ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 645

ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ {ਪੰਨਾ 645}

ਅਰਥ: ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ

ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ {ਪੰਨਾ 645}

ਅਰਥ: ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ

ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ {ਪੰਨਾ 645}

ਪਦਅਰਥ: ਭੂਪਤਿ = ਰਾਜਾਸਿਰਿ = ਸਿਰ ਤੇ

ਅਰਥ: ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ) , ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ

ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥ {ਪੰਨਾ 645}

ਅਰਥ: ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ

ਸਲੋਕੁ ਮਃ ੩ ॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ {ਪੰਨਾ 645}

ਪਦਅਰਥ: ਮੁਹ ਫਿਰੇ = {ਮੁਹਫਿਰਾ = ਉਹ ਮਨੁੱਖ ਜਿਸ ਨੇ ਮੂੰਹ ਮੋੜਿਆ ਹੋਇਆ ਹੋਵੇ} ਮਨਮੁਖ

ਅਰਥ: ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ

ਮਃ ੩ ॥ ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ {ਪੰਨਾ 645}

ਪਦਅਰਥ: ਬਖਸੀਅਹਿ = ਬਖ਼ਸ਼ੇ ਜਾਂਦੇ ਹਨ

ਅਰਥ: ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭ-ਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ

ਪਉੜੀ ॥ ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥ {ਪੰਨਾ 645}

ਅਰਥ: ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ, ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ; ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ; (ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ

ਸਲੋਕੁ ਮਃ ੩ ॥ ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ {ਪੰਨਾ 645}

ਅਰਥ: ਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ, ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ

ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ {ਪੰਨਾ 645}

ਅਰਥ: ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ

ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ {ਪੰਨਾ 645}

ਪਦਅਰਥ: ਮੁਦਾਵਣੀ = ਆਤਮਕ ਪ੍ਰਸੰਨਤਾ ਦੇਣ ਵਾਲੀ ਵਸਤੂ (ਨਾਮ)

ਅਰਥ: ਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤਿ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈਇਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ

ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥ {ਪੰਨਾ 645}

ਅਰਥ: ਹੇ ਨਾਨਕ! ਜਿਸ ਮਨੁੱਖ ਨੂੰ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ

ਨੋਟ: ਇਸ ਸਲੋਕ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਨੇ ਮੁਦਾਵਣੀ ਮ: ੫ ਵਿਚ ਕੀਤੀ ਹੈ

ਮਃ ੩ ॥ ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥ ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥ ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥ {ਪੰਨਾ 645}

ਪਦਅਰਥ: ਵਿਛੋੜੇਨੁ = ਵਿਛੋੜੇ ਉਸ (ਹਰੀ) ਨੇ

ਅਰਥ: ਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ; (ਪਰ) ਜੋ ਉਸ ਹਰੀ ਨੇ ਆਪ ਵਿਛੋੜੇ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਉੱਕਰੇ ਹੋਏ (ਸੰਸਕਾਰ-ਰੂਪ ਲੇਖ ਦੀ ਕਮਾਈ) ਕਮਾਉਣੀ ਪੈਂਦੀ ਹੈ

ਪਉੜੀ ॥ ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥ ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥ ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥ ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥ ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥ {ਪੰਨਾ 645}

ਅਰਥ: ਹਰੀ ਦੀ ਸਿਫ਼ਤਿ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ, ਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) "ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ"ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ, ਉਹਨਾਂ ਹਰੀ ਨੂੰ ਮਿਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ; ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ

TOP OF PAGE

Sri Guru Granth Darpan, by Professor Sahib Singh