ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 595

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸੋਰਠਿ ਮਹਲਾ ੧ ਘਰੁ ੧ ਚਉਪਦੇ ॥

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ ਭੀ ਸਾਲਾਹਿਹੁ ਸਾਚਾ ਸੋਇ ॥ ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥ ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥ ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥ ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥ ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥ ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥ {ਪੰਨਾ 595}

ਪਦਅਰਥ: ਆਇਆ = ਆਇਆ, ਜੋ ਜੰਮਦੇ ਹਨ। ਮਰਣਾ = ਮੌਤ। ਮਰਣਾ ਆਇਆ = ਜੰਮਦੇ ਹਨ ਤੇ ਮਰਦੇ ਹਨ, ਜੰਮਦੇ ਹਨ ਤੇ ਮਰਦੇ ਹਨ, ਜੋ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਵੇਛੋੜਾ = ਪ੍ਰਭੂ ਚਰਨਾਂ ਤੋਂ ਵਿਛੋੜਾ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਕਿਨਾਹ = ਕੇਹੜੇ ਬੰਦਿਆਂ ਨੂੰ? ਵੇਦਨ = ਪੀੜ, ਮਾਨਸਕ ਦੁੱਖ।੧।

ਭੀ = ਮੁੜ ਮੁੜ। ਸਾਚਾ = ਸਦਾ-ਥਿਰ ਰਹਿਣ ਵਾਲਾ। ਜਾ ਕੀ = ਜਿਸ ਪ੍ਰਭੂ ਦੀ।ਰਾਹਉ।

ਵਡਾ ਕਰਿ = ਵੱਡਾ ਕਰ ਕੇ, ਇਹ ਆਖ ਕੇ ਕਿ ਉਹ ਸਭ ਤੋਂ ਵੱਡਾ ਹੈ। ਕਿ ਹੋਇ = ਕੀਹ ਲਾਭ ਹੋ ਸਕਦਾ ਹੈ? ਕੋਈ ਲਾਭ ਨਹੀਂ ਹੋ ਸਕਦਾ। ਰੁੰਨੈ = ਰੋਇਆਂ।੨।

ਕੋਟ = ਕਿਲ੍ਹੇ। ਗੜ = ਕਿਲ੍ਹੇ। ਕੇਤੀ = ਬਥੇਰੀ ਲੁਕਾਈ। ਵਜਾਇ = (ਨੋਬਤ) ਵਜਾ ਕੇ। ਅਸਮਾਨਿ = ਆਕਾਸ਼ ਤਕ। ਨ ਮਾਵਨੀ = ਨ ਮਾਵਨਿ, ਨਹੀਂ ਮਿਓਂਦੇ। ਤਿਨ ਨਕਿ = ਉਹਨਾਂ ਦੇ ਨੱਕ ਵਿਚ। ਨਥਾ ਪਾਇ = ਨੱਥਾਂ ਪਾਂਦਾ ਹੈ, ਆਕੜ ਭੰਨਦਾ ਹੈ। ਮਨ = ਹੇ ਮਨ! ਸੂਲੀਆ = ਦੁੱਖ ਕਲੇਸ਼। ਕਾਹੇ = ਕਿਉਂ? ਮਿਠਾ ਖਾਹਿ = ਤੂੰ ਮਿੱਠਾ ਖਾਂਦਾ ਹੈਂ, ਤੂੰ ਦੁਨੀਆ ਦੇ ਮਿੱਠੇ ਭੋਗ ਭੋਗਦਾ ਹੈਂ।੩।

ਅਉਗੁਣ = ਵਿਕਾਰ, ਪਾਪ। ਤੇਰੇ = ਇਹ ਸਾਰੇ। ਗਲੀ = ਗਲਾਂ ਵਿਚ। ਜੰਜੀਰ = ਫਾਹੀਆਂ। ਕਟੀਅਨਿ = ਕੱਟੇ ਜਾਂਦੇ ਹਨ। ਸੇ = ਇਹੀ। ਅਗੈ ਗਏ = ਸਾਡੇ ਨਾਲ ਗਏ ਹੋਏ। ਮੰਨੀਅਨਿ = ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ। ਵੇਪੀਰ = ਬੇ = ਮੁਰਸ਼ਿਦੇ, ਵੱਸ ਵਿਚ ਨਾਹ ਆਉਣ ਵਾਲੇ।੪।

ਅਰਥ: (ਹੇ ਭਾਈ!) ਮੁੜ ਮੁੜ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ। ਉਸੇ ਦੀ ਮੇਹਰ ਦੀ ਨਜ਼ਰ ਨਾਲ ਸਦਾ-ਥਿਰ ਰਹਿਣ ਵਾਲਾ ਸੁਖ ਮਿਲਦਾ ਹੈ।੧।

