ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 563 ਵਡਹੰਸੁ ਮਃ ੫ ॥ ਅੰਤਰਜਾਮੀ ਸੋ ਪ੍ਰਭੁ ਪੂਰਾ ॥ ਦਾਨੁ ਦੇਇ ਸਾਧੂ ਕੀ ਧੂਰਾ ॥੧॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥ ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥ ਜਿਸ ਨੋ ਨਦਰਿ ਕਰੇ ਸੋ ਧਿਆਏ ॥ ਆਠ ਪਹਰ ਹਰਿ ਕੇ ਗੁਣ ਗਾਏ ॥੩॥ ਜੀਅ ਜੰਤ ਸਗਲੇ ਪ੍ਰਤਿਪਾਰੇ ॥ ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥ {ਪੰਨਾ 563} ਪਦਅਰਥ: ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਦਾਨੁ = ਬਖ਼ਸ਼ੀਸ਼। ਦੇਇ = ਦੇਂਦਾ ਹੈ। ਸਾਧੂ = ਗੁਰੂ।੧। ਪ੍ਰਭ = ਹੇ ਪ੍ਰਭੂ! ਓਟ = ਆਸਰਾ। ਪੂਰਨ = ਹੇ ਸਰਬ = ਵਿਆਪਕ! ਗੋਪਾਲਾ = ਹੇ ਸ੍ਰਿਸ਼ਟੀ ਦੇ ਪਾਲਣਹਾਰ!।੧।ਰਹਾਉ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਨਿਕਟਿ = ਨੇੜੇ।੨। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਗਾਏ = ਗਾਂਦਾ ਹੈ।੩। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਦੁਆਰੇ = ਦੁਆਰਿ, ਦਰ ਤੇ।੪। ਅਰਥ: ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉੱਤੇ) ਕਿਰਪਾ ਕਰ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) । ਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ।੧।ਰਹਾਉ। ਹੇ ਭਾਈ! ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, (ਜਿਸ ਉੱਤੇ ਉਹ ਮੇਹਰ ਕਰਦਾ ਹੈ ਉਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ।੧। ਹੇ ਭਾਈ! ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ, ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਕਿਸੇ ਤੋਂ ਦੂਰ ਨਹੀਂ ਹੈ।੨। ਹੇ ਭਾਈ! ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਦਾ ਸਿਮਰਨ ਕਰਦਾ ਰਹਿੰਦਾ ਹੈ, ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੩। ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਦਾ ਹੈ। ਹੇ ਨਾਨਕ! ਉਸ ਪ੍ਰਭੂ ਅੱਗੇ ਅਰਦਾਸ ਕਰਿਆ ਕਰ ਤੇ ਆਖਿਆ ਕਰ-) ਹੇ ਹਰੀ! ਮੈਂ ਤੇਰੇ ਦਰ ਤੇ ਆਇਆ ਹਾਂ, ਮੈਂ ਤੇਰੀ ਸਰਨ ਪਿਆ ਹਾਂ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) ।੪।੪। ਵਡਹੰਸੁ ਮਹਲਾ ੫ ॥ ਤੂ ਵਡ ਦਾਤਾ ਅੰਤਰਜਾਮੀ ॥ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥ ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥ ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥ ਤੇਰੀ ਸਰਣਿ ਸਤਿਗੁਰ ਮੇਰੇ ਪੂਰੇ ॥ ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥ ਚਰਨ ਕਮਲ ਹਿਰਦੈ ਉਰਿ ਧਾਰੇ ॥ ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥ ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥ {ਪੰਨਾ 563} ਪਦਅਰਥ: ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ। ਪੂਰਨ = ਸਰਬ = ਵਿਆਪਕ।੧। ਪ੍ਰਭ = ਹੇ ਪ੍ਰਭੂ! ਅਧਾਰਾ = ਆਸਰਾ। ਹਉ = ਮੈਂ। ਸੁਣਿ = ਸੁਣ ਕੇ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਦਾ ਹਾਂ।੧।ਰਹਾਉ। ਸਤਿਗੁਰ = ਹੇ ਸਤਿਗੁਰੂ! ਧੂਰੇ = ਚਰਨ = ਧੂੜ ਵਿਚ।੨। ਉਰਿ = ਹਿਰਦੇ ਵਿਚ। ਜਾਈ = ਜਾਈਂ, ਮੈਂ ਜਾਂਦਾ ਹਾਂ। ਕਉ = ਨੂੰ, ਤੋਂ।੩। ਗਾਵਾ = ਗਾਵਾਂ, ਮੈਂ ਗਾਵਾਂ। ਪਾਵਾ = ਪਾਵਾਂ।੪। ਅਰਥ: ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ (ਮੇਰੀ ਜ਼ਿੰਦਗੀ ਦਾ) ਆਸਰਾ ਹੈ। ਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।੧।ਰਹਾਉ। ਹੇ ਮੇਰੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, ਤੂੰ (ਜੀਵਾਂ ਦੇ) ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਭ ਦੇ ਅੰਦਰ ਮੌਜੂਦ ਹੈਂ।੧। ਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ, ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ (ਤੇ, ਪਰਮਾਤਮਾ ਦਾ ਦਰਸਨ ਹੁੰਦਾ ਹੈ) ।੨। ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ, ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿਚ ਟਿਕਾਏ ਹੋਏ ਹਨ।੩। ਹੇ ਨਾਨਕ (ਆਖ-ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ, ਤੇ, ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।੪।੫। ਵਡਹੰਸੁ ਮਹਲਾ ੫ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥ ਨਾ ਜੀਉ ਮਰੈ ਨ ਕਬਹੂ ਛੀਜੈ ॥੧॥ ਵਡਭਾਗੀ ਗੁਰੁ ਪੂਰਾ ਪਾਈਐ ॥ ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥ ਰਤਨ ਜਵਾਹਰ ਹਰਿ ਮਾਣਕ ਲਾਲਾ ॥ ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥ ਜਤ ਕਤ ਪੇਖਉ ਸਾਧੂ ਸਰਣਾ ॥ ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥ ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥ ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥ {ਪੰਨਾ 563} ਪਦਅਰਥ: ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ = ਨਾਮ = ਜਲ। ਪੀਜੈ = ਪੀ ਸਕੀਦਾ ਹੈ। ਜੀਉ = ਜਿੰਦ। ਨਾ ਮਰੈ = ਆਤਮਕ ਮੌਤੇ ਨਹੀਂ ਮਰਦੀ। ਨ ਛੀਜੈ = ਆਤਮਕ ਜੀਵਨ ਵਿਚ ਕਮਜ਼ੋਰ ਨਹੀਂ ਹੁੰਦੀ।੧। ਤੇ = ਤੋਂ, ਨਾਲ।੧।ਰਹਾਉ। ਮਾਣਕ = ਮੋਤੀ। ਸਿਮਰਿ = ਸਿਮਰ ਕੇ। ਨਿਹਾਲਾ = ਪ੍ਰਸੰਨ, ਖ਼ੁਸ਼।