ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 571 ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥ ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥ ਮਾਇਆ ਕੇ ਵਾਪਾਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥ ਬਿਖੁ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਟਾ ਮਾਹਿ ਸਮਾਈ ॥ ਜੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ ॥ ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥ {ਪੰਨਾ 571} ਪਦਅਰਥ: ਜੋਤਕੀ = ਜੋਤਸ਼ੀ। ਸਭਿ = ਸਾਰੇ। ਕੂਕਦੇ = ਉੱਚੀ ਉੱਚੀ (ਹੋਰਨਾਂ ਨੂੰ ਹੀ) ਸੁਣਾਂਦੇ ਹਨ। ਪਹਿ = ਪਾਸ, ਕੋਲ। ਅੰਤਰਿ = (ਉਹਨਾਂ ਦੇ) ਅੰਦਰ। ਜਗਤਿ = ਜਗਤ ਵਿਚ। ਆਵਣਿ = ਆਉਣ ਵਿਚ। ਜਾਣਿ = ਜਾਣ ਵਿਚ। ਆਵਣਿ ਜਾਣਿ = ਜਨਮ ਮਰਨ ਦੇ ਗੇੜ ਵਿਚ। ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲਾ ਮਾਇਆ ਦੇ ਮੋਹ ਦੇ ਜ਼ਹਿਰ। ਸਿਉ = ਨਾਲ। ਸਮਾਈ = ਗ਼ਰਕ ਹੋ ਜਾਂਦਾ ਹੈ, ਆਤਮਕ ਜੀਵਨ ਮੁਕਾ ਲੈਂਦਾ ਹੈ। ਧੁਰਿ = ਧੁਰ ਦਰਗਾਹ ਤੋਂ। ਨਾਮਿ = ਨਾਮ ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ} ਬਾਕੀ ਦੇ ਮਨੁੱਖ। ਕੂਕਿ = ਉੱਚੀ ਉੱਚੀ (ਹੋਰਨਾਂ ਨੂੰ) ਉਪਦੇਸ਼ ਕਰ ਕਰ ਕੇ। ਮੁਏ = ਆਤਮਕ ਮੌਤੇ ਮਰਦੇ ਹਨ।੩। ਅਰਥ: ਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ? ਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦਾ ਮੋਹ (ਪ੍ਰਬਲ) ਹੈ, (ਇਹਨਾਂ ਦੇ ਆਪਣੇ ਮਨ ਨੂੰ ਤਾਂ ਮਾਇਆ ਦੀ) ਮੈਲ ਲੱਗੀ ਰਹਿੰਦੀ ਹੈ, (ਇਹਨਾਂ ਦੇ ਇਹ ਸਾਰੇ ਉਪਦੇਸ਼) ਮਾਇਆ ਦੇ ਹੀ ਵਪਾਰ ਹਨ। (ਅਜੇਹੇ ਮਨੁੱਖ ਨੂੰ) ਜਗਤ ਵਿਚ (ਇਹ ਧਰਮ-ਉਪਦੇਸ਼) ਮਾਇਆ ਦੇ ਵਪਾਰ (ਵਾਂਗ ਹੀ) ਪਿਆਰੇ ਹਨ, (ਹੋਰਨਾਂ ਨੂੰ ਉਪਦੇਸ਼ ਕਰਦਾ ਹੈ, ਪਰ ਆਪ) ਜਨਮ ਮਰਨ ਦੇ ਗੇੜ ਵਿਚ ਦੁੱਖ ਪਾਂਦਾ ਰਹਿੰਦਾ ਹੈ। (ਅਜੇਹਾ ਮਨੁੱਖ ਸਾਰੀ ਉਮਰ ਆਤਮਕ ਮੌਤ ਲਿਆਉਣ ਵਾਲੇ ਮੋਹ-) ਜ਼ਹਿਰ ਦਾ ਕੀੜਾ ਬਣਿਆ ਰਹਿੰਦਾ ਹੈ, ਇਸੇ ਜ਼ਹਿਰ ਨਾਲ ਚੰਬੜਿਆ ਰਹਿੰਦਾ ਹੈ, ਇਸੇ ਗੰਦ ਵਿਚ ਆਤਮਕ ਜੀਵਨ ਮੁਕਾ ਲੈਂਦਾ ਹੈ। (ਪਰਮਾਤਮਾ ਨੇ ਅਜੇਹੇ ਮਨੁੱਖ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰ ਤੋਂ (ਉਸ ਦੇ ਮੱਥੇ ਉਤੇ) ਲਿਖ ਦਿੱਤਾ ਹੈ (ਜਗਤ ਵਿਚ ਆ ਕੇ) ਇਹ ਉਹੀ ਕੁਝ ਕਮਾਂਦਾ ਰਹਿੰਦਾ ਹੈ। ਕੋਈ ਮਨੁੱਖ (ਉਸ ਦੇ ਮੱਥੇ ਦੇ ਉਹਨਾਂ ਲੇਖਾਂ ਨੂੰ) ਮਿਟਾ ਨਹੀਂ ਸਕਦਾ। ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਆਨੰਦ ਮਾਣਦੇ ਹਨ, ਬਾਕੀ ਦੇ ਉਹ ਮੂਰਖ ਹਨ ਗੰਵਾਰ ਹਨ ਜੋ ਹੋਰਨਾਂ ਨੂੰ ਹੀ ਉਪਦੇਸ਼ ਕਰ ਕਰ ਕੇ ਆਪ ਆਤਮਕ ਮੌਤ ਸਹੇੜ ਲੈਂਦੇ ਹਨ।੩। ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥ ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗੁ ਜਾਈ ਰਾਮ ॥ ਦੂਜਾ ਰੰਗੁ ਜਾਈ ਸਾਚਿ ਸਮਾਈ ਸਚਿ ਭਰੇ ਭੰਡਾਰਾ ॥ ਗੁਰਮੁਖਿ ਹੋਵੈ ਸੋਈ ਬੂਝੈ ਸਚਿ ਸਵਾਰਣਹਾਰਾ ॥ ਆਪੇ ਮੇਲੇ ਸੋ ਹਰਿ ਮਿਲੈ ਹੋਰੁ ਕਹਣਾ ਕਿਛੂ ਨ ਜਾਏ ॥ ਨਾਨਕ ਵਿਣੁ ਨਾਵੈ ਭਰਮਿ ਭੁਲਾਇਆ ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥ {ਪੰਨਾ 571} ਪਦਅਰਥ: ਮੋਹਿ = ਮੋਹ ਵਿਚ। ਸੁਧਿ = (ਆਤਮਕ ਜੀਵਨ ਦੀ) ਸਮਝ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਈ = ਦੂਰ ਹੋ ਜਾਂਦਾ ਹੈ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਸਚਿ = ਸਦਾ-ਥਿਰ ਹਰਿ = ਨਾਮ = ਧਨ ਨਾਲ। ਭਰਮਿ = ਭਟਕਣਾ ਵਿਚ (ਪੈ ਕੇ) । ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਮਨੁੱਖ। ਲਾਏ = ਲਾਇ, ਲਾ ਕੇ।੪। ਅਰਥ: ਹੇ ਭਾਈ! ਮਾਇਆ ਦੇ ਮੋਹ ਵਿਚ (ਇਸ ਮਨੁੱਖ ਦਾ) ਮਨ ਰੰਗਿਆ ਜਾਂਦਾ ਹੈ, ਮੋਹ ਵਿਚ (ਫਸ ਕੇ ਉਸ ਨੂੰ ਆਤਮਕ ਜੀਵਨ ਦੀ) ਕੋਈ ਸਮਝ ਨਹੀਂ ਆਉਂਦੀ। ਜੇ ਇਸ ਮਨ ਨੂੰ ਗੁਰੂ ਦੀ ਸਰਨ ਪੈ ਕੇ (ਨਾਮ-ਰੰਗ ਨਾਲ) ਰੰਗ ਲਿਆ ਜਾਏ, ਤਾਂ (ਇਸ ਤੋਂ) ਮਾਇਆ ਦੇ ਮੋਹ ਦਾ ਰੰਗ ਉਤਰ ਜਾਂਦਾ ਹੈ। (ਜਦੋਂ ਮਨੁੱਖ ਦੇ ਮਨ ਤੋਂ) ਮਾਇਆ ਦੇ ਮੋਹ ਦਾ ਰੰਗ ਲਹਿ ਜਾਂਦਾ ਹੈ, ਤਦੋਂ (ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ-ਧਨ ਨਾਲ (ਉਸ ਦੇ ਆਤਮਕ) ਖ਼ਜ਼ਾਨੇ ਭਰ ਜਾਂਦੇ ਹਨ। ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ (ਇਸ ਭੇਤ ਨੂੰ) ਸਮਝਦਾ ਹੈ। ਉਹ ਸਦਾ-ਥਿਰ ਹਰਿ-ਨਾਮ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ। ਪਰ, ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ (ਆਪਣੇ ਨਾਲ) ਮਿਲਾਂਦਾ ਹੈ ਉਹੀ ਪਰਮਾਤਮਾ ਨੂੰ ਮਿਲ ਸਕਦਾ ਹੈ (ਪਰਮਾਤਮਾ ਦੀ ਆਪਣੀ ਮੇਹਰ ਤੋਂ ਛੁਟ) ਕੋਈ ਹੋਰ ਉਪਾਉ ਦੱਸਿਆ ਨਹੀਂ ਜਾ ਸਕਦਾ। ਹੇ ਨਾਨਕ! ਜਗਤ ਨਾਮ ਤੋਂ ਬਿਨਾ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਕਈ ਐਸੇ ਭੀ ਹਨ ਜੋ (ਪ੍ਰਭੂ-ਚਰਨਾਂ ਨਾਲ) ਪ੍ਰੀਤਿ ਜੋੜ ਕੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।੪।੫। ਵਡਹੰਸੁ ਮਹਲਾ ੩ ॥ ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥ ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥ ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥ ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥ ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥ ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥ {ਪੰਨਾ 571} ਪਦਅਰਥ: ਆਵਾਗਉਣੁ = (ਜਗਤ ਵਿਚ) ਆਉਣਾ ਤੇ (ਜਗਤ ਤੋਂ) ਜਾਣਾ, ਜਨਮ ਮਰਨ। ਸੰਸਾਰਿ = ਜਗਤ (ਦਾ ਮੋਹ) । ਅੰਤਿ = ਆਖ਼ਰ ਨੂੰ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਜੁੜਿਆਂ) । ਨਿਬੇੜਾ = (ਆਵਾਗਉਣ ਦਾ) ਖ਼ਾਤਮਾ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਰੰਗਿ = ਪ੍ਰੇਮ = ਰੰਗ ਵਿਚ। ਰਾਤੇ = ਰੰਗੇ ਹੋਏ। ਸਹਜੇ = ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਮਨਿ = ਮਨ ਵਿਚ। ਸਚੁ = ਸਦਾ-ਥਿਰ = ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ। ਨਾਮਿ = ਨਾਮ ਵਿਚ। ਬਹੁਰਿ = ਮੁੜ, ਫਿਰ। ਭਵਜਲਿ = ਸੰਸਾਰ = ਸਮੁੰਦਰ ਵਿਚ।