ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 625

ਸੋਰਠਿ ਮਹਲਾ ੫ ॥ ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥ ਜਗਜੀਵਨ ਨਾਮੁ ਤੁਮਾਰਾ ॥ ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥ ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥ ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥ ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥ ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥ ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥ ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥ {ਪੰਨਾ 625}

ਪਦਅਰਥ: ਸਿਮਰਿ ਸਿਮਰਿ = ਮੁੜ ਮੁੜ ਸਿਮਰ ਕੇ। ਕਲੇਸ = ਝਗੜੇ। ਸਭਿ = ਸਾਰੇ। ਸਾਂਠੇ = ਸਾਧ ਲਏ। ਸਗਲੇ = ਸਾਰੇ।੧।

ਜਗ ਜੀਵਨ = ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ। ਜਪਿ = ਜਪ ਕੇ। ਭਉਜਲੁ = ਸੰਸਾਰ = ਸਮੁੰਦਰ।ਰਹਾਉ।

ਮੰਤ੍ਰੀ = ਸਲਾਹਕਾਰ। ਸੁਨਹਿ = ਤੂੰ ਸੁਣਦਾ ਹੈਂ। ਕਰਣੈਹਾਰਾ = ਕਰ ਸਕਣ ਦੀ ਸਮਰਥਾ ਵਾਲਾ। ਆਪੇ = ਆਪ ਹੀ। ਭੁਗਤਾ = ਭੋਗਣ ਵਾਲਾ। ਕਿਆ ਵਿਚਾਰਾ = ਕੋਈ ਪਾਂਇਆਂ ਨਹੀਂ।੨।

ਵਖਾਣੀ = ਵਖਾਣੀਂ, ਮੈਂ ਬਿਆਨ ਕਰਾਂ। ਪੇਖਿ = ਵੇਖ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਤੁਮਹਿ = ਤੇਰੀ। ਵਡਾਈ = ਵਡੱਪਣ।੩।

ਅਨੁਗ੍ਰਹੁ = ਕਿਰਪਾ। ਧਾਰਿ = ਕਰ ਕੇ। ਪ੍ਰਭ = ਹੇ ਪ੍ਰਭੂ। ਪਤਿ = ਇੱਜ਼ਤ। ਮਤਿ = ਅਕਲ। ਬਲਿਹਾਰੀ = ਸਦਕੇ। ਬਾਛਹੁ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰੀ = ਚਰਨ = ਧੂੜ।੪।

ਅਰਥ: ਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ। ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ) ਉਪਦੇਸ਼ ਦਿੱਤਾ, (ਉਹ ਮਨੁੱਖ) ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।ਰਹਾਉ।

ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ। (ਹੇ ਭਾਈ! ਵਡ-ਭਾਗੀ ਮਨੁੱਖ) ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ।੧।

ਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ (ਹਰੇਕ ਜੀਵ ਨੂੰ) ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਹਰੇਕ ਜੀਵ ਵਿਚ ਬੈਠਾ ਪਦਾਰਥਾਂ ਨੂੰ) ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ।੨।

ਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ। ਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। (ਹੇ ਭਾਈ! ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ।੩।

ਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ (ਜੀਵ ਉਤੇ) ਕਿਰਪਾ ਕਰ ਕੇ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ। ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੧੩।੬੩।

ਸੋਰਠਿ ਮਃ ੫ ॥ ਗੁਰੁ ਪੂਰਾ ਨਮਸਕਾਰੇ ॥ ਪ੍ਰਭਿ ਸਭੇ ਕਾਜ ਸਵਾਰੇ ॥ ਹਰਿ ਅਪਣੀ ਕਿਰਪਾ ਧਾਰੀ ॥ ਪ੍ਰਭ ਪੂਰਨ ਪੈਜ ਸਵਾਰੀ ॥੧॥ ਅਪਨੇ ਦਾਸ ਕੋ ਭਇਓ ਸਹਾਈ ॥ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ ਕਰਤੈ ਪੁਰਖਿ ਤਾਲੁ ਦਿਵਾਇਆ ॥ ਪਿਛੈ ਲਗਿ ਚਲੀ ਮਾਇਆ ॥ ਤੋਟਿ ਨ ਕਤਹੂ ਆਵੈ ॥ ਮੇਰੇ ਪੂਰੇ ਸਤਗੁਰ ਭਾਵੈ ॥੨॥ ਸਿਮਰਿ ਸਿਮਰਿ ਦਇਆਲਾ ॥ ਸਭਿ ਜੀਅ ਭਏ ਕਿਰਪਾਲਾ ॥ ਜੈ ਜੈ ਕਾਰੁ ਗੁਸਾਈ ॥ ਜਿਨਿ ਪੂਰੀ ਬਣਤ ਬਣਾਈ ॥੩॥ ਤੂ ਭਾਰੋ ਸੁਆਮੀ ਮੋਰਾ ॥ ਇਹੁ ਪੁੰਨੁ ਪਦਾਰਥੁ ਤੇਰਾ ॥ ਜਨ ਨਾਨਕ ਏਕੁ ਧਿਆਇਆ ॥ ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥ {ਪੰਨਾ 625}

