ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 623 ਸੋਰਠਿ ਮਹਲਾ ੫ ॥ ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ ॥ ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥ ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥ ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥ ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥੩॥ ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥ ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥ {ਪੰਨਾ 623} ਪਦਅਰਥ: ਕਰਤਾ = ਕਰਤਾਰ। ਪੁਰਖੁ = ਸਰਬ = ਵਿਆਪਕ। ਵਿਚਿ ਖਲੋਆ = ਆਪ ਸਹੈਤਾ ਕਰਦਾ ਹੈ। ਵਾਲੁ ਨ ਵਿੰਗਾ ਹੋਆ = ਰਤਾ ਭੀ ਨੁਕਸਾਨ ਨਹੀਂ ਹੁੰਦਾ। ਮਜਨੁ = ਇਸ਼ਨਾਨ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ, ਨਾਮ = ਜਲ ਨਾਲ ਆਤਮਕ ਇਸ਼ਨਾਨ। ਗੁਰਿ = ਗੁਰੂ ਨੇ। ਆਂਦਾ ਰਾਸੇ = ਰਾਸਿ ਆਂਦਾ, ਸਫਲ ਕਰ ਦਿੱਤਾ। ਜਪਿ = ਜਪ ਕੇ। ਕਿਲਵਿਖ = ਪਾਪ।੧। ਰਾਮ ਦਾਸ ਸਰੋਵਰੁ = ਰਾਮ ਦੇ ਦਾਸਾਂ ਦਾ ਸਰੋਵਰ, ਸਾਧ ਸੰਗਤਿ। ਨੀਕਾ = ਚੰਗਾ, ਸੋਹਣਾ। ਨਾਵੈ = ਨ੍ਹਾਵੇ, ਇਸ਼ਨਾਨ ਕਰਦਾ ਹੈ। ਉਧਾਰੁ = ਪਾਰ = ਉਤਾਰਾ। ਜੀ ਕਾ = ਜਿੰਦ ਦਾ।੧।ਰਹਾਉ। ਜੈ ਜੈ ਕਾਰੁ = ਸੋਭਾ। ਜਗੁ = ਜਗਤ। ਮਨਿ = ਮਨ ਵਿਚ। ਚਿੰਦਿਅੜੇ = ਚਿਤਵੇ ਹੋਏ। ਸਹੀ ਸਲਾਮਤਿ = ਆਤਮਕ ਜੀਵਨ ਨੂੰ ਪੂਰਨ ਤੌਰ ਤੇ ਬਚਾ ਕੇ। ਨਾਇ = ਨ੍ਹਾਇ, ਇਸ਼ਨਾਨ ਕਰ ਕੇ।੨। ਸੰਤ ਸਰੋਵਰਿ = ਸੰਤਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਵੈ = ਨ੍ਹਾਵੈ। ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ। ਨ ਆਵੈ ਜਾਈ = ਨ ਆਵੈ ਨ ਜਾਈ, ਜੰਮਦਾ ਮਰਦਾ ਨਹੀਂ।੩। ਬ੍ਰਹਮ ਬਿਚਾਰੁ = ਪਰਮਾਤਮਾ ਨਾਲ ਸਾਂਝ ਦੀ ਸੋਚ। ਸੁ = ਉਹ ਮਨੁੱਖ। ਬਾਬਾ = ਹੇ ਭਾਈ! ਨਾਨਕ! ਗਣਤ = ਗਿਣਤੀ, ਫ਼ਿਕਰ।੪। ਅਰਥ: ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ) , ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।ਰਹਾਉ। (ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ। ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ, (ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।੧। ਹੇ ਭਾਈ! ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ, (ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ। ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ, ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।੨। ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।੩। ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ, ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ।੪।੭।੫੭। ਸੋਰਠਿ ਮਹਲਾ ੫ ॥ ਪਾਰਬ੍ਰਹਮਿ ਨਿਬਾਹੀ ਪੂਰੀ ॥ ਕਾਈ ਬਾਤ ਨ ਰਹੀਆ ਊਰੀ ॥ ਗੁਰਿ ਚਰਨ ਲਾਇ ਨਿਸਤਾਰੇ ॥ ਹਰਿ ਹਰਿ ਨਾਮੁ ਸਮ੍ਹ੍ਹਾਰੇ ॥੧॥ ਅਪਨੇ ਦਾਸ ਕਾ ਸਦਾ ਰਖਵਾਲਾ ॥ ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥ ਵਡਭਾਗੀ ਸਤਿਗੁਰੁ ਪਾਇਆ ॥ ਜਿਨਿ ਜਮ ਕਾ ਪੰਥੁ ਮਿਟਾਇਆ ॥ ਹਰਿ ਭਗਤਿ ਭਾਇ ਚਿਤੁ ਲਾਗਾ ॥ ਜਪਿ ਜੀਵਹਿ ਸੇ ਵਡਭਾਗਾ ॥੨॥ ਹਰਿ ਅੰਮ੍ਰਿਤ ਬਾਣੀ ਗਾਵੈ ॥ ਸਾਧਾ ਕੀ ਧੂਰੀ ਨਾਵੈ ॥ ਅਪੁਨਾ ਨਾਮੁ ਆਪੇ ਦੀਆ ॥ ਪ੍ਰਭ ਕਰਣਹਾਰ ਰਖਿ ਲੀਆ ॥੩॥ ਹਰਿ ਦਰਸਨ ਪ੍ਰਾਨ ਅਧਾਰਾ ॥ ਇਹੁ ਪੂਰਨ ਬਿਮਲ ਬੀਚਾਰਾ ॥ ਕਰਿ ਕਿਰਪਾ ਅੰਤਰਜਾਮੀ ॥ ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥ {ਪੰਨਾ 623} ਪਦਅਰਥ: ਪਾਰਬ੍ਰਹਮਿ = ਪਾਰਬ੍ਰਹਮ ਨੇ। ਊਰੀ = ਊਣੀ, ਘੱਟ। ਗੁਰਿ = ਗੁਰੂ ਨੇ। ਨਿਸਤਾਰੇ = (ਸੰਸਾਰ ਸਾਗਰ ਤੋਂ) ਪਾਰ ਲੰਘਾ ਦਿੱਤੇ। ਸਮ੍ਹ੍ਹਾਰੇ = ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ।੧। ਕਰਿ = ਬਣਾ ਕੇ। ਜਿਉ = ਜਿਉਂ, ਵਾਂਗ।੧।ਰਹਾਉ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਜਿਨਿ = ਜਿਸ (ਗੁਰੂ) ਨੇ। ਪੰਥੁ = ਰਸਤਾ। ਭਾਇ = ਪਿਆਰ ਵਿਚ। ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਪ੍ਰਾਪਤ ਕਰਦੇ ਹਨ।੨। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਨਾਵੈ = ਨ੍ਹਾਵੈ। ਆਪੇ = ਆਪ ਹੀ।੩। ਅਧਾਰਾ = ਆਸਰਾ। ਬਿਮਲ = ਸੁੱਧ, ਪਵਿਤ੍ਰ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!।੪। ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ। ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ।੧।ਰਹਾਉ। (ਹੇ ਭਾਈ! ਸਦਾ ਤੋਂ ਹੀ) ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ। ਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ। ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ। ਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ਹੈ।੧। ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ, ਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ।੨। (ਹੇ ਭਾਈ! ਪਰਮਾਤਮਾ ਦਾ ਸੇਵਕ) ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ, ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ (ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ) । ਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ, ਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ।੩। ਹੇ ਭਾਈ! ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ ਕਿ ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ। ਹੇ ਦਾਸ ਨਾਨਕ! ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸ਼ਰਨ ਆਇਆ ਹਾਂ।੪।੮।੫੮। ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ {ਪੰਨਾ 623} ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ। ਜਹ = ਜਿੱਥੇ। ਸੁਹੇਲੇ = ਸੁਖੀ। ਪ੍ਰਭਿ = ਪ੍ਰਭੂ ਨੇ।੧। ਸੁਭਾਈ = ਸੁਭਾਇ, ਪਿਆਰ ਨਾਲ। ਮਨਚਿੰਦੇ = ਮਨ = ਇੱਛਤ, ਮਨ = ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ।੧।ਰਹਾਉ। ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ = ਧੂੜ। ਅਧਾਰਾ = ਆਸਰਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ।੨। ਸਦ = ਸਦਾ। ਰੈਨਿ = ਰਾਤ। ਬਹੁੜਿ = ਮੁੜ।੩। ਬਿਧਾਤਾ = ਕਰਤਾਰ, ਰਚਨਹਾਰ। ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ਸ਼ੇਣ 'ਹੀ' ਦੇ ਕਾਰਨ ਉੱਡ ਗਈ ਹੈ}। ਜਮ ਕੰਕਰੁ = {ਕਿੰਕਰੁ = किंकर} ਜਮ ਦਾ ਸੇਵਕ, ਜਮ = ਦੂਤ।੪। ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ।੧।ਰਹਾਉ। (ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧। ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) । ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨। ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩। (ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯। |
Sri Guru Granth Darpan, by Professor Sahib Singh |