ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 564 ਵਡਹੰਸੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ {ਪੰਨਾ 564} ਪਦਅਰਥ: ਅੰਤਰਿ = ਅੰਦਰ। ਲੋਚਾ = ਤਾਂਘ। ਹਉ = ਮੈਂ। ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ। ਸਉ = ਸੌ ਵਾਰੀ। ਖੀਰ = ਦੁੱਧ। ਅੰਮਾਲੀ = ਹੇ ਸਖੀ! ਹੇ ਸਹੇਲੀ! ਭੋਜਨ = ਖਾਣੇ। ਮੈ = ਮੇਰੇ ਅੱਗੇ। ਨੀਰੇ = ਪ੍ਰੋਸੇ ਜਾਣ। ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਪਿਰੰਮ ਕਾ = ਪਿਆਰੇ ਦਾ। ਧੀਰੇ = ਸ਼ਾਂਤੀ ਪ੍ਰਾਪਤ ਕਰੇ।੧। ਅਰਥ: ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ। ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ? ਹੇ ਸਹੇਲੀ! ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ) , ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ। (ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ। ਹੇ ਸਹੇਲੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ।੧। ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ {ਪੰਨਾ 564} ਪਦਅਰਥ: ਸਜਣ = ਹੇ ਸੱਜਣ! ਭਾਈ = ਹੇ ਵੀਰ! ਮੈਂ = ਮੈਨੂੰ। ਓਹੁ = ਉਹ ਮਿਤ੍ਰ ਗੁਰੂ। ਜੀਅ ਕੀ = ਜਿੰਦ ਦੀ। ਬੇਦਨ = ਵੇਦਨ, ਪੀੜ, ਦੁੱਖ। ਕੀਆ = ਦੀਆਂ। ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ। ਚਾਤ੍ਰਿਕੁ = ਪਪੀਹਾ। ਕਉ = ਵਾਸਤੇ, ਦੀ ਖ਼ਾਤਰ। ਹਉ = ਮੈਂ। ਸਾਰਿ = ਚੇਤੇ ਕਰ ਕੇ। ਸਮਾਲੀ = ਸਮਾਲੀਂ, ਮੈਂ ਹਿਰਦੇ ਵਿਚ ਵਸਾਵਾਂ।੨। ਅਰਥ: ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! ਮੇਰੀ ਬੇਨਤੀ) ਸੁਣ। ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ। ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ, ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ। (ਹੇ ਵੀਰ!) ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਉਸ ਦੇ ਵਿਛੋੜੇ ਵਿਚ ਮੈਂ ਤੜਫਦਾ ਹਾਂ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ। ਹੇ ਪ੍ਰਭੂ! ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ।੨। ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ {ਪੰਨਾ 564} ਪਦਅਰਥ: ਹਉ = ਮੈਂ। ਉਡੀਣੀ = ਉਦਾਸ, ਉਤਾਵਲੀ। ਅੰਮਾਲੀ = ਹੇ ਸਖੀ! ਕਦਿ = ਕਦੋਂ? ਨੈਣੀ = ਅੱਖਾਂ ਨਾਲ। ਦੇਖਾ = ਦੇਖਾਂ, ਮੈਂ ਵੇਖਾਂਗੀ। ਸਭਿ = ਸਾਰੇ। ਕਿਤੈ ਨ ਲੇਖੈ = ਕਿਸੇ ਕੰਮ ਨਹੀਂ। ਕਾਪੜੁ = ਕੱਪੜਾ। ਤਨਿ = ਸਰੀਰ ਉਤੇ। ਨ ਸੁਖਾਵਈ = ਨਹੀਂ ਸੁਖਾਂਦਾ, ਨਹੀਂ ਭਾਉਂਦਾ। ਵੇਸਾ = ਪਹਿਰਾਵੇ। ਆਦੇਸਾ = ਨਮਸਕਾਰ, ਅਰਜ਼ੋਈ।੩। ਅਰਥ: ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ। ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ? ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ। ਹੇ ਸਹੇਲੀ! ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ। ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ।੩। ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ {ਪੰਨਾ 564} ਪਦਅਰਥ: ਸਭਿ = ਸਾਰੇ। ਕਾਮਿ = ਕੰਮ ਵਿਚ। ਸਹਿ = ਸਹੁ ਨੇ। ਬਿਰਥਾ = ਵਿਅਰਥ। ਜੋਬਨੁ = ਜਵਾਨੀ। ਧਨੁ ਧਨੁ = ਭਾਗਾਂ ਵਾਲੀਆਂ। ਸਹੁ = ਖਸਮ {ਲਫ਼ਜ਼ 'ਸਹਿ' ਅਤੇ 'ਸਹੁ' ਦਾ ਫ਼ਰਕ ਵੇਖੋ}। ਵਾਰਿਆ = ਕੁਰਬਾਨ। ਧੋਵਾ = ਧੋਵਾਂ, ਮੈਂ ਧੋਂਦਾ ਹਾਂ। ਸਦ = ਸਦਾ। ਪਾਏ = ਪੈਰ।੪। ਅਰਥ: ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ। ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ ਹੀ ਨਾਹ ਪੁੱਛੀ (ਮੇਰੇ ਵਲ ਧਿਆਨ ਹੀ ਨਾਹ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ। ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ। ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ।੪। ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥ {ਪੰਨਾ 564} ਪਦਅਰਥ: ਭਰਮੁ = ਭੁਲੇਖਾ। ਸਾ = ਸੀ। ਜਾ = ਜਦੋਂ। ਮਨਸਾ = {मनीषा} ਤਾਂਘ, ਮਨ ਦਾ ਫੁਰਨਾ। ਸਰਬ = ਸਭਨਾਂ ਵਿਚ। ਰੰਗ = ਆਨੰਦ। ਕੈ ਪੈਰੇ = ਦੇ ਚਰਨਾਂ ਵਿਚ। ਲਗਿ = ਲੱਗ ਕੇ।੫। ਅਰਥ: ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ। ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ (ਕਿਉਂਕਿ) ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ, ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ। ਹੇ ਦਾਸ ਨਾਨਕ! ਆਖ-) ਹੇ ਸਹੇਲੀ! ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ।੫।੧।੯। ਸ਼ਬਦ ਮ:
੧ --- ੩ |
Sri Guru Granth Darpan, by Professor Sahib Singh |