ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 597 ਸੋਰਠਿ ਮਹਲਾ ੧ ॥ ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥ ਸਾਚੇ ਸਚਿਆਰ ਵਿਟਹੁ ਕੁਰਬਾਣੁ ॥ ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥ ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥ ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥ ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥ ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥ {ਪੰਨਾ 597} ਪਦਅਰਥ: ਅਲਖ = {अलक्ष्य = invisible} ਅਦ੍ਰਿੱਸ਼। ਅਗੰਮ = ਅਪਹੁੰਚ। ਗੋ = ਗਿਆਨ = ਇੰਦ੍ਰੇ। ਗੋਚਰ = ਜਿਸ ਤਕ ਗਿਆਨ = ਇੰਦ੍ਰੇ ਪਹੁੰਚ ਸਕਣ। ਅਗੋਚਰ = ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਕਾਲੁ = ਮੌਤ। ਕਰਮਾ = ਕਰਮ, ਕੰਮ। ਅਜਾਤਿ = ਜਿਸ ਦੀ ਕੋਈ ਜਾਤਿ ਨਹੀਂ। ਸੰਭਉ = {स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਭਾਉ = ਮੋਹ।੧। ਸਚਿਆਰ = {सत्यालय} ਸੱਚ ਦਾ ਸੋਮਾ। ਵਿਟਹੁ = ਤੋਂ। ਵਰਨੁ = ਰੰਗ। ਰੇਖਿਆ = ਚਿਹਨ। ਨੀਸਾਣੁ = ਥਹੁ = ਪਤਾ।ਰਹਾਉ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਕਾਮੁ = ਕਾਮ = ਵਾਸਨਾ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਪਰੰਪਰੁ = ਪਰੇ ਤੋਂ ਪਰੇ, ਬੇਅੰਤ।੨। ਅੰਤਰਿ = ਅੰਦਰ। ਘਟਿ ਘਟਿ = ਹਰੇਕ ਘਟ ਵਿਚ। ਸਬਾਈ = ਹਰ ਥਾਂ। ਬਜਰ = ਪੱਥਰ ਵਰਗੇ ਕਰੜੇ। ਕਪਾਟ = ਕਵਾੜ, ਭਿੱਤ। ਮੁਕਤੇ = ਖੁਲ੍ਹ ਜਾਂਦੇ। ਨਿਰਭੈ = ਨਿਡਰ ਅਵਸਥਾ ਵਿਚ। ਤਾੜੀ = ਸਮਾਧੀ।੩। ਸਿਰਿ ਜੰਤਾ = ਸਭ ਜੀਵਾਂ ਦੇ ਸਿਰ ਤੇ। ਸਬਾਈ = ਸਾਰੀ। ਵਸਗਤਿ = ਵੱਸ ਵਿਚ ਕੀਤੀ ਹੋਈ। ਪਾਵਹਿ = ਜੀਵ ਪ੍ਰਾਪਤ ਕਰਦੇ ਹਨ। ਕਮਾਈ = ਕਮਾਇ, ਕਮਾ ਕੇ।੪। ਭਾਡੈ = ਭਾਂਡੇ ਵਿਚ। ਸੂਚਾਚਾਰੀ = ਸੁੱਚੇ ਆਚਾਰ ਵਾਲੇ। ਤੰਤੈ ਕਉ = ਜੀਵਾਤਮਾ ਨੂੰ। ਪਰਮ ਤੰਤੁ = ਪਰਮ ਆਤਮਾ।੫। ਅਰਥ: ਮੈਂ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਸਚਾਈ ਦਾ ਸੋਮਾ ਹੈ। ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ ਅਤੇ ਨਾਹ ਕੋਈ ਚਿਹਨ ਚੱਕ੍ਰ ਹੈ। ਸੱਚੇ ਸ਼ਬਦ ਵਿਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ।ਰਹਾਉ। ਉਹ ਪਰਮਾਤਮਾ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰੇ ਉਸ ਨੂੰ ਸਮਝ ਨਹੀਂ ਸਕਦੇ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਉ ਨਹੀਂ (ਜਿਵੇਂ ਜੀਵ ਕਰਮ-ਅਧੀਨ ਹਨ ਉਹ ਨਹੀਂ) । ਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ।੧। ਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ। ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ। ਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ ਪਰੇ ਤੋਂ ਪਰੇ ਹੈ। ਹੇ ਪ੍ਰਭੂ! ਸਭ ਥਾਂ ਤੇਰੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ।੨। ਹਰੇਕ ਸਰੀਰ ਦੇ ਅੰਦਰ ਪਰਮਾਤਮਾ ਗੁਪਤ ਹੋ ਕੇ ਬੈਠਾ ਹੋਇਆ ਹੈ, ਹਰੇਕ ਘਟ ਵਿਚ ਹਰ ਥਾਂ ਉਸੇ ਦੀ ਜੋਤਿ ਹੈ (ਪਰ ਮਾਇਆ ਦੇ ਮੋਹ ਦੇ ਕਰੜੇ ਕਵਾੜ ਲੱਗੇ ਹੋਣ ਕਰ ਕੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ) । ਗੁਰੂ ਦੀ ਮਤਿ ਤੇ ਤੁਰ ਕੇ ਜਿਸ ਮਨੁੱਖ ਦੇ ਇਹ ਕਰੜੇ ਕਵਾੜ ਖੁਲ੍ਹਦੇ ਹਨ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਹਰੇਕ ਜੀਵ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ ਨਿਡਰ ਅਵਸਥਾ ਵਿਚ ਟਿਕਿਆ ਬੈਠਾ ਹੈ।