ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 624

ਸੋਰਠਿ ਮਹਲਾ ੫ ॥ ਗੁਰਿ ਪੂਰੈ ਕੀਤੀ ਪੂਰੀ ॥ ਪ੍ਰਭੁ ਰਵਿ ਰਹਿਆ ਭਰਪੂਰੀ ॥ ਖੇਮ ਕੁਸਲ ਭਇਆ ਇਸਨਾਨਾ ॥ ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥ ਗੁਰ ਕੇ ਚਰਨ ਕਵਲ ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥ ਮਿਲਿ ਸਾਧੂ ਦੁਰਮਤਿ ਖੋਏ ॥ ਪਤਿਤ ਪੁਨੀਤ ਸਭ ਹੋਏ ॥ ਰਾਮਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ ਕਮਾਤੇ ॥੨॥ ਗੁਨ ਗੋਬਿੰਦ ਨਿਤ ਗਾਈਐ ॥ ਸਾਧਸੰਗਿ ਮਿਲਿ ਧਿਆਈਐ ॥ ਮਨ ਬਾਂਛਤ ਫਲ ਪਾਏ ॥ ਗੁਰੁ ਪੂਰਾ ਰਿਦੈ ਧਿਆਏ ॥੩॥ ਗੁਰ ਗੋਪਾਲ ਆਨੰਦਾ ॥ ਜਪਿ ਜਪਿ ਜੀਵੈ ਪਰਮਾਨੰਦਾ ॥ ਜਨ ਨਾਨਕ ਨਾਮੁ ਧਿਆਇਆ ॥ ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥ {ਪੰਨਾ 624}

ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਪੂਰੀ = ਸਫਲਤਾ। ਭਰਪੂਰੀ = ਹਰ ਥਾਂ ਮੌਜੂਦ। ਖੇਮ ਕੁਸਲ = ਆਤਮਕ ਸੁਖ ਆਨੰਦ। ਵਿਟਹੁ = ਤੋਂ।੧।

ਰਿਦ = ਰਿਦੈ, ਹਿਰਦੇ ਵਿਚ। ਤਿਲ ਕਾ = ਤਿਲ ਜਿਤਨਾ ਭੀ, ਰਤਾ ਭੀ। ਸਗਲ = ਸਾਰੇ।੧।ਰਹਾਉ।

ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਦੁਰਮਤਿ = ਖੋਟੀ ਅਕਲ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਰਾਮਦਾਸਿ ਸਰੋਵਰ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਤੇ = ਨ੍ਹਾਤੇ, ਇਸ਼ਨਾਨ ਕੀਤਾ।੨।

ਸਾਧ ਸੰਗਿ = ਸਾਧ ਸੰਗਤਿ ਵਿਚ। ਮਨ ਬਾਂਛਤ = ਮਨ = ਇੱਛੇ। ਰਿਦੈ = ਹਿਰਦੇ ਵਿਚ।੩।

ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ।੪।

ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ, (ਉਸ ਦੀ ਜ਼ਿੰਦਗੀ ਦੇ ਰਸਤੇ ਵਿਚ) ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ।੧।ਰਹਾਉ।

ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਆਤਮਕ ਜੀਵਨ ਵਿਚ) ਸਫਲਤਾ ਦਿੱਤੀ ਹੈ, (ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ-ਇਹ ਹੈ ਇਸ਼ਨਾਨ (ਜੋ ਮੈਂ ਗੁਰੂ-ਸਰ ਵਿਚ ਕੀਤਾ ਹੈ) ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ) ੧।

ਹੇ ਭਾਈ! ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ। ਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਜੇਹੜੇ ਭੀ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਗੁਰੂ ਦੀ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦੇ ਹਨ (ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ) ਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ।੨।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ। ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ (ਪ੍ਰਭੂ-ਦਰ ਤੋਂ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।੩।

ਹੇ ਦਾਸ ਨਾਨਕ! ਆਖ-) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਕਾਇਮ ਰੱਖਦਾ ਹੈ। ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ। ਜੇਹੜਾ ਮਨੁੱਖ ਉਸ ਦਾ ਨਾਮ ਸਿਮਰਦਾ ਹੈ, ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੪।੧੦।੬੦।

