ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 609

ਸੋਰਠਿ ਮਹਲਾ ੫ ਦੁਤੁਕੇ ॥ ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥ ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥ ਮਾਧਵੇ ਐਸੀ ਦੇਹੁ ਬੁਝਾਈ ॥ ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥ ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥ ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥ ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥ ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥ ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥ {ਪੰਨਾ 609}

ਨੋਟ: ਦੁ-ਤੁਕੇ-ਦੋ ਦੋ ਤੁਕਾਂ ਵਾਲੇ 'ਬੰਦ'

ਪਦਅਰਥ: ਜਉ ਲਉ = ਜਦ ਤਕ। ਭਾਉ = ਪਿਆਰ। ਅਭਾਉ = ਵੈਰ। ਤਉ ਲਉ = ਤਦ ਤਕ। ਦੂਰਾਈ = ਦੂਰ, ਮੁਸ਼ਕਿਲ। ਆਨ = ਬਿਗਾਨਾ। ਬੀਚੁ = ਵਿੱਥ, ਪਰਦਾ। ਬਿਖਾਈ = ਬਿਖਿਆ ਦਾ, ਮਾਇਆ (ਦੇ ਮੋਹ) ਦਾ।੧।

ਮਾਧਵੇ = {ਮਾ = ਮਾਇਆ। ਧਵ = ਪਤੀ} ਹੇ ਲੱਛਮੀ = ਪਤੀ! ਹੇ ਪ੍ਰਭੂ! ਬੁਝਾਈ = ਮਤਿ, ਸਮਝ। ਸੇਵਉ = ਮੈਂ ਸੇਵਾ ਕਰਦਾ ਰਹਾਂ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜੀ ਰੱਖਾਂ। ਬਿਸਰੈ = ਭੁੱਲ ਜਾਏ। ਮੁਹਤੁ = ਮੁਹੂਰਤ, ਰਤਾ = ਭਰ ਸਮੇ ਲਈ ਭੀ। ਚਸਾਈ = ਚਸਾ = ਭਰ ਲਈ ਭੀ, ਥੋੜੇ ਜਿਤਨੇ ਸਮੇ ਲਈ ਭੀ।ਰਹਾਉ।

ਮੁਗਧ = ਮੂਰਖ! ਅਚੇਤ = ਗਾਫ਼ਿਲ! ਚਿਤ = ਹੇ ਚਿੱਤ! ਰਿਦੈ = ਹਿਰਦੇ ਵਿਚ। ਰਿਦੈ ਨ ਆਈ = ਨਾਹ ਸੁੱਝੀ। ਤਿਆਗਿ = ਛੱਡ ਕੇ। ਆਨ = ਹੋਰਨਾਂ ਨਾਲ। ਸੰਗਿ = ਨਾਲ। ਬੈਰਾਈ = ਵੈਰੀ।੨।

ਨ ਬਿਆਪੈ = ਜ਼ੋਰ ਨਹੀਂ ਪਾਂਦਾ। ਆਪੁ = ਅਪਣੱਤ, ਹਉਮੈ। ਥਾਪੈ = ਸਾਂਭੀ ਰੱਖਦਾ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਜਾਨਉ = ਜਾਨਉਂ, ਮੈਂ ਜਾਣਦਾ ਹਾਂ। ਪਵਨੁ ਝੁਲਾਈ = ਹਵਾ ਦਾ ਝੋਕਾ।੩।

ਕੋਟਿ = ਕ੍ਰੋੜਾਂ। ਅਛਾਦਿਓ = ਢਕਿਆ ਹੋਇਆ, ਦਬਾਇਆ ਹੋਇਆ। ਰਖਹੁ ਉਠਾਈ = ਮੁਕਾ ਦੇਹ।੪।

ਅਰਥ: ਹੇ ਪ੍ਰਭੂ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ (ਕਿ) ਮੈਂ ਗੁਰੂ ਦੀ (ਦੱਸੀ) ਸੇਵਾ ਕਰਦਾ ਰਹਾਂ, ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ। (ਇਹ ਆਸਰਾ) ਮੈਨੂੰ ਰਤਾ-ਭਰ ਸਮੇ ਲਈ ਭੀ ਨਾਹ ਭੁੱਲੇ।ਰਹਾਉ।

