ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 570 ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥ ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥ ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥ ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥ ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥ ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥ {ਪੰਨਾ 570} ਪਦਅਰਥ: ਸਭੁ ਦੁਖੁ = ਨਿਰਾ ਦੁੱਖ। ਖੋਟਾ = (ਆਤਮਕ ਜੀਵਨ ਵਿਚ) ਘਾਟਾ ਪਾਣ ਵਾਲਾ। ਬੋਲਿ = ਬੋਲ ਕੇ। ਬਿਖੁ = (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਿਰ। ਵਧਹਿ = ਵਧਦੇ ਹਨ। ਸਹਸਾ = ਸਹਿਮ। ਪਤਿ = ਇੱਜ਼ਤ। ਵਾਦੁ = ਝਗੜਾ, ਬਹਿਸ। ਵਖਾਣਹਿ = ਉਚਾਰਦੇ ਹਨ। ਨ ਚੂਕੈ = ਨਹੀਂ ਮੁੱਕਦਾ।੨। ਅਰਥ: ਹੇ ਭਾਈ! ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ (ਨਿਰੀ ਮਾਇਆ ਦੀ ਖ਼ਾਤਰ ਦੌੜ-ਭਜ) ਆਤਮਕ ਜੀਵਨ ਵਿਚ ਘਾਟਾ ਪਾਣ ਵਾਲਾ ਵਪਾਰ ਹੈ, (ਇਸ ਤਰ੍ਹਾਂ) ਝੂਠ ਬੋਲ ਬੋਲ ਕੇ (ਆਤਮਕ ਮੌਤ ਲਿਆਉਣ ਵਾਲੀ ਮੋਹ ਦੀ) ਜ਼ਹਿਰ ਖਾਧੀ ਜਾਂਦੀ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ। ਅਨੇਕਾਂ ਵਿਕਾਰ ਵਧਦੇ ਜਾਂਦੇ ਹਨ, ਇਹ ਜਗਤ ਭੀ (ਨਿਰਾ) ਸਹਿਮ (ਦਾ ਘਰ ਹੀ ਪ੍ਰਤੀਤ ਹੁੰਦਾ) ਹੈ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਗਵਾ ਲੈਂਦਾ ਹੈ। ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ। ਹੇ ਭਾਈ! ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, (ਨਿਰੀ ਮਾਇਆ ਦੀ ਖ਼ਾਤਰ ਦੌੜ-ਭਜ) ਆਤਮਕ ਜੀਵਨ ਵਿਚ ਘਾਟਾ ਪਾਣ ਵਾਲਾ ਵਪਾਰ ਹੈ।੨। ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥ ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥ ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥ ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥ ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥ ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥ {ਪੰਨਾ 570} ਪਦਅਰਥ: ਸਭਿ = ਸਾਰੇ। ਪਰਖੀਅਨਿ = ਪਰਖੇ ਜਾਂਦੇ ਹਨ। ਤਿਤੁ = ਉਸ ਵਿਚ। ਤਿਤੁ ਦਰਬਾਰਾ = ਤਿਤੁ ਦਰਬਾਰਿ, ਉਸ ਦਰਬਾਰ ਵਿਚ। ਸੁਟੀਅਨਿ = ਪਰੇ ਸੁੱਟੇ ਜਾਂਦੇ ਹਨ, ਰੱਦ ਕੀਤੇ ਜਾਂਦੇ ਹਨ। ਊਭੇ = ਖਲੋਤੇ। ਕਰਨਿ = ਕਰਦੇ ਹਨ। ਮੁਗਧ = ਮੂਰਖ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰ ਕੇ। ਬਿਖਿਆ = ਜ਼ਹਿਰ। ਜਿਨਿ = ਜਿਸ (ਮਾਇਆ) ਨੇ। ਭੁਲਾਇਆ = ਕੁਰਾਹੇ ਪਾ ਦਿੱਤਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਭਾਇਆ = ਪਸੰਦ ਆਇਆ। ਕਰਿ = ਕਰ ਕੇ। ਤਿਤੁ ਸਚੈ ਦਰਵਾਰਾ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।