ਪਦਅਰਥ: ਨਮਸਕਾਰੇ = ਸਿਰ ਨਿਵਾਂਦਾ ਹੈ, ਸ਼ਰਨ ਪੈਂਦਾ ਹੈ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੧।

ਕੋ = ਦਾ। ਸਹਾਈ = ਮਦਦਗਾਰ। ਕਰਤੈ = ਕਰਤਾਰ ਨੇ। ਊਣੀ ਬਾਤ = ਘਾਟ, ਕਮੀ।ਰਹਾਉ।

ਪੁਰਖਿ = ਪੁਰਖ ਨੇ, ਸਰਬ = ਵਿਆਪਕ ਪ੍ਰਭੂ ਨੇ। ਤਾਲੁ = ਤਾਲਾ, ਜੰਦ੍ਰਾ, ਗੁਪਤ ਨਾਮ = ਖ਼ਜ਼ਾਨਾ। ਦਿਵਾਇਆ = ਦਿਵਾ ਦਿੱਤਾ (ਗੁਰੂ ਦੀ ਰਾਹੀਂ) ਤੋਟਿ = ਕਮੀ। ਕਤਹੂ = ਕਿਤੇ ਭੀ। ਸਤਗੁਰ ਭਾਵੈ = ਗੁਰੂ ਨੂੰ ਚੰਗੀ ਲੱਗਦੀ ਹੈ।੨।

ਦਇਆਲਾ = ਦਇਆ = ਦਾ = ਘਰ ਪ੍ਰਭੂ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}ਕਿਰਪਾਲਾ = ਕਿਰਪਾ ਦੇ ਘਰ ਪ੍ਰਭੂ ਦਾ ਰੂਪ। ਜੈ ਜੈ ਕਾਰੁ = ਸੋਭਾ, ਸਿਫ਼ਤਿ-ਸਾਲਾਹ। ਗੁਸਾਈ = ਸ੍ਰਿਸ਼ਟੀ ਦਾ ਮਾਲਕ। ਜਿਨਿ = ਜਿਸ (ਗੁਸਾਈ) ਨੇ। ਬਣਤ = ਵਿਓਂਤ।੩।

ਮੋਰਾ = ਮੇਰਾ। ਪੁੰਨੁ = ਬਖ਼ਸ਼ੀਸ਼। ਪਦਾਰਥੁ = ਨਾਮ = ਵਸਤ। ਸਰਬ ਫਲਾ = ਸਾਰੇ ਫਲ ਦੇਣ ਵਾਲਾ।੪।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ। ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ (ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ, ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ, ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ।੧।

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ, (ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। (ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ। ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ।੨।

ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ) ਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ। (ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ, ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ।੩।

ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ। ਹੇ ਦਾਸ ਨਾਨਕ! ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ।੪।੧੪।੬੪।

ਸੋਰਠਿ ਮਹਲਾ ੫ ਘਰੁ ੩ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥ ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥ {ਪੰਨਾ 625}

ਪਦਅਰਥ: ਰਾਮਦਾਸ ਸਰੋਵਰਿ = ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮ = ਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇ = ਨ੍ਹਾਤੇ। ਸਭਿ = ਸਾਰੇ। ਕਮਾਤੇ = ਕਮਾਏ ਹੋਏ, ਕੀਤੇ ਹੋਏ। ਕਰਿ = ਕਰ ਕੇ। ਗੁਰਿ = ਗੁਰੂ ਨੇ। ਦਾਨਾ = ਬਖ਼ਸ਼ਸ਼।੧।

ਸਭਿ = ਸਾਰੇ। ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ। ਸਭਿ ਥੋਕ = ਸਾਰੀਆਂ ਚੀਜ਼ਾਂ, ਆਤਮਕ ਜੀਵਨ ਦੇ ਸਾਰੇ ਗੁਣ। ਉਬਾਰੇ = ਬਚਾ ਲਏ। ਬੀਚਾਰੇ = ਬੀਚਾਰਿ, ਵਿਚਾਰ ਕੇ, ਸੋਚ = ਮੰਡਲ ਵਿਚ ਟਿਕਾ ਕੇ।ਰਹਾਉ।

ਸਾਧ ਸੰਗਿ = ਸਾਧ ਸੰਗਤਿ ਵਿਚ। ਮਲੁ = ਵਿਕਾਰਾਂ ਦੀ ਮੈਲ। ਸਾਥੀ = ਸਹਾਈ। ਪੁਰਖ = ਸਰਬ = ਵਿਆਪਕ।੨।

ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ, ਪ੍ਰਭੂ ਨੇ (ਉਸ ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ।ਰਹਾਉ।

ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।੧।

ਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ।੨।੧।੬੫।

ਨੋਟ: ਇਥੋਂ 'ਘਰੁ ੩' ਦੇ ਸ਼ਬਦ ਦੋ ਬੰਦਾਂ ਵਾਲੇ ਸ਼ੁਰੂ ਹੋਏ ਹਨ। ਦੁ-ਪਦੇ-ਦੋ ਬੰਦਾਂ ਵਾਲੇ।

TOP OF PAGE

Sri Guru Granth Darpan, by Professor Sahib Singh