ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 591

ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥ {ਪੰਨਾ 591}

ਅਰਥ: ਪ੍ਰਭੂ ਦਾ ਸਿਮਰਨ ਕਰਨ ਵਾਲਿਆਂ (ਗੁਰ-ਸਿੱਖਾਂ) ਨੇ ਇਹ ਗੱਲ ਵਿਚਾਰ ਕੇ ਵੇਖ ਲਈ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ (ਸੱਚਾ) ਮਿਤ੍ਰ ਨਹੀਂ ਹੈ; ਜਿਨ੍ਹਾਂ ਗੁਰਸਿੱਖਾਂ ਤੇ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਸਤਿਗੁਰੂ ਦੀ ਸਿੱਖਿਆ ਤੇ ਤੁਰਦੇ ਹਨ।

ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥ {ਪੰਨਾ 591}

ਪਦਅਰਥ: ਵੰਨੀ = ਰੰਗਣ।

ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਉਹਨਾਂ ਨੂੰ (ਪ੍ਰੇਮ ਦੀ) ਚੌਗੁਣੀ ਰੰਗਣ ਚੜ੍ਹਦੀ ਹੈ।੧੨।

ਸਲੋਕ ਮਃ ੩ ॥ ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥ ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥ ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥ {ਪੰਨਾ 591}

ਪਦਅਰਥ: ਕਰੂਪੁ = ਭੈੜੇ ਮੂੰਹ ਵਾਲਾ, ਭੈੜ = ਮੱਥਾ ਭਰਿਸ਼ਟੇ ਮੂੰਹ ਵਾਲਾ।

ਅਰਥ: ਮਨ ਦੇ ਅਧੀਨ ਮਨੁੱਖ ਡਰਾਕਲ ਤੇ ਬੇ-ਸ਼ਕਲ ਹੁੰਦਾ ਹੈ, ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ; ਹਰ ਵੇਲੇ ਮਾਇਆ ਦੇ ਕਜ਼ੀਏ ਵਿਚ ਰੁੱਝਾ ਰਹਿੰਦਾ ਹੈ ਤੇ (ਏਸ ਕਰ ਕੇ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਹੁੰਦਾ। ਹੇ ਨਾਨਕ! ਮਨਮੁਖ ਮਨੁੱਖ ਜੇ ਸਤਿਗੁਰੂ ਦੇ ਸਨਮੁਖ ਹੋ ਜਾਣ ਤਾਂ (ਜੰਜਾਲ ਤੋਂ) ਬਚ ਜਾਂਦੇ ਹਨ, ਨਹੀਂ ਤਾਂ (ਮਾਇਆ ਦੇ ਮੋਹ ਵਿਚ) ਬੱਧੇ ਹੋਏ ਦੁੱਖ ਸਹਿੰਦੇ ਹਨ।੧।

ਮਃ ੩ ॥ ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥ ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥ ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥ {ਪੰਨਾ 591}

ਅਰਥ: ਸਤਿਗੁਰੂ ਦੇ ਸਨਮੁਖ ਹੋਏ ਹੋਏ ਮਨੁੱਖ ਦਰਗਾਹ ਵਿਚ ਸਦਾ ਸੋਭਦੇ ਹਨ (ਕਿਉਂਕਿ) ਉਹ ਸਤਿਗੁਰੂ ਦਾ ਸ਼ਬਦ ਕਮਾਉਂਦੇ ਹਨ; ਉਹਨਾਂ ਦੇ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਹੁੰਦਾ ਹੈ, (ਇਸ ਕਰ ਕੇ) ਸੱਚੀ ਦਰਗਾਹ ਵਿਚ ਸੋਭਾ ਪਾਉਂਦੇ ਹਨ। ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖਾਂ ਨੂੰ ਹਰੀ ਦਾ ਨਾਮ ਮਿਲਿਆ ਹੋਇਆ ਹੁੰਦਾ ਹੈ, (ਇਸ ਕਰ ਕੇ) ਉਹ ਸੁਤੇ ਹੀ ਸੱਚੇ ਵਿਚ ਲੀਨ ਹੋ ਜਾਂਦੇ ਹਨ।੨।

