ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 611 ਸੋਰਠਿ ਮਹਲਾ ੫ ॥ ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥ ਮੇਰੇ ਮਨ ਸਾਧ ਸਰਣਿ ਛੁਟਕਾਰਾ ॥ ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥ ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥ ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥ ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥ ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥ ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥ ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥ {ਪੰਨਾ 611} ਪਦਅਰਥ: ਸਮਗ੍ਰੀ = ਰਚਨਾ, ਦੁਨੀਆ। ਮੋਹਿ = ਮੋਹ ਵਿਚ। ਵਿਆਪੀ = ਫਸੀ ਹੋਈ ਹੈ। ਕਬ = ਕਦੇ। ਸੁਧੁ = ਪਵਿੱਤ੍ਰ। ਕਾਹੂ ਜਤਨਾ = ਕਿਸੇ ਭੀ ਜਤਨ ਨਾਲ। ਓੜਕਿ = ਅਖ਼ੀਰ ਤਕ, ਸਿਰੇ ਤਕ, ਪ੍ਰਭੂ ਤਕ। ਕੋ = ਕੋਈ ਭੀ।੧। ਮਨ = ਹੇ ਮਨ! ਛੁਟਕਾਰਾ = ਮੋਹ ਤੋਂ ਖ਼ਲਾਸੀ। ਸਾਧ = ਗੁਰੂ। ਨ ਰਹਈ = ਨਹੀਂ ਮੁੱਕਦਾ। ਬਾਰੋ ਬਾਰਾ = ਮੁੜ ਮੁੜ।ਰਹਾਉ। ਭਰਮੁ = ਭਟਕਣਾ। ਭੁਲਾਵਾ = ਭੁਲੇਖਾ। ਤਿਨ ਮਹਿ = ਉਹਨਾਂ (ਭਰਮ ਭੁਲਾਵਿਆਂ) ਵਿਚ। ਪੁਰਖ = ਸਰਬ = ਵਿਆਪਕ। ਥੋਕ = ਪਦਾਰਥ। ਤੇ = ਤੋਂ। ਨਿਆਰਾ = ਵੱਖਰਾ।੨। ਨਿੰਦਉ = ਨਿੰਦਉਂ, ਮੈਂ ਨਿੰਦਦਾ। ਕਾਹੂ ਬਾਤੈ = ਕਿਸੇ ਭੀ ਗੱਲੇ। ਏਹੁ = ਇਹ (ਸੰਸਾਰ) । ਪ੍ਰਭਿ = ਪ੍ਰਭੂ ਨੇ। ਮਿਲਿ = ਮਿਲ ਕੇ।੩। ਨਹੀ ਤਰੀਐ = ਪਾਰ ਨਹੀਂ ਲੰਘ ਸਕੀਦਾ। ਤਤੁ = ਅਸਲੀਅਤ।੪। ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪਿਆਂ ਹੀ (ਮੋਹ ਤੋਂ) ਖ਼ਲਾਸੀ ਹੋ ਸਕਦੀ ਹੈ। ਪੂਰੇ ਗੁਰੂ ਤੋਂ ਬਿਨਾ (ਜੀਵ ਦਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ, (ਜੀਵ) ਮੁੜ ਮੁੜ (ਜਗਤ ਵਿਚ) ਆਉਂਦਾ ਰਹਿੰਦਾ ਹੈ।ਰਹਾਉ। ਹੇ ਭਾਈ! ਸਾਰੀ ਦੁਨੀਆ ਮੋਹ ਵਿਚ ਫਸੀ ਹੋਈ ਹੈ (ਇਸ ਦੇ ਕਾਰਨ) ਕਦੇ (ਜੀਵ) ਅਹੰਕਾਰ ਵਿਚ ਆ ਜਾਂਦੇ ਹਨ, ਕਦੇ ਘਬਰਾਹਟ ਵਿਚ ਪੈ ਜਾਂਦੇ ਹਨ। ਆਪਣੇ ਕਿਸੇ ਭੀ ਜਤਨ ਨਾਲ (ਮੋਹ ਦੀ ਮੈਲ ਤੋਂ) ਪਵਿਤ੍ਰ ਨਹੀਂ ਹੋ ਸਕੀਦਾ। ਕੋਈ ਭੀ ਮਨੁੱਖ (ਆਪਣੇ ਜਤਨ ਨਾਲ ਮੋਹ ਦੇ) ਪਾਰਲੇ ਬੰਨੇ ਨਹੀਂ ਪਹੁੰਚ ਸਕਦਾ।