ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 594

ਮਃ ੩ ॥ ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥  {ਪੰਨਾ 594}

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ, ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ; (ਪਰ) ਹੇ ਨਾਨਕ! ਉਸ ਦੇ ਭੀ ਕੀਹ ਵੱਸ?) (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ (ਸੰਸਕਾਰਾਂ) ਅਨੁਸਾਰ ਉਸ ਨੂੰ (ਹੁਣ ਭੀ ਇਹੋ ਜਿਹੀ ਹੀ) ਕਾਰ ਕਰਨੀ ਪੈਂਦੀ ਹੈ; ਕੋਈ ਮਨੁੱਖ (ਉਸ ਦੇ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।੨।

ਪਉੜੀ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ {ਪੰਨਾ 594}

ਅਰਥ: ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ, ਤੇ ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।

ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ {ਪੰਨਾ 594}

ਅਰਥ: ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ; ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ {ਪੰਨਾ 594}

ਅਰਥ: ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ।੧੯।

ਸਲੋਕੁ ਮਃ ੧ ॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ {ਪੰਨਾ 594}

ਪਦਅਰਥ: ਮੁੰਧਿ = ਇਸਤ੍ਰੀ।

ਅਰਥ: ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, (ਪਰ ਉਸ ਨੂੰ) ਪਰਦੇਸ ਵਿਚ (ਸਮਝਦੀ ਹੋਈ) ਕਮਲੀ ਇਸਤ੍ਰੀ ਸਦਾ ਝੂਰਦੀ ਹੈ ਤੇ (ਉਸ ਨੂੰ) ਯਾਦ ਕਰਦੀ ਹੈ; ਜੇ ਨੀਯਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ।੧।

ਮਃ ੧ ॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ {ਪੰਨਾ 594}

ਅਰਥ: ਹੇ ਨਾਨਕ! ਹਰੀ ਨਾਲ) ਪਿਆਰ ਕਰਨ ਤੋਂ ਬਿਨਾ (ਭਾਵ, ਪਿਆਰ ਤੋਂ ਸੱਖਣਾ ਜਦ ਤਾਈਂ ਰਹੇ) ਹੋਰ ਗੱਲਾਂ (ਕਰਨੀਆਂ) ਝੂਠੀਆਂ ਹਨ; (ਕਿਉਂਕਿ ਏਸ ਤਰ੍ਹਾਂ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ੨।

ਪਉੜੀ ॥ ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ {ਪੰਨਾ 594}

ਪਦਅਰਥ: ਜਿਨਿ = ਜਿਸ ਨੇ। ਤਿਨਿ = ਉਸੇ ਨੇ। ਭਭਾਖਿਆ = ਖਾਣ ਦੀ ਇੱਛਾ।

ਅਰਥ: ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ; ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ ਤੇ (ਇਸ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ।

ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥ {ਪੰਨਾ 594}

ਅਰਥ: ਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਹਲੇ ਨੇ ਸਮਝਿਆ ਹੈ; ਤੇ ਹੇ ਨਾਨਕ! ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ।੨੦।

ਸਲੋਕੁ ਮਃ ੩ ॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ {ਪੰਨਾ 594}

ਅਰਥ: ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ।

ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥ {ਪੰਨਾ 594}

ਪਦਅਰਥ: ਮਿਲਾਇਅਨੁ = ਮਿਲਾ ਲਏ ਹਨ ਉਸ ਨੇ। ਦੁਬਿਧਾ = ਦੁਚਿੱਤਾਪਨ, ਮੇਰ = ਤੇਰ।

ਅਰਥ: ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ। ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ।੧।

ਮਃ ੩ ॥ ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥ ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥ ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥ {ਪੰਨਾ 594}

ਪਦਅਰਥ: ਗਵਾਰਿ = ਗਵਾਰ ਨੇ। ਜਿਨ ਕਾਰਣਿ = ਜਿਨ੍ਹਾਂ ਦੀ ਖ਼ਾਤਰ। ਉਪਕਰੇ = ਪੁੱਕਰੇ, ਬਹੁੜੇ।

ਅਰਥ: ਅੰਨ੍ਹੇ ਮੂਰਖ ਗਵਾਰ ਨੇ ਆਪਣੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਮਾਇਆ ਦੇ ਪਿਆਰ ਵਿਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹਾੜੇ ਘੱਤਦਾ ਹੈ; ਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਹੈ ਉਹ ਆਖ਼ਰੀ ਵੇਲੇ ਨਹੀਂ ਪੁੱਕਰਦੇ।

ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ {ਪੰਨਾ 594}

ਅਰਥ: ਹੇ ਨਾਨਕ! ਗੁਰੂ ਦੀ ਮਤਿ ਲਿਆਂ ਹੀ ਸੁਖ ਮਿਲਦਾ ਹੈ ਤੇ ਬਖ਼ਸ਼ਣ ਵਾਲਾ ਹਰੀ ਬਖ਼ਸ਼ਦਾ ਹੈ।੨।

ਪਉੜੀ ॥ ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥ {ਪੰਨਾ 594}

ਅਰਥ: ਹੇ ਹਰੀ! ਤੂੰ ਆਪ ਹੀ ਆਪ ਹੈਂ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈਂ, ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ, ਜੇ ਕੋਈ ਹੋਰ ਹੋਵੇ ਹੀ। ਹਰੀ ਆਪ ਹੀ (ਸਭ ਜੀਵਾਂ ਵਿਚ) ਬੋਲਦਾ ਹੈ, ਆਪ ਹੀ ਸਭ ਨੂੰ ਬੁਲਾਉਂਦਾ ਹੈ ਅਤੇ ਆਪ ਹੀ ਜਲ ਵਿਚ ਥਲ ਵਿਚ ਵਿਆਪ ਰਿਹਾ ਹੈ।

ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥ ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ {ਪੰਨਾ 594}

ਅਰਥ: ਹੇ ਮਨ! ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖ਼ਸ਼ਦਾ ਹੈ, (ਇਸ ਵਾਸਤੇ) ਹਰੀ ਦੀ ਸ਼ਰਨ ਵਿਚ ਪਿਆ ਰਹੁ। ਹੇ ਮਨ! ਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ ਨਾ ਜਿਵਾਲ ਸਕਦਾ ਹੈ (ਇਸ ਵਾਸਤੇ) ਨਿਸਚਿੰਤ ਹੋ ਰਹੁ ਤੇ ਲੰਮੀਆਂ ਤਾਣ ਛੱਡ (ਭਾਵ, ਕਿਸੇ ਹੋਰ ਦੀ ਓਟ ਨਾ ਤੱਕ ਤੇ ਸਭ ਤੋਂ ਵੱਡੇ ਹਰੀ ਦੀ ਆਸ ਰੱਖ)

ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ    {ਪੰਨਾ 594}

ਅਰਥ: ਹੇ ਦਾਸ ਨਾਨਕ! ਜੇ ਉਠਦਿਆਂ ਬਹਿੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰੀਏ ਤਾਂ ਸਤਿਗੁਰੂ ਦੇ ਸਨਮੁਖ ਹੋ ਕੇ ਹਰਿ ਮਿਲ ਪੈਂਦਾ ਹੈ।੨੧।੧। ਸੁਧੁ।

ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ; ੨੧ ਪਉੜੀਆਂ ਹਨ; ਪਹਿਲੀ ਪਉੜੀ ਨਾਲ ੩ ਸਲੋਕ ਹਨ, ਬਾਕੀ ਹਰੇਕ ਪਉੜੀ ਨਾਲ ਦੋ ਦੋ ਸਲੋਕ ਹਨ; ਕੁੱਲ ੪੩ ਸਲੋਕ ਹਨ।

ਸਲੋਕਾਂ ਦਾ ਵੇਰਵਾ:
ਸਲੋਕ ਮ: ੩ --- ੪੦
ਸਲੋਕ ਮ: ੧ ----
 . . . . . . . . . ----
 . . ਜੋੜ . . . . . .੪੩

ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਦੀ ਇਹ ਵਾਰ ਹੈ, ਇੱਕ ਭੀ ਸਲੋਕ ਨਹੀਂ ਹੈ। ਸੋ 'ਵਾਰ' ਦਾ ਅਸਲ ਸਰੂਪ ਸਿਰਫ਼ 'ਪਉੜੀਆਂ' ਹੈ।

TOP OF PAGE

Sri Guru Granth Darpan, by Professor Sahib Singh