ਰਾਗੁ ਸੋਰਠਿ ਮਹਲਾ ੫ ॥ ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥ ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥ ਹੁਣਿ ਨਹੀ ਸੰਦੇਸਰੋ ਮਾਇਓ ॥ ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥ ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥ ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥ ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥ ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥ ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥ ਸਭੁ ਰਹਿਓ ਅੰਦੇਸਰੋ ਮਾਇਓ ॥ ਜੋ ਚਾਹਤ ਸੋ ਗੁਰੂ ਮਿਲਾਇਓ ॥ ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥ {ਪੰਨਾ 624}

ਪਦਅਰਥ: ਦਹਦਿਸ = ਦਸੀਂ ਪਾਸੀਂ। ਦਹ = ਦਸ। ਦਿਸ = ਪਾਸਾ। ਮੇਘ = ਬੱਦਲ। ਛਤ੍ਰ = ਛਤਰੀ। ਘਟਾ ਘਟ = ਘਟਾਂ ਹੀ ਘਟਾਂ। ਦਾਮਨਿ = ਬਿਜਲੀ। ਚਮਕਿ = ਚਮਕ ਕੇ। ਨਹੁ = ਨਹੀਂ। ਨੈਨਹ = ਅੱਖਾਂ ਵਿਚ। ਪਿਰੁ = ਪਤੀ। ਪਰਦੇਸਿ = ਬਿਗਾਨੇ ਦੇਸ ਵਿਚ।੧।

ਸੰਦੇਸਰੋ = ਸਨੇਹਾ। ਮਾਇਓ = ਹੇ ਮਾਂ! ਕੋਸਰੋ = ਕੋਹ। ਸਿਧਿ ਕਰਤ = ਤੈ ਕਰਦਾ ਸੀ। ਚਤੁਰ ਪਾਤਰੋ = ਚਾਰ ਪਤੀਆਂ, ਚਾਰ ਚਿੱਠੀਆਂ।ਰਹਾਉ।

ਬਿਸਰੈ = ਭੁੱਲ ਜਾਏ। ਸੁਖ ਦਾਇਓ = ਸੁਖ ਦੇਣ ਵਾਲਾ। ਮੰਦਰਿ = ਮੰਦਰ ਉੱਤੇ, ਕੋਠੇ ਉੱਤੇ। ਚਰਿ ਕੈ = ਚੜ੍ਹ ਕੇ। ਪੰਥੁ = ਰਸਤਾ। ਨਿਹਾਰਉ = ਨਿਹਾਰਉਂ, ਮੈਂ ਵੇਖਦੀ ਹਾਂ। ਨੀਰਿ = ਨੀਰ ਨਾਲ, (ਵੈਰਾਗ-) ਜਲ ਨਾਲ।੨।

ਭੀਤਿ = ਕੰਧ। ਹਉ ਹਉ ਭੀਤਿ = ਹਉਮੈ ਦੀ ਕੰਧ। ਬੀਚੋ = ਵਿਚਕਾਰ। ਦੇਸਿ = ਦੇਸ ਵਿਚ, ਹਿਰਦੇ ਵਿਚ। ਨਿਕਟਾਇਓ = ਨਿਕਟਿ ਹੀ, ਨੇੜੇ ਹੀ। ਕੇ = ਦੇ। ਪਾਤ = ਖੰਭ। ਪਰਦੋ = ਪਰਦਾ।੩।

ਕੋ = ਦਾ। ਸਗਰੋ = ਸਾਰਾ। ਗੁਰਿ = ਗੁਰੂ ਨੇ। ਤਉ = ਤਦੋਂ। ਦਇਆਰੁ = ਦਇਆਲ। ਬੀਠਲੋ = {विष्ठल, विस्थल। वि = ਵਿ, ਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ। स्थल = ਸਥਲ, ਖਲੋਤਾ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ।੪।

ਰਹਿਣ = ਮੁੱਕ ਗਿਆ। ਅੰਦੇਸਰੋ = ਫ਼ਿਕਰ। ਗੁਨਾ ਨਿਧਿ = ਗੁਣਾਂ ਦਾ ਖ਼ਜ਼ਾਨਾ। ਰਾਇਓ = ਪ੍ਰਭੂ = ਪਾਤਿਸ਼ਾਹ, ਰਾਜਾ।ਰਹਾਉ ਦੂਜਾ।

