ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 608

ਸੋਰਠਿ ਮਹਲਾ ੫ ਘਰੁ ੧ ਤਿਤੁਕੇ    ੴ ਸਤਿਗੁਰ ਪ੍ਰਸਾਦਿ ॥ ਕਿਸੁ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥ ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥ ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥ ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥ ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥ ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥ ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥ ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥ ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥ ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥ {ਪੰਨਾ 608}

ਨੋਟ: ਤਿਤੁਕੇ-ਤਿ-ਤੁਕੇ, ਤਿੰਨ ਤਿੰਨ ਤੁਕਾਂ ਵਾਲੇ ਬੰਦ। ਇਸ ਸ਼ਬਦ ਦੇ ਹਰੇਕ 'ਬੰਦ' ਵਿਚ ਤਿੰਨ ਤਿੰਨ ਤੁਕਾਂ ਹਨ।

ਪਦਅਰਥ: ਹਉ ਜਾਚੀ = ਹਉ ਜਾਚੀਂ, ਮੈਂ ਮੰਗਾਂ। ਆਰਾਧੀ = ਆਰਾਧੀਂ, ਮੈਂ ਆਰਾਧਨਾ ਕਰਾਂ। ਸਭੁ ਕੋ = ਹਰੇਕ ਜੀਵ। ਕੀਤਾ = (ਪਰਮਾਤਮਾ ਦਾ) ਬਣਾਇਆ ਹੋਇਆ। ਹੋਸੀ = ਹੋਵੇਗਾ, ਹੈ। ਖਾਕੂ = ਖ਼ਾਕ ਵਿਚ। ਭਵ ਖੰਡਨੁ = ਜਨਮ (ਮਰਨ) ਨਾਸ ਕਰਨ ਵਾਲਾ। ਸਭਿ = ਸਾਰੇ। ਨਵ ਨਿਧਿ = ਜਗਤ ਦੇ ਨੌ ਹੀ ਖ਼ਜ਼ਾਨੇ। ਦੇਸੀ = ਦੇਵੇਗਾ, ਦੇਂਦਾ ਹੈ।੧।

ਹਰਿ = ਹੇ ਹਰੀ! ਦਾਤੀ = ਦਾਤੀਂ, ਦਾਤਾਂ ਨਾਲ। ਰਾਜਾ = ਰਾਜਾਂ, ਮੈਂ ਰੱਜਦਾ ਹਾਂ। ਬਪੁੜਾ = ਵਿਚਾਰਾ। ਸਾਲਾਹੀ = ਸਲਾਹੀਂ, ਮੈਂ ਸਾਲਾਹਾਂ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਰਹਾਉ।

ਜਿਨਿ = ਜਿਸ (ਮਨੁੱਖ) ਨੇ। ਸਭੁ ਕਿਛੁ = ਹਰੇਕ ਚੀਜ਼। ਸੁਖਦਾਤੈ = ਸੁਖ ਦੇਣ ਵਾਲੇ (ਪ੍ਰਭੂ) ਨੇ। ਸਹਜਿ = ਆਤਮਕ ਅਡੋਲਤਾ ਦੇ ਕਾਰਨ। ਸਤਿਗੁਰਿ = ਗੁਰੂ ਨੇ। ਮੇਲਿ = ਮਿਲਾਪ ਵਿਚ।੨।

ਮਨ = ਹੇ ਮਨ! ਅਨਦਿਨੁ = ਹਰ ਰੋਜ਼। ਵਖਾਣੀ = ਵਖਾਣਿ, ਉਚਾਰਦਾ ਰਹੁ। ਕਾਣਿ = ਮੁਥਾਜੀ। ਜਮਾਣੀ = ਜਮਾਂ ਦੀ {ਆਣੀ = ਦੀ}ਕਉ = ਨੂੰ।੩।

ਗੁਪਾਲਾ = ਹੇ ਗੋਪਾਲ! ਕਿਆ ਹਮ = ਸਾਡੀ ਕੀਹ ਪਾਂਇਆਂ ਹੈ? ਜਨੁ = ਦਾਸ।੪।

ਅਰਥ: ਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ, ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ?ਰਹਾਉ।

ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ? ਜੇਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ) ਹੇ ਭਾਈ! ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ।੧।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ। ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜੇਹਾ (ਨਾਮ-) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ। ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿੱਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁਖ ਆ ਵੱਸਦੇ ਹਨ।੨।

ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ। ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ। (ਪਰ, ਹੇ ਮਨ!) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤਿ ਜੋੜਦੇ ਹਨ, ਜਿਨ੍ਹਾਂ ਉਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ।੩।

ਹੇ ਪ੍ਰਭੂ! ਤੇਰੀ (ਮੇਹਰ ਦੀ) ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮੇਹਰ ਕਰਨ ਵਾਲਾ ਹੈਂ। ਹੇ ਗੋਪਾਲ ਪ੍ਰਭੂ! ਸਾਡੀ ਜੀਵਾਂ ਦੀ ਕੀਹ ਪਾਂਇਆਂ ਹੈ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ। ਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ।੪।੧।

ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥ ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥ ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥ ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥ ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥ ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥ ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥ ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥ ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥ ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥ ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥ ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥ ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥ ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥ ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥ ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥ ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥ ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥ {ਪੰਨਾ 608}

ਨੋਟ: ਚੌ-ਤੁਕੇ-ਚਾਰ ਚਾਰ ਤੁਕਾਂ ਵਾਲੇ 'ਬੰਦ'ਇਸ ਸ਼ਬਦ ਦੇ ਹਰੇਕ 'ਬੰਦ' ਵਿਚ ਚਾਰ ਤੁਕਾਂ ਹਨ।

ਪਦਅਰਥ: ਸਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰ = ਧਾਰਿ, ਧਾਰ ਕੇ, ਟਿਕਾ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਰ = ਸ੍ਰਸ਼ੇਟ। ਕਰਣੀ = ਕਰਤੱਬ। ਜਿਤੁ = ਜਿਸ ਵਿਚ। ਜਿਤੁ ਤਨਿ = ਜਿਤੁ ਜਿਤੁ ਤਨਿ, ਜਿਸ ਜਿਸ ਸਰੀਰ ਵਿਚ। ਸੇ ਤਨ = ਉਹ (ਸਾਰੇ) ਸਰੀਰ। ਛਾਰ = ਸੁਆਹ। ਕਉ = ਤੋਂ। ਵਾਰਿਆ = ਕੁਰਬਾਨ। ਸਾਧ ਸੰਗਤਿ ਕਉ = ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ। ਅਧਾਰ = ਆਸਰਾ।੧।

ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਸ ਤੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ} ਜਿਸ ਤੋਂ। ਗੁਰਿ = ਗੁਰੂ ਨੇ।ਰਹਾਉ।

ਪਚਿ = (ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ, ਉਲਝ ਕੇ। ਮੁਏ = ਆਤਮਕ ਮੌਤੇ ਮਰ ਗਏ। ਗਣਤ = ਗਿਣਤੀ। ਵਿਣੁ ਸਚ = ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ। ਸੋਚ = (ਆਤਮਕ) ਪਵਿਤਤ੍ਰਾ। ਅਗਮ = ਅਪਹੁੰਚ। ਧਣੀ = ਮਾਲਕ। ਦੁਨੀ ਮਣੀ = ਦੁਨੀਆ (ਦੇ ਪਦਾਰਥਾਂ) ਦਾ ਮਾਣ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਟਿ = ਕ੍ਰੋੜਾਂ ਨੂੰ। ਨਾਵੈ = ਨਾਮ ਦੀ।੨।

ਸੋਧਿਆ = ਵਿਚਾਰ ਵੇਖੇ ਹਨ। ਭਰਮੁ = ਭਟਕਣਾ। ਨ ਜਾਇ = ਨਹੀਂ ਜਾਂਦੀ। ਪਾਇ = ਸਹੇੜਦਾ ਹੈ। ਜਾਇ = ਥਾਂ। ਧਿਆਇ = ਧਿਆਉਂਦਾ ਹੈ।੩।

ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਨਿਰਮਲਾ = ਪਵਿਤ੍ਰ। ਸਾਚੇ ਸੋਇ = ਸਦਾ-ਥਿਰ ਪ੍ਰਭੂ ਦੀ ਸੋਭਾ, ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ। ਮਧੇ = ਵਿਚ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰੀ ਦੇ ਨਾਮ ਵਿਚ। ਸੁਣਿ = (ਸੋਇ) ਸੁਣ ਕੇ।੪।

