ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 572

ਵਡਹੰਸੁ ਮਹਲਾ ੪ ਛੰਤ    ੴ ਸਤਿਗੁਰ ਪ੍ਰਸਾਦਿ ॥ ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥ ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥ ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥ ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥ {ਪੰਨਾ 572}

ਪਦਅਰਥ: ਮੇਰੈ ਮਨਿ = ਮੇਰੇ ਮਨ ਵਿਚ। ਸਤਿਗੁਰਿ = ਗੁਰੂ ਨੇ। ਮੇਰੈ ਮੰਨਿ = ਮੇਰੇ ਮਨ ਵਿਚ। ਸਭਿ = ਸਾਰੇ। ਵਿਸਾਰਣਹਾਰਾ = ਦੂਰ ਕਰਨ ਜੋਗਾ। ਧਨੁ ਧਨੁ = ਸਲਾਹੁਣ = ਜੋਗ। ਸੇਵਹ = ਅਸੀ ਸੇਵਦੇ ਹਾਂ, ਅਸੀ ਸੇਵਾ ਕਰਦੇ ਹਾਂ। ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਸੇਵਾ ਦੀ ਰਾਹੀਂ। ਸਤਿਗੁਰ ਪ੍ਰੀਤਿ = ਗੁਰੂ ਦੀ ਪ੍ਰੀਤਿ।੧।

ਅਰਥ: ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ (ਆਪਣੇ ਚਰਨਾਂ ਦੀ) ਪ੍ਰੀਤਿ ਪੈਦਾ ਕੀਤੀ ਹੈ। ਗੁਰੂ ਨੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਦਿੱਤਾ ਹੈ। (ਗੁਰੂ ਨੇ) ਮੇਰੇ ਮਨ ਵਿਚ (ਉਹ) ਹਰਿ-ਨਾਮ ਵਸਾ ਦਿੱਤਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ। ਵੱਡੇ ਭਾਗਾਂ ਨਾਲ ਮੈਂ ਸਤਿਗੁਰੂ ਦਾ ਦਰਸ਼ਨ ਕਰ ਲਿਆ ਹੈ। ਮੇਰਾ ਗੁਰੂ ਬਹੁਤ ਹੀ ਸਲਾਹੁਣ-ਜੋਗ ਹੈ। ਹੁਣ ਮੈਂ ਉਠਦਾ ਬੈਠਦਾ ਹਰ ਵੇਲੇ ਗੁਰੂ ਦੀ ਦੱਸੀ ਸੇਵਾ ਕਰਦਾ ਹਾਂ ਜਿਸ ਸੇਵਾ ਦੀ ਬਰਕਤਿ ਨਾਲ ਮੈਂ ਆਤਮਕ ਸ਼ਾਂਤੀ ਹਾਸਲ ਕਰ ਲਈ ਹੈ। ਹੇ ਭਾਈ! ਮੇਰੇ ਮਨ ਵਿਚ ਗੁਰੂ ਦਾ ਪਿਆਰ ਪੈਦਾ ਹੋ ਗਿਆ ਹੈ।੧।

ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥ ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥ ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥ ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥ ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥ {ਪੰਨਾ 572}

ਪਦਅਰਥ: ਹਉ = ਮੈਂ। ਜੀਵਾ = ਜੀਵਾਂ, ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਦੇਖਿ = ਵੇਖ ਕੇ। ਸਰਸੇ = ਸ = ਰਸੇ, ਰਸ ਨਾਲ ਭਰ ਜਾਂਦਾ ਹੈ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਟਿਕਾ ਦੇਂਦਾ ਹੈ। ਜਪਿ = ਜਪ ਕੇ। ਵਿਗਸੇ = ਖਿੜ ਆਉਂਦਾ ਹੈ। ਕਮਲ = ਕੌਲ ਫੁੱਲ। ਪਰਗਾਸੇ = ਖਿੜਦਾ ਹੈ। ਨਵੰ ਨਿਧਿ = ਨੌ ਨਿਧੀਆਂ, ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ = ਟਿਕਵੀਂ ਸੁਰਤਿ। ਤੇ = ਤੋਂ। ਪਰਸੇ = ਪਰਸਿ, ਛੁਹ ਕੇ।੨।

