ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 668 ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥ {ਪੰਨਾ 668} ਪਦਅਰਥ: ਬੂੰਦ = ਵਰਖਾ ਦੀ ਬੂੰਦ। ਚਾਤ੍ਰਿਕ = ਪਪੀਹਾ। ਬਿਲਲ ਬਿਲਲਾਤੀ = ਤਰਲੇ ਲੈਂਦਾ। ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਨਿਮਖਾਤੀ = ਇਕ ਨਿਮਖ ਵਾਸਤੇ ਹੀ, ਅੱਖ ਝਮਕਣ ਜਿਤਨੇ ਸਮੇ ਲਈ।੧। ਰਹਿ ਨ ਸਕਉ = ਰਹਿ ਨ ਸਕਉਂ, ਮੈਂ ਰਹਿ ਨਹੀਂ ਸਕਦਾ। ਰਾਤੀ = ਰੱਤੀ ਭਰ ਸਮੇ ਲਈ ਭੀ। ਅਮਲੀ = ਨਸ਼ਈ, ਨਸ਼ੇ ਦਾ ਆਦੀ ਮਨੁੱਖ। ਮਰਿ ਜਾਈ ਹੈ– ਮਰਨ ਲੱਗਦਾ ਹੈ, ਤੜਫ਼ ਉੱਠਦਾ ਹੈ।ਰਹਾਉ। ਸਰਵਰ = ਤਾਲਾਬ, ਸਮੁੰਦਰ। ਅਤਿ ਅਗਾਹ = ਬਹੁਤ ਡੂੰਘਾ। ਮਾਤੀ = ਮਾਤ੍ਰਾ ਭਰ, ਰਤਾ ਭਰ ਭੀ। ਅਪਰੰਪਰੁ = ਪਰੇ ਤੋਂ ਪਰੇ। ਗਾਤੀ = ਗਤਿ। ਮਿਤਿ = ਮਾਪ।੨। ਰੰਗਿ ਚਲੂਲੇ = ਗੂੜ੍ਹੇ ਰੰਗ ਵਿਚ। ਰਾਤੀ = ਰੰਗੇ ਜਾਂਦੇ ਹਨ। ਪਾਤੀ = ਪਤਿ, ਇੱਜ਼ਤ।੩। ਠਾਕੁਰੁ = ਮਾਲਕ। ਭਾਤੀ = ਭਾਂਤਿ, ਵਿਓਂਤ, ਢੰਗ। ਭਗਾਤੀ = ਭਗਤਾਂ ਦੀ।੪। ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ।ਰਹਾਉ। ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ) , ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ।੧। ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ।੨। ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ।੩। ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ) , ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ।੪।੫। ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥ {ਪੰਨਾ 668} ਪਦਅਰਥ: ਕਲਿ = ਝਗੜੇ = ਕਲੇਸ਼। ਜੁਗ = ਸਮਾ। ਕਲਿਜੁਗ = ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ: ਇਥੇ 'ਜੁਗਾਂ' ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਦਸਿਆ ਹੈ ਕਿ ਦੁਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ = ਕਲੇਸ਼ ਵਧੇ ਰਹਿੰਦੇ ਹਨ}। ਕਲਿਜੁਗ ਕਾ ਧਰਮੁ = ਉਹ ਧਰਮ ਜੋ ਦੁਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ। ਭਾਈ = ਹੇ ਭਾਈ! ਕਿਵ ਛੂਟਹ = ਅਸੀ ਕਿਵੇਂ ਬਚੀਏ? ਛੁਟਕਾਕੀ = ਬਚਣ ਦੇ ਚਾਹਵਾਨ। ਤੁਲਹਾ = ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿਕ ਨੂੰ ਬੰਨ੍ਹ ਕੇ ਬਣਾਇਆ ਹੋਇਆ ਆਸਰਾ। ਤਰਾਕੀ = ਤਾਰੂ।੧। ਲਾਜ = ਇੱਜ਼ਤ। ਹਮ ਮਾਗੀ = ਅਸਾਂ ਮੰਗੀ ਹੈ। ਇਕਾਕੀ = ਇਕੋ ਹੀ।ਰਹਾਉ। ਸੇ = ਉਹ {ਬਹੁ = ਬਚਨ}। ਬਚਨਾਕੀ = ਬਚਨਾਂ ਦੀ ਰਾਹੀਂ, ਗੁਰੂ ਦੀ ਬਾਣੀ ਦੀ ਰਾਹੀਂ। ਚਿਤ੍ਰ ਗੁਪਤਿ = ਚਿਤ੍ਰ ਗੁਪਤ ਨੇ {ਚਿਤ੍ਰ ਗੁਪਤ = ਧਰਮ ਰਾਜ ਦੇ ਇਹ ਦੋਵੇਂ ਲਿਖਾਰੀ ਮੰਨੇ ਗਏ ਹਨ, ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ}। ਛੂਟੀ = ਮੁੱਕ ਗਈ। ਬਾਕੀ = ਹਿਸਾਬ।