ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 592

ਮਃ ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥ {ਪੰਨਾ 592}

ਪਦਅਰਥ: ਪੁਰਖੁ = ਪਤੀ, ਮਰਦ। ਸਗਲੀ = ਸਾਰੀ ਸ੍ਰਿਸ਼ਟੀ। ਸਬਾਈ = ਸਾਰੀ। ਸਭਿ ਘਟ = ਸਾਰੇ ਸਰੀਰ। ਅਲਿਪਤੁ = ਵੱਖਰਾ, ਨਿਰਾਲਾ।

ਅਰਥ: ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ; ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।

ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ {ਪੰਨਾ 592}

ਪਦਅਰਥ: ਗੁਰਿ = ਗੁਰੂ ਨੇ। ਸਬਦੇ = ਗੁਰ = ਸ਼ਬਦ ਦੀ ਰਾਹੀਂ। ਸੇਵਹਿ = ਸਿਮਰਦੇ ਹਨ। ਜਿਨ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਜਲਾਈ = ਸਾੜ ਦਿੱਤੀ ਹੈ।

ਅਰਥ: (ਜਿਸ ਮਨੁੱਖ ਨੂੰ) ਪੂਰੇ ਸਤਿਗੁਰੂ ਨੇ (ਉਸ ਅਲੱਖ ਪ੍ਰਭੂ ਦਾ) ਦਰਸ਼ਨ ਕਰਾ ਦਿੱਤਾ, ਉਸ ਨੂੰ ਸਤਿਗੁਰੂ ਦੇ ਸ਼ਬਦ ਦੁਆਰਾ ਸਮਝ ਪੈ ਗਈ; ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਰਾਹੀਂ ਅਹੰਕਾਰ ਦੂਰ ਕੀਤਾ ਹੈ, ਜੋ ਪ੍ਰਭੂ ਪੁਰਖ ਨੂੰ ਜਪਦੇ ਹਨ, ਉਹ ਭੀ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ!

ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥ ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥ {ਪੰਨਾ 592}

ਪਦਅਰਥ: ਕੰਟਕੁ = ਕੰਡਾ।

ਅਰਥ: ਉਸ ਅਲੱਖ ਹਰੀ ਦਾ ਕੋਈ ਸ਼ਰੀਕ ਨਹੀਂ, ਨਾ ਕੋਈ ਦੁਖੀ ਕਰਨ ਵਾਲਾ (ਕੰਟਕ-ਰੂਪ) ਉਸ ਦਾ ਵੈਰੀ ਹੈ; ਉਸ ਦਾ ਰਾਜ ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ।

ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥ ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥ {ਪੰਨਾ 592}

ਪਦਅਰਥ: ਵਿਗਸਿਆ = ਖਿੜ ਰਿਹਾ ਹੈ।

ਅਰਥ: (ਸੱਚਾ) ਸੇਵਕ ਉਸ ਸੱਚੇ ਹਰੀ ਦੀ ਸਿਫ਼ਤਿ-ਸਾਲਾਹ ਕਰ ਕੇ ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ; ਨਾਨਕ (ਭੀ ਉਸ) ਸੱਚੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ।੨।

ਪਉੜੀ ॥ ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥ ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ {ਪੰਨਾ 592}

ਪਦਅਰਥ: ਹਮਾਰਾ = ਭਾਵ, ਭਗਤ ਜਨਾਂ ਦਾ।

ਅਰਥ: ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਹਰੀ ਦਾ ਨਾਮ ਵੱਸਦਾ ਹੈ, ਉਹਨਾਂ ਨੂੰ ਰੱਖਣ ਵਾਲਾ ਹਰੀ ਦਾ ਨਾਮ ਹੀ ਹੁੰਦਾ ਹੈ। (ਉਹਨਾਂ ਦਾ ਯਕੀਨ ਬਣ ਜਾਂਦਾ ਹੈ ਕਿ) ਹਰੀ ਦਾ ਨਾਮ ਹੀ ਸਾਡਾ ਮਾਂ ਪਿਉ ਹੈ ਤੇ ਨਾਮ ਹੀ ਸਾਡਾ ਸਖਾ ਤੇ ਮਿਤ੍ਰ ਹੈ।

ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥ ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥ {ਪੰਨਾ 592}

ਪਦਅਰਥ: ਮਸਲਤਿ = ਸਾਲਾਹ।

ਅਰਥ: ਹਰੀ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ, ਤੇ ਨਾਮ ਨਾਲ ਹੀ ਸਲਾਹ ਹੈ; ਨਾਮ ਹੀ ਸਦਾ ਸਾਡੀ ਸਾਰ ਲੈਂਦਾ ਹੈ; ਹਰੀ ਦਾ ਨਾਮ ਹੀ ਸਾਡੀ ਪਿਆਰੀ ਸੰਗਤਿ ਹੈ, ਤੇ ਨਾਮ ਹੀ ਸਾਡੀ ਕੁਲ ਤੇ ਪਰਵਾਰ ਹੈ।

ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥  {ਪੰਨਾ 592}

ਪਦਅਰਥ: ਗੁਰਿ = ਗੁਰੂ ਨੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।

ਅਰਥ: ਦਾਸ ਨਾਨਕ ਨੂੰ ਭੀ ਗੁਰੂ ਨੇ (ਉਸ) ਹਰੀ ਦਾ ਨਾਮ ਦਿੱਤਾ ਹੈ ਜੋ ਇਸ ਲੋਕ ਵਿਚ ਤੇ ਪਰਲੋਕ ਵਿਚ ਪਾਰ-ਉਤਾਰਾ ਕਰਦਾ ਹੈ।੧੫।

ਸਲੋਕੁ ਮਃ ੩ ॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ {ਪੰਨਾ 592}

ਅਰਥ: ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਉਹ ਸਦਾ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ; ਚਿੰਤਾ ਤੋਂ ਰਹਿਤ (ਕਰਨ ਵਾਲੇ) ਹਰੀ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।

ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥ {ਪੰਨਾ 592}

ਪਦਅਰਥ: ਮੋਖ = (ਵਿਕਾਰਾਂ ਤੋਂ) ਖ਼ਲਾਸੀ। ਪਦਵੀ = ਦਰਜਾ। ਪਾਹਿ = ਪੈਂਦੇ ਹਨ।

ਅਰਥ: ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਭੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ। ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ।

ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥ {ਪੰਨਾ 592}

ਅਰਥ: ਦਾਸ ਨਾਨਕ (ਭੀ) ਉਸ ਹਰੀ ਦਾ ਦਾਸ ਹੈ, ਹਰੀ ਮੇਹਰ ਕਰ ਕੇ (ਆਪਣੇ ਦਾਸ ਦੀ) ਲਾਜ ਰੱਖਦਾ ਹੈ।੧।

ਮਃ ੩ ॥ ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥ ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥ {ਪੰਨਾ 592}

ਅਰਥ: ਅਹੰਕਾਰ ਵਿਚ ਰਿਹਾਂ ਮਨੁੱਖ ਦੇ ਮਨ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਵਿਚ ਹੀ ਗੁਜ਼ਰ ਜਾਂਦੀ ਹੈ; ਅਹੰਕਾਰ (ਮਨੁੱਖ ਲਈ) ਇਕ ਤਗੜਾ ਰੋਗ ਹੈ (ਇਸ ਰੋਗ ਵਿਚ ਹੀ) ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ (ਭਾਵ, ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ)

ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥ {ਪੰਨਾ 592}

ਅਰਥ: ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦਾ ਸੰਸਕਾਰ-ਰੂਪ ਲੇਖ) ਉੱਕਰਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ (ਤੇ ਸਤਿਗੁਰੂ ਦੇ ਮਿਲਿਆਂ) ਪਰਮਾਤਮਾ (ਭੀ) ਆ ਮਿਲਦਾ ਹੈ; ਹੇ ਨਾਨਕ! ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਸਤਿਗੁਰੂ ਦੀ ਕਿਰਪਾ ਨਾਲ ('ਹਉਮੈ ਰੋਗ' ਤੋਂ) ਬਚ ਜਾਂਦੇ ਹਨ।੨।