(ਜੋ ਜੀਵ ਦੁਨੀਆ ਦੇ ਹੋਛੇ ਸੁਖਾਂ ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦੇਂਦੇ ਹਨ) ਉਹਨਾਂ ਸਭਨਾਂ ਨੂੰ ਪ੍ਰਭੂ-ਚਰਨਾਂ ਤੋਂ ਵਿਛੋੜਾ ਰਹਿੰਦਾ ਹੈ ਉਹ ਸਾਰੇ ਜੰਮਦੇ ਮਰਦੇ ਹੀ ਰਹਿੰਦੇ ਹਨ। (ਹੇ ਭਾਈ!) ਜਾ ਕੇ ਗੁਰਮੁਖਾਂ ਪਾਸੋਂ ਪਤਾ ਲਵੋ ਕਿ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਕਿਨ੍ਹਾਂ ਨੂੰ ਹੁੰਦਾ ਹੈ (ਕਿਉਂਕਿ ਸੁਖੀ ਉਹੀ ਹਨ ਜੋ ਪ੍ਰਭੂ-ਚਰਨਾਂ ਵਿਚ ਜੁੜਦੇ ਹਨ) । (ਇਹ ਗੱਲ ਤਾਂ ਪ੍ਰਤੱਖ ਹੈ ਕਿ) ਜਿਨ੍ਹਾਂ ਬੰਦਿਆਂ ਨੂੰ ਪਿਆਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਕ ਕਲੇਸ਼ ਬਣਿਆ ਰਹਿੰਦਾ ਹੈ।੧।

(ਹੇ ਭਾਈ!) ਉਹ ਪਰਮਾਤਮਾ (ਸਦਾ-ਥਿਰ ਹੈ) ਹੁਣ ਭੀ ਮੌਜੂਦ ਹੈ ਅਗਾਂਹ ਨੂੰ ਭੀ ਕਾਇਮ ਰਹੇਗਾ, ਉਸ ਦੀ ਸਿਫ਼ਤਿ-ਸਾਲਾਹ ਕਰੋ (ਤੇ ਆਖੋ) ਕਿ ਉਹ ਸਭ ਤੋਂ ਵੱਡਾ ਦਾਤਾ ਹੈ। (ਹੇ ਭਾਈ! ਆਖੋ-ਹੇ ਪ੍ਰਭੂ!) ਤੂੰ ਸਭ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈਂ ਮਨੁੱਖ (ਵਿਚਾਰੇ ਕੀਹ ਹਨ ਕਿ ਉਹਨਾਂ) ਤੋਂ ਕੋਈ ਦਾਤਾਂ ਹੋ ਸਕਣ? (ਹੇ ਭਾਈ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ (ਉਸ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨੋ, ਕੋਈ ਦੁੱਖ ਕਲੇਸ਼ ਆਉਣ ਤੇ) ਰੰਨਾਂ ਵਾਂਗ ਰੋਣ ਤੋਂ ਕੋਈ ਲਾਭ ਨਹੀਂ ਹੋ ਸਕਦਾ।੨।

ਇਸ ਧਰਤੀ ਉਤੇ ਅਨੇਕਾਂ ਆਏ ਜੋ ਕਿਲ੍ਹੇ ਆਦਿਕ ਬਣਾ ਕੇ (ਆਪਣੀ ਤਾਕਤ ਦਾ) ਢੋਲ ਵਜਾ ਕੇ (ਆਖ਼ਰ) ਚਲੇ ਗਏ। ਜੇਹੜੇ ਆਪਣੀ ਤਾਕਤ ਦੇ ਮਾਣ ਵਿਚ ਇਤਨੀ ਧੌਣ ਅਕੜਾਂਦੇ ਹਨ ਕਿ (ਮਾਨੋ) ਅਸਮਾਨ ਦੇ ਹੇਠ ਭੀ ਨਹੀਂ ਮਿਓਂਦੇ, ਉਹ ਪਰਮਾਤਮਾ ਉਹਨਾਂ ਦੀ ਆਕੜ ਭੀ ਭੰਨ ਦੇਂਦਾ ਹੈ। ਸੋ, ਹੇ ਮਨ! ਜੇ ਤੂੰ ਇਹ ਸਮਝ ਲਏਂ ਕਿ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਦੁੱਖ-ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿਚ ਹੀ ਕਿਉਂ ਮਸਤ ਰਹੇਂ?੩।

