ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 626 ਸੋਰਠਿ ਮਹਲਾ ੫ ॥ ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥ ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਆਠ ਪਹਰ ਗੁਣ ਗਾਈ ॥ ਗੁਰ ਪੂਰੇ ਤੇ ਪਾਈ ॥ ਰਹਾਉ ॥ ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥ ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥ {ਪੰਨਾ 626} ਪਦਅਰਥ: ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ = ਘਰ ਵਿਚ। ਸੋ ਘਰੁ = ਉਹ ਹਿਰਦਾ = ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ। ਤਾ = ਤਦੋਂ। ਸਹਸਾ = ਸਹਿਮ।੧। ਵਡਿਆਈ = ਸੋਭਾ, ਸਿਫ਼ਤਿ-ਸਾਲਾਹ। ਆਠ ਪਹਿਰ = ਹਰ ਵੇਲੇ। ਤੇ = ਤੋਂ। ਪਾਈ = ਪ੍ਰਾਪਤ ਕੀਤੀ।ਰਹਾਉ। ਅਕਥ: ਬਿਆਨ ਨਾਹ ਹੋ ਸਕਣ ਵਾਲੀ। ਕਹਾਣੀ = ਸਰੂਪ ਦਾ ਵਰਣਨ। ਬੋਲਹਿ = ਬੋਲਦੇ ਹਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਵਖਾਣੀ = ਉਚਾਰੀ। ਤੇ = ਤੋਂ।੨। ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ-(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ।ਰਹਾਉ। ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ। ਹੇ ਭਾਈ! ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ।੧। ਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ। ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ, ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ।੨।੨।੬੬। ਸੋਰਠਿ ਮਹਲਾ ੫ ॥ ਆਗੈ ਸੁਖੁ ਗੁਰਿ ਦੀਆ ॥ ਪਾਛੈ ਕੁਸਲ ਖੇਮ ਗੁਰਿ ਕੀਆ ॥ ਸਰਬ ਨਿਧਾਨ ਸੁਖ ਪਾਇਆ ॥ ਗੁਰੁ ਅਪੁਨਾ ਰਿਦੈ ਧਿਆਇਆ ॥੧॥ ਅਪਨੇ ਸਤਿਗੁਰ ਕੀ ਵਡਿਆਈ ॥ ਮਨ ਇਛੇ ਫਲ ਪਾਈ ॥ ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ {ਪੰਨਾ 626} ਪਦਅਰਥ: ਆਗੈ = ਪਰਲੋਕ ਵਿਚ, ਅਗਾਂਹ ਆਉਣ ਵਾਲੇ ਜੀਵਨ = ਸਮੇਂ ਵਿਚ। ਗੁਰਿ = ਗੁਰੂ ਨੇ। ਪਾਛੈ = ਬੀਤੇ ਸਮੇ ਵਿਚ, ਇਸ ਲੋਕ ਵਿਚ। ਕੁਸਲ ਖੇਮ = ਸੁਖ ਆਨੰਦ। ਨਿਧਾਨ = ਖ਼ਜ਼ਾਨੇ। ਰਿਦੈ = ਹਿਰਦੇ ਵਿਚ।੧। ਵਡਿਆਈ = ਵਡੱਪਣ, ਉੱਚੀ ਆਤਮਕ ਅਵਸਥਾ, ਵੱਡਾ ਜਿਗਰਾ। ਦਿਨੁ ਦਿਨੁ = ਹਰ ਰੋਜ਼, ਦਿਨੋ ਦਿਨ। ਸਵਾਈ = ਵਧੀਕ।ਰਹਾਉ। ਸਭਿ = ਸਾਰੇ। ਦਇਆਲਾ = ਦਇਆ ਦਾ ਘਰ, ਦਇਆ = ਭਰਪੂਰ। ਪ੍ਰਭਿ = ਪ੍ਰਭੂ ਨੇ। ਸਹਜ = ਆਤਮਕ ਅਡੋਲਤਾ। ਸੁਭਾਇ = ਪ੍ਰੇਮ ਨਾਲ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਪਤੀਨੇ = ਪਤੀਜੇ, ਮਸਤ ਹੋ ਗਏ।੨। ਅਰਥ: ਹੇ ਸੰਤ ਜਨੋ! ਵੇਖੋ) ਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ। (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ।ਰਹਾਉ। ਹੇ ਸੰਤ ਜਨੋ! ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ, ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ। ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ ਸੁੱਖ ਬਖ਼ਸ਼ ਦਿੱਤਾ, ਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ।