ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 649 ਮਃ ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥ {ਪੰਨਾ 649} ਪਦਅਰਥ: ਉਰਵਾਰਿ = ਉਰਲੇ ਪਾਸੇ, ਇਸ ਲੋਕ ਵਿਚ। ਅਰਥ: ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ; ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ; ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ।੨। ਪਉੜੀ ॥ ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥ ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥ {ਪੰਨਾ 649} ਪਦਅਰਥ: ਮਨਿ ਚਿਤਿ = ਮਨ ਨਾਲ ਤੇ ਚਿਤ ਨਾਲ, ਮਨੋਂ ਚਿਤੋਂ ਪੂਰੀ ਖਿੱਚ ਨਾਲ। ਅਰਥ: ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ; ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ। ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥ ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥ ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥ {ਪੰਨਾ 649} ਪਦਅਰਥ: ਮਸਤਕਿ = ਮੱਥੇ ਤੇ। ਗੁਣੀ = ਗੁਣਾਂ ਵਾਲਾ ਪ੍ਰਭੂ। ਨਾਮਿ = ਨਾਮ ਵਿਚ। ਅਰਥ: (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ; ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ। ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ।੧੭। ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥ {ਪੰਨਾ 649} ਅਰਥ: ਸਤਿਗੁਰੂ ਦੇ ਹੁਕਮ ਵਿਚ ਤੁਰਨਾ ਬੜੀ ਔਖੀ ਕਾਰ ਹੈ, ਸਿਰ ਦੇਣਾ ਪੈਂਦਾ ਹੈ, ਤੇ ਆਪਾ ਗਵਾ ਕੇ (ਸੇਵਾ ਹੁੰਦੀ ਹੈ) ; ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ (ਸੰਸਾਰ ਵਲੋਂ) ਮਰਦੇ ਹਨ, ਉਹ ਫਿਰ ਜਨਮ ਮਰਨ ਵਿਚ ਨਹੀਂ ਰਹਿੰਦੇ, ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ। ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥ ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥ {ਪੰਨਾ 649} ਅਰਥ: ਜੋ ਮਨੁੱਖ ਸੱਚੇ ਨਾਮ ਵਿਚ ਬ੍ਰਿਤੀ ਜੋੜੀ ਰੱਖਦਾ ਹੈ ਉਹ (ਮਾਨੋ) ਪਾਰਸ ਨੂੰ ਛੋਹ ਕੇ ਪਾਰਸ ਹੀ ਹੋ ਜਾਂਦਾ ਹੈ; ਜਿਸ ਦੇ ਹਿਰਦੇ ਵਿਚ ਮੁੱਢ ਤੋਂ (ਸੰਸਕਾਰ-ਰੂਪ) ਲੇਖ ਉੱਕਰਿਆ ਹੋਵੇ, ਉਸ ਨੂੰ ਸਤਿਗੁਰੂ ਤੇ ਪ੍ਰਭੂ ਮਿਲਦਾ ਹੈ। ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥ {ਪੰਨਾ 649} ਪਦਅਰਥ: ਗਣਤੈ = ਚੰਗੇ ਕੀਤੇ ਕੰਮਾਂ ਦੇ ਲੇਖੇ ਕੀਤਿਆਂ। ਅਰਥ: ਹੇ ਨਾਨਕ! ਲੇਖੈ ਕੀਤਿਆਂ ਸੇਵਕ (ਹਰੀ ਨੂੰ) ਨਹੀਂ ਮਿਲ ਸਕਦਾ, ਜਿਸ ਨੂੰ ਹਰੀ ਬਖ਼ਸ਼ਦਾ ਹੈ, ਉਹੀ ਕਬੂਲ ਪੈਂਦਾ ਹੈ।੧। ਮਃ ੩ ॥ ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥ ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥ {ਪੰਨਾ 649} ਪਦਅਰਥ: ਸੁਆਇ = ਸੁਆਰਥ ਦੇ ਕਾਰਨ। ਸੁਆਉ = ਸੁਅਰਥ। ਅਰਥ: ਮੂਰਖ ਆਪਣੀ ਗ਼ਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੇ, (ਕਿ ਕਿੱਥੇ ਗ਼ਰਜ਼ ਪੂਰੀ ਹੋ ਸਕਦੀ ਹੈ) ਜੇ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਤਾਂ ਹਰੀ ਦੀ ਜੋਤਿ ਵਿਚ ਬ੍ਰਿਤੀ ਜੋੜ ਕੇ (ਹਰੀ ਦੀ ਹਜ਼ੂਰੀ-ਰੂਪ ਅਸਲ) ਟਿਕਾਣਾ ਲੱਭ ਲੈਣ। ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥ ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥ {ਪੰਨਾ 649} ਪਦਅਰਥ: ਅਪਣੈ ਘਰਿ = ਆਪਣੇ ਸਰੂਪ ਵਿਚ, ਪ੍ਰਭੂ = ਚਰਨਾਂ ਵਿਚ। ਅਰਥ: ਜੇ ਸੱਚੇ ਹਰੀ ਦਾ ਡਰ (ਭਾਵ, ਅਦਬ) ਸਦਾ ਮਨ ਵਿਚ ਟਿਕਿਆ ਰਹੇ, ਤਾਂ ਇਹ ਸਾਰੀ ਸਮਝ ਪੈ ਜਾਂਦੀ ਹੈ ਕਿ ਸਤਿਗੁਰੂ, ਜੋ ਸਦਾ ਆਪਣੇ ਸਰੂਪ ਵਿਚ ਟਿਕਿਆ ਰਹਿੰਦਾ ਹੈ, ਆਪ ਹੀ ਸੇਵਕ ਨੂੰ ਮਿਲਾ ਲੈਂਦਾ ਹੈ। ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥ {ਪੰਨਾ 649} ਅਰਥ: ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਮੇਹਰ ਕਰੇ, ਉਸ ਨੂੰ ਸਤਿਗੁਰੂ ਮਿਲਿਆਂ ਪੂਰਨ ਸਫਲਤਾ ਹੁੰਦੀ ਹੈ।੨। ਪਉੜੀ ॥ ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ {ਪੰਨਾ 649} ਅਰਥ: ਉਹਨਾਂ ਭਗਤਾਂ ਦੇ ਵੱਡੇ ਭਾਗ ਹਨ, ਜੋ ਮੂੰਹੋਂ ਹਰੀ ਦਾ ਨਾਮ ਉਚਾਰਦੇ ਹਨ; ਉਹਨਾਂ ਸੰਤਾਂ ਦੇ ਵੱਡੇ ਭਾਗ ਹਨ, ਜੋ ਹਰੀ ਦਾ ਜਸ ਕੰਨੀਂ ਸੁਣਦੇ ਹਨ। ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥ {ਪੰਨਾ 649} ਅਰਥ: ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ; ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ। ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥ {ਪੰਨਾ 649} ਨੋਟ: ਇਸ ਪਉੜੀ ਵਿਚ ਦੱਸਿਆ ਹੈ ਕਿ ਅਸਲ ਭਾਗਾਂ ਵਾਲੇ ਉਹ ਮਨੁੱਖ ਹਨ ਜੋ ਆਪਣੀ ਸਿਆਣਪ ਚਤੁਰਾਈ ਛੱਡ ਕੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ। ਅਰਥ: ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ, ਜੋ ਸਤਿਗੁਰੂ ਦੀ ਚਰਨੀਂ ਪੈਂਦੇ ਹਨ (ਭਾਵ, ਜੋ ਆਪਾ ਮਿਟਾ ਕੇ ਗੁਰੂ ਦੀ ਓਟ ਲੈਂਦੇ ਹਨ) । ਸਲੋਕੁ ਮਃ ੩ ॥ ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ {ਪੰਨਾ 649} ਪਦਅਰਥ: ਬਿੰਦੈ = ਜਾਣਦਾ ਹੈ। ਬ੍ਰਹਮੁ = ਪਰਮਾਤਮਾ। ਬ੍ਰਹਮਤੁ = ਬ੍ਰਾਹਮਣ ਵਾਲਾ ਲੱਛਣ। ਏਕ ਸਬਦਿ = ਕੇਵਲ ਸ਼ਬਦ ਵਿਚ। ਅਰਥ: ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ; ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ। ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ {ਪੰਨਾ 649} ਪਦਅਰਥ: ਕਰਿ = ਕਰ ਕੇ। ਅਰਥ: ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ, ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁੰਆਂ ਜੁਗਾਂ ਵਿਚ (ਭਾਵ, ਸਦਾ) ਸੁਖ ਪਾਂਦਾ ਹੈ।੧। ਮਃ ੩ ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ {ਪੰਨਾ 649} ਪਦਅਰਥ: ਸੀਤਲੁ = ਠੰਡੇ, ਸ਼ਾਂਤ, ਸੰਤੋਖੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ। ਅਰਥ: ਜਵਾਨ ਹੋਵੇ ਭਾਵੇਂ ਬੁੱਢਾ-ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ, ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ। ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ {ਪੰਨਾ 649-650} ਪਦਅਰਥ: ਤ੍ਰਿਪਤਿ = ਰੱਜ, ਰਜੇਵਾਂ। ਜਿ = ਜੋ ਕੁਝ। ਅਰਥ: (ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ। ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ।੨। |
Sri Guru Granth Darpan, by Professor Sahib Singh |