ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 610 ਸੋਰਠਿ ਮਹਲਾ ੫ ॥ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ {ਪੰਨਾ 610} ਪਦਅਰਥ: ਸੁਖੀਆ = (ਆਤਮਕ) ਸੁਖ ਮਾਣਨ ਵਾਲਾ। ਕਉ = ਨੂੰ। ਪੇਖੈ = ਦਿੱਸਦਾ ਹੈ। ਕੈ ਭਾਣੈ = ਦੇ ਖ਼ਿਆਲ ਵਿਚ। ਰੋਗੀ = (ਵਿਕਾਰਾਂ ਦੇ) ਰੋਗ ਵਿਚ ਫਸਿਆ ਹੋਇਆ। ਕਰਾਵਨਹਾਰ = (ਜੀਵਾਂ ਪਾਸੋਂ) ਕਰਾਣ ਦੀ ਸਮਰਥਾ ਰੱਖਣ ਵਾਲਾ। ਹਾਥਿ = ਹੱਥ ਵਿਚ। ਸੰਜੋਗੀ = (ਆਤਮਕ ਸੁਖ ਤੇ ਆਤਮਕ ਰੋਗ ਦਾ) ਮੇਲ।੧। ਜਿਨਿ = ਜਿਸ (ਮਨੁੱਖ) ਨੇ। ਭਰਮੁ = ਭਟਕਣਾ। ਤਿਸ ਕੈ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡ ਗਿਆ ਹੈ}। ਸਗਲੋ = ਸਭ ਵਿਚ।ਰਹਾਉ। ਸੰਗਿ = ਸੰਗਤਿ ਵਿਚ। ਸੀਤਲੁ = ਸ਼ਾਂਤ, ਠੰਡਾ। ਸਗਲੀ = ਸਾਰੀ ਲੁਕਾਈ। ਰੋਗਿ = ਰੋਗ ਵਿਚ। ਬਿਆਪਿਤ = ਫਸਿਆ ਹੋਇਆ। ਜਨਮਿ ਮਰੈ = ਜੰਮਦਾ ਮਰਦਾ ਰਹਿੰਦਾ ਹੈ। ਬਿਲਲਾਤੀ = ਵਿਲਕਦਾ, ਦੁੱਖੀ ਹੁੰਦਾ।੨। ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਨੇਤ੍ਰੀ = ਅੱਖਾਂ ਵਿਚ। ਪ੍ਰਗਾਸਾ = ਚਾਨਣ। ਅਗਿਆਨਿ = ਗਿਆਨ = ਹੀਣ ਮਨੁੱਖ ਨੂੰ। ਅੰਧੇਰੈ = ਹਨੇਰੇ ਵਿਚ। ਬਹੁੜਿ ਬਹੁੜਿ = ਮੁੜ ਮੁੜ।੩। ਸੁਆਮੀ ਅਪੁਨੇ = ਹੇ ਮੇਰੇ ਸੁਆਮੀ! ਨਾਨਕੁ ਮਾਗੈ = ਨਾਨਕ ਮੰਗਦਾ ਹੈ। ਜਹ = ਜਿੱਥੇ। ਗਾਵਹਿ = ਗਾਉਂਦੇ ਹਨ। ਲਾਗੈ = ਪਰਚਿਆ ਰਹੇ।੪। ਅਰਥ: ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ ਜਿਸ ਨੇ ਸਭ ਜੀਵਾਂ ਵਿਚ ਪਰਮਾਤਮਾ ਵੱਸਦਾ ਪਛਾਣ ਲਿਆ, ਉਸ ਦੇ ਖ਼ਿਆਲ ਵਿਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ।ਰਹਾਉ। ਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ। (ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ।੧। ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ) ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ। ਪਰ ਜਿਸ ਮਨੁੱਖ ਦਾ ਮਨ ਹਉਮੈ-ਰੋਗ ਵਿਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ।੨। ਹੇ ਭਾਈ! ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। ਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ।੩। ਹੇ ਮੇਰੇ ਮਾਲਕ! ਮੇਰੀ) ਬੇਨਤੀ ਸੁਣ (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ (ਕਿ) ਜਿੱਥੇ ਸੰਤ ਜਨ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਣ, ਉੱਥੇ ਮੇਰਾ ਮਨ ਪਰਚਿਆ ਰਹੇ।੪।੬। ਸੋਰਠਿ ਮਹਲਾ ੫ ॥ ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥ ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥ ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥ ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥ ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥ ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥ ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥ {ਪੰਨਾ 610} ਪਦਅਰਥ: ਕਾ ਕੀਆ = ਦਾ ਬਣਾ ਦਿੱਤਾ, ਭੇਟਾ ਕਰ ਦਿੱਤਾ। ਪ੍ਰਸਾਦਿ = ਕਿਰਪਾ ਨਾਲ। ਸਰਬ ਕੁਸਲ = ਸਾਰੇ ਸੁਖ।੧। ਦਾਤਾ = (ਨਾਮ ਦੀ) ਦਾਤਿ ਦੇਣ ਵਾਲਾ। ਬੀਆ = ਦੂਜਾ। ਸਾਧੂ = ਗੁਰੂ। ਪਾਰਗਰਾਮੀ = (ਸੰਸਾਰ = ਸਮੁੰਦਰ ਤੋਂ) ਪਾਰ ਲੰਘਣ ਜੋਗਾ। ਕੀਆ = ਹੋ ਜਾਂਦਾ ਹੈ।ਰਹਾਉ। ਕੋਟਿ ਪਰਾਧ = ਕ੍ਰੋੜਾਂ ਪਾਪ। ਜਨ ਸੇਵਾ = ਸੰਤ ਜਨ ਦੀ ਸੇਵਾ ਕੀਤਿਆਂ। ਰਸਿ = ਰਸ ਨਾਲ, ਪ੍ਰੇਮ ਨਾਲ। ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ = ਰੂ।੨। ਰਸਨਾ = ਜੀਭ। ਕੇਤਕ = ਕਿਤਨੀ ਕੁ? ਉਪਮਾ = ਵਡਿਆਈ, ਸੋਭਾ। ਅਗਮ = ਅਪਹੁੰਚ। ਅਗੋਚਰ = {ਅ = ਗੋ = ਚਰ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਦ = ਸਦਾ। ਲਹੀਐ = ਲੱਭਦਾ ਹੈ।੩। ਨਿਰਗੁਨ = ਹੁਣ = ਹੀਨ। ਅਨਾਥ = ਨਿਆਸਰਾ। ਓਟ = ਆਸਰਾ, ਸਰਨ। ਆਹੀ = ਮੰਗੀ ਹੈ, ਮੈਂ ਮੰਗਦਾ ਹਾਂ। ਗ੍ਰਿਹ = ਗ੍ਰਿਹਸਤ। ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਲੇਹੁ ਨਿਬਾਹੀ = ਤੋੜ ਤਕ ਸਾਥ ਕਰੋ।੪। ਅਰਥ: ਹੇ ਭਾਈ! ਸੰਤ ਜਨਾਂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ। ਜੇਹੜਾ ਜੇਹੜਾ ਮਨੁੱਖ ਗੁਰੂ ਦੀ (ਸੰਤ ਜਨਾਂ ਦੀ) ਸਰਨ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ।ਰਹਾਉ। ਹੇ ਭਾਈ! ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦੇਂਦਾ ਹੈ (ਭਾਵ, ਹਰੇਕ ਕਿਸਮ ਦੀ ਅਪਣੱਤ ਮਿਟਾ ਦੇਂਦਾ ਹੈ) , ਤੇ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਤਦੋਂ ਉਸ ਨੂੰ ਸਾਰੇ (ਆਤਮਕ) ਸੁਖ ਮਿਲ ਜਾਂਦੇ ਹਨ।੧। ਹੇ ਭਾਈ! ਪਰਮਾਤਮਾ ਦੇ ਸੇਵਕ ਦੀ (ਦੱਸੀ) ਸੇਵਾ ਕੀਤਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਇਸ ਲੋਕ ਵਿਚ ਆਤਮਕ ਅਨੰਦ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋਵੀਦਾ ਹੈ। ਪਰ, ਹੇ ਭਾਈ! ਪ੍ਰਭੂ ਦੇ ਸੇਵਕ ਦੀ ਸੰਗਤਿ ਵੱਡੇ ਭਾਗਾਂ ਨਾਲ ਮਿਲਦੀ ਹੈ।੨। ਹੇ ਭਾਈ! ਮੇਰੀ) ਇੱਕ ਜੀਭ ਹੈ (ਸੰਤ ਜਨ) ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਸੰਤ ਜਨਾਂ ਦੀ ਵਡਿਆਈ ਕਿਤਨੀ ਕੁ ਦੱਸੀ ਜਾਵੇ? ਸੰਤਾਂ ਦੀ ਸਰਨ ਪਿਆਂ ਹੀ ਉਹ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ, ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।੩। ਹੇ ਨਾਨਕ! ਅਰਦਾਸ ਕਰ ਤੇ ਆਖ-) ਮੈਂ ਗੁਣ-ਹੀਨ ਹਾਂ, ਨੀਚ ਹਾਂ, ਨਿਆਸਰਾ ਹਾਂ, ਵਿਕਾਰੀ ਹਾਂ, ਮੈਂ ਸੰਤਾਂ ਦਾ ਪੱਲਾ ਫੜਿਆ ਹੈ (ਹੇ ਸੰਤ ਜਨੋ!) ਗ੍ਰਿਹਸਤ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡੁੱਬ ਰਹੇ ਦਾ ਸਾਥ ਤੋੜ ਤਕ ਨਿਬਾਹੋ।੪।੭। ਸੋਰਠਿ ਮਹਲਾ ੫ ਘਰੁ ੧ ॥ ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥ ਤੇਰੀ ਅਕਥ ਕਥਾ ਕਥਨੁ ਨ ਜਾਈ ॥ ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥ ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥ ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥ ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥ {ਪੰਨਾ 610} ਪਦਅਰਥ: ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ। ਕਰਤੇ = ਹੇ ਕਰਤਾਰ! ਤੈਂ = {ਲਫ਼ਜ਼ 'ਤੂ' ਅਤੇ 'ਤੈਂ' ਦਾ ਫ਼ਰਕ ਚੇਤੇ ਰੱਖੋ। ਕੌਣ ਵੱਸਿਆ? ਤੂੰ। ਕਿਸ ਨੇ ਪੁਜਾਈ? ਤੈਂ}। ਕਉ = ਨੂੰ। ਮਨਿ = ਮਨ ਵਿਚ। ਭਾਈ = ਪਿਆਰੀ ਲੱਗਦੀ ਹੈ।