ਅਰਥ: ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿਚ ਆਈ ਹੈ। ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ।ਰਹਾਉ।

ਹੇ ਭਾਈ! ਮਨ ਵਿਚ, ਤਨ ਵਿਚ, ਹਿਰਦੇ ਵਿਚ, (ਪ੍ਰਭੂ ਨੂੰ) ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ (ਮਨੁੱਖ ਦੇ) ਮਨ ਵਿਚ ਵੱਸਿਆ ਰਹੇ। ਹੇ ਭਾਈ! ਜਿਸ ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਿਅਰਥ ਗਏ ਸਮਝੋ। ਹੇ ਭਾਈ! ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ (ਦੇ ਨਾਮ ਨੂੰ ਜ਼ਿੰਦਗੀ) ਦਾ ਆਸਰਾ (ਬਣਾਇਆ ਹੋਇਆ) ਹੈ।੧।

ਹੇ ਭਾਈ! ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜੇਹੜੇ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ (ਮਾਇਆ ਦੇ ਮੋਹ ਵਿਚ) ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ। ਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ ਆਤਮਕ ਪਵਿਤ੍ਰਤਾ ਪ੍ਰਾਪਤ ਨਹੀਂ ਹੋ ਸਕਦੀ। ਉਹ ਸਦਾ-ਥਿਰ ਅਪਹੁੰਚ ਮਾਲਕ ਹੀ (ਪਵਿਤ੍ਰਤਾ ਦਾ ਸੋਮਾ ਹੈ) ਹੇ ਭਾਈ! ਪ੍ਰਭੂ ਦੇ ਨਾਮ ਤੋਂ ਬਿਨਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ। ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ (ਇਹ ਮਾਣ ਤਾਂ ਲੈ ਡੁੱਬਦਾ ਹੈ, ਜਨਮ ਮਰਨ ਵਿਚ ਪਾਈ ਰੱਖਦਾ ਹੈ) । (ਦੂਜੇ ਪਾਸੇ) ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਹਰਿ-ਨਾਮ ਦੀ ਇਕ ਕਣੀ ਹੀ ਦੇ ਕੇ ਕ੍ਰੋੜਾਂ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਬਚਾ ਲੈਂਦਾ ਹੈ।੨।

ਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰ ਵਿਚਾਰ ਵੇਖੇ ਹਨ (ਉਹਨਾਂ ਪਾਸੋਂ ਭੀ ਕੁਝ ਨਹੀਂ ਮਿਲਦਾ) , ਗੁਰੂ ਤੋਂ ਬਿਨਾ (ਕਿਸੇ ਹੋਰ ਪਾਸੋਂ) ਭਟਕਣਾ ਦੂਰ ਨਹੀਂ ਹੋ ਸਕਦੀ। ਹੇ ਭਾਈ! ਸ਼ਾਸਤ੍ਰ ਦੇ ਦੱਸੇ ਹੋਏ) ਅਨੇਕਾਂ ਕਰਮ ਕਰ ਕੇ ਮਨੁੱਖ ਥੱਕ ਜਾਂਦਾ ਹੈ, (ਸਗੋਂ) ਮੁੜ ਮੁੜ ਬੰਧਨ ਹੀ ਸਹੇੜਦਾ ਹੈ। ਹੇ ਭਾਈ! ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ (ਭਟਕਣਾ ਨੂੰ ਦੂਰ ਕਰਨ ਲਈ) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ। ਹੇ ਭਾਈ! ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।੩।

ਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹੀ) ਸਦਾ ਪਵਿਤ੍ਰ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਪਵਿਤ੍ਰ ਹੈ। ਹੇ ਭਾਈ! ਇਹ ਸਿਫ਼ਤਿ-ਸਾਲਾਹ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਤੇ, ਇਹੋ ਜਿਹਾ ਕੋਈ ਮਨੁੱਖ ਕ੍ਰੋੜਾਂ ਵਿਚੋਂ ਹੀ ਇਕ ਲੱਭਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ।੪।੨।

TOP OF PAGE

Sri Guru Granth Darpan, by Professor Sahib Singh