੩। ਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੇ ਸਿਰ ਉਤੇ ਪਰਮਾਤਮਾ ਨੇ ਮੌਤ (ਭੀ) ਟਿਕਾਈ ਹੋਈ ਹੈ, ਸਭ ਜੀਵਾਂ ਦੀ ਜੀਵਨ-ਜੁਗਤਿ ਪ੍ਰਭੂ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ। ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ-ਪਦਾਰਥ ਹਾਸਲ ਕਰਦੇ ਹਨ, ਉਹ ਗੁਰ-ਸ਼ਬਦ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਢਾਲ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।੪। ਪਵਿਤ੍ਰ ਹਿਰਦੇ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ (ਪਵਿਤ੍ਰ ਹਿਰਦੇ ਵਾਲੇ) ਕੋਈ ਵਿਰਲੇ ਹੁੰਦੇ ਹਨ। (ਗੁਰੂ ਆਪਣੇ ਸ਼ਬਦ ਦੀ ਰਾਹੀਂ ਹਿਰਦਾ ਪਵਿਤ੍ਰ ਕਰ ਕੇ) ਜੀਵ ਨੂੰ ਪਰਮਾਤਮਾ ਮਿਲਾਂਦਾ ਹੈ। ਹੇ ਨਾਨਕ! ਅਰਦਾਸ ਕਰ-ਹੇ ਪ੍ਰਭੂ! ਮੈਂ ਤੇਰੀ ਸਰਨ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ।੫।੬। ਸੋਰਠਿ ਮਹਲਾ ੧ ॥ ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥ ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥ ਮਨ ਰੇ ਰਾਮ ਨਾਮ ਜਸੁ ਲੇਇ ॥ ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥ ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥ ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥ ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥ ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥ ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥ ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥ {ਪੰਨਾ 597} ਪਦਅਰਥ: ਮੀਨਾ = ਮੱਛੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ = ਵੇੜ੍ਹਿਆ ਜੀਵ। ਮਰੈ = ਆਤਮਕ ਮੌਤੇ ਮਰਦਾ ਹੈ। ਪਿਆਸ = ਮਾਇਆ ਦੀ ਤ੍ਰਿਸ਼ਨਾ। ਬਿਰਥਾ = ਖ਼ਾਲੀ।੧। ਜਸੁ = ਸੋਭਾ, ਵਡਿਆਈ। ਕਿਉ ਲਹਉ = ਮੈਂ ਕਿਵੇਂ ਲੱਭਾਂ? ਮੈਨੂੰ ਨਹੀਂ ਲੱਭ ਸਕਦਾ। ਦੇਇ = ਦੇਂਦਾ ਹੈ।ਰਹਾਉ। ਮਿਲੁ = {ਹੁਕਮੀ ਭੀਵੱਖਤ, ਮੱਧਮ ਪੁਰਖ, ਇਕ-ਵਚਨ} (ਹੇ ਭਾਈ!) ਮਿਲ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਠਸਠਿ = ਅਠਾਹਠ {ਲਫ਼ਜ਼ 'ਤੀਰਥੁ' ਇਕ-ਵਚਨ ਹੈ, 'ਤੀਰਥ' ਬਹੁ-ਵਚਨ ਹੈ}। ਮਜਨਾ = ਇਸ਼ਨਾਨ। ਗੁਰ ਦਰਸੁ = ਗੁਰੂ ਦਾ ਦਰਸਨ।੨। ਜਤ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣਾ। ਦੇਹੁਰੀ = ਸਰੀਰ। ਜਮੁ = ਮੌਤ, ਮੌਤ ਦਾ ਡਰ। ਦੋਖੁ = ਵਿਕਾਰ।੩। ਸਾਕਤ = ਸਾਕਤਾਂ ਪਾਸੋਂ। ਭਾਇ = ਪ੍ਰੇਮ ਵਿਚ। ਸਮਾਇ = ਲੀਨ ਰਹਿੰਦਾ ਹੈ।੪। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰ। (ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ।ਰਹਾਉ। ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ। ਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ।੧। (ਹੇ ਮਨ!) ਸੰਤ ਜਨਾਂ ਦੀ ਸੰਗਤਿ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ। ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ।੨। ਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ) , ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ। ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ।੩। (ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੀਨ ਰਹਿੰਦਾ ਹੈ।੪।੭। ਸੋਰਠਿ ਮਹਲਾ ੧ ॥ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥ ਘਟਿ ਘਟਿ ਰਵਿ ਰਹਿਆ ਬਨਵਾਰੀ ॥ ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥ ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥ ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥ ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥ ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥ ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥ ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥ {ਪੰਨਾ 597-598} ਪਦਅਰਥ: ਪ੍ਰਭ = ਹੇ ਪ੍ਰਭੂ! ਦਾਨਿ = ਦਾਨ (ਦੇਣ) ਵਿਚ। ਮਤਿ ਪੂਰਾ = ਮਤਿ ਦਾ ਪੂਰਾ, ਕਦੇ ਨਾਹ ਖੁੰਝਣ ਵਾਲਾ। ਥਾਰੇ = ਤੇਰੇ। ਭੇਖਾਰੀ = ਮੰਗਤੇ। ਮਾਗਉ = ਮੈਂ ਮੰਗਾਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਈ = ਨ ਰਹੈ, ਨਹੀਂ ਰਹਿੰਦਾ। ਹਰਿ = ਹੇ ਹਰੀ! ਪਿਆਰੀ = ਮੈਂ ਪਿਆਰ ਕਰਾਂ।੧। ਰਵਿ ਰਹਿਆ = ਵਿਆਪਕ ਹੋ ਰਿਹਾ ਹੈ। ਬਨਵਾਰੀ = ਪਰਮਾਤਮਾ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਦੇਖਿ ਨਿਹਾਰੀ = ਦੇਖਿ ਨਿਹਾਰਿ, ਚੰਗੀ ਤਰ੍ਹਾਂ ਵੇਖ।ਰਹਾਉ। ਮਰਤ = ਮਾਤ ਲੋਕ, ਇਹ ਧਰਤੀ। ਪਇਆਲ = ਪਾਤਾਲ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ। ਹੈ ਭੀ = ਹੁਣ ਭੀ ਮੌਜੂਦ ਹੈ। ਹੋਨੀ = ਅਗਾਂਹ ਨੂੰ ਭੀ ਮੌਜੂਦ ਰਹੇਗਾ।੨। ਬਪੁੜੋ = ਵਿਚਾਰਾ। ਇਨਿ = ਇਸ (ਜਗਤ) ਨੇ। ਦੂਜੈ = ਦੂਜੇ (ਮੋਹ) ਵਿਚ (ਫਸ ਕੇ) । ਸਾਕਤ = ਸਾਕਤਾਂ ਨੇ, ਮਾਇਆ = ਵੇੜ੍ਹੇ ਬੰਦਿਆਂ ਨੇ।੩। ਸਤਿਗੁਰ = ਹੇ ਸਤਿਗੁਰ! ਤੋੜਿ = ਤੋੜ ਕੇ। ਨਿਰਾਰੇ = ਨਿਰਾਲੇ, ਨਿਰਲੇਪ। ਬਹੁੜਿ = ਮੁੜ। ਮਝਾਰੀ = ਵਿਚ। ਨਾਨਕ = ਹੇ ਨਾਨਕ! ਪਰਗਾਸਿਆ = ਚਮਕਿਆ, ਰੌਸ਼ਨ ਹੋਇਆ। ਮਨਿ = ਮਨ ਵਿਚ।੪। ਅਰਥ: ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀ ਤੇਰੇ (ਦਰ ਦੇ) ਮੰਗਤੇ ਹਾਂ। ਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ। (ਹਾਂ, ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ) ਹੇ ਹਰੀ! ਮੈਨੂੰ ਆਪਣਾ ਨਾਮ ਦੇਹ, ਮੈਂ ਤੇਰੇ ਨਾਮ ਨੂੰ ਪਿਆਰ ਕਰਾਂ।੧। ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ। ਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ।ਰਹਾਉ। (ਹੇ ਭਾਈ! ਜਿਸ ਮਨੁੱਖ ਉੱਤੇ) ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਨੂੰ ਉਸ ਨੇ ਧਰਤੀ ਆਕਾਸ਼ ਪਾਤਾਲ (ਸਾਰਾ ਜਗਤ ਪਰਮਾਤਮਾ ਦੀ ਹੋਂਦ ਨਾਲ ਭਰਪੂਰ) ਵਿਖਾ ਦਿੱਤਾ। ਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, (ਹੇ ਭਾਈ!) ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ।੨। ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ। ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ।੩। ਹੇ ਸਤਿਗੁਰੂ! ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ।੪।੮। |
Sri Guru Granth Darpan, by Professor Sahib Singh |