ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 601

ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ {ਪੰਨਾ 601}

ਪਦਅਰਥ: ਸਾਲਾਹੀ = ਸਲਾਹੀਂ, ਮੈਂ ਸਾਲਾਹੁੰਦਾ ਰਹਾਂ। ਜਿਚਰੁ = ਜਿਤਨਾ ਚਿਰ। ਘਟ ਅੰਤਰਿ = ਸਰੀਰ ਵਿਚ। ਸਾਸਾ = ਸਾਹ, ਜਿੰਦ। ਜਾਣਉ = ਜਾਣਉਂ, ਮੈਂ ਜਾਣਦਾ ਹਾਂ। ਮੁਗਧ = ਮੂਰਖ। ਸੇ = ਸਾਂ।੧।

ਬੁਝਾਈ = ਸਮਝ। ਵਿਟਹੁ = ਤੋਂ। ਬਲਿ ਜਾਈ = ਬਲਿ ਜਾਈ, ਮੈਂ ਸਦਕੇ ਜਾਂਦਾ ਹਾਂ।ਰਹਾਉ।

ਮੁਏ = (ਵਿਕਾਰਾਂ ਵਲੋਂ) ਮਰ ਸਕਦੇ ਹਾਂ। ਜੀਵਾਲੇ = ਆਤਮਕ ਜੀਵਨ ਦੇਂਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਆਈ = ਆਇ, ਆ ਕੇ। ਦਾਤਾ = ਨਾਮ ਦੀ ਦਾਤਿ ਦੇਣ ਵਾਲਾ। ਜਿਤੁ = ਜਿਸ ਵਿਚ।੨।

ਸੇ = ਉਹ ਬੰਦੇ। ਕਿਤੁ = ਕਾਹਦੇ ਲਈ? ਵਾਰੋ ਵਾਰਾ = ਮੁੜ ਮੁੜ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗੁਬਾਰਾ = ਹਨੇਰਾ।੩।

ਆਪੇ = ਆਪ ਹੀ। ਕਰਿ = ਪੈਦਾ ਕਰ ਕੇ। ਵੇਖੈ = ਸੰਭਾਲਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਤਾ = ਕਰਤਾਰ।੪।

ਅਰਥ: ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼। ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।ਰਹਾਉ।

ਹੇ ਪਿਆਰੇ ਪ੍ਰਭੂ ਜੀ! ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।੧।

ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ। ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ। ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ੩।

ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਹੇ ਭਾਈ! ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ।੪।੪।

ਸੋਰਠਿ ਮਹਲਾ ੩ ॥ ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥ ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥ ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥ ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥ ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥ ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥ ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥ ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥ ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥ ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥ ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥ ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥ ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥ {ਪੰਨਾ 601}

ਪਦਅਰਥ: ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਪ੍ਰਭ ਭਾਵਹਿ = ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਵਖਾਣੇ = ਵਖਾਣਿ, ਵਖਾਣ ਕੇ। ਸਾਰ = ਸੰਭਾਲ। ਕਰਹਿ = ਤੂੰ ਕਰਦਾ ਹੈਂ। ਮਨਿ = ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ। ਗੁਣੀ = ਗੁਣਾਂ ਦੇ ਮਾਲਕ = ਪ੍ਰਭੂ ਵਿਚ।੧।

ਸਮਾਲਿ = ਸੰਭਾਲ, ਚੇਤੇ ਰੱਖ। ਬੇਲੀ = ਮਦਦ = ਗਾਰ।ਰਹਾਉ।

ਦੁਸਟ ਚਉਕੜੀ = ਦੁਸ਼ਟਾਂ ਦਾ ਟੋਲਾ। ਵੀਚਾਰੇ = ਵੀਚਾਰਿ, ਵਿਚਾਰ ਕਰ ਕੇ। ਦੁਸਟੀ = ਚੰਦਰੀ। ਕਿਨਿ = ਕਿਸ ਨੇ? ਨਖਹਿ = ਨਹੁੰਆਂ ਨਾਲ। ਬਿਦਾਰੇ = ਪਾੜਿਆ ਗਿਆ। ਲਏ ਉਬਾਰੇ = ਲਏ ਉਬਾਰਿ।੨।

ਆਪਸ ਕਉ = ਆਪਣੇ ਆਪ ਨੂੰ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਵਿਆਪੇ = ਰੁੱਝੇ ਰਹਿੰਦੇ ਹਨ। ਜਾਸਨਿ = ਜਾਣਗੇ। ਗਵਾਈ = ਗਵਾਇ। ਅੰਤਿ = ਆਖ਼ਰ ਨੂੰ, ਅਖੀਰ ਵੇਲੇ।੩।