੧। ਅਰਥ: ਹੇ ਮੇਰੇ ਮਨ! ਜਗਤ (ਦਾ ਮੋਹ ਜੀਵ ਵਾਸਤੇ) ਜਨਮ ਮਰਨ (ਦਾ ਗੇੜ ਲਿਆਉਂਦਾ) ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ (ਜਨਮ ਮਰਨ ਦੇ ਗੇੜ ਦਾ) ਖ਼ਾਤਮਾ ਹੋ ਜਾਂਦਾ ਹੈ। ਜਿਸ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਉਸ ਨੂੰ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ। ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ, ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋਣ ਕਰ ਕੇ ਉਸ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਜੇਹੜੇ ਮਨੁੱਖ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ। ਹੇ ਮੇਰੇ ਮਨ! ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ। ਹੇ ਨਾਨਕ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ।੧। ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥ ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥ ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥ ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥ ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥ {ਪੰਨਾ 571} ਪਦਅਰਥ: ਸਭੁ = ਸਾਰਾ, ਨਿਰਾ। ਬਰਲੁ = ਪਾਗਲ = ਪਨ, ਝੱਲ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਈ = ਕੁਰਾਹੇ ਪਈ ਹੋਈ ਹੈ। ਹੇਤੁ = ਮੋਹ। ਹੇਤੇ = ਮੋਹ ਵਿਚ ਹੀ। ਪਲਚਾਈ = ਉਲਝੀ ਹੋਈ, ਫਸੀ ਹੋਈ। ਪੁਰਬਿ = ਪਹਿਲੇ ਜਨਮ ਵਿਚ। ਜਿਨਿ = ਜਿਸ (ਕਰਤਾਰ) ਨੇ। ਕਰਿ = ਕਰ ਕੇ, ਮਾਇਆ ਦਾ ਮੋਹ ਰਚ ਕੇ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਤਪਿ ਤਪਿ = ਸੜ ਸੜ ਕੇ। ਖਪੈ = ਦੁਖੀ ਹੁੰਦਾ ਹੈ। ਮੋਹਿ = ਮੋਹ ਵਿਚ।੨। ਅਰਥ: ਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ (ਜੋ ਦੁਨੀਆ ਨੂੰ ਚੰਬੜਿਆ ਹੋਇਆ ਹੈ, ਦੁਨੀਆ ਇਸ) ਮਾਇਆ ਦੇ ਮੋਹ ਵਿਚ ਸਹੀ ਜੀਵਨ-ਰਾਹ ਤੋਂ ਖੁੰਝੀ ਜਾ ਰਹੀ ਹੈ। (ਇਹ ਮੇਰੀ) ਮਾਂ (ਹੈ, ਇਹ ਮੇਰਾ) ਪਿਉ (ਹੈ ਇਹ ਮੇਰੀ ਇਸਤ੍ਰੀ ਹੈ, ਇਹ ਮੇਰਾ ਪੁੱਤਰ ਹੈ-ਇਹ ਭੀ) ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ। ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਲੁਕਾਈ ਸੰਬੰਧੀਆਂ ਦੇ) ਮੋਹ ਵਿਚ ਫਸੀ ਰਹਿੰਦੀ ਹੈ, (ਆਪਣੀ ਕਿਸੇ ਸਿਆਣਪ-ਚਤੁਰਾਈ ਨਾਲ ਪੂਰਬਲੇ ਕਰਮਾਂ ਦੇ ਸੰਸਕਾਰਾਂ ਨੂੰ) ਕੋਈ ਮਨੁੱਖ ਮਿਟਾ ਨਹੀਂ ਸਕਦਾ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ (ਕੋਈ ਉਸ ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ, ਕਿਉਂਕਿ) ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ।੨। ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥ ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥ ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥ ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥ ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ ॥ ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥ {ਪੰਨਾ 571} ਪਦਅਰਥ: ਦੇਖਿ ਕੈ = ਦੇਖਿ ਕਰਿ, ਵੇਖ ਕੇ। ਕਰੀ = ਮੈਂ ਕਰਦਾ ਹਾਂ। ਵਡਾਈ = ਇੱਜ਼ਤ। ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ। ਅਵਰੁ = ਕੋਈ ਹੋਰ। ਜੁਗਿ ਜੁਗਿ ਏਕੋ = ਜੋ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ। ਜਾਤਾ = ਡੂੰਘੀ ਸਾਂਝ ਪਾਈ। ਜਤੁ = ਕਾਮ = ਵਾਸਨਾ ਨੂੰ ਰੋਕਣ ਦਾ ਜਤਨ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਗਤਿ = ਉੱਚੀ ਆਤਮਕ ਅਵਸਥਾ। ਤਿਸ ਨੋ {ਲਫ਼ਜ਼ 'ਤਿਸੁ ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।੩। ਅਰਥ: ਹੇ ਭਾਈ! ਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ) । ਮੈਂ (ਭੀ) ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ-ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼। ਮੈਨੂੰ ਆਪਣੀ ਸਰਨ ਵਿਚ ਰੱਖ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼। ਇਹ ਦਾਤਿ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ। (ਹੇ ਭਾਈ! ਜੇ ਕੋਈ ਮਨੁੱਖ) ਜਤ ਸਤ ਸੰਜਮ (ਆਦਿਕ) ਕਰਮ ਕਮਾਂਦਾ ਹੈ (ਉਸ ਦਾ ਇਹ ਉੱਦਮ ਵਿਅਰਥ ਜਾਂਦਾ ਹੈ) , ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤਿ ਬਖ਼ਸ਼ਦਾ ਹੈ।੩। ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥ ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥ ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥ ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥ ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥ {ਪੰਨਾ 571} ਪਦਅਰਥ: ਦੇਇ = ਦੇਂਦਾ ਹੈ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ। ਨ ਭਾਈ = ਪਸੰਦ ਨਹੀਂ ਆਉਂਦੀ। ਦਰਿ = ਦਰ ਤੇ। ਸਾਚੈ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੈ ਸਬਦਿ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਸੁਭਾਖਿਆ = ਸਿਫ਼ਤਿ-ਸਾਲਾਹ ਕਰਦਾ ਹੈ। ਘਰ ਮਹਿ = ਹਿਰਦੇ ਵਿਚ। ਨਿਜ ਘਰੁ = ਆਪਣਾ ਅਸਲ ਘਰ, ਪ੍ਰਭੂ ਦੀ ਹਜ਼ੂਰੀ। ਨਾਮਿ = ਨਾਮ ਵਿਚ। ਸੇਈ = ਉਹ ਬੰਦੇ ਹੀ। ਪਾਇਨਿ = ਪਾ ਲੈਂਦੇ ਹਨ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਾਈ ਮਤਿ = ਉਹੀ ਅਕਲ।੪। ਅਰਥ: ਹੇ ਭਾਈ! ਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ (ਉਸ ਦੇ ਅੰਦਰ) ਉਹੀ ਮਤਿ ਪਰਗਟ ਹੁੰਦੀ ਹੈ। (ਪ੍ਰਭੂ ਦੀ ਦਿੱਤੀ ਮਤਿ ਤੋਂ ਬਿਨਾ) ਹੋਰ ਕੋਈ ਮਤਿ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ) । ਹੇ ਪ੍ਰਭੂ! ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ। (ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ। (ਤਾਂਹੀਏ, ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ।੪।੬। TOP OF PAGE |
Sri Guru Granth Darpan, by Professor Sahib Singh |