ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 602 ਸੋਰਠਿ ਮਹਲਾ ੩ ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥ ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥ ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥ ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥ ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥ {ਪੰਨਾ 601-602} ਪਦਅਰਥ: ਸੋ = ਉਹ ਮਨੁੱਖ। ਸਖਾ = ਮਿੱਤਰ। ਬੰਧਪੁ = ਰਿਸ਼ਤੇਦਾਰ। ਜਿ = ਜੇਹੜਾ। ਭਾਣੈ = ਮਰਜ਼ੀ ਵਿਚ, ਮਰਜ਼ੀ ਅਨੁਸਾਰ। ਵਿਛੁੜਿ = ਵਿੱਛੁੜ ਕੇ।੧। ਸੁਹੇਲੇ = ਸੁਖੀ। ਕਿਲਵਿਖ = ਪਾਪ। ਆਪੇ = ਪ੍ਰਭੂ ਆਪ ਹੀ।ਰਹਾਉ। ਕੁਟੰਬੁ = ਪਰਵਾਰ। ਸਭੁ = ਸਾਰਾ। ਜੀਅ ਕੇ ਬੰਧਨ = ਜਿੰਦ ਵਾਸਤੇ ਬੰਧਨ। ਭੁਲਾ = ਕੁਰਾਹੇ ਪਿਆ ਰਹਿੰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੋਖ = ਖ਼ਲਾਸੀ। ਕਰਮ = ਦੁਨੀਆ ਦੇ ਕੰਮ = ਧੰਧੇ। ਵਾਰੋ ਵਾਰਾ = ਮੁੜ ਮੁੜ।੨। ਹਉ = ਮੈਂ (ਵੱਡਾ ਹਾਂ) । ਮੇਰਾ = (ਇਹ ਧਨ ਪਦਾਰਥ) ਮੇਰਾ ਹੈ। ਪਲਚਿ ਰਹਿਆ = ਉਲਝਿਆ ਪਿਆ ਹੈ। ਕੇਰਾ = ਦਾ। ਮਹਲੁ = ਪਰਮਾਤਮਾ ਦੀ ਹਜ਼ੂਰੀ। ਪਾਇਨਿ = ਪਾ ਲੈਂਦੇ ਹਨ। ਨਿਜ ਘਰਿ = ਆਪਣੇ ਘਰ ਵਿਚ। ਐਥੈ = ਇਸ ਜੀਵਨ ਵਿਚ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੩। ਦਇਆਲੁ = ਦਇਆ ਦਾ ਘਰ। ਭਾਗਾ = ਚੰਗੀ ਕਿਸਮਤਿ। ਕਰਿ = ਕਰ ਕੇ, ਨਾਲ। ਭਾਉ = ਭਾਵਨਾ, ਨੀਅਤ। ਆਪੁ = ਆਪਾ = ਭਾਵ।੪। ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ। ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।ਰਹਾਉ। ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ।੧। ਹੇ ਭਾਈ! ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।੨। ਹੇ ਭਾਈ! 'ਮੈਂ ਵੱਡਾ ਹਾਂ', 'ਇਹ ਧਨ ਆਦਿਕ ਮੇਰਾ ਹੈ'-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ। ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ।੩। ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ? ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ। ਹੇ ਨਾਨਕ! ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।੪।੬। ਸੋਰਠਿ ਮਹਲਾ ੩ ਚੌਤੁਕੇ ॥ ਸਚੀ ਭਗਤਿ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ॥ ਸਤਿਗੁਰੁ ਸੇਵੇ ਸਦਾ ਸੁਖੁ ਪਾਏ ਹਉਮੈ ਸਬਦਿ ਸਮਾਣੀ ॥ ਬਿਨੁ ਗੁਰ ਸਾਚੇ ਭਗਤਿ ਨ ਹੋਵੀ ਹੋਰ ਭੂਲੀ ਫਿਰੈ ਇਆਣੀ ॥ ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥੧॥ ਭਾਈ ਰੇ ਸਦਾ ਰਹਹੁ ਸਰਣਾਈ ॥ ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥ ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥ ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥ ਸਦਾ ਹਜੂਰਿ ਰਵਿਆ ਸਭ ਠਾਈ ਹਿਰਦੈ ਨਾਮੁ ਅਪਾਰਾ ॥ ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥੨॥ ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥ ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥ ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥੩॥ ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥ ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥ ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥ ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥੪॥੭॥ {ਪੰਨਾ 602} ਪਦਅਰਥ: ਚੌਤੁਕੇ = ਉਹ ਸ਼ਬਦ ਜਿਨ੍ਹਾਂ ਦੇ ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹੁੰਦੀਆਂ ਹਨ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਹੀ ਭਗਤੀ। ਤੇ = ਤੋਂ, ਦੀ ਰਾਹੀਂ। ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਬਦਿ = ਸ਼ਬਦ ਵਿਚ। ਹੋਰ ਇਆਣੀ = ਉਹ ਅੰਞਾਣ ਲੁਕਾਈ ਜੇਹੜੀ ਗੁਰੂ ਦੀ ਸਰਨ ਨਹੀਂ ਪੈਂਦੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।੧। ਰਹਹੁ = ਟਿਕਿਆ ਰਹੁ। ਪਤਿ = ਇੱਜ਼ਤ।ਰਹਾਉ। ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ। ਹਿਰਦੈ = ਹਿਰਦੇ ਵਿਚ। ਸਦ = ਸਦਾ। ਤਜਿ = ਤਜ ਕੇ। ਰਵਿਆ = ਵਿਆਪਕ। ਜੁਗਿ ਜੁਗਿ = ਹਰੇਕ ਜੁਗ ਵਿਚ। ਸਬਦਿ = ਸ਼ਬਦ ਦੀ ਰਾਹੀਂ। ਮਨਹਿ = ਮਨ ਵਿਚ। ਜਿਨਿ = ਜਿਸ ਨੇ। ਪਛਾਤਾ = ਸਾਂਝ ਪਾਈ। ਜਗਿ = ਜਗਤ ਵਿਚ। ਗੁਣੀ = ਗੁਣਾਂ ਦੀ ਰਾਹੀਂ। ਅਗਾਇਆ = ਮਾਇਆ ਵਲੋਂ ਰੱਜ ਜਾਂਦਾ ਹੈ। ਕਮਲੁ = ਹਿਰਦਾ = ਕੌਲ ਫੁੱਲ। ਪ੍ਰਗਾਸਿ = ਖਿੜ ਕੇ। ਅਨਹਦ = ਇਕ-ਰਸ।੩। ਗਤਿ = ਉੱਚੀ ਆਤਮਕ ਅਵਸਥਾ। ਰਿਦੈ = ਹਿਰਦੇ ਵਿਚ। ਸਮਾਈ = ਟਿਕ ਜਾਂਦਾ ਹੈ। ਮਗੁ = ਰਸਤਾ। ਰਸਿ = ਰਸ ਨਾਲ। ਰਸਨ = ਜੀਭ। ਰਸਾਈ = ਰਸ ਜਾਂਦੀ ਹੈ। ਗੁਰ ਤੇ = ਗੁਰੂ ਪਾਸੋਂ। ਦਰਿ = ਦਰ ਤੇ।੪। ਅਰਥ: ਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ। (ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ।ਰਹਾਉ। ਹੇ ਭਾਈ! ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ। ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ।੧। ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ। ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ। ਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ।੨। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ। ਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ। ਉਸ ਦਾ ਹਿਰਦਾ-ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕ-ਰਸ ਗੁਰ-ਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ। ਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ।੩। ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮ-ਰਸ ਨਾਲ ਰਸ ਬਣ ਜਾਂਦੀ ਹੈ। ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈ-ਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ।੪।੭। ਸੋਰਠਿ ਮਃ ੩ ਦੁਤੁਕੇ ॥ ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥ ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥ ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥ ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥ ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥੨॥ ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥ ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕੈ ਹੇਤਿ ਅਪਾਰਿ ॥੩॥ ਆਇਆ ਸੋ ਪਰਵਾਣੁ ਹੈ ਭਾਈ ਜਿ ਗੁਰ ਸੇਵਾ ਚਿਤੁ ਲਾਇ ॥ ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥੪॥੮॥ {ਪੰਨਾ 602-603} ਪਦਅਰਥ: ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਉਲਟੀ ਭਈ = (ਵਿਕਾਰਾਂ ਵਲੋਂ ਸੁਰਤਿ) ਹਟ ਜਾਂਦੀ ਹੈ, ਮੁੜ ਪੈਂਦੀ ਹੈ। ਜੀਵਤ ਮਰੈ = ਜੀਊਂਦਾ ਮਰ ਜਾਂਦਾ ਹੈ, ਦੁਨੀਆ ਦੀ ਕਿਰਤ ਕਰਦਾ ਹੀ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਬੂਝ = ਆਤਮਕ ਜੀਵਨ ਦੀ ਸਮਝ। ਸੋ ਗੁਰੂ ਸੋ ਸਿਖੁ = ਉਹ ਮਨੁੱਖ ਗੁਰੂ ਦਾ (ਅਸਲ) ਸਿੱਖ ਹੈ। ਜਿਸੁ ਜੋਤਿ = ਜਿਸ ਦੀ ਆਤਮਾ ਨੂੰ। ਜੋਤੀ ਮਿਲਾਇ = (ਗੁਰੂ) ਪਰਮਾਤਮਾ ਵਿਚ ਮਿਲਾ ਦੇਂਦਾ ਹੈ।੧। ਸੇਤੀ = ਨਾਲ। ਲਿਵ = ਲਗਨ। ਮਨ ਰੇ = ਹੇ ਮਨ! ਜਪਿ = ਜਪ ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਥਾਇ = ਥਾਂ ਵਿਚ, ਹਜ਼ੂਰੀ ਵਿਚ। ਹਰਿ ਥਾਇ = ਪ੍ਰਭੂ ਦੀ ਹਜ਼ੂਰੀ ਵਿਚ।ਰਹਾਉ। ਭਾਈ = ਹੇ ਭਾਈ! ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ। ਭਾਇ = ਪਿਆਰ ਵਿਚ। ਤੁਹ = ਦਾਣਿਆਂ ਉਪਰਲੇ ਸਿੱਕੜ। ਕੁਟਹਿ = ਕੁੱਟਦੇ ਹਨ।੨। ਮਨਿ = ਮਨ ਵਿਚ। ਰਵਿਆ = ਹਰ ਵੇਲੇ ਵੱਸਿਆ ਰਹਿੰਦਾ ਹੈ। ਪਿਆਰਿ = ਪਿਆਰ ਵਿਚ। ਰਵੈ = ਚੇਤੇ ਕਰਦਾ ਹੈ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਅਤੁੱਟ ਪਿਆਰ ਦੀ ਰਾਹੀਂ।੩। ਸੋ = ਉਹ ਮਨੁੱਖ। ਪਰਵਾਣੁ = ਕਬੂਲ। ਜਿ = ਜੇਹੜਾ। ਪਾਈਐ = ਪਾ ਲਈਦਾ ਹੈ।੪। ਅਰਥ: ਹੇ ਮਨ! ਸਦਾ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ। ਹੇ ਮਨ! ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ (ਥਾਂ) ਲੱਭ ਲੈਂਦਾ ਹੈ।ਰਹਾਉ। ਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ, ਮਨੁੱਖ ਦੀ ਸੁਰਤਿ ਵਿਕਾਰਾਂ ਵਲੋਂ ਪਰਤ ਪੈਂਦੀ ਹੈ, ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿਚ ਮਿਲਾ ਦੇਂਦਾ ਹੈ, ਉਹ (ਅਸਲ) ਸਿੱਖ ਬਣ ਜਾਂਦਾ ਹੈ।੧। ਹੇ ਭਾਈ! ਗੁਰੂ ਤੋਂ ਬਿਨਾ (ਮਨੁੱਖ ਦਾ ਪ੍ਰਭੂ ਵਿਚ) ਪਿਆਰ ਪੈਦਾ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜੋ ਭੀ ਧਾਰਮਿਕ) ਕੰਮ ਕਰਦੇ ਹਨ ਉਹ (ਮਾਨੋ) ਤੁਹ ਹੀ ਕੁੱਟਦੇ ਹਨ, (ਉਹਨਾਂ ਨੂੰ ਉਹਨਾਂ ਕਰਮਾਂ ਵਿਚੋਂ) ਹਾਸਲ ਕੁਝ ਨਹੀਂ ਹੁੰਦਾ (ਜਿਵੇਂ ਤੁਹਾਂ ਵਿਚੋਂ ਕੁਝ ਨਹੀਂ ਮਿਲਦਾ) ।੨। ਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ, ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤਿ ਵਿਚ ਪਿਆਰ ਵਿਚ ਮਗਨ ਰਹਿੰਦਾ ਹੈ। ਹੇ ਭਾਈ! ਗੁਰੂ ਦੇ ਬਖ਼ਸ਼ੇ ਅਤੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੩। ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ। ਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।੪।੮। |
Sri Guru Granth Darpan, by Professor Sahib Singh |