ਸਬਦੇ = ਸਬਦਿ, ਸ਼ਬਦ ਵਿਚ। ਰਾਤੇ = ਰੰਗੇ ਰਹਿੰਦੇ ਹਨ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਗਾਏ = ਗਾਇ, ਗਾ ਕੇ। ਤਿਨ ਕੈ ਪਾਏ = ਉਹਨਾਂ ਦੀ ਪੈਰੀਂ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ ਚੇਤੇ ਕਰਦਾ ਰਹੁ। ਅਖ਼ੀਰਲੇ ਸਮੇ ਪਰਮਾਤਮਾ ਹੀ ਤੇਰਾ ਮਦਦਗਾਰ ਬਣੇਗਾ, ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਬਾਹੇਗਾ।ਰਹਾਉ।

ਹੇ ਭਾਈ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਅਤੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਹੇ ਪ੍ਰਭੂ! ਭਗਤਾਂ ਦੀ ਸੰਭਾਲ ਤੂੰ ਆਪ ਕਰਦਾ ਹੈਂ, ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਕਿਉਂਕਿ ਉਹ ਤੈਨੂੰ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ। ਤੂੰ ਉਹਨਾਂ ਨੂੰ ਆਪਣੇ ਗੁਣ ਬਖ਼ਸ਼ਦਾ ਹੈਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਨਾਲ ਸਾਂਝ ਪਾਂਦੇ ਹਨ। ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ (ਭਗਤ) ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਰਹਿੰਦੇ ਹਨ।੧।

ਪਰ, ਹੇ ਭਾਈ! ਭੈੜੇ ਮਨੁੱਖ ਸਦਾ ਭੈੜ ਹੀ ਕਮਾਂਦੇ ਹਨ, ਉਹ ਵਿਚਾਰ ਕਰ ਕੇ ਸਮਝਦੇ ਨਹੀਂ ਕਿ ਭੈੜੀ ਨਿੰਦਿਆ (ਆਦਿਕ) ਤੋਂ ਕਿਸੇ ਨੇ ਕਦੇ ਚੰਗਾ ਫਲ ਨਹੀਂ ਪਾਇਆ। ਹਰਣਾਖਸ਼ (ਨੇ ਭਗਤ ਨੂੰ ਦੁੱਖ ਦੇਣਾ ਸ਼ੁਰੂ ਕੀਤਾ, ਤਾਂ ਉਹ) ਨਹੁੰਆਂ ਨਾਲ ਚੀਰਿਆ ਗਿਆ। ਪਰਮਾਤਮਾ ਦਾ ਭਗਤ ਪ੍ਰਹਿਲਾਦ ਸਦਾ ਪਰਮਾਤਮਾ ਦੇ ਗੁਣ ਗਾਂਦਾ ਸੀ, ਪਰਮਾਤਮਾ ਨੇ ਉਸ ਨੂੰ (ਨਰਸਿੰਘ ਰੂਪ ਧਾਰ ਕੇ) ਬਚਾ ਲਿਆ।੨।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਕੋਈ ਅਕਲ-ਸ਼ਊਰ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਤਾਂ ਚੰਗਾ ਸਮਝਦੇ ਹਨ, ਪਰ ਨੇਕ ਬੰਦਿਆਂ ਦੀ ਨਿੰਦਿਆ ਕਰਨ ਵਿਚ ਰੁੱਝੇ ਰਹਿੰਦੇ ਹਨ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ। ਉਹ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ, ਆਖ਼ਰ ਹੱਥ ਮਲਦੇ (ਜਗਤ ਤੋਂ) ਚਲੇ ਜਾਂਦੇ ਹਨ।੩।

ਹੇ ਭਾਈ! ਪਰਮਾਤਮਾ ਆਪ ਹੀ ਭਗਤਾਂ ਦੀ ਜ਼ਿੰਦਗੀ ਕਾਮਯਾਬ ਬਣਾਂਦਾ ਹੈ, ਉਹ ਆਪ ਹੀ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜਦਾ ਹੈ, (ਇਸ ਤਰ੍ਹਾਂ ਉਹ) ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਕੇ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ ਅਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ। ਦਾਸ ਨਾਨਕ ਬੇਨਤੀ ਕਰਦਾ ਹੈ-ਮੈਂ ਉਹਨਾਂ ਭਗਤਾਂ ਦੇ ਚਰਨੀਂ ਲੱਗਦਾ ਹਾਂ।੪।੫।

TOP OF PAGE

Sri Guru Granth Darpan, by Professor Sahib Singh