ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 648

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}

ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।

ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}

ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।

ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂ' ਆਖੋ, 'ਗੁਰੂ, ਗੁਰੂ' ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।

ਸਲੋਕੁ ਮਃ ੩ ॥ ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ {ਪੰਨਾ 648}

ਅਰਥ: ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ, (ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ।੧।

ਮਃ ੩ ॥ ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ {ਪੰਨਾ 648}

ਪਦਅਰਥ: ਨਾਇ = ਨਾਮ ਵਿਚ।

ਅਰਥ: ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ; ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ।੨।

ਪਉੜੀ ॥ ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥ ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥ ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥ ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥ {ਪੰਨਾ 648}

ਪਦਅਰਥ: ਸੰਪੈ = ਦੌਲਤ। ਸੰਚੀਐ = ਇਕੱਠਾ ਕਰੀਦਾ ਹੈ। ਸਵਾਰੀਅਹਿ = ਬਣਾਈਦੇ ਹਨ। ਹਰ ਰੰਗੀ = ਹਰੇਕ ਕਿਸਮ ਦੇ।

ਅਰਥ: ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ; ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ; ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ। ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ। ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ।੧੫।

ਸਲੋਕੁ ਮਃ ੩ ॥ ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥ ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥ {ਪੰਨਾ 648}

ਅਰਥ: ਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ; ਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ।੧।

ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ {ਪੰਨਾ 648}

ਪਦਅਰਥ: ਦਝਹਿ = ਸਾੜੇ ਜਾਂਦੇ ਹਨ। ਉਸਟੀਅਹਿ = ਸੁੱਟੇ ਜਾਂਦੇ ਹਨ। ਹਸਣਿ = ਹੱਸਣ ਵਿਚ। ਹਸਣ = ਉਹ ਸੁੱਕਾ ਖੂਹ ਜਿਸ ਵਿਚ ਪਾਰਸੀ ਲੋਕ ਆਪਣੇ ਮੁਰਦੇ ਰੱਖ ਕੇ ਗਿਰਝਾਂ ਨੂੰ ਖੁਵਾ ਦੇਂਦੇ ਹਨ। ਏਵ = ਇਸ ਤਰ੍ਹਾਂ, (ਭਾਵ, ਸਾੜਨ ਦੱਬਣ ਆਦਿਕ ਨਾਲ) ਨ ਜਾਪਈ = ਪਤਾ ਨਹੀਂ ਲੱਗਦਾ।

ਅਰਥ: (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।੨।

ਪਉੜੀ ॥ ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥ {ਪੰਨਾ 648}

ਅਰਥ: ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ; ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।

ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥ {ਪੰਨਾ 648}

ਪਦਅਰਥ: ਖੁਰਗੀਰ = (ਫਾ: ਖ਼ੂ = ਗੀਰ) ਪਸੀਨਾ ਜਜ਼ਬ ਕਰਨ ਵਾਲਾ; ਤਾਹਰੂ ਜੋ ਜ਼ੀਨ ਦੇ ਹੇਠ ਪਾਈਦਾ ਹੈ। ਤੁਰੇ = ਘੋੜੇ। ਸਾਤੇ = ਸਤਿ, ਸਦਾ-ਥਿਰ ਰਹਿਣ ਵਾਲਾ ਹਰੀ।

ਅਰਥ: ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ; ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।

ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥ {ਪੰਨਾ 648}

ਅਰਥ: (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ।੧੬।

ਸਲੋਕੁ ਮਃ ੩ ॥ ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ {ਪੰਨਾ 648}

ਪਦਅਰਥ: ਹਿਰਿ ਲਇਆ = ਚੁਰਾਇਆ ਜਾਂਦਾ ਹੈ।

ਅਰਥ: ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ।

TOP OF PAGE

Sri Guru Granth Darpan, by Professor Sahib Singh