ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 667

ਧਨਾਸਰੀ ਮਹਲਾ ੪ ॥ ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥ ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥ ਹਰਿ ਕੈ ਨਾਮਿ ਰਤਾ ਬੈਰਾਗੀ ॥ ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥ ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ਹ੍ਹ ਠਾਕੁਰ ਹਮ ਸਾਂਗੀ ॥ ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥ ਕਿਆ ਹਮ ਕਿਰਮ ਨਾਨ੍ਹ੍ਹ ਨਿਕ ਕੀਰੇ ਤੁਮ੍ਹ੍ਹ ਵਡ ਪੁਰਖ ਵਡਾਗੀ ॥ ਤੁਮ੍ਹ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥ ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥ ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥ {ਪੰਨਾ 667}

ਪਦਅਰਥ: ਭਉ = ਡਰ। ਭਾਗੀ = ਦੂਰ ਹੋ ਗਿਆ। ਸੇਵਾ = ਸੇਵਾ = ਭਗਤੀ। ਅੰਤਰਿ = ਹਿਰਦੇ ਵਿਚ।੧।

ਨਾਮਿ = ਨਾਮ ਵਿਚ। ਰਤਾ = ਮਗਨ। ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਨਿਰਲੇਪ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਲਿਵ = ਲਗਨ।੧।ਰਹਾਉ।

ਸਾਂਗੀ = ਸਾਂਗ = ਧਾਰੀ, ਪੂਰਨਿਆਂ ਉਤੇ ਤੁਰਨ ਵਾਲੇ। ਤੈਸੇ ਬੁਲਗ ਬੁਲਾਗੀ = ਉਹੋ ਜਿਹੇ ਬੋਲ ਹੀ ਬੋਲਦੇ ਹਾਂ।੨।

ਕਿਆ ਹਮ = ਸਾਡੀ ਕੀਹ ਪਾਂਇਆਂ ਹੈ? ਕਿਰਮ = ਕੀੜੇ। ਨਾਨ੍ਹ੍ਹ = ਨੰਨ੍ਹੇ, ਬਹੁਤ ਛੋਟੇ। ਨਿਕ = ਨਿੱਕੇ ਨਿੱਕੇ। ਗਤਿ = ਆਤਮਕ ਅਵਸਥਾ। ਮਿਤਿ = ਮਾਪ, ਵਿਤ। ਕਿਉ ਕਰਿ = ਕਿਵੇਂ, ਕਿਸ ਤਰ੍ਹਾਂ? ਮਿਲਹ = ਅਸੀ ਮਿਲ ਸਕਦੇ ਹਾਂ। ਅਭਾਗੀ = ਭਾਗ = ਹੀਣ।੩।

ਸੁਆਮੀ = ਹੇ ਸੁਆਮੀ! ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਹੁ = ਬਣਾ ਲਵੋ। ਕਥਾਗੀ = ਕਥੀਏ।੪।

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ। ਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ। ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ।੧।

ਹੇ ਹਰੀ ਪ੍ਰਭੂ! ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ) ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ। ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀ ਉਹੋ ਜਿਹੇ ਬੋਲ ਹੀ ਬੋਲਦੇ ਹਾਂ।੨।

ਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ। ਅਸੀ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ?੩।

ਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀ ਤੇਰੀ ਸੇਵਾ-ਭਗਤੀ ਵਿਚ ਲੱਗੀਏ। ਹੇ ਨਾਨਕ! ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ।੪।੨।

ਧਨਾਸਰੀ ਮਹਲਾ ੪ ॥ ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥ ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥ ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥ ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥ ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥ ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥ ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥ ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥ {ਪੰਨਾ 667}

ਪਦਅਰਥ: ਸਤੁ ਪੁਰਖਾ = ਮਹਾ ਪੁਰਖ। ਹਰਿ ਬਾਨੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਬੋਲੈ = ਉਚਾਰਦਾ ਹੈ। ਮੁਕਤਾ = ਵਿਕਾਰਾਂ ਤੋਂ ਸੁਤੰਤਰ। ਸਦ = ਸਦਾ।੧।

ਜਸੁ = ਸਿਫ਼ਤਿ-ਸਾਲਾਹ। ਕਾਨੀ = ਕੰਨਾਂ ਨਾਲ, ਧਿਆਨ ਨਾਲ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਸਭਿ = ਸਾਰੇ। ਕਿਲਵਿਖ = ਪਾਪ।੧।