ਅਰਥ: ਹੇ ਭਾਈ! ਗੁਰੂ ਦਾ ਦਰਸ਼ਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ। ਗੁਰੂ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਟਿਕਾ ਦੇਂਦਾ ਹੈ, (ਉਸ) ਹਰਿ-ਨਾਮ ਨੂੰ ਜਪ ਜਪ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਮੇਰਾ ਹਿਰਦਾ ਕੌਲ-ਫੁੱਲ ਵਾਂਗ ਖਿੜ ਪੈਂਦਾ ਹੈ, ਹਰਿ-ਨਾਮ ਲੱਭ ਕੇ (ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ। ਮੇਰੇ ਅੰਦਰੋਂ ਹਉਮੈ ਰੋਗ ਦੂਰ ਹੋ ਗਿਆ ਹੈ, ਮੇਰਾ ਸਾਰਾ ਦੁੱਖ ਲਹਿ ਗਿਆ ਹੈ, ਹਰਿ-ਨਾਮ ਨੇ ਆਤਮਕ ਅਡੋਲਤਾ ਵਿਚ ਮੇਰੀ ਸੁਰਤਿ ਟਿਕਵੇਂ ਤੌਰ ਤੇ ਜੋੜ ਦਿੱਤੀ ਹੈ। ਹੇ ਭਾਈ! ਇਹ ਹਰਿ-ਨਾਮ (ਜੋ ਮੇਰੇ ਵਾਸਤੇ ਬੜੀ) ਇੱਜ਼ਤ (ਹੈ) , ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ, ਗੁਰ-ਦੇਵ (ਦੇ ਚਰਨਾਂ) ਨੂੰ ਛੁਹ ਕੇ ਮੇਰਾ ਮਨ ਆਨੰਦ ਅਨੁਭਵ ਕਰਦਾ ਹੈ। ਹੇ ਭਾਈ! ਗੁਰੂ ਦਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ।੨।

ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥ ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥ ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥ ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥ ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥ ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥ {ਪੰਨਾ 572}

ਪਦਅਰਥ: ਆਣਿ = ਲਿਆ ਕੇ। ਹਉ = ਮੈਂ। ਦੇਵਾ = ਦੇਵਾਂ, ਮੈਂ ਦਿਆਂਗਾ। ਤਿਸੁ = ਉਸ ਨੂੰ। ਕਾਟਿ = ਕੱਟ ਕੇ। ਦੇਈ = ਦੇਈਂ, ਮੈਂ ਦਿਆਂਗਾ। ਮਨਿ = ਮਨ ਵਿਚ। ਬੈਰਾਗੁ = ਮਿਲਣ ਦੀ ਤਾਂਘ। ਬੈਰਾਗੀ ਮਨਿ = ਵੈਰਾਗੀ ਮਨ ਵਿਚ। ਮਿਲਿ ਗੁਰ = ਗੁਰੂ ਨੂੰ ਮਿਲ ਕੇ। ਦਰਸਨਿ = (ਗੁਰੂ ਦੇ) ਦਰਸਨ ਨਾਲ। ਹਰਿ ਹਰਿ = ਹੇ ਹਰੀ! ਹਮ = ਮੈਨੂੰ। ਧੂਰਾ = ਧੂੜ।੩।