ਹੇ ਭਾਈ! ਜਦੋਂ ਤਕ (ਮਨੁੱਖ ਦਾ) ਇਹ ਮਨ (ਕਿਸੇ ਨਾਲ) ਮੋਹ (ਤੇ ਕਿਸੇ ਨਾਲ) ਵੈਰ ਮੰਨਦਾ ਹੈ, ਤਦੋਂ ਤਕ (ਇਸ ਦਾ ਪਰਮਾਤਮਾ ਨਾਲ) ਮਿਲਾਪ ਦੂਰ ਦੀ ਗੱਲ ਹੁੰਦੀ ਹੈ, (ਕਿਉਂਕਿ ਜਦੋਂ ਤਕ ਇਹ ਕਿਸੇ ਨੂੰ) ਆਪਣਾ (ਤੇ ਕਿਸੇ ਨੂੰ) ਬਿਗਾਨਾ (ਮੰਨਣ ਦੀਆਂ) ਵਿਚਾਰਾਂ ਕਰਦਾ ਹੈ, ਤਦੋਂ ਤਕ (ਇਸ ਦੇ ਅੰਦਰ) ਮਾਇਆ (ਦੇ ਮੋਹ ਦਾ) ਪਰਦਾ ਬਣਿਆ ਰਹਿੰਦਾ ਹੈ (ਜੋ ਇਸ ਨੂੰ ਪਰਮਾਤਮਾ ਨਾਲੋਂ ਵਿਛੋੜੀ ਰੱਖਦਾ ਹੈ) ੧।

ਹੇ ਮੂਰਖ ਗ਼ਾਫ਼ਿਲ ਮਨ! ਹੇ ਚੰਚਲ ਮਨ! ਤੈਨੂੰ ਕਦੇ ਇਹ ਨਹੀਂ ਸੁੱਝੀ ਕਿ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਭੁਲਾ ਕੇ ਹੋਰਨਾਂ (ਦੇ ਮੋਹ) ਵਿਚ ਮਸਤ ਰਹਿੰਦਾ ਹੈਂ, (ਤੇ ਕਾਮਾਦਿਕ) ਵੈਰੀਆਂ ਨਾਲ ਜੋੜ ਜੋੜੀ ਰੱਖਦਾ ਹੈਂ।੨।

ਹੇ ਭਾਈ! ਸਾਧ ਸੰਗਤਿ ਵਿਚੋਂ ਮੈਂ ਤਾਂ ਇਹ ਅਕਲ ਸਿੱਖੀ ਹੈ ਕਿ ਜੇਹੜਾ ਮਨੁੱਖ ਅਪਣੱਤ ਨਾਲ ਨਹੀਂ ਚੰਬੜਿਆ ਰਹਿੰਦਾ, ਉਸ ਉਤੇ ਚਿੰਤਾ-ਫ਼ਿਕਰ ਜ਼ੋਰ ਨਹੀਂ ਪਾ ਸਕਦਾ (ਤਾਂਹੀਏਂ) ਮੈਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛਡਦਾ ਹਾਂ ਜਿਵੇਂ ਇਹ ਹਵਾ ਦਾ ਝੋਕਾ ਹੈ (ਇਕ ਪਾਸਿਓਂ ਆਇਆ, ਦੂਜੇ ਪਾਸੇ ਲੰਘ ਗਿਆ) ੩।

ਹੇ ਭਾਈ! ਮਨੁੱਖ ਦਾ) ਇਹ ਮਨ ਕ੍ਰੋੜਾਂ ਪਾਪਾਂ ਹੇਠ ਦਬਿਆ ਰਹਿੰਦਾ ਹੈ (ਇਸ ਮਨ ਦੀ ਮੰਦ-ਭਾਗਤਾ ਬਾਬਤ) ਕੁਝ ਕਿਹਾ ਨਹੀਂ ਜਾ ਸਕਦਾ। ਹੇ ਦਾਸ ਨਾਨਕ! ਪ੍ਰਭੂ-ਦਰ ਤੇ ਹੀ ਅਰਦਾਸਿ ਕਰ ਤੇ ਆਖ-) ਹੇ ਪ੍ਰਭੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ (ਮੇਰੇ ਵਿਕਾਰਾਂ ਦਾ) ਸਾਰਾ ਲੇਖਾ ਮੁਕਾ ਦੇਹ।੪।੩।

ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ {ਪੰਨਾ 609}

ਪਦਅਰਥ: ਕਲਤ੍ਰ = ਇਸਤ੍ਰੀ। ਲੋਕ ਗ੍ਰਿਹ = ਘਰ ਦੇ ਲੋਕ। ਬਨਿਤਾ = ਇਸਤ੍ਰੀ। ਸਨਬੰਧੇਹੀ = ਸਨਬੰਧੀ ਹੀ। ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ।੧।