੩। ਅਰਥ: ਹੇ ਭਾਈ! ਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ। ਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਵਿਚ ਰੱਦੇ ਜਾਣ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ) । (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜਿਸ ਜ਼ਹਿਰ-ਮਾਇਆ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ (ਉਸ ਵਿਚ ਫਸ ਕੇ ਉਹਨਾਂ ਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ। (ਸੰਤ ਜਨ ਅਜੇਹੇ ਮਨੁੱਖਾਂ ਨੂੰ ਉਪਦੇਸ਼ ਤਾਂ ਕਰਦੇ ਹਨ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ। ਹੇ ਭਾਈ! ਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ।੩। ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥ ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥ ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥ ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥ ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥ {ਪੰਨਾ 570} ਪਦਅਰਥ: ਹੋਰੁ = (ਉਸ ਦੀ ਰਜ਼ਾ ਦੇ ਉਲਟ ਕੋਈ) ਹੋਰ (ਕੰਮ) । ਜਿਤੁ = ਜਿਸ (ਕੰਮ) ਵਿਚ। ਤਿਤੁ = ਉਸ (ਕੰਮ) ਵਿਚ। ਤਿਸ ਦੀ = {ਲਫ਼ਜ਼ 'ਤਿਸੁ ਦਾ ੁ ਸੰਬੰਧਕ 'ਦੀ' ਦੇ ਕਾਰਨ ਉੱਡ ਗਿਆ ਹੈ}। ਵਰੀਆਮੁ = ਸੂਰਮਾ। ਫੁਸੀ = ਕਮਜ਼ੋਰ। ਕਰਮਿ = (ਜੀਵ ਦੇ ਕੀਤੇ) ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਆਪੁ = ਆਪਾ = ਭਾਵ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖੋ}। ਨਾਮਿ = ਨਾਮ ਵਿਚ (ਜੁੜ ਕੇ) । ਪਤਿ = ਇੱਜ਼ਤ।੪। ਅਰਥ: (ਹੇ ਭਾਈ! ਜੀਵਾਂ ਨੂੰ 'ਖੋਟੇ ਖਰੇ' ਪਰਮਾਤਮਾ) ਆਪ ਹੀ ਬਣਾਂਦਾ ਹੈ। (ਕਿਸੇ ਜੀਵ ਦੇ ਖੋਟੇ ਜਾਂ ਖਰੇ ਹੋਣ ਦਾ ਗਿਲਾ) ਕਿਸੇ ਪਾਸ ਨਹੀਂ ਕੀਤਾ ਜਾ ਸਕਦਾ। (ਪ੍ਰਭੂ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ। ਜਿਸ ਕੰਮ ਵਿਚ (ਜੀਵਾਂ ਨੂੰ ਲਾਣ ਦੀ ਪ੍ਰਭੂ ਦੀ) ਮਰਜ਼ੀ ਹੁੰਦੀ ਹੈ ਉਸ ਕੰਮ ਵਿਚ ਲਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ) । ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ। ਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ (ਤੇ ਜੀਵਾਂ ਨੂੰ ਸਹੀ ਜੀਵਨ-ਰਾਹ ਦੱਸਦਾ ਹੈ) । ਹੇ ਨਾਨਕ! ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ (ਜਿਸ ਨੇ ਆਪਾ-ਭਾਵ ਦੂਰ ਕਰ ਲਿਆ, ਉਸ ਨੇ) ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਇੱਜ਼ਤ ਪ੍ਰਾਪਤ ਕਰ ਲਈ ਹੈ। (ਹੇ ਭਾਈ! ਜੀਵਾਂ ਨੂੰ ਖੋਟੇ ਖਰੇ ਪਰਮਾਤਮਾ) ਆਪ ਹੀ ਬਣਾਂਦਾ ਹੈ (ਕਿਸੇ ਜੀਵ ਦੇ ਖੋਟੇ ਜਾਂ ਖਰੇ ਹੋਣ ਦਾ ਗਿਲਾ) ਕਿਸੇ ਪਾਸ ਨਹੀਂ ਕੀਤਾ ਜਾ ਸਕਦਾ। (ਪ੍ਰਭੂ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।੪।੪। ਵਡਹੰਸੁ ਮਹਲਾ ੩ ॥ ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥ ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥ ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥ ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥ ਨਦਰਿ ਕਰੇ ਸੋਈ ਸਚੁ ਪਾਏ ਗੁਰ ਕੈ ਸਬਦਿ ਵੀਚਾਰਾ ॥ ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥੧॥ {ਪੰਨਾ 570} ਪਦਅਰਥ: ਸਚਾ = ਸਦਾ ਨਾਲ ਨਿਭਣ ਵਾਲਾ। ਵਣਜੀਐ = ਖ਼ਰੀਦਿਆ ਜਾ ਸਕਦਾ ਹੈ। ਅਫਾਰਾ = ਬਹੁਤ। ਸਚਿ ਵਾਪਾਰਿ = ਸਦਾ-ਥਿਰ ਹਰੀ ਦੇ ਨਾਮ ਸਿਮਰਨ ਦੇ ਵਪਾਰ ਵਿਚ। ਅੰਤਰਿ = ਹਿਰਦੇ ਵਿਚ। ਬਾਹਰਿ = ਦੁਨੀਆ ਨਾਲ ਕਾਰ = ਵਿਹਾਰ ਕਰਦਿਆਂ। ਲਿਵ = ਲਗਨ। ਸਚ = ਸਦਾ-ਥਿਰ ਹਰਿ = ਨਾਮ। ਸਬਦਿ = ਸ਼ਬਦ ਵਿਚ। ਨਾਮਿ = ਨਾਮ ਵਿਚ। ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ।੧। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ। ਇਹ ਹਰਿ-ਨਾਮ ਗੁਰੂ ਦੀ ਮਤਿ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ (ਦੁਨੀਆ ਦਾ ਕੋਈ ਪਦਾਰਥ ਇਸ ਦੀ ਬਰਾਬਰੀ ਨਹੀਂ ਕਰ ਸਕਦਾ) । ਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ। ਉਹ ਮਨੁੱਖ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ, ਦੁਨੀਆ ਨਾਲ ਕਾਰ-ਵਿਹਾਰ ਕਰਦੇ ਭੀ ਉਹ ਭਗਤੀ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ ਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ। ਹੇ ਨਾਨਕ! ਆਖ-) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ।੧। ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥ ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥ ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ ਜਿਸੁ ਨਦਰਿ ਕਰੇ ਸੋਈ ਸਚਿ ਲਾਗੈ ਰਸਨਾ ਰਾਮੁ ਰਵੀਜੈ ॥ ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥੨॥ {ਪੰਨਾ 570} ਪਦਅਰਥ: ਭਰੀਜੈ = ਭਰ ਜਾਂਦਾ ਹੈ, ਲਿੱਬੜ ਜਾਂਦਾ ਹੈ, ਮੈਲਾ ਹੋ ਜਾਂਦਾ ਹੈ। ਰਸਨਾ = ਜੀਭ (ਨਾਲ) । ਪੀਜੈ = ਪੀਣਾ ਚਾਹੀਦਾ ਹੈ। ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖੋ}। ਅੰਤਰਿ = ਅੰਦਰ, ਮਨ ਵਿਚ। ਖੂਹਟਾ = ਸੋਹਣਾ ਜਿਹਾ ਖੂਹ, ਚਸ਼ਮਾ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਨਾਲ। ਪੀਐ = ਪੀਂਦੀ ਹੈ। ਪਨਿਹਾਰੀ = ਪਾਣੀ ਭਰਨ ਵਾਲੀ। ਸਚਿ = ਸਦਾ-ਥਿਰ ਹਰਿ = ਨਾਮ ਵਿਚ। ਰਵੀਜੈ = ਸਿਮਰਨਾ ਚਾਹੀਦਾ ਹੈ। ਹੋਰ = ਬਾਕੀ ਦੀ ਲੁਕਾਈ।੨। ਅਰਥ: ਹੇ ਭਾਈ! ਹਉਮੈ ਅਤੇ ਮਾਇਆ (ਦੀ ਮਮਤਾ ਮਨੁੱਖ ਦੇ ਆਤਮਕ ਜੀਵਨ ਨੂੰ ਮੈਲਾ ਕਰਨ ਵਾਲੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ। ਗੁਰੂ ਦੀ ਮਤਿ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ (ਇਸ ਵਾਸਤੇ, ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ) ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ। ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, (ਇਸ ਨਾਮ ਜਲ ਨਾਲ) ਹਿਰਦਾ ਤਰੋ-ਤਰ ਹੋ ਜਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਾਂਦਾ ਹੈ। ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ। (ਪਰ, ਹੇ ਭਾਈ!) ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ ਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ। (ਹੇ ਭਾਈ!) ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ।੨। TOP OF PAGE |
Sri Guru Granth Darpan, by Professor Sahib Singh |