ਅਰਥ: (ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ) , ਬਿਜਲੀ ਚਮਕ ਚਮਕ ਕੇ ਡਰਾਂਦੀ ਹੈ, (ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ।੧।

(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ। (ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ।ਰਹਾਉ।

ਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ। ਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ।੨।

ਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ, (ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ) , ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।੩।

ਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ। ਹੇ ਨਾਨਕ! ਆਖ-ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ।੪।

ਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ, ਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।ਰਹਾਉ ਦੂਜਾ।੧੧।੬੧।

ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥ {ਪੰਨਾ 624}

ਪਦਅਰਥ: ਗਈ ਬਹੋੜੁ = (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ = ਪੂੰਜੀ) ਨੂੰ ਵਾਪਸ ਦਿਵਾਣ ਵਾਲਾ। ਬੰਦੀ ਛੋੜੁ = (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ। ਦੁਖ ਦਾਰੀ = ਦੁੱਖਾਂ ਵਿਚ ਦਾਰੀ ਕਰਨ ਵਾਲਾ, ਦੁੱਖਾਂ ਵਿਚ ਧੀਰਜ ਦੇਣ ਵਾਲਾ। ਪੈਜ = ਇੱਜ਼ਤ, ਲਾਜ।੧।

ਨਿਚੀਜਿਆ = ਨਕਾਰਿਆਂ ਨੂੰ। ਚੀਜ ਕਰੇ = ਆਦਰ = ਜੋਗ ਬਣਾ ਦੇਂਦਾ ਹੈ।ਰਹਾਉ।

ਭਾਇ = ਪ੍ਰੇਮ ਨਾਲ, ਆਪਣੀ ਲਗਨ ਨਾਲ। ਸੁਭਾਈ = ਆਪਣੇ ਸੁਭਾਵ ਅਨੁਸਾਰ। ਕਰਿ = ਕਰ ਕੇ। ਬਹੁ ਭਾਤੀ = ਕਈ ਤਰੀਕਿਆਂ ਨਾਲ। ਬਹੁੜਿ = ਮੁੜ, ਫਿਰ। ਗਲਿ = ਗਲ ਨਾਲ। ਮਾਰਗਿ = (ਸਿੱਧੇ) ਰਸਤੇ ਉਤੇ।੨।

ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਭ ਬਿਧਿ = ਹਰੇਕ (ਆਤਮਕ) ਹਾਲਤ। ਪਹਿ = ਪਾਸ। ਕਥਨਿ = ਕਥਨ ਕਰਨ ਨਾਲ, ਜ਼ਬਾਨੀ ਕਹਿ ਦੇਣ ਨਾਲ। ਭੀਜੈ = ਖ਼ੁਸ਼ ਹੁੰਦਾ। ਭਾਵੈ = ਚੰਗਾ ਲੱਗਦਾ ਹੈ। ਪੈਜ = ਇੱਜ਼ਤ। ਓਟ = ਆਸਰਾ। ਰਹਾਈਐ = ਰੱਖੀ ਹੋਈ ਹੈ।

ਹੋਇ = ਹੋ ਕੇ। ਆਪੇ = ਆਪ ਹੀ। ਮੇਲਿ = ਮੇਲੇ, ਮੇਲਦਾ ਹੈ। ਚੂਕੇ = ਮੁੱਕ ਜਾਂਦੀ ਹੈ। ਚਿੰਤੀ = ਚਿੰਤਾ। ਅਵਖਦੁ = ਦਵਾਈ। ਮੁਖਿ = ਮੂੰਹ ਵਿਚ। ਸੁਖਿ = ਆਤਮਕ ਆਨੰਦ ਵਿਚ। ਵਸੰਤੀ = ਵੱਸਦਾ ਹੈ।੪।

ਅਰਥ: ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ।ਰਹਾਉ।

ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ।੧।

ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ।੧।

ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।

ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ।੩।

ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।

ਹੇ ਦਾਸ ਨਾਨਕ! ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ।੪।੧੨।੬੨।

TOP OF PAGE

Sri Guru Granth Darpan, by Professor Sahib Singh