ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 598

ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥ ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ {ਪੰਨਾ 598}

ਪਦਅਰਥ: ਜਲ ਨਿਧਿ = ਪਾਣੀ ਦਾ ਖ਼ਜ਼ਾਨਾ (ਜਿਵੇਂ ਅੱਗ ਬੁਝਾਣ ਲਈ ਪਾਣੀ ਚਾਹੀਦਾ ਹੈ ਤਿਵੇਂ ਤ੍ਰਿਸ਼ਨਾ ਦੀ ਅੱਗ ਸ਼ਾਂਤ ਕਰਨ ਲਈ ਨਾਮ = ਜਲ ਦੀ ਲੋੜ ਹੈ) , ਅੰਮ੍ਰਿਤ ਦਾ ਖ਼ਜ਼ਾਨਾ। ਜਗਿ = ਜਗਤ ਵਿਚ। ਪਾਹੀ = ਪਾਸ। ਵੇਸੁ = ਪਹਿਰਾਵਾ। ਵੇਸੁ ਭੇਖ = ਧਾਰਮਿਕ ਭੇਖ ਦਾ ਪਹਿਰਾਵਾ। ਚਤੁਰਾਈ = ਚਲਾਕੀ। ਦੁਬਿਧਾ = ਦੋ = ਰੁਖ਼ੀ।੧।

ਕਤ = ਕਿਤੇ ਬਾਹਰ। ਮਤੁ ਜਾਹੀ = ਨਾਹ ਜਾਈਂ। ਘਰਿ = ਘਰ ਵਿਚ। ਘਟ ਮਾਹੀ = ਹਿਰਦੇ ਵਿਚ।ਰਹਾਉ।

ਧਾਵਹੁ = ਦੌੜੋ, ਜਤਨ ਕਰੋ। ਕਰਿ = ਕਰ ਕੇ। ਸਰ ਅਪਸਰ = ਚੰਗਾ ਅਤੇ ਮੰਦਾ। ਸਾਰ = ਸਮਝ। ਕੀਚ = ਚਿੱਕੜ ਵਿਚ। ਬੁਡਾਹੀ = ਤੂੰ ਡੁੱਬਦਾ ਹੈਂ।੨।

ਕਾਹੀ = ਕਾਹਦੇ ਵਾਸਤੇ? ਅੰਤਰਿ = ਤੇਰੇ ਅੰਦਰ। ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ}ਤਾਹੀ = ਤਦੋਂ ਹੀ, ਤਾਂ ਹੀ।੩।

ਪਰਹਰਿ = ਤਿਆਗ ਕੇ। ਸਚੁ ਫਲੁ = ਸਦਾ ਟਿਕੇ ਰਹਿਣ ਵਾਲਾ ਫਲ। ਪਾਹੀ = ਹਾਸਲ ਕਰੇਂਗਾ। ਸਲਾਹੀ = ਮੈਂ ਸਲਾਹੁੰਦਾ ਰਹਾਂ।੪।

ਅਰਥ: ਹੇ ਮੇਰੇ ਮਨ! ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ।ਰਹਾਉ।

(ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ।੧।

(ਹੇ ਭਾਈ!) ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ। ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ। (ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ।੨।

(ਹੇ ਭਾਈ!) ਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ? ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ।੩।

(ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ। ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ।

ਹੇ ਦਾਸ ਨਾਨਕ! ਪ੍ਰਭੂ-ਦਰ ਤੇ ਅਰਦਾਸ ਕਰ ਕੇ ਆਖ-) ਹੇ ਹਰੀ! ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ ਰੱਖ (ਪਰ ਇਹ ਮਿਹਰ ਕਰ ਕਿ ਗੁਰੂ ਦੇ) ਸ਼ਬਦ ਵਿਚ ਜੁੜ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੪।੯।

ਸੋਰਠਿ ਮਹਲਾ ੧ ਪੰਚਪਦੇ ॥ ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥ ਮਨ ਰੇ ਸਮਝੁ ਕਵਨ ਮਤਿ ਲਾਗਾ ॥ ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥ ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥ ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥ ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥ ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥ ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥ ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥ ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥ ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥ {ਪੰਨਾ 598}

