ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 599

ਸੋਰਠਿ ਮਹਲਾ ੧ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ ਜਾ ਆਪੇ ਦੇਵੈ ਸੋਈ ॥੧॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ ਗੁਰ ਚਰਨੀ ਮਨੁ ਲਾਗਾ ॥ ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰਿ ਆਇਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰਣੀ ਕੀਰਤਿ ਹੋਈ ॥ ਜਾ ਆਪੇ ਮਿਲਿਆ ਸੋਈ ॥੪॥੧॥੧੨॥ {ਪੰਨਾ 599}

ਨੋਟ: ਵੇਖੋ ਇਸੇ ਰਾਗ ਵਿਚ ਨਾਮਦੇਵ ਜੀ ਦਾ ਸ਼ਬਦ "ਜਬ ਦੇਖਾ ਤਬ ਗਾਵਾ"ਦੋਹਾਂ ਸ਼ਬਦਾਂ ਵਿਚ ਬਹੁਤ ਹੀ ਨੇੜੇ ਦੀ ਸਾਂਝ ਹੈ। ਗੁਰੂ ਨਾਨਕ ਦੇਵ ਜੀ ਦੇ ਪਾਸ ਭਗਤ ਨਾਮਦੇਵ ਜੀ ਦੀ ਬਾਣੀ ਮੌਜੂਦ ਸੀ।

ਪਦਅਰਥ: ਜਾ = ਜਦੋਂ। ਤਿਸੁ = ਉਸ (ਪ੍ਰਭੂ) ਨੂੰ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ। ਗਾਵਾ = ਮੈਂ ਗਾ ਸਕਦਾ ਹਾਂ, ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਤਾ = ਤਦੋਂ। ਗਾਵੇ ਕਾ = ਸਿਫ਼ਤਿ-ਸਾਲਾਹ ਦਾ। ਪਾਵਾ = ਮੈਂ ਪਾ ਸਕਦਾ ਹਾਂ। ਸੋਈ = ਉਹ ਪ੍ਰਭੂ ਹੀ।੧।

ਮਨ = ਹੇ ਮਨ! ਬਚਨੀ = ਬਚਨਾਂ ਦੀ ਰਾਹੀਂ। ਨਿਧਿ = ਖ਼ਜ਼ਾਨਾ, ਸਿਫ਼ਤਿ-ਸਾਲਾਹ ਦਾ ਖ਼ਜ਼ਾਨਾ। ਪਾਈ = (ਜਿਸ ਨੇ) ਪਾ ਲਿਆ। ਤਾ ਤੇ = ਉਸ (ਖ਼ਜ਼ਾਨੇ) ਤੋਂ, ਸਿਫ਼ਤਿ ਸਾਲਾਹ ਦੇ ਉਸ ਖ਼ਜ਼ਾਨੇ ਦੀ ਬਰਕਤਿ ਨਾਲ। ਸਚ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।ਰਹਾਉ।

ਸਾਖੀ = ਸਿੱਖਿਆ। ਜਾਗੀ = ਜਗ ਪਈ, ਜੋਤਿ ਜਗ ਪਈ। ਤਾ = ਤਦੋਂ। ਚੰਚਲ = ਇੱਕ ਥਾਂ ਨਾਹ ਟਿਕਣ ਵਾਲੀ, ਭਟਕਣਾ ਵਿਚ ਪਾਈ ਰੱਖਣ ਵਾਲੀ। ਉਜੀਆਰਾ = ਚਾਨਣ (ਆਤਮਕ) ਅੰਧ੍ਯ੍ਯਾਰਾ = (ਅਗਿਆਨਤਾ ਦਾ) ਹਨੇਰਾ।੨।

ਮਾਰਗੁ = ਰਸਤਾ। ਜਮ ਕਾ ਮਾਰਗੁ = ਉਹ ਜੀਵਨ = ਰਸਤਾ ਜੋ ਆਤਮਕ ਮੌਤ ਵਲ ਲੈ ਜਾਂਦਾ ਹੈ। ਸਹਜ = ਅਡੋਲ ਆਤਮਕ ਅਵਸਥਾ, ਸ਼ਾਂਤੀ।੩।

