ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 650

ਪਉੜੀ ॥ ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ {ਪੰਨਾ 650}

ਪਦਅਰਥ: ਰਵਾ = ਉਚਾਰਾਂ। ਕਿਲਵਿਖ = ਪਾਪ। ਕ੍ਰਿਖਾ = ਨਾਸ ਕਰ ਦਿਆਂ। ਵਿਖਾ = ਕਦਮ, ਪੈਰ।

ਅਰਥ: ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ, (ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ, ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ। ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ) ੧੯।

ਸਲੋਕੁ ਮਃ ੩ ॥ ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ {ਪੰਨਾ 650}

ਪਦਅਰਥ: ਗਿਆਨੁ = ਆਤਮਕ ਜੀਵਨ ਦੀ ਸੂਝ।

ਅਰਥ: ਸਤਿਗੁਰੂ ਤੋਂ ਬਿਨਾ ਨਾਹ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਤੇ ਨਾਹ ਹੀ ਸੁਖ ਮਨ ਵਿਚ ਵੱਸਦਾ ਹੈ; (ਗੁਰੂ ਤੋਂ ਬਿਨਾ) ਹੇ ਨਾਨਕ! ਨਾਮ ਤੋਂ ਸੱਖਣੇ (ਰਹਿ ਕੇ) ਮਨਮੁਖ ਮਨੁੱਖਾ-ਜਨਮ ਵਿਅਰਥ ਗਵਾ ਜਾਣਗੇ।੧।

ਮਃ ੩ ॥ ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ {ਪੰਨਾ 650}

ਪਦਅਰਥ: ਸਿਧ = ਸਾਧਨਾ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਅਭਿਆਸੀ।

ਅਰਥ: ਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ; ਸਤਿਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ) ਮਿਲਦਾ ਹੈ।

ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ {ਪੰਨਾ 650}

ਪਦਅਰਥ: ਬਾਦਿ = ਵਿਅਰਥ। ਅਚਿੰਤੁ = ਚਿੰਤਾ = ਰਹਿਤ ਪਰਮਾਤਮਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।

ਅਰਥ: ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ! "ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ"-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।੨।

ਪਉੜੀ ॥ ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ {ਪੰਨਾ 650}

ਪਦਅਰਥ: ਕਵਲਾ = ਮਾਇਆ, ਲੱਛਮੀ। ਕੰਤ = ਖਸਮ। ਕਵਲਾਕੰਤ = ਮਾਇਆ ਦਾ ਪਤੀ।

ਅਰਥ: ਅਸੀ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ; ਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ।

ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ {ਪੰਨਾ 650}

ਅਰਥ: ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ। ਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ।

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ {ਪੰਨਾ 650}

ਅਰਥ: ਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ) ਧਨੀ ਹੁੰਦੇ ਹਨ।੨੦।

ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ {ਪੰਨਾ 650}

ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ; ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ।

ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ {ਪੰਨਾ 650}

ਪਦਅਰਥ: ਬੀਨਾ = ਸੁਜਾਖਾ, ਸਿਆਣਾ। ਅੰਦਰੁ = ਮਨ {ਲਫ਼ਜ਼ 'ਅੰਦਰੁ' ਅਤੇ 'ਅੰਦਰਿ' ਦਾ ਫ਼ਰਕ ਚੇਤੇ ਰੱਖੋ}ਤਤੁ = ਅਸਲੀਅਤ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ। ਅਧਾਰੁ = ਆਸਰਾ। ਮੋਖ = (ਹਉਮੈ ਤ੍ਰਿਸ਼ਨਾ ਆਦਿਕ ਵਿਕਾਰਾਂ ਤੋਂ) ਖ਼ਲਾਸੀ। ਸਹਜਿ = ਆਤਮਕ ਅਡੋਲਤਾ ਵਿਚ। ਵੀਚਾਰੁ = ਪਰਮਾਤਮਾ ਦੇ ਗੁਣਾਂ ਦੀ ਵਿਚਾਰ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ।

ਅਰਥ: ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ) , ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ 'ਨਾਮ' ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ।੧।

ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ {ਪੰਨਾ 650}

ਅਰਥ: ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ) ; ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ।

ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ {ਪੰਨਾ 650}

ਅਰਥ: ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ) ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ।੨।

ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ {ਪੰਨਾ 650}

ਪਦਅਰਥ: ਕਿਨਕਾ = ਕਿਣਕਾ ਮਾਤ੍ਰ, ਥੋੜਾ ਜਿਤਨਾ ਹੀ। ਕਾਪੜੁ = ਕੱਪੜਾ, ਪੁਸ਼ਾਕ। ਖਿਮ = ਖਿਮਾ। ਪ੍ਰਿਮ ਕਾ = ਪ੍ਰੇਮ ਦਾ (ਸਿੰਗਾਰ) ਕਿਲਬਿਖ = ਪਾਪ। ਜਿਣਕਾ = ਜਿੱਤ ਜਾਂਦਾ ਹੈ।

ਅਰਥ: ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ, ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ।੨੧।

TOP OF PAGE

Sri Guru Granth Darpan, by Professor Sahib Singh