ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 589

ਸਲੋਕੁ ਮਃ ੩ ॥ ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥ ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥ ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥ ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥ {ਪੰਨਾ 589}

ਪਦਅਰਥ: ਨਿਧਾਨੁ = ਖ਼ਜ਼ਾਨਾ। ਪਾਇਆ = ਲੱਭ ਪਿਆ।

ਅਰਥ: (ਸੰਸਾਰ ਵਲੋਂ) ਮਰ ਕੇ (ਰੱਬ ਵੱਲ) ਜੀਊਣ ਵਾਲੇ ਮਨੁੱਖ (ਹੀ ਸੱਚੀ) ਭਗਤੀ ਕਰਦੇ ਹਨ, ਅਸਲ ਭਗਤੀ ਉਹਨਾਂ ਪਾਸੋਂ ਹੀ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ; ਐਸੇ ਬੰਦਿਆਂ ਨੂੰ ਧੁਰੋਂ ਪਰਮਾਤਮਾ ਨੇ ਭਗਤੀ ਦੇ ਖ਼ਜ਼ਾਨੇ ਦੀ ਦਾਤਿ ਬਖ਼ਸ਼ੀ ਹੋਈ ਹੈ, ਕੋਈ ਉਸ ਬਖ਼ਸ਼ਸ਼ ਨੂੰ ਮਿਟਾ ਨਹੀਂ ਸਕਦਾ; ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ ਹੈ ਜੋ ਇਕ ਆਪ ਹੀ ਆਪ ਹੈ ਤੇ ਸਦਾ-ਥਿਰ ਰਹਿਣ ਵਾਲਾ ਹੈ। ਹੇ ਨਾਨਕ! ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ, ਉਹ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਤੇ ਫਿਰ ਕਦੇ ਉਹਨਾਂ ਨੂੰ (ਪ੍ਰਭੂ-ਚਰਨਾਂ ਨਾਲੋਂ) ਵਿਛੋੜਾ ਨਹੀਂ ਹੁੰਦਾ।੧।

ਮਃ ੩ ॥ ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥ ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥ ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥ ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥ ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥ {ਪੰਨਾ 589}

ਅਰਥ: ਜਿਸ ਮਨੁੱਖ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ ਹੋਰ ਕੀਹ ਵਿਚਾਰ ਕਰਦਾ ਹੈ? (ਭਾਵ, ਉਸ ਦੀ ਹੋਰ ਕਿਸੇ ਵਿਚਾਰ ਦਾ ਗੁਣ ਨਹੀਂ) , ਉਹ ਮੂਰਖ ਜ਼ਹਿਰ (ਨੂੰ ਵੇਖ ਕੇ) ਭੁੱਲਾ ਹੋਇਆ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ, ਉਹ ਅੰਨ੍ਹਾ ਅਗਿਆਨੀ (ਹੋਰ) ਬਹੁਤੇ ਕਰਮ ਕਰਦਾ ਹੈ (ਕਰਮ-ਧਾਰਮਿਕ ਰਸਮਾਂ) ਪਰ ਉਸ ਦੀ ਸੁਰਤਿ ਮਾਇਆ ਦੇ ਪਿਆਰ ਵਿਚ (ਹੀ ਲੱਗੀ ਰਹਿੰਦੀ ਹੈ)

ਜੋ ਮਨੁੱਖ ਆਪਣੇ ਅੰਦਰ ਕੋਈ ਗੁਣ ਨਾਹ ਹੁੰਦਿਆਂ ਆਪਣੇ ਆਪ ਨੂੰ (ਵੱਡਾ) ਜਤਾਉਂਦੇ ਹਨ, ਉਹਨਾਂ ਨੂੰ ਜਮ ਮਾਰ ਕੇ ਖ਼ੁਆਰ ਕਰਦਾ ਹੈ; ਪਰ ਹੇ ਨਾਨਕ! ਕਿਸੇ ਨੂੰ ਕੀਹ ਆਖਣਾ ਹੈ? ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ (ਭਾਵ, ਇਸ ਮਨ-ਮੁਖਤਾ ਵਲੋਂ ਪ੍ਰਭੂ ਆਪ ਹੀ ਬਚਾਉਣ ਦੇ ਸਮਰੱਥ ਹੈ, ਹੋਰ ਕੋਈ ਜੀਵ ਸਹੈਤਾ ਨਹੀਂ ਕਰ ਸਕਦਾ) ੨।