ਭਣਤਿ = ਆਖਦਾ ਹੈ। ਕੋ ਬੀਚਾਰੀ = ਕੋਈ ਵਿਚਾਰਵਾਨ ਹੀ। ਕਰਣੀ = {करणीय} ਕਰਨ = ਜੋਗ ਕੰਮ। ਸਾਰੀ = ਸ੍ਰੇਸ਼ਟ। ਕੀਰਤਿ = ਸਿਫ਼ਤਿ-ਸਾਲਾਹ। ਆਪੇ = (ਪ੍ਰਭੂ) ਆਪ ਹੀ।੪।

ਅਰਥ: ਹੇ ਮੇਰੇ ਮਨ! ਜਿਸ ਮਨੁਖ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ (ਸਿਫ਼ਤਿ-ਸਾਲਾਹ ਦਾ) ਖ਼ਜ਼ਾਨਾ ਲੱਭ ਲਿਆ, ਉਹ ਉਸ (ਖ਼ਜ਼ਾਨੇ) ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਸਦਾ ਟਿਕਿਆ ਰਹਿੰਦਾ ਹੈ।ਰਹਾਉ।

(ਹੇ ਮੇਰੇ ਮਨ!) ਜਦੋਂ ਮੈਂ ਉਸ ਪ੍ਰਭੂ ਨੂੰ ਚੰਗਾ ਲੱਗਦਾ ਹਾਂ (ਭਾਵ, ਜਦੋਂ ਉਹ ਮੇਰੇ ਉਤੇ ਖ਼ੁਸ਼ ਹੁੰਦਾ ਹੈ) ਤਦੋਂ ਹੀ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ, ਤਦੋਂ ਹੀ (ਭਾਵ, ਉਸ ਦੀ ਮੇਹਰ ਨਾਲ ਹੀ) ਮੈਂ ਸਿਫ਼ਤਿ-ਸਾਲਾਹ ਕਰਨ ਦਾ ਫਲ ਪ੍ਰਾਪਤ ਕਰ ਸਕਦਾ ਹਾਂ। ਸਿਫ਼ਤਿ-ਸਾਲਾਹ ਕਰਨ ਦਾ ਜੋ ਫਲ ਹੈ (ਕਿ ਸਦਾ ਉਸ ਦੇ ਚਰਨਾਂ ਵਿਚ ਲੀਨ ਰਹਿ ਸਕੀਦਾ ਹੈ, ਇਹ ਭੀ ਤਦੋਂ ਹੀ ਮਿਲਦਾ ਹੈ) ਜਦੋਂ ਉਹ ਪ੍ਰਭੂ ਆਪ ਹੀ ਦੇਂਦਾ ਹੈ।੧।

ਜਦੋਂ ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੀ (ਸਿਫ਼ਤਿ-ਸਾਲਾਹ ਕਰਨ ਦੀ ਸਿੱਖਿਆ ਦੀ) ਜੋਤਿ ਜਗ ਪੈਂਦੀ ਹੈ ਤਦੋਂ ਉਹ ਮਨੁੱਖ ਉਹ ਮਤਿ ਛੱਡ ਦੇਂਦਾ ਹੈ ਜੋ ਮਾਇਆ ਪਿਛੇ ਭਟਕਣ ਵਲ ਪਾਈ ਰੱਖਦੀ ਹੈ। ਜਦੋਂ (ਮਨੁੱਖ ਦੇ ਅੰਦਰ) ਗੁਰੂ ਦੇ ਉਪਦੇਸ਼ ਦਾ (ਆਤਮਕ) ਚਾਨਣ ਹੁੰਦਾ ਹੈ, ਤਦੋਂ ਉਸ ਦੇ ਅੰਦਰੋਂ (ਅਗਿਆਨਤਾ ਵਾਲਾ) ਸਾਰਾ ਹਨੇਰਾ ਦੂਰ ਹੋ ਜਾਂਦਾ ਹੈ।੨।

ਜਦੋਂ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਤਦੋਂ ਉਸ ਮਨੁੱਖ ਦਾ ਉਹ ਜੀਵਨ-ਰਸਤਾ ਖ਼ਤਮ ਹੋ ਜਾਂਦਾ ਹੈ ਜਿਸ ਤੇ ਤੁਰਿਆਂ ਆਤਮਕ ਮੌਤ ਹੋ ਰਹੀ ਸੀ। ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਜਦੋਂ ਮਨੁੱਖ ਨਿਰਭਉ ਪ੍ਰਭੂ ਨਾਲ ਮਿਲਾਪ ਹਾਸਲ ਕਰਦਾ ਹੈ, ਤਦੋਂ ਉਹ ਅਡੋਲ ਆਤਮਕ ਅਵਸਥਾ ਦੇ ਘਰ ਵਿਚ ਟਿਕ ਜਾਂਦਾ ਹੈ।੩।