ਪਉੜੀ ॥ ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥ ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥ {ਪੰਨਾ 592}

ਪਦਅਰਥ: ਅਬਿਗਤੁ = ਅਵਿਅਕਤ, ਅਦ੍ਰਿਸ਼ਟ। ਅਗੋਚਰ = ਅ = ਗੋ = ਚਰ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਬਿਧਾਤਾ = ਪੈਦਾ ਕਰਨ ਵਾਲਾ।

ਅਰਥ: ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ; ਅਸੀ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ।

ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥ ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥ {ਪੰਨਾ 592}

ਪਦਅਰਥ: ਅੰਤਿ = ਅਖ਼ੀਰ ਵੇਲੇ। ਗੁਰਿ = ਗੁਰੂ ਨੇ।

ਅਰਥ: ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ। ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ।

ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥ {ਪੰਨਾ 592}

ਪਦਅਰਥ: ਜਾਤਾ = ਪਛਾਣਿਆ, ਸਮਝਿਆ।

ਅਰਥ: ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ।੧੬।

ਸਲੋਕੁ ਮਃ ੩ ॥ ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥ ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥ {ਪੰਨਾ 592}

ਪਦਅਰਥ: ਕਿਤੁ = ਕਾਹਦੇ ਲਈ। ਸੈਸਾਰਿ = ਸੰਸਾਰ ਵਿਚ।

ਅਰਥ: ਅੰਨ੍ਹੇ ਮਨਮੁਖ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾ ਸੇਵਾ ਕੀਤੀ, ਨਾ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਹੀ ਲੱਗਾ, ਸ਼ਬਦ ਵਿਚ ਰਸ ਭੀ ਨਾ ਆਇਆ, (ਤਾਹੀਏਂ) ਘੜੀ ਮੁੜੀ ਜੰਮਦਾ ਮਰਦਾ ਹੈ; ਜੇ ਅੰਨ੍ਹਾ ਮਨਮੁਖ ਹਰੀ ਨੂੰ ਯਾਦ ਨਹੀਂ ਕਰਦਾ ਤਾਂ ਸੰਸਾਰ ਵਿਚ ਆਉਣ ਦਾ ਕੀਹ ਲਾਭ (ਉਸ ਨੇ ਖੱਟਿਆ) ?

ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥ {ਪੰਨਾ 592}

ਅਰਥ: ਹੇ ਨਾਨਕ! ਜਿਨ੍ਹਾਂ ਮਨੁੱਖਾਂ ਤੇ ਮੇਹਰ ਦੀ ਨਜ਼ਰ ਕਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਹੋ ਕੇ (ਸੰਸਾਰ ਸਾਗਰ ਤੋਂ) ਪਾਰ ਉਤਰਦੇ ਹਨ।੧।

ਮਃ ੩ ॥ ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥ ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥ {ਪੰਨਾ 592}

ਪਦਅਰਥ: ਗੁਣਤਾਸਿ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਵਿਚ।

ਅਰਥ: ਇਕ ਸਤਿਗੁਰੂ ਹੀ ਸੁਚੇਤ ਹੈ, ਹੋਰ ਸਾਰਾ ਸੰਸਾਰ (ਮਾਇਆ ਦੇ) ਮੋਹ ਵਿਚ ਤੇ ਤ੍ਰਿਸ਼ਨਾ ਵਿਚ ਸੁੱਤਾ ਹੋਇਆ ਹੈ; ਜੋ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਗੁਣਾਂ ਦੇ ਖ਼ਜ਼ਾਨੇ ਸੱਚੇ ਨਾਮ ਵਿਚ ਰੱਤੇ ਹੋਏ ਹਨ, (ਉਹ) ਜਾਗਦੇ ਹਨ।

TOP OF PAGE

Sri Guru Granth Darpan, by Professor Sahib Singh