ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 565 ਵਡਹੰਸੁ ਮਹਲਾ ੩ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥ ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥ ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥ ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥ ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥ ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥ ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥ ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥ ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥ ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥ ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥ ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥ ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥ ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥ ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ ॥ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥ {ਪੰਨਾ 564-565} ਪਦਅਰਥ: ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਧੁਨਿ = ਆਵਾਜ਼, ਰੌ, ਲਗਨ। ਅਨਦਿਨੁ = ਹਰ ਰੋਜ਼, ਹਰ ਵੇਲੇ।੧। ਵਿਟਹੁ = ਤੋਂ। ਬਲਿ ਜਾਉ = ਕੁਰਬਾਨ ਹੋ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ।੧।ਰਹਾਉ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਲਾਹਾ = ਲਾਭ।੩। ਟੇਕ = ਆਸਰਾ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਮਹਲੀ = ਪ੍ਰਭੂ ਦੀ ਹਜ਼ੂਰੀ ਵਿਚ।੪। ਸਚੇ = ਸਦਾ-ਥਿਰ ਪ੍ਰਭੂ ਵਿਚ (ਲੀਨ) । ਮੂਲਿ ਨ = ਉੱਕਾ ਹੀ ਨਹੀਂ। ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ = ਰੂ।੫। ਅੰਤਰੁ = ਅੰਦਰਲਾ, ਹਿਰਦਾ। ਸਚਾ = ਸਫਲ। ਸਨਾਇ = {स्ना} ਅਰਬੀ ਲਫ਼ਜ਼} ਸਿਫ਼ਤਿ, ਵਡਿਆਈ। ਸਚੈ ਥਾਨਿ = ਸਦਾ-ਥਿਰ ਰਹਿਣ ਵਾਲੇ ਥਾਂ ਵਿਚ। ਜਾਉ = ਜਾਉਂ, ਮੈਂ ਜਾਂਦਾ ਹਾਂ।੬। ਸਚੁ = ਸਫਲ। ਮੂਰਤੁ = ਮੁਹੂਰਤ। ਜਿਤੁ = ਜਿਸ ਵਿਚ। ਸਚੁ = ਸਦਾ-ਥਿਰ ਪ੍ਰਭੂ। ਆਕਾਰੁ = ਦਿੱਸਦਾ ਜਗਤ।੭। ਸਚੈ = ਸਦਾ-ਥਿਰ ਪ੍ਰਭੂ ਨੇ। ਰਜਾਇ = ਹੁਕਮ।੮। ਅਰਥ: ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ। ਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ।੧।ਰਹਾਉ। ਹੇ ਭਾਈ! ਮੇਰੇ ਵੱਡੇ ਭਾਗ ਜਾਗ ਪਏ ਹਨ, (ਗੁਰੂ ਦੀ ਸਰਨ ਪੈ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਮੇਰੇ ਹਿਰਦੇ ਵਿਚ ਵੱਸ ਪਈ ਹੈ) , ਸਦਾ-ਥਿਰ ਹਰਿ-ਨਾਮ (ਦੀ) ਰੌ (ਮੇਰੇ ਅੰਦਰ) ਚੱਲ ਪਈ ਹੈ, ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ ਬਣ ਗਿਆ ਹੈ) , ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।੧। ਜੇਹੜੀ ਜੀਭ ਸਦਾ-ਥਿਰ ਹਰੀ (ਦੇ ਪ੍ਰੇਮ) ਵਿਚ ਰੰਗੀ ਜਾਂਦੀ ਹੈ ਉਹ ਜੀਭ ਸਫਲ ਹੋ ਜਾਂਦੀ ਹੈ, (ਅਜੇਹੀ ਜੀਭ ਵਾਲੇ ਮਨੁੱਖ ਦਾ) ਮਨ ਸਫਲ ਹੋ ਜਾਂਦਾ ਹੈ, ਸਰੀਰ ਸਫਲ ਹੋ ਜਾਂਦਾ ਹੈ। (ਹੇ ਭਾਈ!) ਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ।੨। ਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ, ਜੋ ਸਦਾ-ਥਿਰ ਨਾਮ-ਬੀਜ (ਆਪਣੇ ਹਿਰਦੇ ਵਿਚ) ਬੀਜਦਾ ਹੈ, ਜੋ ਸਦਾ-ਥਿਰ ਹਰਿ-ਨਾਮ ਦਾ ਵਪਾਰ ਕਰਦਾ ਹੈ, ਉਸ ਨੂੰ ਹਰ ਵੇਲੇ ਸਦਾ-ਥਿਰ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।੩। ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।੪। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ।੫। ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਨਾਲ ਮੇਰਾ) ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ। ਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਨੂੰ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ।੬। ਹੇ ਭਾਈ! ਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਮਨੁੱਖ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ। (ਜਿਸ ਮਨੁੱਖ ਦਾ ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਮਨੁੱਖ) ਉਸ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ, ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ।੭। ਹੇ ਨਾਨਕ! ਆਖ-) ਜਦੋਂ ਸਦਾ-ਥਿਰ ਪ੍ਰਭੂ (ਜੀਵਾਂ ਨੂੰ ਆਪਣੇ ਨਾਲ) ਮਿਲਾਂਦਾ ਹੈ ਤਦੋਂ ਹੀ (ਜੀਵ ਉਸ ਦੇ ਚਰਨਾਂ ਵਿਚ) ਮਿਲਦੇ ਹਨ, ਉਹ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਆਪ ਹੀ ਹੁਕਮ ਕਰਦਾ ਹੈ ਤੇ (ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜੀ) ਰੱਖਦਾ ਹੈ।