੨। ਜਤ ਕਤ = ਜਿਧਰ ਕਿਧਰ। ਪੇਖਉ = ਮੈਂ ਵੇਖਦਾ ਹਾਂ। ਸਾਧੂ = ਗੁਰੂ। ਗਾਇ = ਗਾ ਕੇ। ਨਿਰਮਲ = ਪਵਿਤ੍ਰ।੩। ਘਟ = ਸਰੀਰ। ਵੂਠਾ = ਵੱਸਦਾ ਹੈ। ਤੂਠਾ = ਪ੍ਰਸੰਨ ਹੁੰਦਾ ਹੈ।੪। ਅਰਥ: ਹੇ ਭਾਈ! ਪੂਰਾ ਗੁਰੂ ਵੱਡੀ ਕਿਸਮਤਿ ਨਾਲ ਮਿਲਦਾ ਹੈ, ਤੇ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਤਾ ਜਾ ਸਕਦਾ ਹੈ, (ਇਸ ਨਾਮ-ਜਲ ਦੀ ਬਰਕਤਿ ਨਾਲ) ਜਿੰਦ ਨਾਹ ਆਤਮਕ ਮੌਤੇ ਮਰਦੀ ਹੈ, ਨਾਹ ਕਦੇ ਆਤਮਕ ਜੀਵਨ ਵਿਚ ਲਿੱਸੀ ਹੁੰਦੀ ਹੈ।੧। ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ। ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ।੨। ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਗੁਰੂ ਦੀ ਸਰਨ ਹੀ (ਇਕ ਐਸਾ ਥਾਂ ਹੈ ਜਿਥੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ।੩। ਹੇ ਨਾਨਕ! ਆਖ-) ਮੇਰਾ ਮਾਲਕ-ਪ੍ਰਭੂ (ਉਂਞ ਤਾਂ) ਹਰੇਕ ਸਰੀਰ ਵਿਚ ਵੱਸਦਾ ਹੈ (ਪਰ ਜਿਸ ਮਨੁੱਖ ਉੱਤੇ ਉਹ) ਪ੍ਰਭੂ ਪ੍ਰਸੰਨ ਹੁੰਦਾ ਹੈ (ਉਹੀ ਉਸ ਦਾ) ਨਾਮ (-ਸਿਮਰਨ) ਪ੍ਰਾਪਤ ਕਰਦਾ ਹੈ।੪।੬। ਵਡਹੰਸੁ ਮਹਲਾ ੫ ॥ ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥ ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥ ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥ ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥ ਤੇਰੇ ਜੀਅ ਤੂ ਸਦ ਹੀ ਸਾਥੀ ॥ ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥ ਆਵਣੁ ਜਾਣਾ ਤੁਮ ਹੀ ਕੀਆ ॥ ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥ ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥ {ਪੰਨਾ 563} ਪਦਅਰਥ: ਵਿਸਰੁ ਨਾਹੀ = ਨਾਹ ਭੁੱਲ। ਪ੍ਰਭ = ਹੇ ਪ੍ਰਭੂ! ਪੂਰਨ = ਹੇ ਸਰਬ = ਵਿਆਪਕ।੧।ਰਹਾਉ। ਜਹ = ਜਿੱਥੇ। ਚਿਤਿ = ਚਿੱਤ ਵਿਚ। ਜਹ ਚਿਤਿ = ਜਿਸ ਚਿੱਤ ਵਿਚ। ਥਾਨੁ = ਹਿਰਦਾ = ਥਾਂ। ਜਿਤੁ = ਜਿਸ ਵਿਚ। ਹਾਵਾ = ਹਾਹੁਕਾ।੧। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਦ = ਸਦਾ। ਤੇ = ਤੋਂ, ਵਿਚੋਂ। ਦੇ = ਦੇ ਕੇ। ਹਾਥੀ = ਹੱਥ।੨। ਆਵਣੁ ਜਾਣਾ = ਜਨਮ ਮਰਨ ਦਾ ਗੇੜ।੩। ਸਾਹਿਬੁ = ਮਾਲਕ। ਏਕੋ = ਇੱਕ ਹੀ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਬਿਨਉ = ਬੇਨਤੀ। ਨਾਨਕੁ ਕਰੈ = ਨਾਨਕ ਕਰਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖੋ}। ਕਰ = (ਦੋਵੇਂ) ਹੱਥ। ਜੋਰਿ = ਜੋੜ ਕੇ।੪। ਅਰਥ: ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਸਰਬ-ਵਿਆਪਕ! ਹੇ ਕਿਰਪਾ ਦੇ ਘਰ! ਮੈਂ ਤੇਰੀ ਸਰਨ ਆਇਆ ਹਾਂ, (ਮੇਹਰ ਕਰ, ਮੇਰੇ ਹਿਰਦੇ ਤੋਂ ਕਦੇ) ਨਾਹ ਭੁੱਲ।੧।