ਪਦਅਰਥ: ਪੰਚਪਦੇ = ਪੰਜ ਪੰਜ ਬੰਦਾਂ ਵਾਲੇ ਸ਼ਬਦ।

ਘਰੁ = ਆਤਮਕ ਜੀਵਨ। ਮੂਸਤ = ਚੁਰਾਇਆ ਜਾ ਰਿਹਾ ਹੈ। ਕੀ = ਕਿਉਂ? ਜੋਹਨ ਲਾਗਾ = ਤੱਕ ਰਿਹਾ ਹੈਂ, ਛਿੱਦ੍ਰ ਲੱਭ ਰਿਹਾ ਹੈਂ।੧।

ਅਨ ਰਸ = ਹੋਰ ਰਸਾਂ ਵਿਚ। ਅਭਾਗਾ = ਭਾਗ = ਹੀਣ।ਰਹਾਉ।

ਹਰਖ = ਖ਼ੁਸ਼ੀ। ਨਾਲੇ = ਨਾਲ ਹੀ, ਸਦਾ ਨਾਲ। ਭੋਗਿ = ਭੋਗ ਵਿਚ। ਅਨਰਾਗਾ = ਰਾਗ = ਰਹਿਤ, ਨਿਰਮੋਹ।੨।

ਊਪਰਿ = ਵਧੀਆ। ਜਿਨਿ = ਜਿਸ ਨੇ। ਤ੍ਰਿਪਤਾਗਾ = ਰੱਜ ਗਿਆ। ਖੋਇਆ = ਗਵਾ ਲਿਆ। ਜਾ = ਜਾਇ, ਜਾ ਕੇ। ਸਾਕਤ = ਮਾਇਆ = ਵੇੜ੍ਹੇ ਮਨੁੱਖ।੩।

ਜੀਉ = ਜਿੰਦ, ਆਸਰਾ। ਪਵਨ = ਪ੍ਰਾਣ। ਦੇਹੀ = ਦੇਹ ਦਾ ਮਾਲਕ। ਦੇਹੀ = ਸਰੀਰ। ਦੇਉ = ਪ੍ਰਕਾਸ਼ = ਰੂਪ ਪ੍ਰਭੂ। ਗਾਈ = ਮੈਂ ਗਾਵਾਂ।੪।

ਗੁਰਿ = ਗੁਰੂ ਦੀ ਰਾਹੀਂ। ਮਿਲਿਐ = ਮਿਲੇ ਦੀ ਰਾਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮਸਤਕਿ = ਮੱਥੇ ਉਤੇ।੫।

ਅਰਥ: ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ? ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ।ਰਹਾਉ।

ਹੇ ਮਨ! ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ? ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ।

ਹੇ ਮਨ! ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ (ਪਰ ਤੇਰੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ। (ਸਿਰਫ਼) ਉਹ ਮਨੁੱਖ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ।੨।

(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ। ਜਿਸ ਮਨੁੱਖ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ। ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮਤਿ ਵਿਚ ਜਾ ਲੱਗਦਾ ਹੈ।੩।

ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ (ਪਰ ਸਾਨੂੰ ਇਹ ਸਮਝ ਨਹੀਂ ਪੈਂਦੀ, ਅਸੀ ਬਾਹਰ ਹੀ ਭਟਕਦੇ ਰਹਿੰਦੇ ਹਾਂ) ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ। ਜਿਸ ਮਨੁੱਖ ਦੀ ਸੁਰਤਿ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ।੪।

ਹੇ ਨਾਨਕ! ਸਾਧ ਸੰਗਤਿ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤਿ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ। ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।੫।੧੦।

ਸੋਰਠਿ ਮਹਲਾ ੧ ॥ ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥ ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥ ਮਨ ਰੇ ਰਾਮ ਜਪਹੁ ਸੁਖੁ ਹੋਈ ॥ ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥ ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥ ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥ ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥ ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥ ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ {ਪੰਨਾ 598-599}

ਪਦਅਰਥ: ਸਿਰਿ = ਸਿਰ ਉਤੇ। ਧੁਰਾਹੂ = ਧੁਰ ਤੋਂ ਹੀ। ਅਲੇਖੁ = ਜਿਸ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰਭਾਵ ਨਹੀਂ {ਅ = ਲੇਖੁ}ਕਰਿ = ਪੈਦਾ ਕਰ ਕੇ, ਬਣਾ ਕੇ। ਦੇਖੈ = ਸੰਭਾਲ ਕਰਦਾ ਹੈ। ਸੋਈ = ਉਹ ਆਪ ਹੀ।

