ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 569 ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥ ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥ ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥ ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥ ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥ ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥ {ਪੰਨਾ 569} ਪਦਅਰਥ: ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ (ਰਹਿ ਕੇ) । ਮੰਨਿ = ਮਨਿ, ਮਨ ਵਿਚ, (ਹੁਕਮ ਨੂੰ) ਮਨ ਵਿਚ (ਵਸਾ ਕੇ) । ਮੇਲਿ = ਮੇਲ ਵਿਚ, ਪ੍ਰਭੂ = ਚਰਨਾਂ ਵਿਚ। ਹੁਕਮਿ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ। ਆਪੁ = ਆਪਾ = ਭਾਵ। ਕਹੁ = ਆਖ, ਉਚਾਰ।੪। ਅਰਥ: ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖੇਤੀ ਬਣਾਇਆ ਹੈ ਆਪਣਾ ਵਣਜ ਬਣਾਇਆ ਹੈ, ਉਹ ਪ੍ਰਭੂ-ਰਜ਼ਾ ਵਿਚ ਰਹਿ ਕੇ ਰਜ਼ਾ ਨੂੰ ਮਨ ਵਿਚ ਵਸਾ ਕੇ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ, ਰਜ਼ਾ ਵਿਚ ਤੁਰਿਆਂ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਭੂ ਦੀ ਰਜ਼ਾ ਵਿਚ ਜੋੜਦਾ ਹੈ ਆਤਮਕ ਅਡੋਲਤਾ ਵਿਚ ਲੀਨ ਕਰਦਾ ਹੈ ਉਹ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ। ਉਹ ਮਨੁੱਖ ਗੁਰੂ ਦੀ ਰਾਹੀਂ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ, ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲ ਪੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਾ-ਭਾਵ ਦੂਰ ਕਰਦਾ ਹੈ ਉਹ ਹਰੇਕ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਂਦਾ ਹੈ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਜੋ ਅਪਹੁੰਚ ਹੈ (ਇਨਸਾਨੀ ਸਿਆਣਪ ਦੀ ਪਹੁੰਚ ਤੋਂ ਪਰੇ ਹੈ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਤੇ ਜੋ ਆਪਣੀ ਰਜ਼ਾ ਅਨੁਸਾਰ ਹਰ ਥਾਂ ਵਿਆਪਕ ਹੈ।੪।੨। ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥ {ਪੰਨਾ 569} ਪਦਅਰਥ: ਮਨ = ਹੇ ਮਨ! ਸਚੁ = ਸਦਾ-ਥਿਰ ਪ੍ਰਭੂ। ਸਮਾਲਿ = ਹਿਰਦੇ ਵਿਚ ਵਸਾਈ ਰੱਖ। ਘਰਿ = ਹਿਰਦੇ ਵਿਚ। ਸੁਖਿ = ਆਨੰਦ ਨਾਲ। ਜਮਕਾਲੁ = ਮੌਤ, ਆਤਮਕ ਮੌਤ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ। ਸਚਿ = ਸਦਾ-ਥਿਰ ਪ੍ਰਭੂ ਵਿਚ। ਆਵਣੁ ਜਾਣੁ = ਜਨਮ ਮਰਨ ਦਾ ਗੇੜ। ਰਹਾਏ = ਮੁੱਕ ਜਾਂਦਾ ਹੈ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਵਿਗੁਤੀ = ਖ਼ੁਆਰ ਹੋ ਰਹੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ। ਮੋਹੀ = ਮੋਹ ਵਿਚ ਫਸਾ ਰੱਖੀ ਹੈ।੧। ਅਰਥ: ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧। ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥ ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥ ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥ ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥ ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥ {ਪੰਨਾ 569} ਪਦਅਰਥ: ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ। ਜੋ ਭਾਵੈ = ਜੋ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਜੋ ਪ੍ਰਭੂ ਦੀ ਰਜ਼ਾ ਹੈ। ਸੋ ਭੁੰਚਿ = ਉਸ ਨੂੰ ਖਾਹ, ਉਸ ਨੂੰ ਆਪਣੀ ਖ਼ੁਰਾਕ ਬਣਾ। ਨਿਹਾਲਿ = ਵੇਖ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਗੁਰਮੁਖਿ ਨਦਰਿ ਨਿਹਾਲਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਸਖਾਈ = ਮਿੱਤਰ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੁਲੇ = ਅੰਨ੍ਹੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਈ = ਖ਼ੁਆਰੀ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ।੨। ਅਰਥ: ਹੇ ਮੇਰੇ ਮਨ! ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ। ਹੇ ਮਨ! ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ, ਤੇ, ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ) । ਆਤਮਕ ਜੀਵਨ ਦੀ ਸੂਝ ਤੋਂ ਸੱਖਣੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਮਾਇਆ ਦੇ ਮੋਹ ਦੇ ਕਾਰਨ ਖ਼ੁਆਰੀ ਹੀ ਹੁੰਦੀ ਹੈ। ਹੇ ਨਾਨਕ! ਆਖ-) ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ (ਇਸ ਜਾਲ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹੇ ਮਨ!) ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ (ਜੰਗਲ ਆਦਿਕਾਂ ਵਿਚ) ਨਾਹ ਢੂੰਢਦਾ ਫਿਰ।੨। ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥ ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥ ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥ ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥ ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥ ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥ {ਪੰਨਾ 569} ਪਦਅਰਥ: ਪਾਇ ਕੈ = ਪ੍ਰਾਪਤ ਕਰ ਕੇ, ਪਾਇ ਕਰਿ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸੇਵਨਿ = ਸੇਂਵਦੇ ਹਨ। ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਨਉਨਿਧਿ = ਨੌ ਖ਼ਜ਼ਾਨੇ। ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਦੂਖਿ = ਦੁੱਖ ਵਿਚ। ਸੰਤਾਪੇ = ਵਿਆਕੁਲ। ਦੂਜੈ = ਮਾਇਆ (ਦੇ ਮੋਹ) ਵਿਚ। ਪਤਿ = ਇੱਜ਼ਤ। ਸਤਿਗੁਰਿ = ਗੁਰੂ ਨੇ। ਬੂਝ ਬੁਝਾਈ = ਸਮਝ ਬਖ਼ਸ਼ੀ।੩। ਅਰਥ: ਹੇ ਮੇਰੇ ਮਨ! ਕਈ (ਵਡ-ਭਾਗੀ ਐਸੇ) ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ, ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤੇ, ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ। ਉਹ ਮਨੁੱਖ ਬੇਅੰਤ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ, ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ।੩। ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥ ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥ ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥ ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥ ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥ ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥ {ਪੰਨਾ 569} ਪਦਅਰਥ: ਸੇ ਜਨ = ਉਹ ਬੰਦੇ। ਮਾਰਹਿ = ਮਾਰ ਲੈਂਦੇ ਹਨ, ਵੱਸ ਕਰ ਲੈਂਦੇ ਹਨ। ਬੈਰਾਗੀ = ਨਿਰਮੋਹ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ। ਆਪਣਾ ਆਪੁ = ਆਪਣੇ ਆਤਮਕ ਜੀਵਨ ਨੂੰ। ਮਤਿ = ਅਕਲ। ਨਿਹਚਲ = ਅਡੋਲ। ਗੂੜੀ = (ਪ੍ਰੇਮ = ਰੰਗ ਵਿਚ) ਗੂੜ੍ਹੀ (ਰੰਗੀ ਹੋਈ) । ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਹਜੇ = ਆਤਮਕ ਅਡੋਲਤਾ ਵਿਚ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕਾਮਣਿ = ਇਸਤ੍ਰੀ। ਹਿਤਕਾਰੀ = ਹਿਤ ਕਰਨ ਵਾਲੇ। ਮੋਹਿ = ਮੋਹ ਵਿਚ। ਪਿਆਰੀ = ਪਿਆਰ ਕਰਨ ਵਾਲੇ।੪। ਅਰਥ: ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ, ਉਹ ਮਨੁੱਖ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ, ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤਿ ਜੁੜੀ ਰਹਿੰਦੀ ਹੈ, ਆਪਣੇ ਆਤਮਕ ਜੀਵਨ ਨੂੰ ਉਹ (ਸਦਾ) ਪੜਤਾਲਦੇ ਰਹਿੰਦੇ ਹਨ, ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮਤਿ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਪਰ, ਹੇ ਮਨ!) ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ। ਹੇ ਨਾਨਕ! ਆਖ-) ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ।੪।੩। ਵਡਹੰਸੁ ਮਹਲਾ ੩ ॥ ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥ {ਪੰਨਾ 569-570} ਪਦਅਰਥ: ਰਤਨ ਪਦਾਰਥ = ਕੀਮਤੀ ਰਤਨ। ਵਣਜੀਅਹਿ = ਵਣਜੇ ਜਾਂਦੇ ਹਨ, ਖ਼ਰੀਦੇ ਜਾਂਦੇ ਹਨ। ਸਤਿਗੁਰਿ = ਗੁਰੂ ਨੇ। ਗੁਣ ਮਹਿ = (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਵਿਚ (ਜੁੜ ਕੇ) । ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ। ਸਮਾਈ = ਲੀਨਤਾ। ਸਮਾਏ = ਲੀਨ ਹੋ ਜਾਂਦਾ ਹੈ। ਸੰਸਾਰੇ = ਜਗਤ ਵਿਚ (ਆ ਕੇ) । ਦੂਜੈ = ਮਾਇਆ ਵਿਚ। ਅਧਾਰੇ = ਆਸਰਾ। ਏਤੁ = ਇਸ ਵਿਚ। ਵਾਪਾਰਿ = ਵਪਾਰ ਵਿਚ। ਏਤੁ ਵਾਪਾਰਿ = ਇਸ ਵਪਾਰ ਵਿਚ।੧। ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਹਿਰਦੇ-ਸ਼ਹਰ ਵਿਚ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਕੀਮਤੀ ਰਤਨਾਂ ਦਾ ਵਪਾਰ ਹੁੰਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਹ ਜਗਤ ਵਿਚ (ਜਨਮ ਲੈ ਕੇ) ਪ੍ਰਭੂ ਦੀ ਭਗਤੀ ਦਾ ਲਾਭ ਖੱਟਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਮਾਇਆ ਦੇ ਮੋਹ ਵਿਚ ਫਸਣ ਵਾਲੇ ਨੇ (ਲੋਕ ਪਰਲੋਕ ਵਿਚ ਆਪਣੀ) ਇੱਜ਼ਤ ਗਵਾ ਲਈ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਇਸ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਵੱਖਰ ਵਿਹਾਝਦਾ ਹੈ, ਨਾਮ ਦਾ ਹੀ ਲਾਭ ਖੱਟਦਾ ਹੈ। ਭਾਈ! ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ (ਮਨੁੱਖ ਦੇ ਹਿਰਦੇ-ਸ਼ਹਰ ਵਿਚ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨਾਂ ਦਾ ਵਪਾਰ ਹੋਣ ਲੱਗ ਪੈਂਦਾ ਹੈ।੧। |
Sri Guru Granth Darpan, by Professor Sahib Singh |