ਪਉੜੀ ॥ ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥ ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥ ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥ ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥ ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥

ਪਦਅਰਥ: ਸਭੁ ਕਿਛੁ = (ਜੀਵਾਂ ਦੇ ਦਿਲ ਦੀ) ਹਰੇਕ ਗੱਲ। ਭਾਵੈ = ਚਾਹੇਂ। ਕਰਣ = ਜਗਤ। ਕਾਰਣ = ਮੂਲ, ਕਰਨ ਵਾਲਾ। ਅਲਖੁ = ਅਦ੍ਰਿਸ਼ਟ।

ਅਰਥ: ਹੇ ਸਿਰਜਣਹਾਰ! ਤੂੰ ਸਭ ਕੁਝ ਜਾਣਦਾ ਹੈਂ ਤੇ ਸਾਰੇ ਜੀਵ ਤੇਰੇ ਹਨ। ਜੀਆਂ ਵਿਚਾਰਿਆਂ ਦੇ ਕੀਹ ਵੱਸ ਹੈ? ਜੋ ਤੈਨੂੰ ਭਾਉਂਦਾ ਹੈ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ। ਹੇ ਸਦਾ ਕਾਇਮ ਰਹਿਣ ਵਾਲੇ ਕਰਤਾਰ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਹੇ ਪਿਆਰੇ! ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹ ਗੁਰੂ ਦੇ (ਸ਼ਬਦ) ਦੀ ਰਾਹੀਂ ਤੇਰੇ ਗੁਣਾਂ ਦੀ ਵਿਚਾਰ ਕਰ ਕੇ ਤੈਨੂੰ ਮਿਲ ਪੈਂਦਾ ਹੈ।

ਮੈਂ ਪਿਆਰੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਅਦ੍ਰਿਸ਼ਟ ਪਰਮਾਤਮਾ ਦੀ ਸੋਝੀ ਪਾ ਦਿੱਤੀ ਹੈ।੮।

ਸਲੋਕ ਮਃ ੩ ॥ ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥ ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥ ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥ ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥ ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥ ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥ {ਪੰਨਾ 589}

ਪਦਅਰਥ: ਪਾਰਖੁ = ਕਦਰ ਜਾਣਨ ਵਾਲਾ। ਸਾਰ = ਕਦਰ। ਬੂਝਣਹਾਰੁ = ਸੂਝ ਵਾਲਾ। ਆਪੁ = ਆਪਣੇ ਆਪ ਨੂੰ। ਹੋਇ ਖੁਆਰੁ = ਖ਼ੁਆਰ ਹੋ ਹੋ ਕੇ। ਲਹੈ– ਲੱਭਦਾ ਹੈ, ਪ੍ਰਾਪਤ ਕਰਦਾ ਹੈ। ਰਖਾ = ਮੈਂ ਰੱਖਾਂ। ਉਰਧਾਰਿ = ਹਿਰਦੇ ਵਿਚ ਟਿਕਾ ਕੇ।

ਅਰਥ: ਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ, ਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ, ਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ। ਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ।

ਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ; ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ।

ਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ।੧।

ਮਃ ੩ ॥ ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥ ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥ ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥ {ਪੰਨਾ 589}