ਪਉੜੀ ॥ ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥ {ਪੰਨਾ 591}

ਪਦਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

ਅਰਥ: ਸਤਿਗੁਰੂ ਦੇ ਸਨਮੁਖ ਹੋ ਕੇ ਪ੍ਰਹਿਲਾਦ ਨੇ ਹਰੀ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ; ਸਤਿਗੁਰੂ ਦੇ ਸਨਮੁਖ ਹੋ ਕੇ ਜਨਕ ਨੇ ਹਰੀ ਦੇ ਨਾਮ ਵਿਚ ਬਿਰਤੀ ਜੋੜੀ; ਸਤਿਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਹਰੀ ਦਾ ਉਪਦੇਸ਼ (ਹੋਰਨਾਂ ਨੂੰ) ਸੁਣਾਇਆ।

ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥ ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥ {ਪੰਨਾ 591}

ਪਦਅਰਥ: ਲਹਾਈ = ਲਭਾਈ, ਦਿੱਤੀ ਹੈ।

ਅਰਥ: ਹੇ ਮੇਰੇ ਭਾਈ! ਸਤਿਗੁਰੂ ਤੋਂ ਬਿਨਾ ਕਿਸੇ ਨੇ ਨਾਮ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆਪ ਬਖ਼ਸ਼ੀ ਹੈ।੧੩।

ਸਲੋਕੁ ਮਃ ੩ ॥ ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥ {ਪੰਨਾ 591}

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ। ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ।੧।

ਮਃ ੩ ॥ ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥ ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥ ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥ {ਪੰਨਾ 591}

ਪਦਅਰਥ: ਜਨਮ ਮਰਣ = ਜੰਮਣ ਤੋਂ ਮਰਨ ਤਕ ਦਾ। ਸਹਸਾ = ਤੌਖ਼ਲਾ। ਮੂਲਿ = ਕਦੇ ਭੀ। ਪਾਲਿ = ਕੰਧ। ਮਨਿ = ਮਨ ਵਿਚ। ਸੰਜਮਿ = ਜੁਗਤਿ ਨਾਲ।

ਅਰਥ: ਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ; ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ; ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ, ਅਤੇ ਹੇ ਮਨ! ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ।

ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥ {ਪੰਨਾ 591}

ਪਦਅਰਥ: ਕਰਮਿ = ਬਖ਼ਸ਼ਸ਼ ਨਾਲ। ਰਜਾਇ = (ਆਪਣੀ) ਰਜ਼ਾ ਅਨੁਸਾਰ।

ਅਰਥ: ਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ।੨।

ਪਉੜੀ ॥ ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥ ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥ {ਪੰਨਾ 591}

ਪਦਅਰਥ: ਦੀਬਾਨੁ = ਹਾਕਮ। ਤਲਕੀ = ਮੁਥਾਜੀ। ਦੀਬਾਨਿ = ਹਾਕਮ ਨੇ।

ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ, ਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ।

ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥ ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥ {ਪੰਨਾ 591}

ਪਦਅਰਥ: ਤਿਨਿ = ਉਸ ਹਰੀ ਨੇ। ਰਹਦੇ ਖੁਹਦੇ = ਬਾਕੀ ਬਚੇ ਹੋਏ ਜੋ ਅਜੇ ਤਕ ਭਗਤਾਂ ਦੀ ਪੈਰੀਂ ਲੱਗਣ ਤੋਂ ਝਕਦੇ ਸਨ। ਆਣਿ = ਲਿਆ ਕੇ। ਖਲਵਾਇਆ = ਖੜੇ ਕਰ ਦਿੱਤੇ।

ਅਰਥ: ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤਿ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ? ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ "ਰਹਿੰਦੇ ਖੁੰਹਦੇ" ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ)

ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥ {ਪੰਨਾ 591}

ਅਰਥ: ਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ।੧੪।

ਸਲੋਕੁ ਮਃ ੩ ॥ ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥ ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥ ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥ ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥ {ਪੰਨਾ 591}

ਅਰਥ: ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ; ਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ; (ਜਦ ਤਾਈਂ ਜੀਊਂਦਾ ਹੈ, ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, (ਮੁਇਆਂ) ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ; ਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ।੧।

TOP OF PAGE

Sri Guru Granth Darpan, by Professor Sahib Singh