ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 551

ਸਲੋਕ ਮਃ ੩ ॥ ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥ ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥ {ਪੰਨਾ 551}

ਪਦਅਰਥ: ਕਲਤ੍ਰ = ਇਸਤ੍ਰੀ। ਧੰਧੁ = ਝੰਬੇਲਾ। ਅੰਧੁ = ਅੰਨ੍ਹਾ ਮਨੁੱਖ।

ਅਰਥ: (ਕਰਮ ਕਾਂਡ ਦੇ) ਕਰਮ ਧਰਮ ਸਾਰੇ ਬੰਧਨ (ਰੂਪ ਹੀ) ਹਨ ਤੇ ਚੰਗੇ ਜਾਂ ਮੰਦੇ ਕੰਮ ਭੀ (ਸੰਸਾਰ ਨਾਲ) ਜੋੜੀ ਰੱਖਣ ਦਾ ਵਸੀਲਾ ਹਨ (ਭਾਵ, ਕਰਮ ਕਾਂਡ ਜਾਂ ਪੁੰਨ ਪਾਪ ਕੀਤਿਆਂ ਜਨਮ ਮਰਨ ਤੋਂ ਗਤਿ ਨਹੀਂ ਹੋ ਸਕੀਦਾ। ਮਮਤਾ ਤੇ ਮੋਹ ਭੀ ਬੰਧਨ-ਰੂਪ ਹੈ, ਪੁੱਤ੍ਰ ਤੇ ਇਸਤ੍ਰੀ-(ਇਹਨਾਂ ਦਾ ਪਿਆਰ ਭੀ) ਕਸ਼ਟ ਦਾ ਕਾਰਨ ਹੈ, ਜਿੱਧਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ (ਰੂਪ) ਜੇਵੜੀ ਹੈ। ਹੇ ਨਾਨਕ! ਸੱਚੇ ਨਾਮ ਤੋਂ ਬਿਨਾ ਅੰਨ੍ਹਾ ਮਨੁੱਖ (ਮਾਇਆ ਦੀ) ਵਰਤੋਂ ਹੀ ਵਰਤਦਾ ਹੈ।੧।

ਮਃ ੪ ॥ ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥ ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥ ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥ ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥ {ਪੰਨਾ 551}

ਪਦਅਰਥ: ਥੀਐ = ਹੁੰਦਾ ਹੈ। ਰਜਾਇ = ਪ੍ਰਭੂ ਦੀ ਰਜ਼ਾ ਅਨੁਸਾਰ। ਸਚਿ = ਸੱਚ ਵਿਚ।

ਅਰਥ: ਅੰਨ੍ਹੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ (ਪ੍ਰਭੂ ਦੀ) ਰਜ਼ਾ ਵਿਚ ਉਸ ਨੂੰ ਸਤਿਗੁਰੂ ਮਿਲ ਪਏ, (ਕਿਉਂਕਿ ਸਤਿਗੁਰੂ ਮਿਲਿਆਂ) ਉਹ (ਮਾਇਆ ਦੇ) ਬੰਧਨ ਤੋੜ ਲੈਂਦਾ ਹੈ, ਸੱਚੇ ਹਰੀ ਵਿਚ ਲੀਨ ਹੋ ਜਾਂਦਾ ਹੈ ਤੇ ਉਸ ਦਾ ਅਗਿਆਨ (ਰੂਪ) ਹਨੇਰਾ ਦੂਰ ਹੋ ਜਾਂਦਾ ਹੈ।

ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਹੈ, (ਸਤਿਗੁਰੂ ਮਿਲਿਆਂ) ਮਨੁੱਖ ਸਭ ਕੁਝ ਉਸੇ ਦਾ ਹੀ ਸਮਝਦਾ ਹੈ, ਤੇ, ਹੇ ਨਾਨਕ! ਉਹ ਮਨੁੱਖ ਸਿਰਜਣਹਾਰ ਦੀ ਸਰਣੀ ਪੈਂਦਾ ਹੈ ਤੇ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ੨।

ਪਉੜੀ ॥ ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥ ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥ ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥ ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥ ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥ {ਪੰਨਾ 551}

ਪਦਅਰਥ: ਥਾਟੁ = ਰਚਨਾ। ਥੀਆ = ਦੂਜਾ, ਕੋਈ ਹੋਰ। ਕਰਤੈ = ਕਰਤਾਰ ਨੇ। ਦਾਨੁ = ਬਖ਼ਸ਼ਸ਼, ਰੋਜ਼ੀ। ਬਣਾਈਅਨੁ = ਬਣਾਈ ਉਸ ਪ੍ਰਭੂ ਨੇ। ਨਿਰੰਕਾਰ = ਨਿਰ+ਆਕਾਰ, ਜਿਸ ਦਾ ਕੋਈ ਖ਼ਾਸ ਸਰੂਪ ਨਾਹ ਹੋਵੇ।