ਰਹਾਉ। ਹੇ ਪ੍ਰਭੂ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ ਉਹ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ। ਜਿਸ ਵੇਲੇ ਤੂੰ (ਮੈਨੂੰ) ਭੁੱਲ ਜਾਂਦਾ ਹੈ ਤਦੋਂ (ਮੈਨੂੰ) ਹਾਹੁਕਾ ਲੱਗਦਾ ਹੈ।੧। (ਹੇ ਪ੍ਰਭੂ! ਇਹ ਸਾਰੇ) ਜੀਵ ਤੇਰੇ (ਪੈਦਾ ਕੀਤੇ ਹੋਏ ਹਨ) , ਤੂੰ (ਇਹਨਾਂ ਜੀਵਾਂ ਦਾ) ਸਦਾ ਹੀ ਮਦਦ ਕਰਨ ਵਾਲਾ ਹੈਂ। (ਹੇ ਪ੍ਰਭੂ! ਆਪਣਾ) ਹੱਥ ਦੇ ਕੇ (ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚੋਂ ਕੱਢ ਲੈ।੨। (ਹੇ ਪ੍ਰਭੂ! ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੋਇਆ ਹੈ, ਜਿਸ ਜੀਵ ਨੂੰ ਤੂੰ (ਇਸ ਗੇੜ ਵਿਚੋਂ) ਬਚਾ ਲੈਂਦਾ ਹੈਂ, ਉਸ ਨੂੰ ਕੋਈ ਦੁਖ ਪੋਹ ਨਹੀਂ ਸਕਦਾ।੩। ਹੇ ਪ੍ਰਭੂ! ਤੂੰ ਹੀ ਇਕ ਮਾਲਕ ਹੈਂ, ਹੋਰ ਅਨੇਕਾਂ ਜੀਵ (ਤੇਰੇ ਬਣਾਏ ਹੋਏ ਹਨ, ਇਹਨਾਂ ਵਿਚੋਂ) ਕੋਈ ਭੀ (ਤੇਰੇ ਵਰਗਾ) ਨਹੀਂ। ਨਾਨਕ (ਤੇਰੇ ਅੱਗੇ ਹੀ) ਹੱਥ ਜੋੜ ਕੇ ਬੇਨਤੀ ਕਰਦਾ ਹੈ।੪।੭। ਵਡਹੰਸੁ ਮਃ ੫ ॥ ਤੂ ਜਾਣਾਇਹਿ ਤਾ ਕੋਈ ਜਾਣੈ ॥ ਤੇਰਾ ਦੀਆ ਨਾਮੁ ਵਖਾਣੈ ॥੧॥ ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥ ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥੨॥ ਨਾਮੁ ਤੇਰਾ ਮਨ ਤਨ ਆਧਾਰੀ ॥ ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ {ਪੰਨਾ 563-564} ਪਦਅਰਥ: ਜਾਣਾਇਹਿ = ਤੂੰ ਜਣਾਂਦਾ ਹੈਂ, ਤੂੰ ਸੂਝ ਦੇਂਦਾ ਹੈਂ। ਤਾ = ਤਦੋਂ। ਜਾਣੈ = ਡੂੰਘੀ ਸਾਂਝ ਪਾਂਦਾ ਹੈ। ਵਖਾਣੈ = ਉਚਾਰਦਾ ਹੈ, ਸਿਮਰਦਾ ਹੈ।੧। ਅਚਰਜੁ = ਹੈਰਾਨ ਕਰ ਦੇਣ ਵਾਲੇ ਸਰੂਪ ਵਾਲਾ। ਕੁਦਰਤਿ = ਰਚਨਾ। ਬਿਸਮਾ = ਹੈਰਾਨਗੀ ਪੈਦਾ ਕਰਨ ਵਾਲੀ।੧।ਰਹਾਉ। ਆਪੇ = ਆਪ ਹੀ। ਕਾਰਣੁ = ਸਬੱਬ, ਰਚਨਾ ਪੈਦਾ ਕਰਨ ਦਾ ਵਸੀਲਾ। ਕਰਣਾ = ਜਗਤ। ਹੁਕਮੇ = ਹੁਕਮ ਵਿਚ ਹੀ।੨। ਮਨ ਤਨ ਆਧਾਰੀ = ਮਨ ਦਾ ਤਨ ਦਾ ਆਸਰਾ। ਨਾਨਕ = ਹੇ ਨਾਨਕ!।੩। ਅਰਥ: ਹੇ ਪ੍ਰਭੂ! ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ। ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ।੧।ਰਹਾਉ। ਹੇ ਪ੍ਰਭੂ! ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ।੧। ਹੇ ਪ੍ਰਭੂ! ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ (ਬਣਾਣ ਵਾਲਾ) ਹੈਂ, ਤੂੰ ਆਪ ਹੀ ਜਗਤ ਹੈਂ (ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) । ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ।੨। ਹੇ ਪ੍ਰਭੂ! ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣਾ ਨਾਮ ਬਖ਼ਸ਼) ਤੇਰਾ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ।੩।੮। |
Sri Guru Granth Darpan, by Professor Sahib Singh |