ਪਰ, ਨਾਨਕ ਆਖਦਾ ਹੈ-ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ਕਿ ਇਸ ਜ਼ਿੰਦਗੀ ਵਿਚ (ਪਰਮਾਤਮਾ ਦੀ ਸਿਫ਼ਤਿ ਹੀ) ਸ੍ਰੇਸ਼ਟ ਕਰਨ-ਜੋਗ ਕੰਮ ਹੈ। ਜਦੋਂ ਪ੍ਰਭੂ ਆਪ (ਮੇਹਰ ਕਰ ਕੇ ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ ਤਦੋਂ ਉਸ ਨੂੰ ਸਿਫ਼ਤਿ-ਸਾਲਾਹ ਦੀ (ਸ੍ਰੇਸ਼ਟ) ਕਾਰ ਮਿਲ ਜਾਂਦੀ ਹੈ।੪।੧।੧੨।

ਸੋਰਠਿ ਮਹਲਾ ੩ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ {ਪੰਨਾ 599-600}

ਪਦਅਰਥ: ਸਭਿ = ਸਾਰੇ। ਸਬਦੈ = ਗੁਰੂ ਦੇ ਸ਼ਬਦ ਦਾ। ਸਾਦੁ = ਸੁਆਦ, ਰਸ। ਤੇ = ਤੋਂ, ਨਾਲ। ਜਿਨਿ = ਜਿਸ (ਮਨੁੱਖ) ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}ਆਪੁ = ਆਪਾ = ਭਾਵ। ਅਨਦਿਨੁ = ਹਰ ਰੋਜ਼। ਗਾਵਹਿ = ਗਾਂਦੇ ਹਨ। ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਸਬਦਿ = ਸ਼ਬਦ ਦੀ ਰਾਹੀਂ। ਸੁਹਾਇਆ = ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ।੧।

ਠਾਕੁਰ = ਹੇ ਮਾਲਕ! ਸਚਾ = ਸਦਾ-ਥਿਰ ਰਹਿਣ ਵਾਲਾ।ਰਹਾਉ।

ਜਾਗਤ = (ਵਿਕਾਰਾਂ ਵਲੋਂ) ਸੁਚੇਤ। ਗਿਰਹੀ ਮਹਿ = ਗ੍ਰਿਹ ਵਿਚ ਹੀ, ਗ੍ਰਿਹਸਤ ਵਿਚ ਹੀ। ਉਰ = ਹਿਰਦਾ।੨।

ਮਨੂਆ = ਅੱਲ੍ਹੜ ਮਨ। ਦਹ ਦਿਸਿ = ਦਸੀਂ ਪਾਸੀਂ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਇਆ = ਰਾਹੋਂ ਖੁੰਝ ਜਾਂਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ। ਭੇਟੇ = ਮਿਲ ਪਏ।੩।

ਵੀਚਾਰੀ = ਵਿਚਾਰਵਾਨ (ਹੋ ਕੇ) ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਨਾਵਹੁ = ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਏਹਾ = ਇਹ (ਨਾਮ) ਹੀ। ਰਾਸਿ = ਪੂੰਜੀ, ਸਰਮਾਇਆ।੪।

ਅਰਥ: ਹੇ ਮੇਰੇ ਮਾਲਕ-ਪ੍ਰਭੂ! ਅਸੀ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ। ਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, (ਜੀਵ ਮਾਇਆ ਵਿਚ ਡੋਲ ਜਾਂਦੇ ਹਨ) ਰਹਾਉ।

ਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।੧।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ। ਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ। ਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।੨।

ਹੇ ਭਾਈ! ਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ। ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਿ-ਨਾਮ ਦੀ ਦਾਤਿ ਹਾਸਲ ਕਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ।੩।

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪਰਮਾਤਮਾ ਦੇ ਦਾਸ ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਰੱਖਿਆ ਹੁੰਦਾ ਹੈ। ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਹੇ ਨਾਨਕ! ਆਖ-) ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ (ਚੰਗੀ) ਅਕਲ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਨਾਮ ਹੀ ਸਾਡਾ (ਜੀਵਾਂ) ਦਾ ਸਰਮਾਇਆ ਹੈ।੪।੧।

TOP OF PAGE

Sri Guru Granth Darpan, by Professor Sahib Singh