ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 666 ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥ ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥ ਆਪੇ ਸਾਜੇ ਕਰਤਾ ਸੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਜਿਸੁ ਸਚਿ ਲਾਏ ਸੋਈ ਲਾਗੈ ॥ ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ {ਪੰਨਾ 666} ਪਦਅਰਥ: ਨਾਵੈ ਕੀ = (ਪਰਮਾਤਮਾ ਦੇ) ਨਾਮ ਦੀ। ਮਿਤਿ = ਮਾਪ, ਮਰਯਾਦਾ। ਸੇ = ਉਹ {ਬਹੁ-ਵਚਨ}। ਧੰਨੁ = ਭਾਗਾਂ ਵਾਲੇ। ਨਾਮਿ = ਨਾਮ ਵਿਚ। ਲਿਵ = ਲਗਨ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਸਾਚਾ ਵੀਚਾਰੁ = ਸਦਾ-ਥਿਰ ਪ੍ਰਭੂ ਦੇ ਗੁਣਾਂ ਦਾ ਵਿਚਾਰ। ਦੇ = ਦੇਂਦਾ ਹੈ।੧। ਅਚਰਜੁ = ਹੈਰਾਨ ਕਰਨ ਵਾਲਾ। ਕਲੀ ਕਾਲ ਵਿਚਿ = ਝਗੜਿਆਂ = ਭਰੇ ਜੀਵਨ = ਸਮੇ ਵਿਚ।੧।ਰਹਾਉ। ਹਮ = ਅਸੀ ਜੀਵ। ਮਨ ਮਾਹਿ = (ਜੇ) ਮਨ ਵਿਚ (ਵਿਚਾਰ ਕਰ ਵੇਖੀਏ) । ਕਮਾਹਿ = (ਅਸੀ) ਕਰਦੇ ਹਾਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ਹੀ। ਆਪੇ = (ਪ੍ਰਭੂ) ਆਪ ਹੀ।੨। ਬਿਖਿਆ = ਮਾਇਆ। ਅਭਿਮਾਨੁ = ਅਹੰਕਾਰ। ਅਹੰਕਾਰਿ = ਅਹੰਕਾਰ ਵਿਚ। ਮਾਨੁ = ਆਦਰ। ਆਪੁ = ਆਪਾ = ਭਾਵ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ।੩। ਸਾਜੇ = ਪੈਦਾ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ। ਨਾਮਿ = ਨਾਮ ਵਿਚ (ਜੁੜਿਆਂ) । ਆਗੈ = ਪਰਲੋਕ ਵਿਚ (ਭੀ) ।੪। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।੧।ਰਹਾਉ। ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ।੧। ਹੇ ਭਾਈ! ਅਸੀ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, (ਸੋ ਜੋ ਅਸੀ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀ ਨਿਰੋਲ ਮੂਰਖ ਹਾਂ। ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। (ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ।੨। (ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ) । ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ।੩। ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ। ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ।੪।੮। ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥ {ਪੰਨਾ 666} ਪਦਅਰਥ: ਹਮ = ਅਸੀ ਜੀਵ। ਭੀਖਕ = ਮੰਗਤੇ। ਭੇਖਾਰੀ = ਮੰਗਤੇ। ਨਿਜ ਪਤਿ = ਆਪਣੇ ਆਪ ਦਾ ਮਾਲਕ, ਸੁਤੰਤਰ। ਦਾਤਾ = ਦਾਤਾਂ ਦੇਣ ਵਾਲਾ। ਦੈਆਲ = ਦਇਆਵਾਨ। ਕੰਉ = ਨੂੰ। ਰਹਉ = ਰਹਉਂ, ਮੈਂ ਰਹਾਂ। ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।੧। ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਵਿਟਹੁ = ਤੋਂ। ਕਰਣ ਕਾਰਣ = ਜਗਤ ਦਾ ਮੂਲ।੧।ਰਹਾਉ। ਫੇਰ = ਗੇੜ। ਕਿਰਪਨ ਕਉ = ਕੰਜੂਸ ਨੂੰ, ਮਾਇਆ = ਵੇੜ੍ਹੇ ਨੂੰ। ਕੀਜੈ = ਕਰ। ਬਖਸ = ਬਖ਼ਸ਼ਸ਼।੨। ਭਨਤਿ = ਆਖਦਾ ਹੈ। ਭਰਮ ਪਟ = ਭਰਮ ਦੇ ਪੜਦੇ। ਪਰਸਾਦੀ = ਕਿਰਪਾ ਨਾਲ। ਜਾਨਿਆ = ਸਾਂਝ ਪਾ ਲਈ। ਸਾਚੀ = ਸਦਾ ਕਾਇਮ ਰਹਿਣ ਵਾਲੀ। ਲਿਵ = ਲਗਨ। ਭੀਤਰਿ = ਅੰਦਰ, ਮਨ ਵਿਚ। ਸਿਉ = ਨਾਲ।੩। ਅਰਥ: ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ।੧।ਰਹਾਉ। ਹੇ ਪ੍ਰਭੂ! ਅਸੀ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ।੧। ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼।੨। ਹੇ ਭਾਈ! ਨਾਨਕ ਆਖਦਾ ਹੈ-ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ।੩।੧।੯। ਨੋਟ: ਅੰਕ ੧ ਦਾ ਭਾਵ ਇਹ ਹੈ ਕਿ ਇਹ ਇੱਕ ਸ਼ਬਦ 'ਘਰੁ ੪' ਦਾ ਹੈ। ਗੁਰੂ ਰਾਮਦਾਸ ਜੀ ਦੇ ਇਸ ਰਾਗ ਵਿਚ ਕੁੱਲ ੯ ਸ਼ਬਦ ਹਨ। ਧਨਾਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ ਹਰਿ ਗੁਣ ਕਹਿ ਨ ਸਕਉ ਬਨਵਾਰੀ ॥ ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥ ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥ ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥ ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥ ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥ {ਪੰਨਾ 666} ਨੋਟ: ਚਉਪਦੇ-ਚਾਰ ਬੰਦਾਂ ਵਾਲੇ ਸ਼ਬਦ। ਪਦਅਰਥ: ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਸਭਿ = ਸਾਰੇ। ਨਿਵਾਰੀ = ਦੂਰ ਕਰਨ ਵਾਲਾ। ਸੁਆਮੀ = ਹੇ ਮਾਲਕ ਪ੍ਰਭੂ! ਤੁਮ ਜੁ ਪਿਆਰੀ = ਜੇਹੜੀ ਤੈਨੂੰ ਪਿਆਰੀ ਲੱਗਦੀ ਹੈ।੧। ਕਹਿ ਨ ਸਕਉ = ਕਹਿ ਨ ਸਕਉਂ, ਮੈਂ ਬਿਆਨ ਨਹੀਂ ਕਰ ਸਕਦਾ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਪਹਿਨੀ ਰੱਖਣ ਵਾਲਾ, ਕ੍ਰਿਸ਼ਨ} ਹੇ ਪਰਮਾਤਮਾ! ਨੀਰਿ = ਪਾਣੀ ਵਿਚ। ਪਾਖਣ = ਪੱਥਰ।ਰਹਾਉ। ਬਿਖੁ = ਜ਼ਹਰ। ਮੋਰਚਾ = ਜੰਗਾਲ। ਸਵਾਰੀ = ਸ੍ਵੱਛ ਹੋ ਜਾਂਦੀ ਹੈ। ਕੰਚਨੁ = ਸੋਨਾ। ਬੈਸੰਤਰਿ = ਅੱਗ ਵਿਚ। ਤਾਇਓ = ਤਪਾਇਆ ਜਾਂਦਾ ਹੈ। ਕਾਟੀ = ਕੱਟੀ ਜਾਂਦੀ ਹੈ। ਕਟਤਿ = ਕੱਟ ਕੇ। ਉਤਾਰੀ = ਲਾਹੀ ਜਾਂਦੀ ਹੈ।੨। ਜਪਉ = ਜਪਉਂ, ਮੈਂ ਜਪਦਾ ਹਾਂ। ਜਪਿ = ਜਪ ਕੇ। ਉਰਿ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਟਿਕਾਂਦਾ ਹਾਂ। ਅਉਖਧੁ = ਦਵਾਈ। ਜਗਿ = ਜਗਤ ਵਿਚ। ਪੂਰਾ = ਕਦੇ ਨਾਹ ਖੁੰਝਣ ਵਾਲਾ।੩। ਅਗਮ = ਹੇ ਅਪਹੁੰਚ! ਅਗਾਧਿ ਬੋਧਿ = ਇਤਨਾ ਡੂੰਘਾ ਕਿ ਮਨੁੱਖ ਦੀ ਸਮਝ ਅੰਦਾਜ਼ਾ ਨਾਹ ਲਾ ਸਕੇ। ਅਪਰੰਪਰ = ਹੇ ਪਰੇ ਤੋਂ ਪਰੇ! ਪੁਰਖ = ਹੇ ਸਰਬ = ਵਿਆਪਕ! ਅਪਾਰੀ = ਹੇ ਬੇਅੰਤ! ਜਗ ਜੀਵਨ = ਹੇ ਜਗਤ ਦੇ ਜੀਵਨ! ਪੈਜ = ਲਾਜ।੪। ਅਰਥ: ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਅਸੀ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ। ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।ਰਹਾਉ। ਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ। ਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ।੧। ਹੇ ਭਾਈ! ਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ, ਤਿਵੇਂ ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤਿ ਦੀ ਸਰਨ ਪੈ ਕੇ ਸੋਧਿਆ ਜਾਂਦਾ ਹੈ। (ਹੇ ਭਾਈ! ਤਾਂਹੀਏਂ) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ। ਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ। ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ।੩। ਹੇ ਨਾਨਕ! ਆਖ-) ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ! ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਦਾਸਾਂ ਦੀ ਲਾਜ ਰੱਖ ਲੈ।੪।੧। |
Sri Guru Granth Darpan, by Professor Sahib Singh |