ਹੇ ਨਾਨਕ! ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਜਿਤਨੇ ਭੀ ਪਾਪ-ਵਿਕਾਰ ਅਸੀ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ (ਇਹ ਹੋਰ ਹੋਰ ਪਾਪਾਂ ਵਲ ਧ੍ਰੂਹ ਕੇ ਲੈ ਜਾਂਦੇ ਹਨ) , ਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ। ਗੁਣ ਹੀ ਅਸਲ ਭਾਈ ਮਿਤ੍ਰ ਹਨ। (ਇਥੋਂ) ਸਾਡੇ ਨਾਲ ਗਏ ਹੋਏ ਪਾਪ-ਵਿਕਾਰ (ਅਗਾਂਹ) ਆਦਰ ਨਹੀਂ ਪਾਂਦੇ। ਇਹਨਾਂ ਬੇ-ਮੁਰਸ਼ਿਦਾਂ ਨੂੰ (ਹੁਣੇ ਹੀ) ਮਾਰ ਕੇ ਆਪਣੇ ਅੰਦਰੋਂ ਕੱਢ ਦਿਉ।੪।੧।

ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ {ਪੰਨਾ 595}

ਪਦਅਰਥ: ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ। ਰਖੁ = ਰਾਖਾ। ਗਰੀਬੀ ਵੇਸੁ = ਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ। ਭਾਉ = ਪ੍ਰੇਮ। ਕਰਮ = ਬਖ਼ਸ਼ਸ਼। ਕਰਮ ਕਰਿ = (ਪਰਮਾਤਮਾ ਦੀ) ਮੇਹਰ ਨਾਲ। ਜੰਮਸੀ = ਉੱਗੇਗਾ, ਪੈਦਾ ਹੋਵੇਗਾ। ਭਾਗਠ = ਭਾਗਾਂ ਵਾਲੇ, ਧਨਾਢ।੧।

ਬਾਬਾ = ਹੇ ਭਾਈ! ਇਨਿ = ਇਸ ਨੇ।ਰਹਾਉ।

ਹਾਣੁ = ਬੀਤਣਾ, ਗੁਜ਼ਰਨਾ। ਆਰਜਾ = ਉਮਰ। ਆਰਜਾ ਹਾਣੁ = ਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਹਟੁ = ਦੁਕਾਨ। ਵਥੁ = ਸੌਦਾ। ਸੋਚ = ਵਿਚਾਰ। ਭਾਂਡਸਾਲ = ਭਾਂਡਿਆਂ ਦੀ ਕਤਾਰ। ਤਿਸੁ ਵਿਚ = ਉਸ ਭਾਂਡਸਾਲ ਵਿਚ। ਤਿਸ ਨੋ = ਉਸ ਨਾਮ = ਵਥ ਨੂੰ {ਨੋਟ: 'ਜਿਸੁ, ਕਿਸੁ, ਤਿਸੁ, ਉਸੁ' ਦਾ ਅੰਤਲਾ ੁ ਹੇਠ = ਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈ– ਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}ਵਣਜਾਰੇ = ਸਤਸੰਗੀ। ਮਨ ਹਸੁ = ਮਨ ਦਾ ਹਾਸਾ, ਮਨ ਦਾ ਖਿੜਾਉ।੨।

ਸਾਸਤ = ਧਰਮ = ਪੁਸਤਕ। ਸਤੁ = ਉੱਚਾ ਆਚਰਨ। ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ। ਦੇਸਿ = ਦੇਸ ਵਿਚ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਮਹਲੁ = ਟਿਕਾਣਾ।੩।

ਚਾਕਰੀ = ਨੌਕਰੀ। ਕੰਮੁ = ਨੌਕਰੀ ਦਾ ਕੰਮ। ਬੰਨੁ = ਰੋਕ ਰੱਖ। ਧਾਵਣੀ = ਨੌਕਰੀ ਦੀ ਦੌੜ = ਭੱਜ। ਤਾ = ਤਦੋਂ ਹੀ। ਧੰਨੁ = ਸ਼ਾਬਾਸ਼ੇ। ਚਵਗਣ = ਚੌਗੁਣਾ। ਵੰਨੁ = ਰੰਗ।੪।

ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ-ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।

ਅਰਥ: ਹੇ ਭਾਈ! ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ) ੧।ਰਹਾਉ।

(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣਾ) ਸਰੀਰ (ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ।੧।

(ਹੇ ਭਾਈ!) ਉਮਰ ਦੇ ਹਰੇਕ ਸੁਆਸ ਨੂੰ ਖੱਟੀ ਬਣਾ, ਇਸ ਹੱਟੀ ਵਿਚ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਇਸ ਹਰੀ-ਨਾਮ ਸੌਦੇ ਨੂੰ ਪਾ। ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ।੨।

(ਹੇ ਭਾਈ! ਸੌਦਾਗਰਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ) ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿਚ ਭੀ ਖ਼ਰਚ ਦੀ ਲੋੜ ਹੈ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਲਏਂਗਾ।੩।

(ਹੇ ਭਾਈ! ਨੌਕਰ ਰੋਜ਼ੀ ਕਮਾਣ ਲਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂੰ ਭੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਂਦਾ ਨਹੀਂ ਤੂੰ ਭੀ) ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ-ਭੱਜ। (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ।੪।੨।

TOP OF PAGE

Sri Guru Granth Darpan, by Professor Sahib Singh