ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 646 ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646} ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ। ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧। ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646} ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ। ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646} ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ। ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646} ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨। ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646} ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ। ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯। ਸਲੋਕ ਮਃ ੩ ॥ ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥ ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥ ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥ {ਪੰਨਾ 646} ਪਦਅਰਥ: ਜਿਤੁ = ਜਿਸ (ਗਿਆਨੀ) ਦੀ ਰਾਹੀਂ। ਅਰਥ: ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ, ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ। ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ।੧। ਮਃ ੩ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥ {ਪੰਨਾ 646} ਪਦਅਰਥ: ਇਕਾ, ਇਕੁ, ਇਕੋ = ਕੇਵਲ, ਸਿਰਫ਼। ਅਰਥ: ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ, ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ। ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥ ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥ ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥ {ਪੰਨਾ 646} ਪਦਅਰਥ: ਵਿਖੁ = ਵਿਹੁ, ਜ਼ਹਿਰ। ਕਰਮਿ = ਮੇਹਰ ਨਾਲ। ਧੰਨੁ = ਸਲਾਹੁਣ = ਜੋਗ। ਅਰਥ: ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ, ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਇਹ ਅੰਮ੍ਰਿਤ ਪਿਲਾਣ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਹੀ ਪਿਲਾਂਦਾ ਹੈ। ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ।੨। ਪਉੜੀ ॥ ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ {ਪੰਨਾ 646} ਅਰਥ: ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ; ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ; ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ) । ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥ ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥ {ਪੰਨਾ 646} ਪਦਅਰਥ: ਅਰਾਧਿ = ਅਰਾਧ ਕੇ, ਸਿਮਰ ਕੇ। ਅਰਥ: ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ; ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ।੧੦। ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ {ਪੰਨਾ 646} ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ {ਪੰਨਾ 646} ਅਰਥ: ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ {ਪੰਨਾ 646} ਅਰਥ: ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।੧। ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ {ਪੰਨਾ 646} ਅਰਥ: ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।੨। ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ {ਪੰਨਾ 646} ਅਰਥ: (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥ {ਪੰਨਾ 646} ਪਦਅਰਥ: ਸਤਿ = ਸਦਾ-ਥਿਰ ਰਹਿਣ ਵਾਲਾ। ਅਰਥ: ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ।੧੧। |
Sri Guru Granth Darpan, by Professor Sahib Singh |