ਅਹਿ = ਦਿਨ। ਨਿਸਿ = ਰਾਤ। ਸਰੇਵਹੁ = ਸੇਵਾ ਕਰੋ। ਭੁਗਤਾ = ਭੋਗਣ ਵਾਲਾ। ਗੁਰ = ਸਭ ਤੋਂ ਵੱਡਾ ਮਾਲਕ।ਰਹਾਉ।

ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ। ਏਕ ਦ੍ਰਿਸਟਿ = ਇਕ ਪ੍ਰਭੂ ਨੂੰ ਹੀ ਵੇਖਣ ਵਾਲੀ ਨਜ਼ਰ। ਕਰਿ = ਬਣਾ ਕੇ। ਸਮੋਈ = ਸਮਾਈ, ਮੌਜੂਦ।੨।

ਚਲਤੌ = ਭਟਕਦੇ (ਮਨ) ਨੂੰ। ਠਾਕਿ = ਰੋਕ ਕੇ। ਘਰਿ = ਘਰ ਵਿਚ। ਮਤਿ = ਅਕਲ। ਰਹਉ = ਮੈਂ ਰਹਿੰਦਾ ਹਾਂ {ਨੋਟ: ਇਸ ਸ਼ਬਦ ਵਿਚ ਹੇਠ = ਲਿਖੇ ਲਫ਼ਜ਼ ਧਿਆਨ ਨਾਲ ਵੇਖੋ = ਜਪਹੁ, ਸਰੇਵਹੁ, ਦੇਖਹੁ, ਪੀਵਹੁ। ਇਹ ਸਾਰੇ ਲਫ਼ਜ਼ ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ ਹਨ। ਪਰ ਲਫ਼ਜ਼ 'ਰਹਉ' ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ ਹੈ}ਬਿਸਮਾਦੀ = ਹੈਰਾਨ, ਵਿਸਮਾਦ ਅਵਸਥਾ ਵਿਚ।੩।

ਅਪਿਉ = ਅੰਮ੍ਰਿਤ, ਅਟੱਲ ਆਤਮਕ ਜੀਵਨ ਦੇਣ ਵਾਲਾ ਰਸ। ਪਾਈਐ = ਪਾ ਲਈਦਾ ਹੈ। ਨਿਜ ਘਰਿ = ਆਪਣੇ ਘਰ ਵਿਚ। ਜਨਮ ਮਰਨ ਭਵ ਭੰਜਨੁ = ਉਹ ਪ੍ਰਭੂ ਜੋ ਜਨਮ ਮਰਨ ਨਾਸ ਕਰਨ ਵਾਲਾ ਹੈ, ਜੋ ਸੰਸਾਰ = ਚੱਕ੍ਰ ਨਾਸ ਕਰਨ ਵਾਲਾ ਹੈ। ਪੁਨਰਪਿ = {ਪੁਨਹ ਅਪਿ। ਪੁਨਹ = ਮੁੜ। ਅਪਿ = ਭੀ।} ਮੁੜ ਮੁੜ।੪।

ਤਤੁ = ਸਾਰੇ ਜਗਤ ਦਾ ਅਸਲਾ। ਨਿਰੰਜਨੁ = ਮਾਇਆ = ਕਾਲਖ ਤੋਂ ਰਹਿਤ। ਸਬਾਈ = ਸਭ ਥਾਂ। ਸੋਹੰ = ਸੋਹੈ, ਸੋਭ ਰਹੀ ਹੈ। ਭੇਦੁ = ਵਿੱਥ। ਅਪਰੰਪਰ = ਪਰੇ ਤੋਂ ਪਰੇ। ਗੁਰੁ ਮਿਲਿਆ = (ਜੋ ਮਨੁੱਖ) ਗੁਰੂ ਨੂੰ ਮਿਲ ਪਿਆ ਹੈ।੫।

ਅਰਥ: ਹੇ ਮੇਰੇ ਮਨ! ਸਦਾ ਰਾਮ ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ। ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ।ਰਹਾਉ।

ਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ। ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ। ਸਿਰਫ਼ ਪਰਮਾਤਮਾ ਆਪ ਇਸ (ਕਰਮ-) ਲੇਖ ਤੋਂ ਸੁਤੰਤ੍ਰ ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ।੧।

ਹੇ ਮੇਰੇ ਮਨ! ਜੇਹੜਾ ਪ੍ਰਭੂ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ (ਸਾਰੀ ਕੁਦਰਤਿ ਵਿਚ) ਵੇਖ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ (ਫਿਰ ਤੈਨੂੰ ਦਿੱਸ ਪਏਗਾ ਕਿ) ਹਰੇਕ ਸਰੀਰ ਵਿਚ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ।੨।

(ਹੇ ਭਾਈ!) ਇਸ (ਬਾਹਰ) ਭਟਕਦੇ (ਮਨ) ਨੂੰ ਰੋਕ ਕੇ ਆਪਣੇ ਅੰਦਰ (ਵੱਸਦੇ ਪ੍ਰਭੂ ਵਿਚ) ਹੀ ਟਿਕਾ ਰੱਖ। ਪਰ ਗੁਰੂ ਨੂੰ ਮਿਲਿਆਂ ਹੀ ਇਹ ਅਕਲ ਆਉਂਦੀ ਹੈ। ਮੈਂ ਤਾਂ (ਗੁਰੂ ਦੀ ਕਿਰਪਾ ਨਾਲ) ਉਸ ਅਦ੍ਰਿਸ਼ਟ ਪ੍ਰਭੂ ਨੂੰ (ਸਭ ਵਿਚ ਵੱਸਦਾ) ਵੇਖ ਕੇ ਵਿਸਮਾਦ ਅਵਸਥਾ ਵਿਚ ਅੱਪੜ ਜਾਂਦਾ ਹਾਂ। (ਜੇਹੜਾ ਭੀ ਇਹ ਦੀਦਾਰ ਕਰਦਾ ਹੈ, ਉਸ ਦਾ) ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ।੩।

(ਹੇ ਭਾਈ!) ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਉ, (ਇਹ ਨਾਮ-ਰਸ ਪੀਤਿਆਂ) ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਹੈ, ਅਤੇ ਆਪਣੇ ਘਰ ਵਿਚ ਟਿਕਾਣਾ ਹੋ ਜਾਂਦਾ ਹੈ (ਭਾਵ, ਸੁਖਾਂ ਦੀ ਖ਼ਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ) । (ਹੇ ਭਾਈ!) ਜਨਮ ਮਰਨ ਦਾ ਚੱਕ੍ਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਮੁੜ ਮੁੜ ਜਨਮ (ਮਰਨ) ਨਹੀਂ ਹੁੰਦਾ।੪।

(ਹੇ ਭਾਈ!) ਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ (ਆਪ) ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਪ੍ਰਭੂ ਪਾਰਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ। ਹੇ ਨਾਨਕ! ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ (ਇਹ ਦਿੱਸ ਪੈਂਦਾ ਹੈ ਕਿ) ਉਸ ਪ੍ਰਭੂ ਦੀ ਜੋਤਿ ਹਰ ਥਾਂ ਸੋਭ ਰਹੀ ਹੈ (ਤੇ ਉਸ ਦੀ ਵਿਆਪਕਤਾ ਵਿਚ ਕਿਤੇ) ਕੋਈ ਵਿੱਥ ਵਿਤਕਰਾ ਨਹੀਂ ਹੈ।੫।੧੧।

ਨੋਟ: ਇਹ ੧੧ ਸ਼ਬਦ "ਘਰੁ ੧" ਦੇ ਹਨ। ਅਗਾਂਹ ੧ ਸ਼ਬਦ "ਘਰੁ ੩" ਦਾ ਹੈ। ਤਾਹੀਏਂ ਉਸ ਦਾ ਵੱਖਰਾ ਅੰਕ ੧ ਦੇ ਕੇ ਸਾਰਾ ਜੋੜ ੧੨ ਲਿਖਿਆ ਹੈ।

TOP OF PAGE

Sri Guru Granth Darpan, by Professor Sahib Singh