ਪਪੋਰਹੁ ਦੇਹੀ = ਸਰੀਰ ਨੂੰ ਲਾਡਾਂ ਨਾਲ ਪਾਲਦੇ ਹੋ। ਧੂਮੁ = ਧੂਆਂ। ਬਾਦਰੋ = ਬੱਦਲ। ਇਕੁ = ਸਿਰਫ਼। ਭਾਜਹੁ = ਭਜਹੁ, ਸਿਮਰੋ। ਸਨੇਹੀ = ਪਿਆਰ ਕਰਨ ਵਾਲਾ।ਰਹਾਉ।

ਤੀਨਿ ਸੰਙਿਆ ਕਰਿ = (ਮਾਇਆ ਦੇ) ਤਿੰਨ ਗੁਣ ਰਲਾ ਕੇ। ਦੇਹੀ = ਸਰੀਰ। ਕੂਕਰ = ਕੁੱਤੇ। ਭਸਮੇਹੀ = ਸੁਆਹ ਮਿੱਟੀ। ਆਮਰੋ = ਅਮਰ। ਕਰਣ ਕਾਰਣ = ਜਗਤ ਦਾ ਮੂਲ। ਬਿਸਰੋਹੀ = ਤੈਨੂੰ ਭੁੱਲ ਗਿਆ ਹੈ।੨।

ਮਣੀਏ = (ਸਾਰੇ ਅੰਗ) ਮਣਕੇ। ਸਾਜੇ = ਬਣਾਏ। ਤਾਗਿ = ਧਾਗੇ ਵਿਚ। ਸੂਤੁ = ਧਾਗਾ। ਬਾਪੁਰੇ = ਹੇ ਨਿਮਾਣੇ (ਜੀਵ) !੩।

ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਜਾਇਆ ਹੈ, ਸੋਹਣਾ ਬਣਾਇਆ ਹੈ। ਰੈਨੇਹੀ = ਰਾਤ। ਪ੍ਰਭ = ਹੇ ਪ੍ਰਭੂ! ਧਾਰੀ = ਧਾਰਿ। ਗਹੇਹੀ = ਫੜਾਂ।੪।

ਅਰਥ: ਹੇ ਮਨੁੱਖ! ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ।ਰਹਾਉ।

ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ।੧।

ਹੇ ਭਾਈ! ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ। ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ।੨।

ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ। ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ।੩।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ। ਹੇ ਦਾਸ ਨਾਨਕ! ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ।੪।੪।

ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ {ਪੰਨਾ 609}

ਪਦਅਰਥ: ਭੇਟਿਓ = ਮਿਲਿਆ ਹੈ। ਵਡ ਭਾਗੀ = ਵੱਡੇ ਭਾਗਾਂ ਨਾਲ। ਮਨਹਿ = ਮਨ ਵਿਚ। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਸਾਹਿਬ = ਮਾਲਕ। ਭਰਵਾਸਾ = ਭਰੋਸਾ, ਸਹਾਰਾ।੧।

ਕੈ = ਤੋਂ। ਬਲਿਹਾਰੈ = ਸਦਕੇ। ਆਗੈ ਪਾਛੈ = ਲੋਕ ਪਰਲੋਕ ਵਿਚ, ਹਰ ਥਾਂ। ਸਹਜਾ = ਆਤਮਕ ਅਡੋਲਤਾ। ਘਰਿ = ਹਿਰਦੇ = ਘਰ ਵਿਚ।ਰਹਾਉ।

ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਕਰਣੈਹਾਰਾ = ਪੈਦਾ ਕਰਨ ਵਾਲਾ। ਸੋਈ = ਉਹ ਹੀ। ਆਧਾਰਾ = ਆਸਰਾ।੨।

ਸਫਲ ਦਰਸਨੁ = ਜਿਸ (ਪ੍ਰਭੂ) ਦਾ ਦਰਸਨ ਜੀਵਨ = ਮਨੋਰਥ ਪੂਰਾ ਕਰਦਾ ਹੈ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ। ਹੋਵਨਹਾਰਾ = ਸਦਾ ਹੀ ਜੀਊਂਦਾ ਰਹਿਣ ਵਾਲਾ। ਕੰਠਿ = ਗਲ ਨਾਲ। ਲਗਾਇ = ਲਾ ਕੇ।੩।

ਕਾਰਜੁ = ਜ਼ਿੰਦਗੀ ਦਾ ਮਨੋਰਥ। ਆਇਆ ਰਾਸੇ = ਰਾਸਿ ਆਇਆ, ਸਿਰੇ ਚੜ੍ਹ ਗਿਆ ਹੈ। ਸਗਲੇ = ਸਾਰੇ।੪।

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ।ਰਹਾਉ।

ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧।

ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।੩।

ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।੪।੫।

TOP OF PAGE

Sri Guru Granth Darpan, by Professor Sahib Singh