ਸਾਧੁ = ਗੁਰੂ। ਜਿਨ = ਜਿਨ੍ਹਾਂ ਨੇ। ਤੇ = ਉਹ {ਬਹੁ-ਵਚਨ}ਵਡ ਵਡਾਨੀ = ਵੱਡੇ। ਮੰਗਹ = ਅਸੀ ਮੰਗਦੇ ਹਾਂ। ਧੂਰਿ = ਚਰਨ = ਧੂੜ। ਲੋਚ ਲੁਚਾਨੀ = ਤਾਂਘ ਲੱਗੀ ਹੋਈ ਹੈ।੨।

ਸਫਲਿਓ = ਫਲ ਦੇਣ ਵਾਲਾ। ਬਿਰਖੁ = ਰੁੱਖ। ਸੇ = ਉਹ ਮਨੁੱਖ {ਬਹੁ-ਵਚਨ}ਤ੍ਰਿਪਤਾਨੀ = ਰੱਜ ਗਏ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀ = ਪੀ ਕੇ। ਤ੍ਰਿਪਤਾਸੇ = ਰੱਜ ਗਏ। ਸਭ ਭੂਖ = ਸਾਰੀ ਭੁੱਖ।੩।

ਜਪਾਨੀ = ਜਾਪ। ਪ੍ਰਭ = ਹੇ ਪ੍ਰਭੂ! ਦਾਸ ਦਸਾਨੀ = ਦਾਸਾਂ ਦਾ ਦਾਸ।੪।

ਅਰਥ: ਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਧਿਆਨ ਨਾਲ ਸੁਣਿਆ ਕਰੋ। ਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ।੧।

ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ। ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ।੧।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ। ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ।੨।

ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ। ਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ।੩।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ। ਹੇ ਦਾਸ ਨਾਨਕ! ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ।੪।੩।

ਧਨਾਸਰੀ ਮਹਲਾ ੪ ॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ {ਪੰਨਾ 667}

ਪਦਅਰਥ: ਅੰਧੁਲੇ ਅੰਧ = ਬਹੁਤ ਹੀ ਅੰਨ੍ਹੇ। ਬਿਖੈ ਬਿਖੁ = ਮਾਇਕ ਪਦਾਰਥਾਂ ਦਾ ਜ਼ਹਰ। ਰਾਤੇ = ਮਗਨ। ਕਿਉ ਚਾਲਹ = ਅਸੀ ਕਿਵੇਂ ਚੱਲ ਸਕਦੇ ਹਾਂ? ਲਾਵੈ = ਲਾ ਲਏ। ਪਾਲੀ = ਪੱਲੇ, ਲੜ।੧।

ਮੀਤ = ਹੇ ਮਿੱਤਰੋ! ਭਲ = ਭਲਾ। ਨਿਰਾਲੀ = ਅਨੋਖੀ, ਅਚਰਜ।੧।ਰਹਾਉ।

ਗੁਰੁ ਸੇਵਿਹੁ = ਗੁਰੂ ਦੀ ਸਰਨ ਪੈ ਜਾਓ। ਬੇਗਿ = ਛੇਤੀ। ਬੇਗਿ ਬੇਗਾਲੀ = ਬਹੁਤ ਛੇਤੀ। ਖਰਚੁ ਹਰਿ = ਪ੍ਰਭੂ ਦਾ ਨਾਮ (ਜੀਵਨ = ਸਫ਼ਰ ਵਾਸਤੇ) ਖ਼ਰਚ। ਬਾਧਹੁ = (ਪੱਲੇ) ਬੰਨ੍ਹ ਲਵੋ। ਕਾਲ੍ਹ੍ਹੀ = ਕੱਲ੍ਹ, ਭਲਕੇ।੨।

ਜਪਣਾ = ਜਾਪ। ਚਲੈ ਹਰਿ ਨਾਲੀ = ਹਰੀ ਦੀ ਰਜ਼ਾ ਵਿਚ ਤੁਰਦਾ ਹੈ। ਕੇਲ = ਚੋਜ, ਤਮਾਸ਼ੇ। ਕੇਲਾਲੀ = ਚੋਜੀ।੩।

ਚਾਨੀ = {ਅਸਲ ਲਫ਼ਜ਼ 'ਲੋਚਾਨੀ' ਹੈ, ਇਥੇ 'ਲੁਚਾਨੀ' ਪੜ੍ਹਨਾ ਹੈ}ਹਰਿ = ਹੇ ਹਰੀ! ਬਨਵਾਲੀ = ਹੇ ਬਨਵਾਲੀ, ਹੇ ਪਰਮਾਤਮਾ! ਪਗ = ਪੈਰ। ਰਾਲੀ = ਖ਼ਾਕ, ਧੂੜ।੪।

ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ੧।ਰਹਾਉ।

ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧।

ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ੨।

ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩।

ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।

TOP OF PAGE

Sri Guru Granth Darpan, by Professor Sahib Singh