਸ ਪ੍ਰਭੂ ਦੀ। ਅਵਰੁ = ਕੋਈ ਹੋਰ। ਜਾਇ = ਥਾਂ। ਅਰਥ: ਜੇ ਮਨੁਖ (ਪ੍ਰਭੂ ਦੇ) ਡਰ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ ਤੇ ਉਸੇ ਪ੍ਰਭੂ ਦੀ ਰਜ਼ਾ ਵਿਚ ਤੁਰੇ ਤਾਂ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ, ਫਿਰ, ਹੇ ਨਾਨਕ! ਐਸੇ ਮਨੁੱਖ ਨੂੰ) ਸਭਨੀ ਥਾਈਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ (ਆਸਰੇ ਦੀ) ਥਾਂ ਦਿੱਸਦੀ ਹੈ।੨। ਪਉੜੀ ॥ ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥ ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥ ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥ {ਪੰਨਾ 549} ਪਦਅਰਥ: ਤੂ = ਤੈਨੂੰ। ਤਿਨਿ = ਉਸ ਮਨੁੱਖ ਨੇ। ਪੁਰਈ = ਪੁਰੀਆਂ ਵਿਚ। ਲੋਈ = (੧੪) ਲੋਕਾਂ ਵਿਚ। ਅਰਥ: ਤੂੰ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ, ਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ (ਉਸ ਨੂੰ ਵੇਖ ਕੇ) ਤਾਂ ਹੀ ਦੱਸ ਸਕਦੇ ਹਾਂ (ਕਿ ਤੂੰ ਕੇਡਾ ਵੱਡਾ ਹੈਂ) (ਪਰ) ਤੇਰੇ ਜੇਡਾ ਤੂੰ ਆਪ ਹੀ ਹੈਂ। ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ? ਸਰੀਰਾਂ ਨੂੰ ਨਾਸ ਭੀ ਤੂੰ ਆਪ ਕਰ ਸਕਦਾ ਹੈਂ ਤੇ ਬਣਾ ਭੀ ਆਪ ਹੀ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ। ਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ।੩। ਸਲੋਕ ਮਃ ੩ ॥ ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ {ਪੰਨਾ 549} ਅਰਥ: ਜੇ ਮਨ ਵਿਚ (ਹਰੀ ਦੀ ਹੋਂਦ ਦੀ) ਪ੍ਰਤੀਤ ਨਾਹ ਆਈ, ਤੇ ਅਡੋਲਤਾ ਵਿਚ ਪਿਆਰ ਨਾਹ ਲੱਗਾ, ਜੇ ਸ਼ਬਦ ਦਾ ਰਸ ਨਾਹ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤਿ-ਸਾਲਾਹ ਕਰਨ ਦਾ ਕੀਹ ਲਾਭ? ਹੇ ਨਾਨਕ! ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ।੧। ਮਃ ੩ ॥ ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥ ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥ ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥ ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥ ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥ ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥ ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥ ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥ ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ {ਪੰਨਾ 549-550} ਪਦਅਰਥ: ਭੈ = ਡਰ ਵਿਚ। ਅੰਕਿ = ਗੋਦ ਵਿਚ। ਸਹਸਾ = ਤੌਖ਼ਲਾ। ਅਨਦਿਨੁ = ਹਰ ਰੋਜ਼। ਸਬਲਾ = ਬਲਵਾਨ। ਜਿਤੁ = ਜਿਸ ਦੀ ਰਾਹੀਂ। ਨਵ ਨਿਧਿ = ਨੌ ਖ਼ਜ਼ਾਨੇ, ਸਾਰੇ ਪਦਾਰਥ। ਫੁਨਿ = ਫੇਰ। ਮੋਖੰਤਰੁ = ਮੋਖ ਦਾ ਅੰਤਰਾ, ਮੁਕਤੀ ਦਾ ਰਾਜ਼। ਅਰਥ: ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ, (ਸਤਿਗੁਰੂ ਦੇ ਦਰ ਤੇ ਪਹੁੰਚ ਕੇ ਭੀ) ਅੰਨ੍ਹੇ ਦੀ ਮੁੱਢ ਦੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀਂ ਹੁੰਦੀ, ਤੇ (ਹਰੀ ਤੋਂ) ਵਿਛੁੱੜ ਕੇ ਦੁਖ ਸਹਿੰਦਾ ਹੈ। ਮੂਰਖ ਮਨੁੱਖ ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ (ਦੇ ਪਿਛਲੇ ਮੰਦੇ ਸੰਸਕਾਰਾਂ) ਨੂੰ ਭੰਨ ਕੇ (ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ) ਨਹੀਂ ਘੜਦਾ, (ਜਿਸ ਕਰਕੇ) (ਪ੍ਰਭੂ ਦੀ) ਗੋਦੀ ਵਿਚ ਸਮਾਇਆ ਰਹੇ, ਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ। ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ, ਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ, (ਮਰਨ ਦੇ ਦਿਨ ਨੇੜੇ ਆ ਗਏ ਹਨ) ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ, (ਲੱਗੇ ਭੀ ਕਿਵੇਂ?) (ਸੰਸਾਰ ਵਿਚ) ਵਰਤਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ। ਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ? ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤਿ ਸ਼ਬਦ ਤੋਂ ਹੀ ਮਿਲਦੀ ਹੈ। (ਪਰ,) ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ।੨। |
Sri Guru Granth Darpan, by Professor Sahib Singh |