ਅਰਥ: ਜੇ ਕੋਈ ਗੁਰਮੁਖ ਮੈਨੂੰ ਪੂਰਾ ਗੁਰੂ ਲਿਆ ਕੇ ਮਿਲਾ ਦੇਵੇ, ਮੈਂ ਆਪਣਾ ਮਨ ਆਪਣਾ ਸਰੀਰ ਉਸ ਦੇ ਹਵਾਲੇ ਕਰ ਦਿਆਂ, ਆਪਣਾ ਸਰੀਰ ਕੱਟ ਕੇ ਉਸ ਨੂੰ ਦੇ ਦਿਆਂ। ਜੇਹੜਾ ਕੋਈ ਗੁਰਮੁਖ ਮੈਨੂੰ ਗੁਰੂ ਦੇ ਬਚਨ ਸੁਣਾਵੇ, ਮੈਂ ਆਪਣਾ ਮਨ ਕੱਟ ਕੇ ਆਪਣਾ ਤਨ ਕੱਟ ਕੇ (ਮਨ ਤੇ ਤਨ ਦੀ ਅਪਣੱਤ ਦਾ ਮੋਹ ਕੱਟ ਕੇ) ਉਸ ਦੇ ਹਵਾਲੇ ਕਰ ਦਿਆਂ। ਮੇਰੇ ਉਤਾਵਲੇ ਹੋ ਰਹੇ ਮਨ ਵਿਚ ਗੁਰੂ ਦੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ। ਗੁਰੂ ਨੂੰ ਮਿਲ ਕੇ, ਗੁਰੂ ਦੇ ਦਰਸਨ ਨਾਲ ਮੇਰਾ ਮਨ ਸੁਖ ਅਨੁਭਵ ਕਰਦਾ ਹੈ।

ਹੇ ਹਰੀ! ਹੇ ਸੁਖਦਾਤੇ ਹਰੀ! ਮੇਹਰ ਕਰ, ਮੈਨੂੰ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼। (ਮੇਹਰ ਕਰ, ਕੋਈ ਗੁਰਮੁਖਿ ਸੱਜਣ) ਮੈਨੂੰ ਪੂਰਾ ਗੁਰੂ ਲਿਆ ਕੇ ਮਿਲਾ ਦੇਵੇ।੩।

ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥ ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥ ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥ ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥ ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥ {ਪੰਨਾ 572}

ਪਦਅਰਥ: ਜੇਵਡੁ = ਬਰਾਬਰ ਦਾ। ਮੈ = ਮੈਨੂੰ। ਦਾਨੋ = ਦਾਨੁ। ਨਿਰੰਜਨੁ = {ਨਿਰ = ਅੰਜਨੁ} ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ। ਜਿਨੀ = ਜਿਨ੍ਹਾਂ ਨੇ। ਸੇਵਕ ਭਾਇ = ਸੇਵਕ ਵਾਲੀ ਭਾਵਨਾ ਨਾਲ, ਸੇਵਕ ਵਾਲੇ ਪਿਆਰ ਨਾਲ। ਮਿਲਿ = ਮਿਲ ਕੇ।੧।

ਅਰਥ: ਹੇ ਭਾਈ! ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ (ਦਿੱਸਦਾ) (ਕਿਉਂਕਿ) ਗੁਰੂ (ਉਸ ਪਰਮਾਤਮਾ ਦੇ ਨਾਮ ਦਾ) ਦਾਨ ਬਖ਼ਸ਼ਦਾ ਹੈ ਜੋ ਸਰਬ-ਵਿਆਪਕ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। (ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦਾ (ਹਰੇਕ ਕਿਸਮ ਦਾ) ਦੁੱਖ ਭਰਮ ਤੇ ਡਰ ਦੂਰ ਹੋ ਗਿਆ। ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜ ਗਿਆ, ਉਹ ਸੇਵਕ ਭਾਵਨਾ ਦੀ ਰਾਹੀਂ (ਪਰਮਾਤਮਾ ਵਿਚ) ਮਿਲ ਗਿਆ।

ਹੇ ਨਾਨਕ! ਆਖ-ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਤੇ, ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਮਿਲ ਕੇ (ਜੀਵ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ। ਹੇ ਭਾਈ! ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।੪।੧।