੧। ਹੇ ਸੰਤ ਜਨੋ! ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ) ਸਾਰੇ ਹੀ ਜੀਵ ਦਇਆ-ਭਰਪੂਰ (ਹਿਰਦੇ ਵਾਲੇ) ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਹੇ ਨਾਨਕ! ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਮਗਨ ਰਹਿੰਦੇ ਹਨ।੨।੩।੬੭। ਸੋਰਠਿ ਮਹਲਾ ੫ ॥ ਗੁਰ ਕਾ ਸਬਦੁ ਰਖਵਾਰੇ ॥ ਚਉਕੀ ਚਉਗਿਰਦ ਹਮਾਰੇ ॥ ਰਾਮ ਨਾਮਿ ਮਨੁ ਲਾਗਾ ॥ ਜਮੁ ਲਜਾਇ ਕਰਿ ਭਾਗਾ ॥੧॥ ਪ੍ਰਭ ਜੀ ਤੂ ਮੇਰੋ ਸੁਖਦਾਤਾ ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਨਾਨਕ ਪ੍ਰਭੁ ਅਬਿਨਾਸੀ ॥ ਤਾ ਕੀ ਸੇਵ ਨ ਬਿਰਥੀ ਜਾਸੀ ॥ ਅਨਦ ਕਰਹਿ ਤੇਰੇ ਦਾਸਾ ॥ ਜਪਿ ਪੂਰਨ ਹੋਈ ਆਸਾ ॥੨॥੪॥੬੮॥ {ਪੰਨਾ 626} ਪਦਅਰਥ: ਰਖਵਾਰੇ = ਰਾਖਾ। ਚਉਕੀ = ਪਹਿਰਾ। ਚਉਗਿਰਦ = ਚੌਹੀਂ ਪਾਸੀਂ, ਚੁਫੇਰੇ। ਨਾਮਿ = ਨਾਮ ਵਿਚ। ਲਜਾਇ ਕਰਿ = ਸ਼ਰਮਿੰਦਾ ਹੋ ਕੇ।੧। ਪ੍ਰਭ = ਹੇ ਪ੍ਰਭੂ! ਬੰਧਨ = (ਮਾਇਆ ਦੇ ਮੋਹ ਆਦਿਕ ਦੇ) ਜ਼ੰਜੀਰ। ਕਾਟਿ = ਕੱਟ ਕੇ। ਨਿਰਮਲੁ = ਪਵਿਤ੍ਰ। ਪੁਰਖੁ = ਸਰਬ = ਵਿਆਪਕ। ਬਿਧਾਤਾ = ਸਿਰਜਣਹਾਰ ਪ੍ਰਭੂ।ਰਹਾਉ। ਤਾ ਕੀ = ਉਸ (ਪ੍ਰਭੂ) ਦੀ। ਸੇਵ = ਸੇਵਾ = ਭਗਤੀ। ਬਿਰਥੀ = ਵਿਅਰਥ, ਖ਼ਾਲੀ। ਜਾਸੀ = ਜਾਏਗੀ। ਕਰਹਿ = ਕਰਦੇ ਹਨ। ਜਪਿ = ਜਪ ਕੇ। ਆਸਾ = ਮਨੋ = ਕਾਮਨਾ।੨। ਅਰਥ: ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ। (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਮਨ ਜੋੜਦਾ ਹੈ) ਸਰਬ-ਵਿਆਪਕ ਸਿਰਜਣਹਾਰ ਪ੍ਰਭੂ (ਉਸ ਦੇ ਮਾਇਆ ਦੇ ਮੋਹ ਆਦਿਕ ਦੇ ਸਾਰੇ) ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿਤ੍ਰ ਕਰ ਦੇਂਦਾ ਹੈ।ਰਹਾਉ। (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ, ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ। (ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ।੧। ਹੇ ਨਾਨਕ! ਆਖ-) ਅਬਿਨਾਸ਼ੀ ਪ੍ਰਭੂ (ਐਸਾ ਉਦਾਰ-ਚਿੱਤ ਹੈ ਕਿ) ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ। ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ, ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।੨।੪।੬੮। ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿ ਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ ॥ ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ {ਪੰਨਾ 626} ਪਦਅਰਥ: ਗੁਰ ਬਲਿਹਾਰੀ = ਗੁਰੂ ਤੋਂ ਸਦਕੇ। ਜਿਨਿ = ਜਿਸ (ਗੁਰੂ) ਨੇ। ਪੂਰਨ = ਪੂਰੀ ਤਰ੍ਹਾਂ। ਪੈਜ = ਲਾਜ, ਇੱਜ਼ਤ। ਚਿੰਦਿਆ = ਚਿਤਵਿਆ।੧। ਤਿਸੁ ਬਿਨੁ = ਉਸ ਪਰਮਾਤਮਾ ਤੋਂ ਬਿਨਾ। ਕਰਣ = ਜਗਤ। ਕਾਰਣ = ਮੂਲ। ਸੋਈ = ਉਹੀ।ਰਹਾਉ। ਪ੍ਰਭਿ = ਪ੍ਰਭੂ ਨੇ। ਵਰ = ਬਖ਼ਸ਼ਸ਼ਾਂ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਵਸਿ = ਆਪਣੇ ਵੱਸ।੨। ਅਰਥ: ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ।ਰਹਾਉ। ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।੧। ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ।੨।੫।੬੯। ਸੋਰਠਿ ਮਹਲਾ ੫ ॥ ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥ ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ {ਪੰਨਾ 626} ਪਦਅਰਥ: ਗੁਰਿ = ਗੁਰੂ ਨੇ। ਤਾਪੁ = ਦੁੱਖ = ਕਲੇਸ਼। ਵਾਜੇ = ਵੱਜ ਪਏ। ਅਨਹਦ = ਇਕ-ਰਸ, ਬਿਨਾ ਵਜਾਏ। ਤੂਰੇ = ਵਾਜੇ। ਕਲਿਆਣ = ਸੁਖ। ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ।੧। ਬੇਦਨ = ਪੀੜ। ਸਤਿਗੁਰਿ = ਸਤਿਗੁਰੂ ਨੇ। ਸਭਿ = ਸਾਰੇ। ਸਰਸੇ = ਸ = ਰਸ, ਰਸ ਸਹਿਤ, ਆਨੰਦ = ਭਰਪੂਰ। ਧਿਆਈ = ਧਿਆਇ, ਸਿਮਰ ਕੇ।ਰਹਾਉ। ਮੰਗਹਿ = ਮੰਗਦੇ ਹਨ। ਲੇਵਹਿ = ਹਾਸਲ ਕਰਦੇ ਹਨ। ਪ੍ਰਭ = ਹੇ ਪ੍ਰਭੂ! ਦੇਵਹਿ = ਤੂੰ ਦੇਂਦਾ ਹੈਂ। ਪ੍ਰਭਿ = ਪ੍ਰਭੂ ਨੇ। ਸੁਭਾਖਿਆ = ਉਚਾਰਿਆ ਹੈ। ਅਰਥ: ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।ਰਹਾਉ। ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰ ਕੇ ਆਪ ਹੀ ਉਹ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧। ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਹੇ ਦਾਸ ਨਾਨਕ! ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦। ਸੋਰਠਿ ਮਹਲਾ ੫ ॥ ਸੋਈ ਕਰਾਇ ਜੋ ਤੁਧੁ ਭਾਵੈ ॥ ਮੋਹਿ ਸਿਆਣਪ ਕਛੂ ਨ ਆਵੈ ॥ ਹਮ ਬਾਰਿਕ ਤਉ ਸਰਣਾਈ ॥ ਪ੍ਰਭਿ ਆਪੇ ਪੈਜ ਰਖਾਈ ॥੧॥ ਮੇਰਾ ਮਾਤ ਪਿਤਾ ਹਰਿ ਰਾਇਆ ॥ ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥ ਜੀਅ ਜੰਤ ਤੇਰੇ ਧਾਰੇ ॥ ਪ੍ਰਭ ਡੋਰੀ ਹਾਥਿ ਤੁਮਾਰੇ ॥ ਜਿ ਕਰਾਵੈ ਸੋ ਕਰਣਾ ॥ ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ {ਪੰਨਾ 626} ਪਦਅਰਥ: ਸੋਈ = ਉਹੀ ਕੰਮ। ਕਰਾਇ = ਤੂੰ ਕਰਾਈਂ। ਭਾਵੈ = ਚੰਗਾ ਲੱਗਦਾ ਹੈ। ਮੋਹਿ = ਮੈਨੂੰ। ਤਉ = ਤੇਰੀ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਪੈਜ = ਇੱਜ਼ਤ। ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ! ਕਰੀ = ਮੈਂ ਕਰਦਾ ਹਾਂ।ਰਹਾਉ। ਧਾਰੇ = ਸਹਾਰੇ ਹੋਏ। ਹਾਥਿ = ਹੱਥ ਵਿਚ। ਕਰਾਵੈ = ਕਰਾਂਦਾ ਹੈ।੨। ਅਰਥ: ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ। ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ।ਰਹਾਉ। ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ। ਹੇ ਪ੍ਰਭੂ! ਅਸੀ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ। ਹੇ ਭਾਈ! ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ।੧। ਹੇ ਪ੍ਰਭੂ! ਅਸਾਂ ਜੀਵਾਂ ਦੀ ਜ਼ਿੰਦਗੀ ਦੀ) ਡੋਰ ਤੇਰੇ ਹੱਥ ਵਿਚ ਹੈ, ਸਾਰੇ ਜੀਵ ਤੇਰੇ ਹੀ ਆਸਰੇ ਹਨ। ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ। ਹੇ ਭਾਈ! ਅਸੀ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।੨।੭।੭੧। |
Sri Guru Granth Darpan, by Professor Sahib Singh |