੧। ਜਿਸ ਮਾਨਸਕ ਹਾਲਤ ਨੂੰ 'ਭਰਮ ਭੁਲਾਵਾ' ਆਖੀਦਾ ਹੈ, ਸਾਰਾ ਜਗਤ ਉਹਨਾਂ (ਭਰਮ ਭੁਲਾਵਿਆਂ ਵਿਚ) ਫਸਿਆ ਪਿਆ ਹੈ। ਪਰੰਤੂ ਸਰਬ-ਵਿਆਪਕ ਮਾਲਕ-ਪ੍ਰਭੂ ਦਾ ਪੂਰਨ ਭਗਤ (ਦੁਨੀਆ ਦੇ) ਸਾਰੇ ਪਦਾਰਥਾਂ (ਦੇ ਮੋਹ) ਤੋਂ ਵੱਖਰਾ ਰਹਿੰਦਾ ਹੈ।੨। ਫਿਰ ਭੀ, ਹੇ ਭਾਈ! ਇਹ ਸਾਰਾ ਜਗਤ ਮਾਲਕ-ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ। ਹਾਂ, ਜਿਸ ਮਨੁੱਖ ਉਤੇ ਮੇਰੇ ਪ੍ਰਭੂ ਨੇ ਮੇਹਰ ਕਰ ਦਿੱਤੀ, ਉਹ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਤੇ, ਮੋਹ ਤੋਂ ਬਚ ਨਿਕਲਦਾ ਹੈ) ।੩। ਹੇ ਨਾਨਕ! ਆਖ-ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ। (ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ) ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ-ਉਤਾਰਾ ਕਰ ਦੇਂਦਾ ਹੈ।੪।੮। ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗਪਾਲਾ ॥੪॥੧੦॥ {ਪੰਨਾ 611} ਪਦਅਰਥ: ਖੋਜਤ = ਖੋਜਦਿਆਂ। ਖੋਜਿ = ਖੋਜ ਕੇ। ਤਤੁ = ਅਸਲੀਅਤ। ਸਾਰਾ = ਸ੍ਰੇਸ਼ਟ। ਕਿਲਬਿਖ = ਪਾਪ। ਨਿਮਖ = ਅੱਖ ਝਮਕਣ ਜਿਤਨਾ ਸਮਾ। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ।੧। ਪੁਰਖ ਗਿਆਨੀ = ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! ਸੁਣਿ ਸੁਣਿ = ਮੁੜ ਮੁੜ ਸੁਣ ਕੇ। ਤ੍ਰਿਪਤਿ = ਰਜੇਵਾਂ, ਸੰਤੋਖ। ਸਾਧੂ = ਗੁਰੂ। ਅੰਮ੍ਰਿਤ ਬਾਨੀ = ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ।ਰਹਾਉ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਭੁਗਤਿ = (ਆਤਮਾ ਦੀ) ਖ਼ੁਰਾਕ। ਜੁਗਤਿ = ਜੀਊਣ ਦਾ ਸੁਚੱਜਾ ਢੰਗ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਕਉ = ਨੂੰ। ਪੂਰਨ = ਸਰਬ = ਵਿਆਪਕ। ਬਿਧਾਤਾ = ਕਰਤਾਰ।੨। ਸ੍ਰਵਣੀ = ਕੰਨਾਂ ਨਾਲ। ਰਸਨਾ = ਜੀਭ (ਨਾਲ) । ਸੋਈ = ਉਹ (ਪ੍ਰਭੂ) ਹੀ। ਕਰਣ ਕਾਰਣ = ਜਗਤ ਦਾ ਮੂਲ। ਜਾ ਤੇ = ਜਿਸ ਤੋਂ, ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ।੩। ਭਾਗਿ = ਕਿਸਮਤ ਨਾਲ। ਕਿਰਪਾਲਾ = ਹੇ ਕਿਰਪਾਲ! ਗਾਵੈ = ਗਾਉਂਦਾ ਰਹੇ। ਗਪਾਲਾ = {ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਹੇ ਗੁਪਾਲ!।੪। ਅਰਥ: ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ।ਰਹਾਉ। ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।੧। ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ) , ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ।੨। ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ।੩। ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ।੪।੧੦। ਸੋਰਠਿ ਮਹਲਾ ੫ ॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥ ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥ {ਪੰਨਾ 611} ਪਦਅਰਥ: ਕਰਿ = ਕਰ ਕੇ। ਸਿਮਰਿ = ਸਿਮਰ ਕੇ। ਅਰੋਗਾ = ਨਰੋਏ। ਕੋਟਿ = ਕ੍ਰੋੜਾਂ। ਬਿਘਨ = (ਜ਼ਿੰਦਗੀ ਦੇ ਰਾਹ ਵਿਚ) ਰੁਕਾਵਟਾਂ। ਪ੍ਰਗਟੇ = ਉੱਘੜ ਪੈਂਦੇ ਹਨ। ਭਲੇ ਸੰਜੋਗਾ = ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ।੧। ਪ੍ਰਭ ਬਾਣੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸੁਭਾਖਿਆ = ਸੋਹਣਾ ਉਚਾਰਿਆ ਹੋਇਆ। ਭਾਈ = ਹੇ ਭਾਈ! ਤੂ = ਤੈਨੂੰ। ਗੁਰ ਪੂਰੈ = ਪੂਰੇ ਗੁਰੂ ਨੇ। ਰਾਖਿਆ = (ਜੀਵਨ = ਵਿਘਨਾਂ ਤੋਂ) ਬਚਾ ਲਿਆ।ਰਹਾਉ। ਸਾਚਾ = ਸਦਾ ਕਾਇਮ ਰਹਿਣ ਵਾਲਾ। ਅਮਿਤਿ = {ਮਿਤਿ = ਮਾਪ, ਹੱਦ} ਜਿਸ ਦੀ ਮਿਣਤੀ ਦੱਸੀ ਨਾਹ ਜਾ ਸਕੇ। ਵਛਲ = ਪਿਆਰ ਕਰਨ ਵਾਲਾ। ਪੈਜ = ਇੱਜ਼ਤ। ਆਦਿ = ਸ਼ੁਰੂ ਤੋਂ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ।੨। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚਹੁ = ਖਾਵੋ। ਮੁਖਿ = ਮੂੰਹ ਵਿਚ। ਜਰਾ = (ਆਤਮਕ ਜੀਵਨ ਨੂੰ) ਬੁਢੇਪਾ। ਮਰਾ = ਮੌਤ। ਤਾਪੁ = ਦੁੱਖ ਕਲੇਸ਼।੩। ਸੁਆਮੀ ਮੇਰੈ = ਮੇਰੇ ਮਾਲਕ ਨੇ। ਸਰਬ ਕਲਾ = ਸਾਰੀ ਤਾਕਤ, ('ਕੋਟਿ ਬਿਘਨ' ਦਾ ਟਾਕਰਾ ਕਰਨ ਲਈ) ਸਾਰੀ ਸ਼ਕਤੀ। ਬਣਿ ਆਈ = ਪੈਦਾ ਹੋ ਜਾਂਦੀ ਹੈ। ਸਗਲੇ ਜੁਗ ਅੰਤਰਿ = ਸਾਰੇ ਜੁਗਾਂ ਵਿਚ, ਸਦਾ ਹੀ। ਗੁਰ ਨਾਨਕ ਕੀ = ਹੇ ਨਾਨਕ! ਗੁਰੂ ਦੀ।੪। ਅਰਥ: ਹੇ ਭਾਈ! ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ।ਰਹਾਉ। (ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ।੧। ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ, ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ। ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ।੩। ਹੇ ਭਾਈ! ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ।੪।੧੧। |
Sri Guru Granth Darpan, by Professor Sahib Singh |