ਵਡਹੰਸੁ ਮਹਲਾ ੪ ॥ ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥ ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥ {ਪੰਨਾ 572}

ਪਦਅਰਥ: ਹੰਉ = ਮੈਂ। ਖਰੀ = ਬਹੁਤ। ਨਿਮਾਣੀ = ਆਜਿਜ਼। ਜਗਜੀਵਨੁ = ਜਗਤ ਦਾ ਜੀਵਨ, ਜਗਤ ਨੂੰ ਜਿੰਦ ਦੇਣ ਵਾਲਾ। ਗੁਰ ਮੇਲਿ = ਗੁਰੂ ਦੇ ਮਿਲਾਪ ਦੀ ਰਾਹੀਂ। ਮੇਲਿ ਹਰੀ = ਹਰੀ ਦੇ ਮਿਲਾਪ ਵਿਚ। ਨਾਮਿ = ਨਾਮ ਵਿਚ। ਜਪਿ = ਜਪਿਆ। ਜਿਸੁ ਕਾਰਣਿ = ਜਿਸ (ਹਰਿ = ਸੱਜਣ ਨੂੰ ਮਿਲਣ) ਦੀ ਖ਼ਾਤਰ। ਘਰਿ = ਹਿਰਦੇ ਵਿਚ। ਦ੍ਰਿਸ੍ਟਿ = ਨਿਗਾਹ। ਏਕੋ = ਇਕ ਨੂੰ ਜਪੇ। ਜਾਤਾ = ਪਛਾਣਿਆ। ਆਤਮ ਰਾਮੁ = ਸਰਬ = ਵਿਆਪਕ ਪ੍ਰਭੂ।੧।

ਅਰਥ: ਗੁਰੂ ਤੋਂ ਬਿਨਾ ਮੈਂ ਬਹੁਤ ਹੀ ਆਜਿਜ਼ ਸਾਂ। (ਜਦੋਂ ਗੁਰੂ ਮਿਲ ਪਿਆ, ਤਦੋਂ ਮੈਨੂੰ) ਜਗਤ ਦਾ ਜੀਵਨ ਦਾਤਾਰ ਪ੍ਰਭੂ (ਮਿਲ ਪਿਆ) , ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮੈਂ (ਜਗ-ਜੀਵਨ ਪ੍ਰਭੂ ਵਿਚ) ਲੀਨ ਹੋ ਗਈ। (ਜਦੋਂ) ਗੁਰੂ (ਮਿਲਿਆ) , ਤਦੋਂ ਮੈਂ ਪਰਮਾਤਮਾ ਦੇ ਮਿਲਾਪ ਵਿਚ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਈ, ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਆਰਾਧਨਾ ਸ਼ੁਰੂ ਕਰ ਦਿੱਤਾ। ਜਿਸ ਸੱਜਣ-ਪ੍ਰਭੂ ਨੂੰ ਮਿਲਣ ਦੀ ਖ਼ਾਤਰ ਮੈਂ ਇਤਨੀ ਭਾਲ ਕਰ ਰਹੀ ਸਾਂ ਉਹ ਸੱਜਣ-ਹਰੀ ਮੈਂ ਆਪਣੇ ਹਿਰਦੇ ਵਿਚ ਲੱਭ ਲਿਆ। ਮੈਂ ਇਕ ਨਿਗਾਹ ਨਾਲ ਇਕ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਸਮਝ ਲਿਆ, ਮੈਂ ਸਰਬ-ਵਿਆਪਕ ਰਾਮ ਨੂੰ ਪਛਾਣ ਲਿਆ। ਗੁਰੂ ਤੋਂ ਬਿਨਾ ਮੈਂ (ਪਹਿਲਾਂ) ਬਹੁਤ ਹੀ ਆਜਿਜ਼ ਸਾਂ।੧।

TOP OF PAGE

Sri Guru Granth Darpan, by Professor Sahib Singh