੨। ਮਨਿ = ਮਨ ਵਿਚ। ਲਗਿ = ਲੱਗ ਕੇ। ਦਿਨੀਅਰੁ = {दिनकर} ਸੂਰਜ। ਸੂਰੁ = ਸੂਰਜ। ਅਗਨਿ = ਅੱਗ। ਸਿਵ = ਕੱਲਿਆਣ = ਸਰੂਪ ਪਰਮਾਤਮਾ। ਚੰਦਾਕੀ = ਚਾਨਣੀ ਵਾਲਾ।੩। ਅਗਮ = ਅਪਹੁੰਚ। ਅਗੋਚਰ = {ਅ = ਗੋ = ਚਰ। ਗੋ = ਗਿਆਨ = ਇੰਦ੍ਰ੍ਰੇ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਾਕੀ = ਆਪ ਹੀ। ਕਉ = ਨੂੰ, ਉਤੇ। ਕਰਿ = ਬਣਾ ਲੈ।੪। ਅਰਥ: ਹੇ ਪ੍ਰਭੂ ਜੀ! ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ।ਰਹਾਉ। ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।੧। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।੨। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ।੩। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੪।੬। ਧਨਾਸਰੀ ਮਹਲਾ ੪ ਘਰੁ ੫ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥ ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥ ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥ ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥ {ਪੰਨਾ 668} ਪਦਅਰਥ: ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਵਸਾ ਕੇ। ਬੀਚਾਰਿ = ਵਿਚਾਰ ਕੇ। ਮੁਰਾਰਿ = {ਮੁਰ = ਅਰਿ} ਪਰਮਾਤਮਾ। ਰਮੋ ਰਮੁ = ਰਮ ਹੀ ਰਮ, ਰਾਮ ਹੀ ਰਾਮ। ਜਪੀਨੇ = ਜਪਦਾ ਹੈ। ਅਦ੍ਰਿਸਟੁ = ਨਾਹ ਦਿੱਸ ਸਕਣ ਵਾਲਾ। ਅਗੋਚਰੁ = {ਅ = ਗੋ = ਚਰੁ} ਗਿਆਨ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਪਰੰਪਰ = ਪਰੇ ਤੋਂ ਪਰੇ, ਬੇਅੰਤ। ਗੁਰਿ = ਗੁਰੂ ਨੇ।੧। ਹਮ = ਅਸੀ ਜੀਵ। ਕਾਸਟ = ਕਾਠ। ਲੋਸਟ = ਲੋਹਾ। ਸੰਗਿ = ਨਾਲ। ਕੰਚਨੁ = ਸੋਨਾ।੧।ਰਹਾਉ। ਨਵ = ਨੌ ਵਿਆਕਰਨ। ਛਿਅ ਖਟੁ = ਛੇ ਸ਼ਾਸਤਰ। ਬੋਲਹਿ = ਬੋਲਦੇ ਹਨ। ਮੁਖ ਆਗਰ = ਮੂੰਹ = ਜ਼ਬਾਨੀ। ਇਵ = ਇਸ ਤਰ੍ਹਾਂ। ਪਤੀਨੇ = ਪਤੀਜਦਾ, ਖ਼ੁਸ਼ ਹੁੰਦਾ। ਹਿਰਦੈ = ਹਿਰਦੇ ਵਿਚ। ਸਦ = ਸਦਾ। ਭੀਨੇ = ਭਿੱਜਦਾ, ਪ੍ਰਸੰਨ ਹੁੰਦਾ।੨। ਅਰਥ: ਹੇ ਭਾਈ! ਪਰਮਾਤਮਾ ਪਾਰਸ ਹੈ, ਅਸੀ ਜੀਵ ਲੋਹਾ ਹਾਂ। ਪਰਮਾਤਮਾ ਚੰਦਨ ਹੈ, ਅਸੀ ਜੀਵ ਕਾਠ ਹਾਂ। ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ।੧।ਰਹਾਉ। ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ; ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ।੧। (ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ। ਹੇ ਦਾਸ ਨਾਨਕ! ਆਖ-ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ।੨।੧।੭। |
Sri Guru Granth Darpan, by Professor Sahib Singh |