ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 670

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ {ਪੰਨਾ 670}

ਪਦਅਰਥ: ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ। ਬੇਦਨਿ = (ਦਿਲ ਦੀ) ਪੀੜ। ਅਵਰੁ ਕੋਇ = ਹੋਰ ਕੋਈ।ਰਹਾਉ।

ਸਚੁ = ਸਦਾ-ਥਿਰ ਰਹਿਣ ਵਾਲਾ। ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}੧।

ਵਰਤਦਾ = ਮੌਜੂਦ। ਸਭਿ = ਸਾਰੇ। ਥਾਵਹੁ = ਪਾਸੋਂ। ਤੂ ਇਕ = ਇਕ ਤੂ ਹੀ।੨।

ਸਭੁ ਕੋ = ਹਰੇਕ ਜੀਵ। ਤੇ = ਤੋਂ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}ਮਾਹਿ = ਵਿਚ।੩।

ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ! ਸਚੁ = ਸਦਾ-ਥਿਰ।੪।

ਅਰਥ: ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?ਰਹਾਉ।

ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ) ਹੇ ਪਾਤਿਸ਼ਾਹ! ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।

ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।

ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।

ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩।

ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।

ਧਨਾਸਰੀ ਮਹਲਾ ੫ ਘਰੁ ੧ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ {ਪੰਨਾ 670}

ਪਦਅਰਥ: ਭਵ ਖੰਡਨ = ਹੇ ਜਨਮ ਮਰਨ (ਦੇ ਗੇੜ ਦਾ) ਨਾਸ ਕਰਨ ਵਾਲੇ! ਦੁਖ ਭੰਜਨ = ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਨਿਰੰਕਾਰੇ = ਹੇ ਆਕਾਰ = ਰਹਿਤ ਪ੍ਰਭੂ! ਕੋਟਿ = ਕ੍ਰੋੜਾਂ। ਭੀਤਰਿ = ਵਿਚ। ਜਾਂ = ਜਦੋਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮਾਰੇ = ਸੰਭਾਲਦਾ ਹੈ।੧।

ਦੀਨ ਦਇਆਲਿ = ਦੀਨਾਂ ਉਤੇ ਦਇਆ ਕਰਨ ਵਾਲੇ ਨੇ। ਪ੍ਰਭਿ = ਪ੍ਰਭੂ ਨੇ। ਪੰਚ ਦੂਤਾਰੇ = (ਕਾਮਾਦਿਕ) ਪੰਜ ਵੈਰੀ।੧।ਰਹਾਉ।

ਸੋਹਹਿ = ਸੋਹਣੇ ਲੱਗਦੇ ਹਨ। ਦਾਤੇ = ਹੇ ਦਾਤਾਰ! ਲੇਹੁ ਉਬਾਰੇ = ਬਚਾ ਲਵੋ।੨।

ਵਰਨੁ = ਰੰਗ। ਰੂਪੁ = ਸ਼ਕਲ। ਕੁਦਰਤਿ = ਤਾਕਤ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸ੍ਰਬ ਠਾਈ = ਸਭਨੀਂ ਥਾਈਂ। ਗਿਰਧਾਰੇ = ਹੇ ਗਿਰਧਾਰੀ! {ਗਿਰਿ = ਪਹਾੜ} ਹੇ ਪ੍ਰਭੂ!੩।

ਕੀਰਤਿ = ਉਸਤਤਿ, ਸਿਫ਼ਤਿ-ਸਾਲਾਹ। ਕਰਹਿ = ਕਰਦੇ ਹਨ। ਮੁਰਾਰੇ = ਹੇ ਮੁਰਾਰੀ! ਪੁਰਖੁ = ਸਰਬ = ਵਿਆਪਕ।੪।

ਅਰਥ: ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ।੧।ਰਹਾਉ।

ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ! ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ।੧।

ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ।੨।

ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ। ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ।੩।

ਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਦਾਸ ਨਾਨਕ! ਆਖ-) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।੪।੧।

ਧਨਾਸਰੀ ਮਹਲਾ ੫ ॥ ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ ਅਬ ਮਨ ਏਕਸ ਸਿਉ ਮੋਹੁ ਕੀਨਾ ॥ ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥ ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥ ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥ ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥ ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥ ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥ {ਪੰਨਾ 670-671}

ਪਦਅਰਥ: ਤਜੇ ਹੈ– ਤਿਆਗ ਦੇਂਦੀ ਹੈ। ਮੀਨਾ = ਮੱਛੀ। ਜਿਨਿ = ਜਿਸ ਨੇ, ਕਿਉਂਕਿ ਉਸ (ਮੱਕੀ) ਨੇ। ਸਿਉ = ਨਾਲ। ਹੇਤੁ = ਪਿਆਰ। ਕਮਲ ਹੇਤਿ = ਕੌਲ = ਫੁੱਲ ਦੇ ਪਿਆਰ ਵਿਚ। ਉਨਿ = ਉਸ (ਭੌਰੇ) ਨੇ। ਮਾਰਗੁ = ਰਸਤਾ। ਨਿਕਸਿ = (ਫੁੱਲ ਵਿਚੋਂ) ਨਿਕਲ ਕੇ।੧।

ਮਨ = ਹੇ ਮਨ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਮੋਹੁ = ਪ੍ਰੇਮ। ਸਦ ਹੀ = ਸਦਾ ਹੀ। ਸਬਦੀ = ਸ਼ਬਦ ਦੀ ਰਾਹੀਂ। ਚੀਨਾ = ਪਛਾਣ ਲਿਆ।੧।ਰਹਾਉ।

ਕਾਮਿ ਹੇਤਿ = ਕਾਮ = ਵਾਸ਼ਨਾ ਦੀ ਖ਼ਾਤਰ। ਕੁੰਚਰੁ = ਹਾਥੀ। ਫਾਂਕਿਓ = ਫੜਿਆ ਗਿਆ। ਓਹੁ = ਉਹ ਹਾਥੀ। ਵਸਿ = ਵੱਸ ਵਿਚ। ਨਾਦ ਹੇਤਿ = (ਘੰਡੇਹੇੜੇ ਦੀ) ਆਵਾਜ਼ ਦੇ ਮੋਹ ਵਿਚ। ਕੁਰੰਕਾ = ਹਰਨ। ਬਿਦਾਰਾ = ਮਾਰਿਆ ਗਿਆ।੨।

ਦੇਖਿ = ਦੇਖ ਕੇ। ਕੁਟੰਬੁ = ਪਰਵਾਰ। ਲੋਭਿ = ਲੋਭ ਵਿਚ। ਲਪਟਾਨਾ = ਚੰਬੜਿਆ ਰਿਹਾ। ਅਤਿ ਰਚਿਓ = (ਮਾਇਆ ਵਿਚ) ਬਹੁਤ ਮਗਨ ਹੋ ਗਿਆ। ਉਨਿ = ਉਸ (ਮਨੁੱਖ) ਨੇ। ਸਰਾਪਰ = ਜ਼ਰੂਰ।੩।

ਸੰਗਿ = ਨਾਲ। ਨੇਹਾ = ਪਿਆਰ। ਦੁਹੇਲਾ = ਦੁੱਖੀ। ਗੁਰਿ = ਗੁਰੂ ਨੇ। ਸਦ = ਸਦਾ। ਕੇਲਾ = ਆਨੰਦ।੪।

ਅਰਥ: ਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ।੧।ਰਹਾਉ।

ਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ। ਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ।੧।

ਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ। (ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ।੨।

(ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ, (ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ।੩।

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ। ਹੇ ਨਾਨਕ! ਆਖ-ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੪।੨।

TOP OF PAGE

Sri Guru Granth Darpan, by Professor Sahib Singh