੧। ਅਕਥ = ਅ = ਕੱਥ, ਜੋ ਬਿਆਨ ਨਹੀਂ ਹੋ ਸਕਦੀ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਸਭ ਤੇ = ਸਭਨਾਂ ਤੋਂ।ਰਹਾਉ। ਲਿਖਿ = ਲਿਖ ਕੇ। ਦੇਖਿ = ਵੇਖ ਕੇ। ਅਘਾਈ = ਰੱਜ ਜਾਂਦਾ ਹੈ।੨। ਨਿਰੰਤਰਿ = {ਨਿਰ = ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾਂ, ਇਕ-ਰਸ। ਤੁਮਹਿ = ਤੂੰ ਹੀ। ਬੁਝਾਈ = ਸਮਝ ਦੇ ਦਿੱਤੀ। ਪਰਸਾਦਿ = ਕਿਰਪਾ ਨਾਲ। ਸਭ ਠਾਈ = ਸਭ ਥਾਈਂ।੩। ਗਿਆਨੀ = ਗਿਆਨਵਾਨ। ਧਿਆਨੀ = ਸੁਰਤਿ ਜੋੜਨ ਵਾਲਾ। ਸੁਭਾਈ = ਸ੍ਰੇਸ਼ਟ ਪ੍ਰੇਮ ਵਾਲਾ। ਮਨ ਤੇ = ਮਨ ਤੋਂ।੪। ਅਰਥ: ਹੇ ਸਾਰੇ ਗੁਣਾਂ ਦੇ ਖ਼ਜ਼ਾਨੇ! ਹੇ ਸੁਖ ਦੇਣ ਵਾਲੇ ਮਾਲਕ! ਤੇਰੀ ਵਡਿਆਈ ਸਭ ਤੋਂ ਉੱਚੀ ਹੈ (ਤੂੰ ਸਭਨਾਂ ਤੋਂ ਵੱਡਾ ਹੈਂ) । ਤੂੰ ਕਿਹੋ ਜਿਹਾ ਹੈਂ, ਕੇਡਾ ਵੱਡਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।ਰਹਾਉ। ਹੇ ਕਰਤਾਰ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਸ ਦੀ ਤੂੰ ਹਰੇਕ ਆਸ ਪੂਰੀ ਕਰ ਦੇਂਦਾ ਹੈਂ। ਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿੱਸਰਦਾ (ਤੇਰਾ ਸੇਵਕ ਤੈਨੂੰ ਕਦੇ ਨਹੀਂ ਭੁਲਾਂਦਾ) , ਉਸ ਦੇ ਮਨ ਵਿਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ।੧। (ਪਰ, ਹੇ ਪ੍ਰਭੂ!) ਜੀਵ ਉਹੀ ਉਹੀ ਕਰਮ ਕਰਦਾ ਹੈ ਜਿਹੋ ਜਿਹੀ (ਆਗਿਆ) ਤੂੰ (ਉਸ ਦੇ ਮੱਥੇ ਤੇ) ਲਿਖ ਕੇ ਰੱਖ ਦਿੱਤੀ ਹੈ। ਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ੀ ਹੋਈ ਹੈ, (ਉਹ ਸੇਵਕ) ਤੇਰਾ ਦਰਸਨ ਕਰ ਕੇ ਰੱਜਿਆ ਰਹਿੰਦਾ ਹੈ।੨। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖ਼ਸ਼ਦਾ ਹੈਂ, ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇਕ-ਰਸ ਸਮਾਇਆ ਦਿੱਸਦਾ ਹੈਂ। ਗੁਰੂ ਦੀ ਕਿਰਪਾ ਨਾਲ (ਉਸ ਮਨੁੱਖ ਦੇ ਅੰਦਰੋਂ) ਅਗਿਆਨਤਾ (ਦਾ ਹਨੇਰਾ) ਮਿਟ ਜਾਂਦਾ ਹੈ, ਉਸ ਦੀ ਸੋਭਾ ਸਭ ਥਾਈਂ ਪਸਰ ਜਾਂਦੀ ਹੈ।੩। ਹੇ ਨਾਨਕ! ਆਖ-ਉਹੀ ਮਨੁੱਖ ਗਿਆਨਵਾਨ ਹੈ, ਉਹੀ ਮਨੁੱਖ ਸੁਰਤਿ-ਅੱਭਿਆਸੀ ਹੈ, ਉਹੀ ਮਨੁੱਖ ਪਿਆਰ-ਸੁਭਾਵ ਵਾਲਾ ਹੈ, ਜਿਸ ਮਨੁੱਖ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਮਨ ਤੋਂ ਕਦੇ ਭੀ ਨਹੀਂ ਭੁੱਲਦਾ।੪।੮। |
Sri Guru Granth Darpan, by Professor Sahib Singh |