੮।੧। ਵਡਹੰਸੁ ਮਹਲਾ ੩ ॥ ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥ ਵਾਹੁ ਵਾਹੁ ਸਹਜੇ ਗੁਣ ਰਵੀਜੈ ॥ ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥ ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥ ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥ ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥ ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥ ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥ ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥ ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥ ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥ ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥ ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥ ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥ ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥ {ਪੰਨਾ 565} ਪਦਅਰਥ: ਮਨੂਆ = ਹੋਛਾ ਮਨ। ਦਹ ਦਿਸ = ਦਸੀਂ ਪਾਸੀਂ। ਦਿਸ = ਪਾਸਾ। ਇੰਦ੍ਰੀ = ਕਾਮ ਵਾਸਨਾ। ਵਿਆਪਿ ਰਹੀ = ਜ਼ੋਰ ਪਾ ਰੱਖਦੀ ਹੈ। ਅਧਿਕਾਈ = ਬਹੁਤ। ਸੰਤਾਵੈ = ਦੁੱਖੀ ਕਰਦਾ ਹੈ।੧। ਵਾਹੁ ਵਾਹੁ = ਸਿਫ਼ਤਿ-ਸਾਲਾਹ। ਸਹਜੇ = ਸਹਿਜ ਹੀ, ਆਤਮਕ ਅਡੋਲਤਾ ਵਿਚ ਟਿਕ ਕੇ ਹੀ। ਰਵੀਜੈ = ਰਵਿਆ ਜਾ ਸਕਦਾ ਹੈ। ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਦੁਲਭੁ = ਮੁਸ਼ਕਿਲ ਨਾਲ ਮਿਲਣ ਵਾਲਾ। ਪੀਤੈ = ਪੀਤਾ ਜਾ ਸਕਦਾ ਹੈ।੧।ਰਹਾਉ। ਚੀਨਿ = ਪਛਾਣ ਕੇ, ਸਾਂਝ ਪਾ ਕੇ। ਤਾ = ਤਦੋਂ। ਆਪੈ ਆਪੁ = ਆਪਣੇ ਆਪ ਨੂੰ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ = ਚਰਨਾਂ ਵਿਚ।੨। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ। ਨਿਰਮਲੁ = ਪਵਿਤ੍ਰ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਪਾਉ = ਪ੍ਰਾਪਤ ਕਰ।੩। ਸੇ = ਤੋਂ। ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ।੪। ਬਿਖੁ = ਜ਼ਹਿਰ। ਸੇ = ਤੋਂ। ਅਕਹੁ = ਅੱਕ ਤੋਂ। ਪਰਮਲ = ਚੰਦਨ। ਵਾਸਨਾ = ਸੁਗੰਧੀ।੫। ਪੂਰੇ ਭਾਗਿ = ਵੱਡੀ ਕਿਸਮਤਿ ਨਾਲ।੬। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਬਿਖੁ = ਵਿਕਾਰਾਂ ਦੀ ਜ਼ਹਿਰ। ਅਹਿਲਾ = ਕੀਮਤੀ। ਸਾਗਰੁ = ਸਮੁੰਦਰ। ਭਾਇਆ = ਚੰਗਾ ਲੱਗਾ।੭। ਮੁਖਹੁ = ਮੂੰਹ ਨਾਲ। ਸਭੁ ਕੋ = ਹਰੇਕ ਜੀਵ। ਹਿਰਦੈ = ਹਿਰਦੇ ਵਿਚ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।੮। ਅਰਥ: ਹੇ ਭਾਈ! ਆਤਮਕ ਅਡੋਲਤਾ ਵਿਚ ਟਿਕ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ। ਗੁਰੂ ਦੀ ਮਤਿ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ।੧।ਰਹਾਉ। ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਨਹੀਂ ਗਾ ਸਕਦਾ, ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਜਿਸ ਨੂੰ ਕ੍ਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ।੧। ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਜਦੋਂ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।੨। ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। (ਹੇ ਭਾਈ!) ਪਰਮਾਤਮਾ ਸਦਾ ਪਵਿਤ੍ਰ ਹੈ, ਸਦਾ ਸੁਖ ਦੇਣ ਵਾਲਾ ਹੈ (ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ) ਮਨ-ਇੱਛਤ ਫਲ ਹਾਸਲ ਕਰੇਂਗਾ।੩। ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਅਸੀ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ। ਪਰਮਾਤਮਾ ਪੱਥਰ-ਚਿੱਤ ਮਨੁੱਖ ਨੂੰ ਭੀ (ਵਿਕਾਰਾਂ ਵਿਚ) ਡੁੱਬਦੇ ਨੂੰ ਕੱਢ ਲੈਂਦਾ ਹੈ, ਤੇ, ਸਦਾ ਕਾਇਮ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ।੪। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ, ਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ।੫। ਹੇ ਭਾਈ! ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ (ਮਨੁੱਖਾ ਜਨਮ ਦੀ ਰਾਹੀਂ ਉਸੇ ਮਨੁੱਖ ਨੇ ਕੁਝ) ਖੱਟਿਆ ਜਾਣੋ, ਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਹੈ।੬। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ, ਕੀਮਤੀ ਮਨੁੱਖ ਜਨਮ ਗੰਵਾ ਲੈਂਦੇ ਹਨ। ਸਦਾ ਹੀ ਸੁਖਾਂ ਨਾਲ ਭਰਪੂਰ ਹਰਿ-ਨਾਮ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਉਹਨਾਂ ਨੂੰ ਚੰਗਾ ਨਹੀਂ ਲੱਗਦਾ।੭। ਹੇ ਭਾਈ! ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ। ਹੇ ਨਾਨਕ! ਆਖ-) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।੮।੨। |
Sri Guru Granth Darpan, by Professor Sahib Singh |