ਅਰਥ: ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ, ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ? (ਭਾਵ, ਕੋਈ ਐਸਾ ਹੈ ਹੀ ਨਹੀਂ ਸੀ ਜੋ ਪਰਮਾਤਮਾ ਨੂੰ ਸਲਾਹ ਦੇ ਸਕਦਾ)

ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ। ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ, ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ।੭।

ਸਲੋਕ ਮਃ ੩ ॥ ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥ {ਪੰਨਾ 551}

ਪਦਅਰਥ: ਅਨਦਿਨੁ = ਹਰ ਰੋਜ਼। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਪਿਆਰਿ = ਪਿਆਰ ਨਾਲ। ਅਰਧਿ ਉਰਧਿ = ਹੇਠਾਂ ਉੱਤੇ ਹਰ ਥਾਂ ਮੌਜੂਦ ਹਰੀ। ਉਰਿ = ਹਿਰਦੇ ਵਿਚ। ਕਰਮੁ = ਬਖ਼ਸ਼ਸ਼ (ਦਾ ਲੇਖ। ਧੁਰਿ = ਸ਼ੁਰੂ ਤੋਂ ਹੀ। ਕਰਤਾਰਿ = ਕਰਤਾਰ ਨੇ। ਮਿਲਾਇਅਨੁ = ਮਿਲਾਏ ਹਨ, ਉਸ ਪ੍ਰਭੂ ਨੇ।

ਅਰਥ: ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ, ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤਿ-ਸਾਲਾਹ ਕਰਦੇ ਹਨ।

ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ (ਇਸ ਕਰਕੇ) ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ, ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ।੧।

ਮਃ ੩ ॥ ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥ ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥ {ਪੰਨਾ 551}

ਅਰਥ: (ਜਦ ਤਾਈਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਨਾਹ ਭਿੱਜੇ ਤੇ ਪ੍ਰਭੂ ਦੀ ਬਖ਼ਸ਼ਸ਼ ਦਾ ਭਾਗੀ ਨਾਹ ਬਣੇ, ਤਦ ਤਾਈਂ) (ਚਾਹੇ) ਸਦਾ ਹਰ ਵੇਲੇ ਗੁਣ ਗਾਉਂਦਾ ਰਹੇ, (ਇਸ ਤਰ੍ਹਾਂ) ਕਹਿੰਦਿਆਂ ਤੇ ਕਥਦਿਆਂ ਹੱਥ ਨਹੀਂ ਮਿਲਦਾ, ਮੇਹਰ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ। ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ।੨।

ਪਉੜੀ ॥ ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥ ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥ ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥ ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥ {ਪੰਨਾ 551}

ਪਦਅਰਥ: ਕਥੈ = ਬਿਆਨ ਕਰਦਾ ਹੈ। ਭੀਜੈ = ਭਿੱਜਦਾ ਹੈ। ਪਰਪੰਚੁ = ਜਗਤ ਦਾ ਪਸਾਰਾ। ਪਰਵਿਰਤਿ = ਜਗਤ = ਪਸਾਰੇ ਵਿਚ ਰੁੱਝਾ ਰਹਿਣ ਵਾਲਾ। ਨਿਰਵਿਰਤੀ = ਵੱਖਰਾ ਰਹਿਣ ਵਾਲਾ। ਅਲਿਪਤੁ ਵਰਤੀਜੈ = ਵੱਖਰਾ ਰਹਿੰਦਾ ਹੈ। ਬਖਸ = ਕਿਰਪਾ, ਬਖ਼ਸ਼ਸ਼।

ਅਰਥ: ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ, ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ, ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ, ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ, ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ।੮।

ਸਲੋਕ ਮਃ ੩ ॥ ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥ ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥ ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥ ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥ {ਪੰਨਾ 551}

ਪਦਅਰਥ: ਭੇਦਿ = ਵਿੰਨ੍ਹ। ਥਾਇ ਪਾਏ = ਪ੍ਰਵਾਨ ਕਰਦਾ ਹੈ। ਕਾਮਿ = ਕਾਮ ਵਿਚ (ਫਸੇ ਰਿਹਾਂ)

ਅਰਥ: ਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ) ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ।

(ਹੇ ਸ਼ੇਖ!) ਆਪਣੇ ਕਰੜੇ ਮਨ ਨੂੰ (ਭਾਵ, ਮਨ ਨੂੰ ਜੋ ਹਠ ਦੇ ਕਾਰਨ ਕਠੋਰ ਹੈ) ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ, ਫੇਰ ਇਸ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ, ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ।੧।

TOP OF PAGE

Sri Guru Granth Darpan, by Professor Sahib Singh