ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 590 ਮਹਲਾ ੧ ॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ {ਪੰਨਾ 590} ਪਦਅਰਥ: ਜਾਲਉ = ਮੈਂ ਸਾੜ ਦਿਆਂ। ਮੈ = ਮੈਨੂੰ। ਜਿਤੁ = ਜਿਸ ਦੀ ਰਾਹੀਂ। ਅਰਥ: ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ, ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ।੨। ਪਉੜੀ ॥ ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ {ਪੰਨਾ 590} ਪਦਅਰਥ: ਭੁਖ = ਤ੍ਰਿਸ਼ਨਾ। ਅਰਥ: ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ; ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ; ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ) । ਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ। ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ {ਪੰਨਾ 590} ਅਰਥ: ਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦੇ ਹਨ।੧੦। ਸਲੋਕੁ ਮਃ ੩ ॥ ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਪਸ ਅਰਥ: ਲਇਅਨੁ-ਲਾ ਲਏ ਹਨ ਉਸ ਨੇ। ਦਿਤੀਅਨੁ-ਦਿੱਤੀ ਹੈ ਉਸ ਨੇ। {ਵੇਖੋ "ਗੁਰਬਾਣੀ ਵਿਆਕਰਣ"}। ਅਰਥ: ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ; ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ। ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ {ਪੰਨਾ 590} ਅਰਥ: ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ, (ਕਿਉਂਕਿ) ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ।੧। ਮਃ ੩ ॥ ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ {ਪੰਨਾ 590} ਅਰਥ: ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ, ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ। ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ {ਪੰਨਾ 590} ਅਰਥ: ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ; ਹੇ ਨਾਨਕ! ਇਹੋ ਜਿਹੇ ਜੀਊੜਿਆਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ।੨। ਪਉੜੀ ॥ ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ {ਪੰਨਾ 590} ਅਰਥ: ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ; (ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ। ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ {ਪੰਨਾ 590} ਅਰਥ: (ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ। ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥ {ਪੰਨਾ 590} ਪਦਅਰਥ: ਬੋਹਲੁ = ਦਾਣਿਆਂ ਦਾ ਢੇਰ, ਜੋ ਫ਼ਸਲ ਗਾਹ ਕੇ ਤੂੜੀ ਭੋਹ ਆਦਿਕ ਤੋਂ ਵੱਖ ਕੀਤਾ ਜਾਂਦਾ ਹੈ, ਭੰਡਾਰ। ਸਾਂਝ = ਭਾਈਵਾਲੀ, ਭਿਆਲੀ। ਅਰਥ: ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ; ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ।੧੧। ਸਲੋਕ ਮਃ ੩ ॥ ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥ {ਪੰਨਾ 590} ਅਰਥ: ਹੇ ਨਾਨਕ! ਨਾਮ (ਹੀ ਅਸਲ) ਖ਼ਜ਼ਾਨਾ ਹੈ, ਜੋ ਸਤਿਗੁਰੂ ਦੇ ਸਨਮੁਖ ਹੋ ਕੇ ਮਿਲ ਸਕਦਾ ਹੈ; ਅੰਨ੍ਹੇ ਮਨਮੁਖ (ਹਿਰਦੇ-ਰੂਪ) ਘਰ ਵਿਚ ਹੁੰਦੀ (ਇਸ) ਵਸਤ ਨੂੰ ਨਹੀਂ ਪਛਾਣਦੇ, ਤੇ (ਬਾਹਰ ਮਾਇਆ ਦੇ ਪਿਛੇ) ਵਿਲਕਦੇ ਤੇ ਭਉਂਕਦੇ ਮਰ ਜਾਂਦੇ ਹਨ।੧। ਮਃ ੩ ॥ ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥ {ਪੰਨਾ 590} ਪਦਅਰਥ: ਕੰਚਨ = ਸੋਨਾ। ਨਾਮਿ = ਹਰੀ ਨਾਮ ਦੀ ਰਾਹੀਂ। ਨਿਰੰਜਨੁ = ਮਾਇਆ ਤੋਂ ਰਹਿਤ ਪ੍ਰਭੂ। ਬੈਰਾਗੀ = ਵੈਰਾਗ = ਵਾਨ ਹੋ ਕੇ। ਅਰਥ: ਜੋ ਸਰੀਰ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਹ ਸੋਨੇ ਵਰਗਾ ਸੁੱਧ ਹੈ; ਉਸ ਨੂੰ ਨਿਰਮਲ ਜੋਤਿ (ਰੂਪ) ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦਾ ਭਰਮ ਤੇ ਡਰ ਦੂਰ ਹੋ ਜਾਂਦਾ ਹੈ; ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪਰਮਾਤਮਾ ਦੇ ਵੈਰਾਗੀ ਹੋ ਕੇ ਸਦਾ ਸੁਖ ਪਾਉਂਦੇ ਹਨ।੨। ਪਉੜੀ ॥ ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ {ਪੰਨਾ 590} ਪਦਅਰਥ: ਕੰਨੀ ਸੁਣਿਆ = ਗਹੁ ਨਾਲ ਸੁਣਿਆ ਹੈ। ਤਿਨਿ = ਉਸ ਨੇ। ਭੰਨੀ = ਨਾਸ ਕੀਤੀ ਹੈ। ਅਰਥ: ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਹੈ; ਸਤਿਗੁਰੂ ਨੇ (ਜਿਸ ਦੇ ਭੀ ਹਿਰਦੇ ਵਿਚ) ਨਾਮ ਦ੍ਰਿੜ੍ਹ ਕੀਤਾ ਹੈ ਉਸ ਨੇ ਹਉਮੈ ਤੇ ਦੁਬਿਧਾ (ਹਿਰਦੇ ਵਿਚੋਂ) ਭੰਨ ਸੁੱਟੀ ਹੈ। |
Sri Guru Granth Darpan, by Professor Sahib Singh |