ਪਦਅਰਥ: ਨਾਮਿ = ਨਾਮ ਵਿਚ। ਓਇ = ਉਹ ਬੰਦੇ। ਕਰਤਾਰਿ = ਕਰਤਾਰ ਨੇ। ਕਮਾਇ = ਕਮਾ ਕੇ।

ਅਰਥ: ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣੀ, ਇਹ ਨਾ ਸਮਝੋ ਕਿ ਉਹ ਬੰਦੇ ਜੀਊਂਦੇ ਹਨ, ਉਹਨਾਂ ਨੂੰ ਕਰਤਾਰ ਨੇ ਆਪ ਹੀ (ਆਤਮਕ ਮੌਤੇ) ਮਾਰ ਦਿੱਤਾ ਹੈ; ਮਾਇਆ ਦੇ ਮੋਹ ਵਿਚ ਕਰਮ ਕਰ ਕਰ ਕੇ ਉਹਨਾਂ ਨੂੰ ਹਉਮੈ ਦਾ ਰੋਗ (ਚੰਬੜਿਆ ਹੋਇਆ) ਹੈ; ਹੇ ਨਾਨਕ! ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜੀਊਂਦੇ ਹੀ ਮੋਏ ਜਾਣੋ। ਜੋ ਮਨੁੱਖ ਰੱਬ ਨੂੰ ਭੁਲਾਉਂਦਾ ਹੈ; ਉਹ ਦੁਖ ਪਾਉਂਦਾ ਹੈ।੨।

ਪਉੜੀ ॥ ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥ ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥ ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥ {ਪੰਨਾ 589}

ਪਦਅਰਥ: ਅੰਤਰੁ = ਅੰਦਰਲਾ। ਬਿਬੇਕੁ = ਪਰਖ। ਮੁਰਾਰੀ = ਪਰਮਾਤਮਾ। ਗੁਰ ਬੁਧਿ = ਗੁਰੂ ਦੀ ਅਕਲ ਨੇ। ਬੀਚਾਰੀ = ਵਿਚਾਰਿਆ ਹੈ।

ਅਰਥ: ਜਿਸ ਦਾ ਅੰਦਰਲਾ ਹਿਰਦਾ ਪਵਿੱਤ੍ਰ ਹੈ, ਉਸ ਨੂੰ ਸਾਰੇ ਜੀਵ ਨਮਸਕਾਰ ਕਰਦੇ ਹਨ; ਜਿਸਦੇ ਹਿਰਦੇ ਵਿਚ ਨਾਮ (ਰੂਪ) ਖ਼ਜ਼ਾਨਾ ਹੈ ਉਸ ਤੋਂ ਮੈਂ ਸਦਕੇ ਹਾਂ। ਜਿਸ ਦੇ ਅੰਦਰ (ਭਲੀ) ਮਤਿ ਹੈ, (ਚੰਗੇ ਮੰਦੇ ਦੀ) ਪਛਾਣ ਹੈ ਤੇ ਹਰੀ ਮੁਰਾਰੀ ਦਾ ਨਾਮ ਹੈ, ਉਹ ਸਤਿਗੁਰੂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ (ਕਿਉਂਕਿ) ਸਤਿਗੁਰੂ ਦੀ ਸਮਝ ਨੇ ਤਾਂ ਇਹ ਸਮਝਿਆ ਹੈ ਕਿ ਸਭ ਥਾਈਂ ਪਰਮਾਤਮਾ ਨੇ ਆਪਣਾ ਆਪ ਪਸਾਰਿਆ ਹੋਇਆ ਹੈ।੯।

ਸਲੋਕ ਮਃ ੩ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ {ਪੰਨਾ 589}

ਪਦਅਰਥ: ਠਉਰ = ਟਿਕਾਣਾ, ਇਸਥਿਤੀ, ਭਟਕਣ ਤੋਂ ਖ਼ਲਾਸੀ। ਮੁਹਿ ਕਾਲੈ = ਕਾਲੇ ਮੂੰਹ ਨਾਲ, ਮੁਕਾਲਖ ਖੱਟ ਕੇ।

ਅਰਥ: ਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ, ਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾ ਨਹੀਂ ਮਿਲਦੀ, ਉਹ ਮਰਦੇ ਹਨ (ਫੇਰ) ਜੰਮਦੇ ਹਨ, (ਸੰਸਾਰ ਵਿਚ) ਆਉਂਦੇ ਹਨ, (ਫੇਰ) ਜਾਂਦੇ ਹਨ; ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ 'ਨਾਮ' ਉਹਨਾਂ ਦੇ ਮਨ ਵਿਚ ਵੱਸਦਾ ਨਹੀਂ। ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ੧।

TOP OF PAGE

Sri Guru Granth Darpan, by Professor Sahib Singh