ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 550 ਪਉੜੀ ॥ ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥ ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥ ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥ {ਪੰਨਾ 550} ਪਦਅਰਥ: ਕਿਵ = ਕਿਉਂ। ਨਿਮਖ = ਅੱਖ ਝਮਕਣ ਜਿਤਨਾ ਸਮਾ ਭਰ। ਕਲਿਆਣ = ਸੁਖ। ਮੁਹਿ ਡਿਠੈ = ਜੇ ਮੂੰਹ ਵੇਖੀਏ, ਦਰਸ਼ਨ ਕੀਤਿਆਂ। ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ। ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ। ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ, (ਕਿਉਂਕਿ) ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ। ਚਾਹੀਦਾ ਤਾਂ ਇਹ ਹੈ ਕਿ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਸਾਰਾ ਸੰਸਾਰ ਤਰ ਜਾਏ। (ਪਰ ਸੰਸਾਰ ਇਸ ਰਸਤੇ ਪੈਂਦਾ ਨਹੀਂ) ।੪। ਸਲੋਕ ਮਃ ੩ ॥ ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥ ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥ {ਪੰਨਾ 550} ਪਦਅਰਥ: ਰਸਨਾ = ਜੀਭ। ਸੁਆਉ = ਸੁਆਦ। ਰਸਾਇ = ਰਸ ਜਾਂਦੀ ਹੈ, ਭਿੱਜ ਜਾਂਦੀ ਹੈ। ਜਿਨਿ = ਜਿਸ ਜੀਭ ਨੇ। ਅਰਥ: ਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ) ; ਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ। ਮਃ ੩ ॥ ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥ ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥ {ਪੰਨਾ 550} ਅਰਥ: ਜਿਸ ਜੀਭ ਨੇ ਹਰੀ ਦਾ ਨਾਮ ਵਿਸਾਰਿਆ ਹੈ, ਉਹ ਜੀਭ ਸੜ ਜਾਏ। ਹੇ ਨਾਨਕ! ਅਸਲ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ (ਹੀ) ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿਚ ਪਿਆਰ ਕਰਦੀ ਹੈ।੨। ਪਉੜੀ ॥ ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥ ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥ ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥ ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥ ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥ {ਪੰਨਾ 550} ਪਦਅਰਥ: ਵਿਗਸੈ = ਖ਼ੁਸ਼ ਹੁੰਦਾ ਹੈ। ਜਿਤੁ = ਜਿਧਰ। ਮਾਰਗਿ = (ਸਿੱਧੇ) ਰਾਹ ਤੇ। ਉਝੜਿ = ਕੁਰਾਹੇ। ਅਰਥ: ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ, ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ, ਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ। ਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ, ਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ (ਹੀ ਮਨੁੱਖ ਐਸੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ।੫। ਸਲੋਕ ਮਃ ੩ ॥ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥ ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥ ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥ ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥ {ਪੰਨਾ 550} ਪਦਅਰਥ: ਕੋ = ਕੋਈ। ਹੰਢੈ = ਫਿਰੇ। ਧਿਗੁ = ਫਿਟਕਾਰ = ਜੋਗ। ਵੇਸੁ = (ਫ਼ਕੀਰੀ) ਪਹਿਰਾਵਾ। ਅਰਥ: ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ, (ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ। ਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ, ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ।੧। ਮਃ ੩ ॥ ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥ ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥ ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥ ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥ {ਪੰਨਾ 550} ਪਦਅਰਥ: ਤਰਵਰੁ = ਰੁੱਖ। ਪੰਖੇਰੂ = ਪੰਖੀ। ਪਰ = ਖੰਭ। ਨਿਰਬਾਣੁ = ਵਾਸਨਾ ਰਹਿਤ, ਨਿਰਚਾਹ। ਰਸਿ = ਰਸ ਵਿਚ। ਨੀਸਾਣੁ = ਨਿਸ਼ਾਨ, ਟਿੱਕਾ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਅਰਥ: ਹੇ ਨਾਨਕ! ਸੰਸਾਰ ਰੂਪ) ਰੁੱਖ (ਹੈ, ਇਸ) ਨੂੰ (ਮਾਇਆ ਦਾ ਮੋਹ ਰੂਪ) ਇਕ ਫਲ (ਲੱਗਾ ਹੋਇਆ ਹੈ) , (ਉਸ ਰੁੱਖ ਉਤੇ) ਦੋ (ਕਿਸਮ ਦੇ, ਗੁਰਮੁਖ ਤੇ ਮਨਮੁਖ) ਪੰਛੀ ਹਨ, ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ, (ਭਾਵ, ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ-ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ) ਬਹੁਤੇ ਰੰਗਾਂ (ਵਿਚ ਸੁਆਦ ਲੈਣ) ਵਾਲੇ ਨੇ ਰਸਾਂ ਨੂੰ ਚੱਖਿਆ ਹੈ ਤੇ ਨਿਰ-ਚਾਹ (ਪੰਛੀ) ਸ਼ਬਦ ਵਿਚ (ਲੀਨ) ਰਹਿੰਦਾ ਹੈ। ਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ।੨। ਪਉੜੀ ॥ ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥ ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥ ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥ ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥ ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥ {ਪੰਨਾ 550-551} ਪਦਅਰਥ: ਛਿੰਗਾ = ਦੰਦਾਂ ਵਿਚ ਫਸਿਆ ਹੋਇਆ ਅੰਨ ਕੱਢਣ ਵਾਲੀ ਸੂਈ। ਵਿਦਾ ਕਰਾਵੈ = ਤੋਰ ਦੇਂਦਾ ਹੈ; ਰੁਖ਼ਸਤ ਕਰਦਾ ਹੈ। ਅਰਥ: ਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ, ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ। ਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇਂਦਾ ਹੈ ਤੇ ਆਪ ਹੀ ਚੁਲੀ ਕਰਾਉਂਦਾ ਹੈ। ਹਰੀ ਆਪ ਹੀ ਸੰਗਤਿ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ। ਜਿਸ ਉਤੇ ਪ੍ਰਭੂ ਆਪ ਦਇਆਲ ਹੁੰਦਾ ਹੈ ਉਸ ਨੂੰ ਆਪਣੀ ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ।੬। |
Sri Guru Granth Darpan, by Professor Sahib Singh |